![]()
14 ਅਗਸਤ ਤੋਂ 30 ਅਗਸਤ 2026 ਤੱਕ ਇਕ ਵਾਰ ਫਿਰ ਹਾਕੀ ਦੇ ਸਭ ਤੋਂ ਵੱਡੇ ਮਹਾਂਯੁੱਧ 'ਤੇ ਟਿਕਣਗੀਆਂ। ਇਸ ਵਾਰ ਬੈਲਜੀਅਮ ਤੇ ਨੀਦਰਲੈਂਡ ਪਹਿਲੀ ਵਾਰ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪੁਰਸ਼ ਹਾਕੀ ਵਿਸ਼ਵ ਕੱਪ 2026 ਦੀ ਮੇਜ਼ਬਾਨੀ ਕਰਨਗੇ। ਇਹ ਸਿਰਫ਼ ਇਕ ਟੂਰਨਾਮੈਂਟ ਨਹੀਂ, ਸਗੋਂ ਦੁਨੀਆ ਦੀਆਂ 16 ਸਰਬੋਤਮ ਟੀਮਾਂ ਵਿਚਕਾਰ ਸਨਮਾਨ, ਸਵੈਮਾਣ ਤੇ ਵਿਸ਼ਵ ਚੈਂਪੀਅਨ ਬਣਨ ਦੀ ਸਭ ਤੋਂ ਵੱਡੀ ਜੰਗ ਹੋਵੇਗੀ। ਭਾਰਤ ਦੇ ਕਰੋੜਾਂ ਹਾਕੀ ਪ੍ਰੇਮੀਆਂ ਲਈ ਇਹ ਸਿਰਫ਼ ਇਕ ਮੁਕਾਬਲਾ ਨਹੀਂ, ਸਗੋਂ ਭਾਵਨਾਵਾਂ, ਉਮੀਦਾਂ ਤੇ ਸੁਪਨਿਆਂ ਦਾ ਤਿਉਹਾਰ ਹੈ।
ਹਾਕੀ ਵਿਸ਼ਵ ਕੱਪ 'ਚ 16 ਦੇਸ਼ਾਂ ਦੀਆਂ 16 ਟੀਮਾਂ, 16 ਸੁਪਨੇ ਅਤੇ 16 ਝੰਡੇ ਹੋਣਗੇ, ਜਦਕਿ ਟਰਾਫ਼ੀ ਸਿਰਫ਼ ਇਕ ਹੋਵੇਗੀ। ਇਹ ਉਹ ਮੰਚ ਹੈ ਜਿੱਥੇ ਸਾਲਾਂ ਦੀ ਮਿਹਨਤ, ਹਜ਼ਾਰਾਂ ਘੰਟਿਆਂ ਦਾ ਪਸੀਨਾ ਤੇ ਕਰੋੜਾਂ ਲੋਕਾਂ ਦੀਆਂ ਉਮੀਦਾਂ ਇਕੱਠੀਆਂ ਮੈਦਾਨ 'ਤੇ ਉਤਰਦੀਆਂ ਹਨ। ਇਸ ਵਿਸ਼ਵ ਕੱਪ 'ਚ ਬੈਲਜੀਅਮ (ਮੇਜ਼ਬਾਨ), ਨੀਦਰਲੈਂਡ (ਮੇਜ਼ਬਾਨ) ਆਸਟ੍ਰੇਲੀਆ, ਸਪੇਨ, ਅਰਜਨਟੀਨਾ, ਜਰਮਨੀ (ਮੌਜੂਦਾ ਵਿਸ਼ਵ ਚੈਂਪੀਅਨ), ਭਾਰਤ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਇੰਗਲੈਂਡ, ਜਪਾਨ, ਮਲੇਸ਼ੀਆ, ਪਾਕਿਸਤਾਨ, ਫਰਾਂਸ, ਆਇਰਲੈਂਡ ਤੇ ਵੇਲਜ਼ ਹਿੱਸਾ ਲੈਣਗੀਆਂ।
ਭਾਰਤ ਉਹ ਦੇਸ਼ ਹੈ, ਜਿਸ ਨੇ ਦੁਨੀਆ ਨੂੰ ਹਾਕੀ ਦਾ ਅਸਲੀ ਜਾਦੂ ਦਿਖਾਇਆ, ਜਿਸ ਨੇ ਉਲੰਪਿਕ ਇਤਿਹਾਸ 'ਚ ਸੋਨ ਤਗਮੇ ਦੇ ਅਧਿਆਇ ਲਿਖੇ ਤੇ ਜਿਸ ਦੇ ਮਹਾਨ ਖਿਡਾਰੀਆਂ ਨੇ ਸੀਮਤ ਸਾਧਨਾਂ ਦੇ ਬਾਵਜੂਦ ਪੂਰੀ ਦੁਨੀਆ ਨੂੰ ਆਪਣੀ ਖੇਡ ਨਾਲ ਹੈਰਾਨ ਕੀਤਾ। ਤੁਹਾਨੂੰ ਯਾਦ ਹੋਵੇਗਾ ਕਿ ਭਾਰਤ ਨੇ ਆਪਣਾ ਹੁਣ ਤੱਕ ਦਾ ਇਕਲੌਤਾ ਹਾਕੀ ਵਿਸ਼ਵ ਕੱਪ 15 ਮਾਰਚ, 1975 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਜਿੱਤਿਆ ਸੀ। ਫਾਈਨਲ ਵਿਚ ਭਾਰਤ ਨੇ ਆਪਣੇ ਚਿਰ-ਵਿਰੋਧੀ ਪਾਕਿਸਤਾਨ ਨੂੰ 2 1 ਨਾਲ ਹਰਾ ਕੇ ਇਤਿਹਾਸ ਰਚਿਆ ਸੀ। ਅੱਜ ਵੀ ਉਹ ਜਿੱਤ ਭਾਰਤੀ ਹਾਕੀ ਦੇ ਸੁਨਹਿਰੀ ਅਧਿਆਇ ਵਜੋਂ ਯਾਦ ਕੀਤੀ ਜਾਂਦੀ ਹੈ। ਹੁਣ ਸਮਾਂ ਫਿਰ ਸੱਦਾ ਦੇ ਰਿਹਾ ਹੈ। ਕੀ ਭਾਰਤ ਇਕ ਵਾਰ ਫਿਰ ਵਿਸ਼ਵ ਕੱਪ ਜਿੱਤ ਸਕਦਾ ਹੈ? ਜਵਾਬ ਹੈ ਹਾਂ, ਬਿਲਕੁਲ ਹਾਂ। ਜੇ ਟੀਮ ਪੂਰੇ ਵਿਸ਼ਵਾਸ, ਅਨੁਸ਼ਾਸਨ ਤੇ ਹਮਲਾਵਰ ਸੋਚ ਨਾਲ ਮੈਦਾਨ 'ਤੇ ਉਤਰਦੀ ਹੈ ਤਾਂ ਇਤਿਹਾਸ ਮੁੜ ਲਿਖਿਆ ਜਾ ਸਕਦਾ ਹੈ।
2023 ਦੇ ਵਿਸ਼ਵ ਕੱਪ ਦੇ ਫਾਈਨਲ 'ਚ ਜਰਮਨੀ ਨੇ ਬੈਲਜੀਅਮ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਹੁਣ ਹਰ ਟੀਮ ਉਸ ਨੂੰ ਹਰਾਉਣਾ ਚਾਹੇਗੀ। ਭਾਰਤ ਸਮੇਤ ਕਈ ਮਜ਼ਬੂਤ ਟੀਮਾਂ ਇਸ ਵਾਰ ਜਰਮਨੀ ਨੂੰ ਸਖ਼ਤ ਚੁਣੌਤੀ ਦੇਣ ਲਈ ਤਿਆਰ ਹਨ। ਹੁਣ ਵਿਸ਼ਵ ਹਾਕੀ 'ਚ ਹਰ ਮੈਚ ਫਾਈਨਲ ਵਰਗਾ ਹੋਵੇਗਾ। ਭਾਰਤ, ਇੰਗਲੈਂਡ, ਪਾਕਿਸਤਾਨ ਤੇ ਵੇਲਜ਼ ਪੂਲ ਡੀ ਵਿਚ ਹਨ। ਇਹ ਆਸਾਨ ਗਰੁੱਪ ਨਹੀਂ, ਪਰ ਭਾਰਤ ਕੋਲ ਅਗਲੇ ਦੌਰ 'ਚ ਪਹੁੰਚਣ ਦੀ ਪੂਰੀ ਸਮਰੱਥਾ ਹੈ। ਭਾਰਤ-ਪਾਕਿਸਤਾਨ ਮੁਕਾਬਲਾ ਸਭ ਤੋਂ ਚਰਚਿਤ ਤੇ ਰੋਮਾਂਚਕ ਮੁਕਾਬਲਾ ਹੋਵੇਗਾ। ਵਿਸ਼ਵ ਕੱਪ ਸਿਰਫ਼ ਮੈਦਾਨ 'ਤੇ ਨਹੀਂ ਜਿੱਤੇ ਜਾਂਦੇ, ਇਸ ਦੇ ਪਿੱਛੇ ਕੋਚਿੰਗ ਸਟਾਫ਼, ਫਿਜ਼ਿਓ, ਵਿਸ਼ਲੇਸ਼ਕ, ਪਰਿਵਾਰ, ਪ੍ਰਸੰਸਕ ਅਤੇ ਕਰੋੜਾਂ ਦੇਸ਼ਵਾਸੀਆਂ ਦੀਆਂ ਦੁਆਵਾਂ ਹੁੰਦੀਆਂ ਹਨ। ਜਦੋਂ ਪੂਰਾ ਦੇਸ਼ ਇਕਜੁੱਟ ਹੋ ਕੇ ਆਪਣੀ ਟੀਮ ਦੇ ਨਾਲ ਖੜ੍ਹਦਾ ਹੈ ਤਾਂ ਅਸੰਭਵ ਵੀ ਸੰਭਵ ਬਣ ਜਾਂਦਾ ਹੈ।
ਅਸੀਂ ਸਿਰਫ਼ ਵਿਸ਼ਵ ਕੱਪ ਦੀ ਉਡੀਕ ਨਹੀਂ ਕਰਾਂਗੇ, ਅਸੀਂ ਵਿਸ਼ਵ ਕੱਪ ਦਾ ਪ੍ਰਚਾਰ ਵੀ ਕਰਾਂਗੇ। ਭਾਰਤੀ ਖਿਡਾਰੀਓ, ਜਦੋਂ ਤੁਸੀਂ ਮੈਦਾਨ 'ਤੇ ਉਤਰੋਗੇ ਤਾਂ ਇਹ ਯਾਦ ਰੱਖਣਾ ਕਿ ਤੁਹਾਡੇ ਪਿੱਛੇ ਸਿਰਫ਼ 11 ਖਿਡਾਰੀ ਨਹੀਂ, 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਹੋਣਗੀਆਂ। ਪੂਰੀ ਤਾਕਤ ਨਾਲ ਖੇਡੋ, ਨਿਡਰ ਹੋ ਕੇ ਖੇਡੋ ਤੇ ਦਿਲੋਂ ਖੇਡੋ ਕਿਉਂਕਿ ਤਿਰੰਗਾ ਸਭ ਤੋਂ ਸੋਹਣਾ ਉਦੋਂ ਲਗਦਾ ਹੈ, ਜਦੋਂ ਉਹ ਵਿਸ਼ਵ ਮੰਚ 'ਤੇ ਸਭ ਤੋਂ ਉੱਚਾ ਲਹਿਰਾਉਂਦਾ ਹੈ। ਅਸੀਂ ਫਿਰ ਤੋਂ ਵਿਸ਼ਵ ਚੈਂਪੀਅਨ ਬਣੀਏ, ਅਸੀਂ ਫਿਰ ਤੋਂ ਹਾਕੀ ਮਹਾਂਸ਼ਕਤੀ ਬਣੀਏ, ਸਾਡੀ ਅਗਲੀ ਪੀੜ੍ਹੀ ਹਾਕੀ ਨੂੰ ਆਪਣਾ ਪਹਿਲਾ ਪਿਆਰ ਬਣਾਏ ਅਤੇ ਪੂਰੀ ਦੁਨੀਆ ਫਿਰ ਕਹੇ, 'ਜੇ ਹਾਕੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿਚ ਭਾਰਤ ਦਾ ਅਧਿਆਇ ਸਭ ਤੋਂ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ।'
-ਮੋਬਾਈਲ : 98155-35410