ਬਰਨਾਲਾ, 26 ਜੁਲਾਈ (ਰਾਜ ਪਨੇਸਰ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਵਿਚ ਨੀਟ ਅਤੇ ਸੀ.ਬੀ.ਐਸ.ਈ. ਪ੍ਰੀਖਿਆਵਾਂ ਵਿਚ ਹੋਈਆਂ ਬੇਨਿਯਮੀਆਂ ਦੇ ਵਿਰੋਧ ਵਿਚ ਅਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨ੍ਹਾਂ ਗੜਬੜੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਕੀਤੇ ਗਏ ਪੁਲਿਸ ਦੇ ਬੇਰਹਿਮ ਲਾਠੀਚਾਰਜ ਦੇ ਵਿਰੋਧ ਵਿਚ ਮੋਮਬੱਤੀ ਮਾਰਚ ਦੀ ਅਗਵਾਈ ਕੀਤੀ। ਪਾਰਟੀ ਆਗੂਆਂ ਅਤੇ ਸੈਂਕੜਿਆਂ ਵਰਕਰਾਂ ਦੇ ਨਾਲ ਵੜਿੰਗ ਨੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿਚ ਮਾਰਚ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਰਾਹ ਵਿਚ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਲੜਾਈ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਮਾਰਚ ਦੇ ਸਮਾਪਤ ਹੋਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਭਾਜਪਾ ਦੇ 12 ਸਾਲਾਂ ਦੇ ਰਾਜ ਦੌਰਾਨ ਪੈਦਾ ਹੋਏ ਭ੍ਰਿਸ਼ਟ ਅਤੇ ਸਮਝੌਤਾਵਾਦੀ ਸਿੱਖਿਆ ਪ੍ਰਣਾਲੀ ਖ਼ਿਲਾਫ਼ ਦੇਸ਼ ਦੇ ਨੌਜਵਾਨਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਇੱਥੇ ਖ਼ਤਮ ਨਹੀਂ ਹੋਵੇਗੀ। ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਸਿਰਫ਼ ਇਕ ਸ਼ੁਰੂਆਤ ਹੈ। ਦੇਸ਼ ਦੀ ਪੂਰੀ ਸਿੱਖਿਆ ਪ੍ਰਣਾਲੀ ਵਿਚ ਵਿਆਪਕ ਸੁਧਾਰ ਅਤੇ ਪੁਨਰਗਠਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਵੀ ਪੇਪਰ ਲੀਕ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਹੁਣ ਜਦੋਂ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੀ ਆਤਮ-ਮੰਥਨ ਕਰਨਾ ਚਾਹੀਦਾ ਹੈ ਅਤੇ ਉਹੀ ਮਾਪਦੰਡ ਅਪਣਾਉਂਦਿਆਂ ਆਪਣੇ ਸਿੱਖਿਆ ਮੰਤਰੀ ਨੂੰ ਵੀ ਬਰਖ਼ਾਸਤ ਕਰਨਾ ਚਾਹੀਦਾ ਹੈ, ਜਿਨ੍ਹਾਂ ਕਾਰਨਾਂ ਕਰ ਕੇ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਐਸ.ਸੀ. ਵਿੰਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਜਸਮੇਲ ਸਿੰਘ ਡੈਅਰੀਵਾਲਾ, ਵਰੁਣ ਬੱਤਾ ਆਦਿ ਆਗੂ ਵੀ ਹਾਜ਼ਰ ਸਨ।
ਵੜਿੰਗ ਵਲੋਂ ਬਰਨਾਲਾ ਵਿਚ ਨੀਟ ਅਤੇ ਸੀ.ਬੀ.ਐੱਸ.ਈ. ਪੇਪਰ ਲੀਕਾਂ ਖ਼ਿਲਾਫ਼ ਮੋਮਬੱਤੀ ਮਾਰਚ ਦੀ ਅਗਵਾਈ
ਅਜੀਤ ਡੈਸਕ
27-07-2026