ਟੱਲੇਵਾਲ, 25 ਜੁਲਾਈ (ਸੋਨੀ ਚੀਮਾ)-ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਤੋਂ ਸਰਪੰਚ ਪੱਖੋਕੇ ਤੇ ਉਸ ਦੇ ਸਾਥੀਆਂ ਵਲੋਂ ਬਿਨਾਂ ਕਿਸੇ ਮਨਜ਼ੂਰੀ ਦੇ 90 ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਨੇ ਸੁਣਵਾਈ ਦੌਰਾਨ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਚੀਫ਼ ਸਕੱਤਰ ਸਮੇਤ 8 ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਅਤੇ ਪਿੰਡ ਪੱਖੋਕੇ ਦੇ ਸਰਪੰਚ ਅਤੇ ਉਸ ਦੇ ਸਾਥੀਆਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ। ਜਾਣਕਾਰੀ ਦਿੰਦੇ ਹੋਏ ਪਟੀਸ਼ਨਰ ਦਵਿੰਦਰ ਸਿੰਘ ਤੇ ਮੇਵਾ ਸਿੰਘ ਨੇ ਦੱਸਿਆ ਕਿ 9 ਜੂਨ ਨੂੰ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਸਰਕਾਰੀ ਰਸਤੇ ਤੋਂ ਸਰਪੰਚ ਪੱਖੋਕੇ ਅਤੇ ਉਸ ਦੇ ਸਾਥੀਆਂ ਨੇ 90 ਹਰੇ ਭਰੇ ਰੁੱਖਾਂ ਦੀ ਜੇ.ਸੀ.ਬੀ ਮਸ਼ੀਨ ਨਾਲ ਨਾਜਾਇਜ਼ ਕਟਾਈ ਕੀਤੀ ਸੀ। ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੰਜਾਬ ਸੂਬੇ ਵਿਚ ਆਪਣੇ 24 ਦਸੰਬਰ 2025 ਦੇ ਹੁਕਮ ਰਾਹੀਂ ਹਰ ਇਕ ਕਿਸਮ ਤੇ ਹਰ ਇਕ ਉਮਰ ਦੇ ਰੁੱਖ ਦੀ ਕਟਾਈ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਸਰਪੰਚ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਵਾਤਾਵਰਨ ਦਾ ਨੁਕਸਾਨ ਕੀਤਾ ਸੀ। ਜਿਸ ਸਬੰਧੀ ਕਿ ਅਸੀਂ ਡਾਇਰੈਕਟਰ ਪੰਚਾਇਤ, ਡਿਪਟੀ ਕਮਿਸ਼ਨਰ ਬਰਨਾਲਾ, ਡੀ.ਡੀ.ਪੀ.ਓ ਬਰਨਾਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਨੂੰ ਲਿਖਤੀ ਦਰਖ਼ਾਸਤਾਂ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਪ੍ਰੰਤੂ ਜ਼ਿਲੇ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰ ਕੇ ਮਾਮਲਾ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਧਿਆਨ ਵਿਚ ਲਿਆਂਦਾ ਗਿਆ। ਸੁਣਵਾਈ ਦੌਰਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਬੈਂਚ ਨੇ ਰੁੱਖਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਡੀ.ਡੀ.ਪੀ.ਓ ਬਰਨਾਲਾ, ਬੀ.ਡੀ.ਪੀ.ਓ ਮਹਿਲ ਕਲਾਂ, ਐਸ.ਐਸ.ਪੀ ਬਰਨਾਲਾ, ਡੀ.ਐਫ.ਓ ਵਣ ਵਿਭਾਗ ਸੰਗਰੂਰ, ਪੰਚਾਇਤ ਸਕੱਤਰ ਵੀਰਾ ਖ਼ਾਨ ਅਤੇ ਸਰਪੰਚ ਗੁਰਚਰਨ ਸਿੰਘ ਪੱਖੋਕੇ, ਚਰਨਜੀਤ ਸਿੰਘ ਪੰਚ ਪੱਖੋਕੇ ਤੇ ਬਲਵੀਰ ਚੰਦ ਨੂੰ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਅਗਲੇਰੀ ਸੁਣਵਾਈ 9 ਅਕਤੂਬਰ 2026 ਨੂੰ ਰੱਖੀ ਹੈ। ਵਾਤਾਵਰਨ ਪ੍ਰੇਮੀ ਮੇਵਾ ਸਿੰਘ ਤੇ ਦਵਿੰਦਰ ਸਿੰਘ ਪੱਖੋਕੇ ਨੇ ਜ਼ਿਲੇ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੱਖੋਕੇ ਤੋਂ ਸ਼ਹਿਣਾ ਰਸਤੇ ਤੋਂ 90 ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਤੁਰੰਤ ਐਫ.ਆਈ.ਆਰ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਜਾਵੇ।
-ਮਾਮਲਾ ਪਿੰਡ ਪੱਖੋਕੇ ਤੋਂ 90 ਰੁੱਖਾਂ ਦੀ ਨਾਜਾਇਜ਼ ਕਟਾਈ ਦਾ- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਸਰਪੰਚ ਸਮੇਤ 9 ਉੱਚ-ਅਧਿਕਾਰੀਆਂ ਨੂੰ ਨੋਟਿਸ ਜਾਰੀ
ਅਜੀਤ ਡੈਸਕ
27-07-2026