11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਪੈਰਾ ਖਿਡਾਰੀਆਂ ਨੇ ਗੱਡੇ ਝੰਡੇ

ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਪੈਰਾ ਖਿਡਾਰੀਆਂ ਨੇ ਗੱਡੇ ਝੰਡੇ

Ad Position 21
No active advertisement
ਅਜੀਤ ਡੈਸਕ 11-08-2026

-ਇਹ ਤਰਸ ਦੇ ਨਹੀਂ, ਮਾਣ-ਸਤਿਕਾਰ ਦੇ ਹੱਕਦਾਰ-


ਸਟੇਡੀਅਮ ਵਿਚ ਰਾਸ਼ਟਰੀ ਗਾਇਨ ਵੱਜ ਰਿਹਾ ਸੀ। ਤਿਰੰਗਾ ਹੌਲੀ-ਹੌਲੀ ਸਭ ਤੋਂ ਉੱਪਰ ਹੋ ਰਿਹਾ ਸੀ। ਖਿਡਾਰੀਆਂ ਦੀਆਂ ਅੱਖਾਂ ਨਮ ਸਨ ਪਰ ਉਸੇ ਪਲ ਇਕ ਸਵਾਲ ਮੇਰੇ ਮਨ 'ਚ ਉੱਠਿਆ ਕਿ ਕੀ ਇਹੋ ਜਿਹੇ ਸਨਮਾਨ ਇਨ੍ਹਾਂ ਖਿਡਾਰੀਆਂ ਨੂੰ ਉਸ ਵੇਲੇ ਵੀ ਮਿਲਦੇ ਹਨ, ਜਦੋਂ ਇਹ ਚੈਂਪੀਅਨ ਨਹੀਂ, ਸਿਰਫ਼ ਦਿਵਿਆਂਗ ਨਾਗਰਿਕ ਵਜੋਂ ਸਾਡੇ ਵਿਚਕਾਰ ਜੀਅ ਰਹੇ ਹੁੰਦੇ ਹਨ? ਰਾਸ਼ਟਰਮੰਡਲ ਖੇਡਾਂ-2026 ਵਿਚ ਭਾਰਤ ਦੇ ਪੈਰਾ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ। ਸੱਤ ਤਗਮੇ ਜਿੱਤ ਕੇ ਉਨ੍ਹਾਂ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਹਿੰਮਤ ਉਨ੍ਹਾਂ ਤੋਂ ਵੱਖ ਨਹੀਂ ਹੋ ਸਕਦੀ। ਅਸੀਂ ਅਕਸਰ ਕਹਿੰਦੇ ਹਾਂ ਕਿ 'ਦਿਵਿਆਂਗਾਂ ਨਾਲ ਪਿਆਰ ਕਰੋ।' ਉਨ੍ਹਾਂ ਨੂੰ ਪਿਆਰ ਨਹੀਂ, ਬਰਾਬਰੀ ਚਾਹੀਦੀ ਹੈ, ਉਨ੍ਹਾਂ ਨੂੰ ਹਮਦਰਦੀ ਨਹੀਂ, ਮੌਕੇ ਚਾਹੀਦੇ ਹਨ, ਉਨ੍ਹਾਂ ਨੂੰ ਤਰਸ ਨਹੀਂ, ਸਨਮਾਨ ਚਾਹੀਦਾ ਹੈ। ਅੱਜ ਵੀ ਦੇਸ਼ ਦੇ ਬਹੁਤੇ ਹਿੱਸਿਆਂ 'ਚ ਦਿਵਿਆਂਗ ਬੱਚੇ ਨੂੰ ਖੇਡ ਮੈਦਾਨ ਤੱਕ ਪਹੁੰਚਣ ਲਈ ਸਭ ਤੋਂ ਪਹਿਲਾਂ ਸਮਾਜ ਦੀ ਸੋਚ ਨਾਲ ਲੜਨਾ ਪੈਂਦਾ ਹੈ। ਉਹ ਹਰ ਰੋਜ਼ ਇਕ ਨਵੀਂ ਲੜਾਈ ਲੜਦੇ ਹਨ। ਜਦੋਂ ਕੋਈ ਪੈਰਾ ਅਥਲੀਟ ਸਵੇਰੇ ਅਭਿਆਸ ਲਈ ਨਿਕਲਦਾ ਹੈ ਤਾਂ ਉਸ ਦਾ ਪਹਿਲਾ ਮੁਕਾਬਲਾ ਵਿਰੋਧੀ ਨਾਲ ਨਹੀਂ, ਸਗੋਂ ਘੱਟ ਸਹੂਲਤਾਂ, ਆਰਥਿਕ ਦਬਾਅ ਤੇ ਕਈ ਵਾਰ ਸਮਾਜ ਦੀਆਂ ਟਿੱਪਣੀਆਂ ਨਾਲ ਹੁੰਦਾ ਹੈ, ਪਰ ਫਿਰ ਵੀ ਉਹ ਹਾਰ ਨਹੀਂ ਮੰਨਦਾ। ਇਸੇ ਕਰਕੇ ਪੈਰਾ ਖਿਡਾਰੀ ਦਾ ਹਰ ਤਗਮਾ ਆਮ ਤਗਮੇ ਨਾਲੋਂ ਕਿਤੇ ਵੱਧ ਭਾਵਨਾਤਮਕ ਹੁੰਦਾ ਹੈ। ਉਹ ਸਿਰਫ਼ ਖੇਡ ਨਹੀਂ ਜਿੱਤਦਾ, ਉਹ ਹਾਲਾਤ ਨੂੰ ਹਰਾਉਂਦਾ ਹੈ।
ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਪੈਰਾ ਖਿਡਾਰੀਆਂ ਨੇ ਸ਼ਾਟਪੁੱਟ, ਦੌੜ ਅਤੇ ਪੈਰਾ ਪਾਵਰਲਿਫਟਿੰਗ ਵਰਗੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ। ਸਾਨੂੰ ਇਹ ਸਮਝਣਾ ਪਵੇਗਾ ਕਿ ਦਿਵਿਆਂਗ ਵਿਅਕਤੀ ਕਮਜ਼ੋਰ ਨਹੀਂ ਹੁੰਦੇ, ਉਨ੍ਹਾਂ ਨੂੰ ਤਰਸ ਦੀ ਲੋੜ ਨਹੀਂ, ਸਗੋਂ ਸਿਰਫ਼ ਉਹ ਮੌਕੇ ਚਾਹੀਦੇ ਹਨ, ਜੋ ਅਸੀਂ ਆਪਣੇ ਲਈ ਆਮ ਮੰਨਦੇ ਹਾਂ। ਕਈ ਪਰਿਵਾਰਾਂ ਵਿਚ ਅੱਜ ਵੀ ਦਿਵਿਆਂਗ ਬੱਚੇ ਨੂੰ ਬੋਝ ਸਮਝਿਆ ਜਾਂਦਾ ਹੈ। ਸਕੂਲਾਂ, ਕਾਲਜਾਂ, ਖੇਡ ਮੈਦਾਨਾਂ ਅਤੇ ਰੁਜ਼ਗਾਰ ਦੇ ਮੌਕਿਆਂ 'ਤੇ ਵੀ ਉਨ੍ਹਾਂ ਨੂੰ ਅਕਸਰ ਉਹ ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਪਰ ਜਦੋਂ ਇਹੀ ਖਿਡਾਰੀ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਝੰਡਾ ਉੱਚਾ ਕਰਦੇ ਹਨ ਤਾਂ ਅਸੀਂ ਉਸ ਨੂੰ ਹੀਰੋ ਆਖਦੇ ਹਾਂ। ਸਵਾਲ ਇਹ ਹੈ ਕਿ ਕੀ ਉਨ੍ਹਾਂ ਦੀ ਇੱਜ਼ਤ ਸਿਰਫ਼ ਤਗਮੇ ਜਿੱਤਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ? ਜੇ ਭਾਰਤ ਖੇਡ ਮਹਾਂਸ਼ਕਤੀ ਬਣਨਾ ਚਾਹੁੰਦਾ ਹੈ ਤਾਂ ਪੈਰਾ ਖੇਡਾਂ ਨੂੰ ਮੁੱਖ ਧਾਰਾ 'ਚ ਲਿਆਉਣਾ ਹੋਵੇਗਾ। ਹਰ ਜ਼ਿਲ੍ਹੇ ਵਿਚ ਪਹੁੰਚਯੋਗ ਸਟੇਡੀਅਮ, ਵਿਸ਼ੇਸ਼ ਕੋਚਿੰਗ, ਖੇਡ ਵਿਗਿਆਨ, ਮਨੋਵਿਗਿਆਨਕ ਸਹਾਇਤਾ ਅਤੇ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣੇ ਹੋਣਗੇ। ਮੀਡੀਆ ਨੂੰ ਵੀ ਸਿਰਫ਼ ਤਗਮੇ ਨਹੀਂ, ਸਗੋਂ ਇਨ੍ਹਾਂ ਖਿਡਾਰੀਆਂ ਦੀ ਯਾਤਰਾ ਨੂੰ ਉਜਾਗਰ ਕਰਨਾ ਹੋਵੇਗਾ।
ਸਾਡੇ ਪੈਰਾ ਖਿਡਾਰੀ ਅਜਿਹੇ ਚੈਂਪੀਅਨ ਹਨ ਜੋ ਭਾਰਤ ਦਾ ਮਾਣ, ਭਾਰਤ ਦੀ ਸ਼ਾਨ ਤੇ ਨਵੇਂ ਭਾਰਤ ਦੀ ਪਛਾਣ ਹਨ। ਜਦੋਂ ਵੀ ਕੋਈ ਭਾਰਤੀ ਪੈਰਾ ਖਿਡਾਰੀ ਅੰਤਰਰਾਸ਼ਟਰੀ ਮੰਚ 'ਤੇ ਤਿਰੰਗਾ ਲਹਿਰਾਉਂਦਾ ਹੈ ਤਾਂ ਪੂਰਾ ਦੇਸ਼ ਉਸ 'ਤੇ ਮਾਣ ਮਹਿਸੂਸ ਕਰਦਾ ਹੈ। ਰਾਸ਼ਟਰਮੰਡਲ ਖੇਡਾਂ, ਪੈਰਾਉਲੰਪਿਕ, ਵਿਸ਼ਵ ਚੈਂਪੀਅਨਸ਼ਿਪ ਜਾਂ ਏਸ਼ਿਆਈ ਪੈਰਾ ਖੇਡਾਂ ਵਿਚ ਜਿੱਤਿਆ ਹਰ ਤਗਮਾ ਸਿਰਫ਼ ਧਾਤ ਦਾ ਇਕ ਟੁਕੜਾ ਨਹੀਂ ਹੁੰਦਾ, ਸਗੋਂ ਦਰਦ, ਹਿੰਮਤ, ਸਬਰ ਅਤੇ ਸੰਘਰਸ਼ ਦੀ ਕਹਾਣੀ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ : ਇਕ ਹੋਰ ਮਹਾਂਯੁੱਧ ਕੀ ਭਾਰਤ ਫਿਰ ਰਚੇਗਾ ਇਤਿਹਾਸ? ਅਗਲੀ ਖ਼ਬਰ ਵਿਸ਼ਵ ਹਾਕੀ ਕੱਪ ਦੀ ਟਰਾਫ਼ੀ ਦਾ ਇਤਿਹਾਸ
Ad Position 24