13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੋਚ, ਜ਼ਮੀਰ ਅਤੇ ਸਮਾਜਿਕ ਤਬਦੀਲੀ ਦੀ ਨਵੀਂ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 05-02-2026

ਅੱਜ ਦਾ ਸਮਾਜ ਬੇਹੱਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰ ਇਸ ਦੌੜ ਵਿਚ ਮਨੁੱਖ ਅਕਸਰ ਆਪਣੇ ਅਸਲ ਮਕਸਦ ਅਤੇ ਮੂਲ ਮੁੱਲਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ ਅਤੇ ਤੁਰੰਤ ਕਾਮਯਾਬੀ ਦੀ ਲਾਲਸਾ ਨੇ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਭਟਕਾ ਦਿੱਤਾ ਹੈ। ਨਵਾਂ ਸਾਲ ਸਾਨੂੰ ਇਸ ਭਟਕਾਓ ਨੂੰ ਸਮਝਣ, ਉਸ ਦਾ ਅਹਿਸਾਸ ਕਰਨ ਅਤੇ ਉਸ ਤੋਂ ਬਾਹਰ ਨਿਕਲਣ ਦੀ ਪ੍ਰੇਰਣਾ ਦਿੰਦਾ ਹੈ। ਇਹ ਸਾਲ ਸਾਨੂੰ ਆਪਣੇ ਆਪ ਤੋਂ ਇਕ ਸੱਚਾ ਅਤੇ ਕਠਿਨ ਸਵਾਲ ਪੁੱਛਣ ਲਈ ਮਜਬੂਰ ਕਰੇਗਾ ਤੇ ਉਹ ਸਵਾਲ ਹੈ -ਕੀ ਅਸੀਂ ਉਹੀ ਜ਼ਿੰਦਗੀ ਜੀਅ ਰਹੇ ਹਾਂ ਜੋ ਸਾਡਾ ਅਸਲ ਸੁਪਨਾ ਅਤੇ ਮਕਸਦ ਹੈੈ
ਇਸ ਕ੍ਰਾਂਤੀਕਾਰੀ ਪ੍ਰਣ ਦੀ ਸਭ ਤੋਂ ਵੱਡੀ ਖਾਸੀਅਤ ਜ਼ਮੀਰ ਦੀ ਜਾਗਰੂਕਤਾ ਹੈ। ਜਦੋਂ ਤੱਕ ਮਨੁੱਖ ਆਪਣੇ ਅੰਦਰੋਂ ਸਹੀ ਅਤੇ ਗ਼ਲਤ ਦੀ ਪਹਿਚਾਣ ਨਹੀਂ ਕਰਦਾ ਹੈ ਤਦ ਤੱਕ ਕੋਈ ਵੀ ਬਾਹਰੀ ਤਬਦੀਲੀ ਸਥਾਈ ਨਹੀਂ ਬਣ ਸਕਦੀ ਹੈ। ਸਾਲ 2026 ਸਾਨੂੰ ਬਹਾਨਿਆਂ ਦੀ ਥਾਂ ਜ਼ਿੰਮੇਵਾਰੀ ਲੈਣ, ਦੋਸ਼ ਲਗਾਉਣ ਦੀ ਥਾਂ ਸੁਧਾਰ ਕਰਨ ਅਤੇ ਡਰ ਦੀ ਥਾਂ ਹੌਂਸਲੇ ਨਾਲ ਖੜ੍ਹੇ ਹੋਣ ਦੀ ਮੱਤ ਦੇਵੇਗਾ। ਇਹ ਸਾਲ ਅੰਦਰੂਨੀ ਤਾਕਤ ਨੂੰ ਜਗਾਉਣ ਦਾ ਸਾਲ ਹੋਵੇਗਾ।
ਸਿੱਖਿਆ ਦੇ ਖੇਤਰ ਵਿਚ ਵੀ 2026 ਨਵੀਂ ਅਤੇ ਪ੍ਰਗਤੀਸ਼ੀਲ ਸੋਚ ਲਿਆਵੇਗਾ। ਹੁਣ ਸਿਰਫ਼ ਅੰਕਾਂ ਅਤੇ ਡਿਗਰੀਆਂ ਨਾਲ ਨਹੀਂ ਸਗੋਂ ਪ੍ਰੈਕਟੀਕਲ ਗਿਆਨ, ਜੀਵਨ ਕੌਸ਼ਲ, ਨੈਤਿਕ ਮੁੱਲਾਂ ਅਤੇ ਮਾਨਸਿਕ ਸੰਤੁਲਨ ਨਾਲ ਕਾਮਯਾਬੀ ਨੂੰ ਤੋਲਿਆ ਜਾਵੇਗਾ। ਬੱਚਿਆਂ ਅਤੇ ਨੌਜਵਾਨਾਂ ਨੂੰ ਇਹ ਸਮਝ ਆਵੇਗੀ ਕਿ ਅਸਲ ਤਰੱਕੀ ਆਪਣੇ ਟੈਲੈਂਟ ਨੂੰ ਪਛਾਣ ਕੇ ਉਸਨੂੰ ਸਹੀ ਦਿਸ਼ਾ ਵਿਚ ਅਤੇ ਸਮਾਜ ਦੀ ਭਲਾਈ ਲਈ ਵਰਤਣ ਵਿਚ ਹੈ।
ਪਰਿਵਾਰਕ ਪੱਧਰ 'ਤੇ ਸਾਲ 2026 ਦਾ ਕ੍ਰਾਂਤੀਕਾਰੀ ਪ੍ਰਣ ਅਸਲ ਵਿਚ ਸੰਵਾਦ, ਸਮਝ ਅਤੇ ਭਾਵਨਾਤਮਕ ਨਜ਼ਦੀਕੀ ਨੂੰ ਮਜ਼ਬੂਤ ਕਰੇਗਾ। ਮਾਪਿਆਂ ਅਤੇ ਬੱਚਿਆਂ ਵਿਚਕਾਰ ਖੁੱਲ੍ਹੀ ਗੱਲਬਾਤ, ਭਰੋਸਾ, ਭਾਵਨਾਤਮਕ ਸਹਾਰਾ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਪਹਿਲਾਂ ਨਾਲੋਂ ਵੱਧ ਮਹਿਸੂਸ ਕੀਤੀ ਜਾਵੇਗੀ। ਮਾਨਸਿਕ ਸਿਹਤ, ਤਣਾਅ ਅਤੇ ਕਾਊਂਸਲਿੰਗ ਵਰਗੇ ਵਿਸ਼ਿਆਂ 'ਤੇ ਗੱਲ ਕਰਨਾ ਹੁਣ ਕਮਜ਼ੋਰੀ ਨਹੀਂ, ਸਗੋਂ ਸਮਝਦਾਰੀ ਅਤੇ ਜ਼ਿੰਮੇਵਾਰੀ ਦੀ ਨਿਸ਼ਾਨੀ ਮੰਨੀ ਜਾਵੇਗੀ।
ਸਮਾਜਕ ਪੱਧਰ 'ਤੇ ਇਹ ਪਰਿਵਰਤਨ ਆਤਮ-ਅਨੁਸ਼ਾਸਨ ਅਤੇ ਸਵੈ-ਨਿਯੰਤਰਣ ਨੂੰ ਪ੍ਰਧਾਨਤਾ ਦੇਵੇਗਾ। ਸਮੇਂ ਦੀ ਕਦਰ, ਸਿਹਤਮੰਦ ਜੀਵਨ ਸ਼ੈਲੀ, ਨਸ਼ਿਆਂ ਤੋਂ ਦੂਰੀ, ਨੈਤਿਕ ਮੁੱਲਾਂ ਦੀ ਵਾਪਸੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਇਹ ਸਭ ਸਾਲ 2026 ਦੀ ਸੋਚ ਦਾ ਅਹਿਮ ਹਿੱਸਾ ਬਣਨਗੇ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਵਿਅਕਤੀ ਖੁਦ ਨੂੰ ਸੰਭਾਲ ਲੈਂਦਾ ਹੈ ਤਾਂ ਸਮਾਜ ਆਪੇ ਹੀ ਸੰਭਲਣ ਲੱਗ ਪੈਂਦਾ ਹੈ।
ਸਾਲ 2026 ਦਾ ਪ੍ਰਣ ਕਿਸੇ ਇਕ ਵਰਗ ਜਾਂ ਉਮਰ ਤੱਕ ਸੀਮਿਤ ਨਹੀਂ ਹੈ। ਇਹ ਹਰ ਉਸ ਵਿਅਕਤੀ ਲਈ ਹੈ ਜੋ ਆਪਣੇ ਜੀਵਨ ਨੂੰ ਅਰਥਪੂਰਨ, ਸੰਤੁਲਿਤ ਅਤੇ ਮਕਸਦ ਭਰਿਆ ਬਣਾਉਣਾ ਚਾਹੁੰਦਾ ਹੈ। ਇਹ ਸਾਲ ਸਾਨੂੰ ਇਹ ਅਹਿਸਾਸ ਕਰਵਾਏਗਾ ਕਿ ਅਸਲੀ ਬਦਲਾਅ ਤਾਂ ਸਰਕਾਰਾਂ ਜਾਂ ਸੰਸਥਾਵਾਂ ਤੋਂ ਪਹਿਲਾਂ ਮਨੁੱਖ ਦੀ ਸੋਚ ਵਿਚ ਆਉਂਦਾ ਹੈ।
ਅੰਤ ਵਿਚ ਇਹ ਕਹਿ ਸਕਦੇ ਹਾਂ ਕਿ ਇਹ ਸਾਲ ਸਾਨੂੰ ਇਹ ਸਿਖਾਏਗਾ ਕਿ ਜਦੋਂ ਸੋਚ ਬਦਲਦੀ ਹੈ ਉਦੋਂ ਹੀ ਕਿਸਮਤ ਬਦਲਦੀ ਹੈ। ਜਦੋਂ ਜ਼ਮੀਰ ਜਾਗਦਾ ਹੈ, ਤਦ ਮੰਜ਼ਿਲ ਸਾਫ਼ ਦਿਸਣ ਲੱਗਦੀ ਹੈ। ਇਹ ਕ੍ਰਾਂਤੀਕਾਰੀ ਪ੍ਰਣ ਲੈਣਾ ਸਾਡੀ ਆਪਣੀ ਚੋਣ ਹੈ ਕਿਉਂਕਿ ਨਵਾਂ ਸਮਾਜ ਉਸੇ ਦਿਨ ਨਿਖਰਦਾ ਤੇ ਵਿਗਸਦਾ ਹੈ ਜਿਸ ਦਿਨ ਇਨਸਾਨ ਆਪਣੇ ਅੰਦਰੋਂ ਨਵਾਂ ਬਣਦਾ ਹੈ।

-ਕਰੀਅਰ ਗਾਈਡ ਅਤੇ ਕੰਸਲਟੈਂਟ
ਮੋਬਾਈਲ : 78883-24465

Ad Position 22
No active advertisement
ਪਿਛਲੀ ਖ਼ਬਰ ਪ੍ਰੀਖਿਆਵਾਂ ਅਤੇ ਵਿਦਿਆਰਥੀ : ਸਹਿਯੋਗ ਦੀ ਸਭ ਤੋਂ ਵੱਡੀ ਲੋੜ ਅਗਲੀ ਖ਼ਬਰ 05-02-26
Ad Position 24