ਮੰਡੀ ਧਨੌਲਾ ਆਖਰ ਕਦੋਂ ਤੱਕ ਹੰਢਾਉਂਦੀ ਰਹੇਗੀ ਬਦਬੂ ਦਾ ਸੰਤਾਪ
ਧਨੌਲਾ, 28 ਅਕਤੂਬਰ (ਜਤਿੰਦਰ ਸਿੰਘ ਧਨੌਲਾ)-25 ਕਰੋੜ ਰੁਪਏ ਦੀ ਰਾਸ਼ੀ ਧਨੌਲਾ ਨਗਰ ਕੌਂਸਲ ਦੇ ਖਾਤੇ ਬੋਲਣ ਦੇ ਬਾਵਜੂਦ ਅਧੂਰੇ ਵਿਕਾਸ ਕਾਰਜਾਂ ਦੀ ਮੰਡੀ ਬਣ ਕੇ ਰਹਿ ਗਈ ਹੈ। ਮੰਡੀ ਅੰਦਰ ਬਣਨ ਵਾਲੀਆਂ ਬਹੁਤੀਆਂ ਸੜਕਾਂ ਅਜਿਹੀਆਂ ਹਨ ਜਿਹੜੀਆਂ ਵਿਚਕਾਰੋਂ ਅਧੂਰੀਆਂ ਪਈਆਂ ਹਨ।
ਧਨੌਲਾ, 28 ਅਕਤੂਬਰ (ਜਤਿੰਦਰ ਸਿੰਘ ਧਨੌਲਾ)-25 ਕਰੋੜ ਰੁਪਏ ਦੀ ਰਾਸ਼ੀ ਧਨੌਲਾ ਨਗਰ ਕੌਂਸਲ ਦੇ ਖਾਤੇ ਬੋਲਣ ਦੇ ਬਾਵਜੂਦ ਅਧੂਰੇ ਵਿਕਾਸ ਕਾਰਜਾਂ ਦੀ ਮੰਡੀ ਬਣ ਕੇ ਰਹਿ ਗਈ ਹੈ। ਮੰਡੀ ਅੰਦਰ ਬਣਨ ਵਾਲੀਆਂ ਬਹੁਤੀਆਂ ਸੜਕਾਂ ਅਜਿਹੀਆਂ ਹਨ ਜਿਹੜੀਆਂ ਵਿਚਕਾਰੋਂ ਅਧੂਰੀਆਂ ਪਈਆਂ ਹਨ। ਮਾਨਾ ਪੱਤੀ ਤੋਂ ਢਿੱਲਵਾਂ ਪੱਤੀ ਜਾਣ ਵਾਲੀ ਸੜਕ ਮੁਕੰਮਲ ਹੋਣ ਤੋਂ ਵਾਂਝੀ ਪਈ ਹੈ। ਬਾਜ਼ੀਗਰ ਬਸਤੀ ਵਿਚ ਬਣਾਈ ਗਈ ਸੜਕ ਕੁਝ ਸਮੇਂ ਬਾਅਦ ਹੀ ਦਮ ਤੋੜ ਚੁੱਕੀ ਹੈ ਜਿਹੜੀ ਕਿ ਢਿੱਗਾਂ ਡਿੱਗਣ ਕਰ ਕੇ ਨਕਾਰਾ ਹੋ ਕੇ ਰਹਿ ਗਈ ਹੈ। ਭੈਣੀ ਸਾਹਿਬ ਅਗਵਾੜ ਨਜਦੀਕ ਨਿਰਮਲ ਕੁਟੀਆ ਵਾਲੀ ਸੜਕ ਵੀ ਬਹਿ ਚੁੱਕੀ ਹੈ। ਕੁਝ ਦੀਵਾਰਾਂ ਢਾਹ ਕੇ ਨਵੇਂ ਸਿਰਿਓ ਬਣਾਈ ਗਈ ਲਾਈਬ੍ਰੇਰੀ ਵੀ ਵਿਚ ਵਿਚਾਲੇ ਅਟਕੀ ਖੜੀ ਹੈ। ਹੋਰ ਤਾਂ ਹੋਰ ਪੱਕਾ ਬਾਗ ਵਿਚ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇੰਡੋਰ ਸਟੇਡੀਅਮ ਵੀ ਛੱਤ ਵਿਹੂਣਾ ਅਟਕਿਆ ਪਿਆ ਹੈ। ਚਰਚਾ ਇਹ ਵੀ ਹੈ ਕਿ 30 ਫ਼ੀਸਦੀ ਤੋਂ ਉੱਪਰ ਦੇ ਘਪਲਿਆਂ ਕਾਰਨ ਬਹੁਤੇ ਕੰਮ ਰੁਕੇ ਪਏ ਹਨ। ਮੰਡੀ ਅੰਦਰ ਵੱਡੀ ਚਰਚਾ ਇਹ ਵੀ ਹੈ ਕਿ ਸੱਤਾਧਾਰੀ ਧਿਰ ਦੇ ਨੁਮਾਇੰਦੇ ਤਾਂ ਇਸ ਕਰ ਕੇ ਚੁੱਪ ਹਨ ਕਿ ਉਨ੍ਹਾਂ ਦੇ ਆਪਣੇ ਹਮ ਖਿਆਲੀ ਹੀ ਇਸ ਕਥਿਤ ਘਟਨਾਕ੍ਰਮ ਲਈ ਜਿੰਮੇਵਾਰ ਹਨ। ਪ੍ਰੰਤੂ ਅਚੰਭਾ ਇਸ ਗੱਲ ਦਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਤੁਰੰਤ ਬਾਅਦ ਫਸਲੀ ਬਟੇਰਿਆਂ ਵਾਂਗ ਇਕ ਦੂਜੇ ਤੋਂ ਉੱਪਰ ਦੀ ਉਭਰ ਕੇ ਆਏ ਰਾਜਨੀਤਿਕ ਪਾਰਟੀਆਂ ਦੇ ਆਗੂ ਵੱਡੇ-ਵੱਡੇ ਇਲਜ਼ਾਮ ਲਾਉਣ ਤੋਂ ਬਾਜ਼ ਨਹੀਂ ਆਉਣਗੇ। ਜਦ ਕਿ ਅੱਜ ਹੋ ਰਹੀਆਂ ਕਥਿਤ ਧਾਂਦਲੀਆਂ ਨੂੰ ਜਾਨਣ ਦੇ ਬਾਵਜੂਦ ਵੀ ਕੋਈ ਵਿਰੋਧੀ ਧਿਰ ਦਾ ਨੇਤਾ ਇਨ੍ਹਾਂ ਮਨਮਾਨੀਆਂ ਖਿਲਾਫ ਬੋਲਣ ਦਾ ਸਾਹਸ ਨਹੀਂ ਕਰ ਰਿਹਾ। ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਜੋਰ ਦੇ ਕੇ ਆਖਿਆ ਕਿ ਸੱਤਾਧਾਰੀ ਧਿਰ ਜਿੱਥੇ ਕੀਤੇ ਗਏ ਵਿਕਾਸ ਕਾਰਜਾਂ ਦੇ ਬੋਰਡ ਲਾਉਣ ਦੀ ਗੱਲ ਕਰ ਰਹੀ ਹੈ। ਉੱਥੇ ਕਥਿਤ ਧਾਂਦਲੀਆਂ ਕਾਰਨ ਵਿਚ ਵਿਚਾਲੇ ਅਟਕੇ ਕੰਮਾਂ ਬਾਰੇ ਵੀ ਬੋਰਡ ਲਗਾਏ ਜਾਣ। ਪਹਿਲਾਂ ਤਾਂ ਬਰਸਾਤ ਪੈਣ ਉਪਰੰਤ ਨਿਕਾਸੀ ਦੇ ਹਾਲਾਤ ਬਤਰ ਹੁੰਦੇ ਸਨ। ਹੁਣ ਤਾਂ ਬਿਨਾਂ ਬਰਸਾਤ ਦੇ ਹੀ ਉਹ ਗਲੀ ਕਿਹੜੀ ਹੈ ਜਿਸ ਵਿਚ ਸੀਵਰੇਜ ਦਾ ਪਾਣੀ ਗੰਦਗੀ ਨਾ ਫੈਲਾ ਰਿਹਾ ਹੋਵੇ। ਨਗਰ ਕੌਂਸਲ ਦੇ ਪ੍ਰਧਾਨ ਵਲੋਂ ਜੁਗਾੜੀ ਬਰਮੇ ਲਗਾ ਕੇ ਵੀ ਲੋਕਾਂ ਤੋਂ ਵਾਹ-ਵਾਹ ਖੱਟਣ ਦੇ ਤਰੀਕੇ ਅਪਣਾਏ ਗਏ। ਪ੍ਰੰਤੂ ਥੋੜੇ ਅਰਸੇ ਦੌਰਾਨ ਹੀ ਸਭ ਤਰੀਕੇ ਦਮ ਤੋੜ ਗਏ। ਮੰਡੀ ਨਿਵਾਸੀਆਂ ਵਲੋਂ ਵਾਰ-ਵਾਰ ਇਹ ਕਹਿਣ ਦੇ ਕਿ ਇੱਥੇ ਬਰਸਾਤੀ ਲਾਈਨ ਅਤੇ ਸੀਵਰੇਜ ਲਾਈਨ ਦੋਵੇਂ ਬਰਾਬਰ ਚਾਲੂ ਕਰ ਕੇ ਵਰਤੋਂ ਵਿੱਚ ਲਿਆਂਦੀਆਂ ਜਾਣ। ਜਿਸ ਨਾਲ ਨਿਕਾਸੀ ਦਾ ਸਾਰਥਿਕ ਹੱਲ ਕੀਤਾ ਜਾ ਸਕੇ। ਮੰਡੀ ਨਿਵਾਸੀ ਅਕਸਰ ਮੰਗ ਕਰਦੇ ਰਹੇ ਹਨ ਕਿ ਕਾਗਜ਼ਾਂ ਵਿਚ ਦਰਜ ਬਰਸਾਤੀ ਖੂਹ ਤੇ ਬਰਸਾਤੀ ਲਾਈਨ ਨੂੰ ਕਾਗਜ਼ਾਂ ਵਿਚ ਸੀਵਰੇਜ ਲਾਈਨ ਵਜੋਂ ਤਬਦੀਲ ਕਰ ਕੇ ਨਿਰਵਿਘਨ ਚਾਲੂ ਕੀਤਾ ਜਾਵੇ। ਢਿਲਵਾਂ ਪੱਤੀ ਤੋਂ ਬਰਸਾਤੀ ਖੁਦ ਤੱਕ ਜੇ ਇਹ ਲਾਈਨ ਵੱਧ ਸਮਰੱਥਾ ਵਾਲੀ ਚੌੜੀ ਕਰ ਕੇ ਵੀ ਪਾ ਦਿੱਤੀ ਜਾਂਦੀ ਹੈ ਤਾਂ ਇਸ ਖਰਚ ਹੋਣ ਵਾਲੀ ਇਕ ਕਰੋੜ ਰੁਪਏ ਦੀ ਰਾਸ਼ੀ ਨਾਲ ਧਨੌਲੇ ਦਾ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਸੰਤਾਪ ਹਮੇਸ਼ਾ ਲਈ ਖਤਮ ਹੋ ਸਕਦਾ ਹੈ।