ਲਇਏਂਡਰ ਪੇਸ, ਮਹੇਸ਼ ਭੂਪਤੀ, ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੈਨਿਸ 'ਚ ਇਕ ਖਲਾਅ ਪੈ ਗਿਆ ਸੀ ਕਿ ਕੋਈ ਖਿਡਾਰੀ ਇੰਨਾ ਪ੍ਰਤਿਭਾਸ਼ਾਲੀ ਨਜ਼ਰ ਨਹੀਂ ਸੀ ਆ ਰਿਹਾ ਜੋ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕੇ। ਪਰ ਹੁਣ ਸਥਿਤੀਆਂ ਬਦਲਦੀਆਂ ਜਾਪ ਰਹੀਆਂ ਹਨ। ਦਕਸ਼ਿਣੇਸ਼ਵਰ ਸੁਰੇਸ਼ ਦੇ ਰੂਪ 'ਚ ਉਮੀਦ ਦੀ ਇਕ ਨਵੀਂ ਕਿਰਨ ਦਿਖਾਈ ਦੇ ਰਹੀ ਹੈ, ਜਿਸ ਨਾਲ ਭਾਰਤੀ ਟੈਨਿਸ ਪ੍ਰੇਮੀ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ, ਵਿੰਬਲਡਨ ਅਤੇ ਯੂ.ਐਸ. ਓਪਨ 'ਚ ਇਕ ਭਾਰਤੀ ਦੇ ਹੱਥਾਂ 'ਚ ਗ੍ਰੈਂਡ ਸਲੈਮ ਖ਼ਿਤਾਬ ਉਠਾਉਣ ਦੇ ਸੁਪਨੇ ਦੇਖਣ ਲੱਗੇ ਹਨ। ਵੈਸੇ ਪਿਛਲੇ 8 ਮਹੀਨੇ ਸੁਰੇਸ਼ ਲਈ ਵੀ ਸੁਪਨੇ ਤੋਂ ਘੱਟ ਨਹੀਂ ਸਨ। ਸੁਰੇਸ਼ ਉੱਤਰੀ ਕੈਰੋਲੀਨਾ ਦੀ ਵੇਕ ਫਾਰੈਸਟ ਯੂਨੀਵਰਸਿਟੀ 'ਚ ਆਖਰੀ ਸਾਲ ਦਾ ਵਿਦਿਆਰਥੀ ਹੈ। ਵਰਤਮਾਨ 'ਚ ਇਸ 25 ਸਾਲਾ ਖਿਡਾਰੀ ਨੌਜਵਾਨ ਟੂਰ 'ਤੇ 470ਵੇਂ ਸਥਾਨ 'ਤੇ ਹੈ ਪਰ ਪਿਛਲੇ 8 ਮਹੀਨਿਆਂ 'ਚ ਉਸ ਨੇ ਚੋਟੀ ਦੇ 170 ਵਿਚ ਦਰਜਾ ਪ੍ਰਾਪਤ ਸੱਤ ਖਿਡਾਰੀਆਂ ਨੂੰ ਹਰਾਇਆ ਹੈ। ਉਸ ਦੀ ਸਭ ਤੋਂ ਵੱਡੀ ਜਿੱਤ ਇਸ ਸਾਲ ਫਰਵਰੀ ਦੇ ਪਹਿਲੇ ਹਫ਼ਤੇ ਰਹੀ, ਜਦੋਂ ਉਸ ਨੇ ਡੇਵਿਸ ਕੱਪ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਨੀਦਰਲੈਂਡ ਦੇ ਵਿਸ਼ਵ ਨੰਬਰ 88 ਜੈਸਪਰ ਡੀ ਜੋਂਗ ਨੂੰ ਹਰਾਇਆ। ਸੁਰੇਸ਼ ਦੀ ਸਰਵਿਸ ਗੇਮ ਬਹੁਤ ਪ੍ਰਭਾਵਸ਼ਾਲੀ ਹੈ। ਬੈਂਗਲੁਰੂ 'ਚ ਨੀਦਰਲੈਂਡਜ਼ ਵਿਰੁੱਧ ਡੇਵਿਸ ਕੱਪ ਮੈਚ 2-2 ਨਾਲ ਬਰਾਬਰ ਰਿਹਾ ਤੇ ਅਗਲੇ ਫ਼ੈਸਲਾਕੁੰਨ ਮੈਚ ਵਿਚ ਸੁਰੇਸ਼ ਦਾ ਸਾਹਮਣਾ ਗਾਏ ਡੇਨ ਓਡੇਨ ਨਾਲ ਹੋਇਆ, ਜਿਸ ਨੂੰ ਸੁਰੇਸ਼ ਨੇ ਆਪਣੀ ਤੇਜ਼ ਸਰਵਿਸ ਨਾਲ 3-2 ਨਾਲ ਹਰਾ ਦਿੱਤਾ। ਹੁਣ 18-20 ਸਤੰਬਰ ਨੂੰ ਭਾਰਤ ਡੇਵਿਸ ਕੱਪ ਕੁਆਲੀਫਾਇਰ ਦੇ ਦੂਜੇ ਗੇੜ 'ਚ ਦੱਖਣੀ ਕੋਰੀਆ ਦਾ ਸਾਹਮਣਾ ਕਰੇਗਾ। ਇਸ ਗੇੜ ਦੀ ਮੇਜ਼ਬਾਨੀ ਦੱਖਣੀ ਕੋਰੀਆ ਹੀ ਕਰੇਗਾ। ਡੇਵਿਸ ਕੱਪ 'ਚ 14 ਟੀਮਾਂ ਹਨ। ਸੱਤ ਮੁਕਾਬਲੇ ਖੇਡੇ ਜਾਣਗੇ ਤੇ ਜੇਤੂ ਟੀਮ ਦਾ ਸਾਹਮਣਾ ਗ੍ਰੈਂਡ ਫਾਈਨਲ 'ਚ ਮੇਜ਼ਬਾਨ ਇਟਲੀ ਨਾਲ ਹੋਵੇਗਾ। ਹਾਰੀਆਂ ਟੀਮਾਂ ਨੂੰ ਅਗਲੇ ਸਾਲ ਦੇ ਕੁਆਲੀਫਾਇਰ ਗੇੜ-1 ਖੇਡਣਾ ਪਵੇਗਾ।
6 ਫੁੱਟ 6 ਇੰਚ ਦੇ ਸੁਰੇਸ਼ ਕੋਲ ਕਮਾਲ ਦੀ ਸਰਵਿਸ ਹੈ। ਮਦੁਰਈ 'ਚ ਜਨਮੇ ਸੁਰੇਸ਼ ਦੀ ਸਰਵਿਸ ਵਿਚ ਉਸ ਦੇ ਲੰਬੇ ਕੱਦ ਦੀ ਵੱਡੀ ਭੂਮਿਕਾ ਹੈ। ਸੁਰੇਸ਼ ਵੀ ਦੱਸਦਾ ਹੈ ਕਿ ਉਹ ਆਪਣੇ ਕੱਦ ਦਾ ਚੰਗਾ ਫ਼ਾਇਦਾ ਲੈ ਰਿਹਾ ਹੈ। ਭਾਰਤ ਦੇ ਨਾਨ-ਪਲੇਇੰਗ ਕਪਤਾਨ ਰੋਹਿਤ ਰਾਜਪਾਲ ਸੁਰੇਸ਼ ਦੀ ਸਰਵਿਸ ਨੂੰ 'ਰੱਬ ਦਾ ਤੋਹਫ਼ਾ' ਦੱਸਦੇ ਹੋਏ ਕਹਿੰਦੇ ਹਨ, 'ਸੁਰੇਸ਼ ਦੀ ਸਰਵਿਸ ਵਿਚ ਸੁੰਦਰ ਵ੍ਹਿਪ ਹੈ, ਜਿਸ ਨੂੰ ਹਾਸਿਲ ਕਰਨਾ ਮੁਸ਼ਕਿਲ ਹੈ। ਉਸ ਦਾ ਸਰਵਿਸ ਮੋਸ਼ਨ ਵੀ ਚੰਗਾ ਹੈ, ਜਿਸ ਨਾਲ ਉਸ ਨੂੰ ਚੰਗੀ ਗਤੀ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪਰਮਾਤਮਾ ਦਾ ਅਸ਼ੀਰਵਾਦ ਹੀ ਹੈ ਕਿਉਂਕਿ ਲੰਬੇ ਕੱਦ ਦਾ ਹਰ ਖਿਡਾਰੀ ਚੰਗੀ ਸਰਵਿਸ ਨਹੀਂ ਕਰ ਸਕਦਾ। ਸੁਰੇਸ਼ ਦੀ ਅਸਲ ਪ੍ਰੀਖਿਆ ਮਈ ਵਿਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਹੋਣ ਵਾਲੇ ਟੂਰ ਵਿਚ ਸ਼ੁਰੂ ਹੋਵੇਗੀ, ਹਾਲਾਂਕਿ ਵੱਡੀ ਸੰਭਾਵਨਾ ਹੈ ਕਿ ਉਹ ਉਮੀਦਾਂ 'ਤੇ ਖ਼ਰਾ ਉਤਰੇਗਾ ਅਤੇ ਭਾਰਤੀਆਂ ਦੇ ਸੁਪਨੇ ਸਾਕਾਰ ਕਰੇਗਾ। -ਇਮੇਜ ਰਿਫਲੈਕਸ਼ਨ ਸੈਂਟਰ
ਭਾਰਤੀ ਟੈਨਿਸ ਦੀ ਨਵੀਂ ਉਮੀਦ ਦਕਸ਼ਿਣੇਸ਼ਵਰ ਸੁਰੇਸ਼
ਅਜੀਤ ਡੈਸਕ
10-03-2026