ਮਹਿਲ ਕਲਾਂ ’ਚ ਕਾਂਗਰਸ ਵਲੋਂ ਨਸ਼ਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਮਹਿਲ ਕਲਾਂ, 5 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ.
ਮਹਿਲ ਕਲਾਂ, 5 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ.ਸੀ. ਵਿਭਾਗ ਦੇ ਸੂਬਾ ਕਾਰਜਕਾਰੀ ਚੇਅਰਮੈਨ ਬੰਨੀ ਖਹਿਰਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਨੌਜਵਾਨਾਂ ਵਲੋਂ ਇਲਾਕੇ ਵਿਚ ਫੈਲ ਰਹੇ ਨਸ਼ਿਆਂ ਖ਼ਿਲਾਫ਼ ਗੋਲਡਨ ਕਾਲੋਨੀ ਨੇੜੇ ਧਰਨਾ ਦਿੱਤਾ ਗਿਆ ਅਤੇ ਮਹਿਲ ਕਲਾਂ ਬੱਸ ਸਟੈਂਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਬਜ਼ਰਵਰ ਕੁਲਵਿੰਦਰ ਸਿੰਘ ਨਾਭਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਦੋਸ਼ ਲਾਇਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾਅਵਿਆਂ ਦੇ ਬਾਵਜੂਦ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਰਹੀ ਹੈ ਅਤੇ ਇਕੱਲੇ ਮਹਿਲ ਕਲਾਂ ਹਲਕੇ ਵਿਚ ਹੀ ਮਹੀਨੇ ਦੌਰਾਨ ਨਸ਼ਿਆਂ ਕਾਰਨ 8 ਤੋਂ 12 ਨੌਜਵਾਨ ਜਾਨ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਹੁਣ ਦਿੱਲੀ ਤੋਂ ਚਲਾਈ ਜਾ ਰਹੀ ਹੈ। ਬੰਨੀ ਖਹਿਰਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਪ੍ਰਗਟ ਸਿੰਘ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੰਮੀ ਠੁੱਲੀਵਾਲ ਤੇ ਜਸਮੇਲ ਸਿੰਘ ਬੜੀ ਦੇ ਸਹਿਯੋਗ ਨਾਲ ਪਿੰਡਾਂ ਵਿਚ ਨਸ਼ਿਆਂ ਖ਼ਿਲਾਫ਼ ‘ਜਾਗੋ’ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਧਰਨੇ ਦੌਰਾਨ ਡੀ.ਐੱਸ.ਪੀ. ਸਤਵਿੰਦਰ ਸਿੰਘ ਵਿਰਕ ਨੇ ਪਹੁੰਚ ਕੇ ਵਰਕਰਾਂ ਨਾਲ ਕਥਿਤ ਵਧੀਕੀਆਂ ਸਬੰਧੀ ਮੰਗ ਪੱਤਰ ਲਿਆ ਅਤੇ ਮਾਮਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬੀ, ਬਾਬੂ ਰੌਸ਼ਨ ਲਾਲ ਬਾਂਸਲ, ਕੁਲਵੰਤ ਸਿੰਘ ਧਨੇਰ, ਦਲਜੀਤ ਸਿੰਘ ਗਹਿਲ, ਗਗਨ ਸਰਾਂ, ਪਰਮਿੰਦਰ ਸਿੰਘ ਸੱਦੋਵਾਲ, ਸ਼ਿੰਗਾਰਾ ਸਿੰਘ ਵਜੀਦਕੇ, ਦੀਪਇੰਦਰ ਸਿੰਘ ਧਨੇਰ, ਨਛੱਤਰ ਸਿੰਘ ਸੱਦੋਵਾਲ, ਗੁਰਦੀਪ ਸਿੰਘ ਰਾਏਸਰ, ਬੇਅੰਤ ਸਿੰਘ ਵਜੀਦਕੇ, ਸੁਖਦੀਪ ਰਾਏਸਰ, ਬਲਦੇਵ ਸਿੰਘ ਬਿੱਲੂ ਵਜੀਦਕੇ ਆਦਿ ਹਾਜ਼ਰ ਸਨ।