ਜਿਵੇਂ ਹੀ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਂਦਾ ਹੈ, ਘਰਾਂ ਦਾ ਮਾਹੌਲ ਬਦਲ ਜਾਂਦਾ ਹੈ। ਕਿਤਾਬਾਂ ਦੇ ਢੇਰ, ਕੰਧਾਂ 'ਤੇ ਲੱਗੀ ਸਮਾਂ ਸਾਰਣੀ, ਚਿਹਰਿਆਂ 'ਤੇ ਚੁੱਪ ਅਤੇ ਮਨਾਂ ਵਿਚ ਅਣਕਹੀ ਚਿੰਤਾ ਘਰ ਕਰ ਜਾਂਦੀ ਹੈ। ਬੱਚਿਆਂ ਦੇ ਪੇਪਰ ਸ਼ੁਰੂ ਹੋਣ ਵਾਲੇ ਹਨ। ਇਹ ਵਾਕ ਸਿਰਫ਼ ਇਕ ਸੂਚਨਾ ਨਹੀਂ, ਸਗੋਂ ਬੱਚਿਆਂ ਲਈ ਦਬਾਅ, ਡਰ ਅਤੇ ਉਮੀਦਾਂ ਦਾ ਮਿਲਿਆ-ਜੁਲਿਆ ਅਹਿਸਾਸ ਬਣ ਜਾਂਦਾ ਹੈ। ਅਜਿਹੇ ਵੇਲੇ ਵਿਦਿਆਰਥੀ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਸਹਿਯੋਗ ਦੀ। ਅੱਜ ਦਾ ਵਿਦਿਆਰਥੀ ਸਿਰਫ਼ ਕਿਤਾਬਾਂ ਹੀ ਨਹੀਂ ਪੜ੍ਹ ਰਿਹਾ, ਸਗੋਂ ਉਹ ਆਪਣੀ ਸਮਰੱਥਾ, ਸਮੇਂ ਅਤੇ ਸੋਚ ਨਾਲ ਲੜ ਰਿਹਾ ਹੁੰਦਾ ਹੈ। ਜੇ ਪੇਪਰ ਔਖਾ ਆ ਗਿਆ? ਜੇ ਉਮੀਦਾਂ 'ਤੇ ਖਰਾ ਨਾ ਉਤਰਿਆ ਗਿਆ? ਜੇ ਨੰਬਰ ਘੱਟ ਆ ਗਏ? ਇਹ ਸਵਾਲ ਉਸਦੇ ਮਨ ਵਿਚ ਤੂਫ਼ਾਨ ਵਾਂਗ ਚੱਲਦੇ ਰਹਿੰਦੇ ਹਨ। ਕਈ ਵਾਰ ਇਹ ਡਰ ਇੰਨਾ ਵੱਧ ਜਾਂਦਾ ਹੈ ਕਿ ਬੱਚਾ ਪੜ੍ਹਿਆ ਹੋਇਆ ਵੀ ਭੁੱਲ ਜਾਂਦਾ ਹੈ। ਅਜਿਹੇ ਸਮੇਂ ਡਾਂਟ ਨਹੀਂ, ਸਹਾਰਾ ਚਾਹੀਦਾ ਹੈ। ਘਰ ਦਾ ਮਾਹੌਲ ਬੱਚੇ ਦੀ ਕਾਰਗੁਜ਼ਾਰੀ 'ਤੇ ਡੂੰਘਾ ਅਸਰ ਪਾਉਂਦਾ ਹੈ। ਸ਼ਾਂਤ ਵਾਤਾਵਰਨ, ਸਮੇਂ 'ਤੇ ਖਾਣਾ, ਪੂਰੀ ਨੀਂਦ ਅਤੇ ਪਿਆਰ ਭਰੀ ਗੱਲਬਾਤ ਬੱਚੇ ਦੇ ਮਨ ਨੂੰ ਹੌਂਸਲਾ ਦਿੰਦੀ ਹੈ। ਬੱਚਾ ਜਦੋਂ ਇਹ ਮਹਿਸੂਸ ਕਰਦਾ ਹੈ ਕਿ ਉਸ ਦਾ ਪਰਿਵਾਰ ਉਸ ਦੇ ਨਾਲ ਖੜ੍ਹਾ ਹੈ, ਤਾਂ ਉਹ ਅੰਦਰੋਂ ਮਜ਼ਬੂਤ ਬਣ ਜਾਂਦਾ ਹੈ।
ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ , ਇਹ ਗੱਲ ਅਸੀਂ ਅਕਸਰ ਭੁੱਲ ਜਾਂਦੇ ਹਾਂ। ਕਿਸੇ ਦੀ ਯਾਦਸ਼ਕਤੀ ਤੇਜ਼ ਹੁੰਦੀ ਹੈ, ਕਿਸੇ ਦੀ ਲਿਖਤ ਸੁੰਦਰ, ਤੇ ਕਿਸੇ ਦੀ ਸੋਚ ਡੂੰਘੀ। ਪ੍ਰੀਖਿਆਵਾਂ ਇਕੋ ਕਸੌਟੀ ਨਾਲ ਸਭ ਨੂੰ ਤੋਲ ਦਿੰਦੀਆਂ ਹਨ, ਪਰ ਸਹਿਯੋਗ ਹਰ ਬੱਚੇ ਨੂੰ ਉਸਦੀ ਸਮਰੱਥਾ ਅਨੁਸਾਰ ਉਭਰਨ ਦਾ ਮੌਕਾ ਦਿੰਦਾ ਹੈ। ਬੱਚੇ ਨੂੰ ਆਪਣੀ ਗਤੀ ਨਾਲ ਅੱਗੇ ਵਧਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਪ੍ਰੀਖਿਆਵਾਂ ਦੇ ਸਮੇਂ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਵੱਧ ਤਣਾਅ ਬੱਚੇ ਨੂੰ ਚਿੜਚਿੜਾ, ਉਦਾਸ ਜਾਂ ਅੰਦਰੋਂ ਟੁੱਟਿਆ ਹੋਇਆ ਬਣਾ ਸਕਦਾ ਹੈ। ਕਈ ਵਾਰ ਬੱਚਾ ਆਪਣੇ ਜਜ਼ਬਾਤ ਕਹਿ ਨਹੀਂ ਸਕਦਾ, ਪਰ ਉਹ ਸਹਿਯੋਗ ਦੀ ਉਡੀਕ ਕਰ ਰਿਹਾ ਹੁੰਦਾ ਹੈ। ਅਜਿਹੇ ਵੇਲੇ ਮਾਪਿਆਂ ਅਤੇ ਅਧਿਆਪਕਾਂ ਨੂੰ ਧੀਰਜ ਨਾਲ ਉਸ ਦੀ ਸੁਣਨੀ ਚਾਹੀਦੀ ਹੈ। ਪ੍ਰੀਖਿਆਵਾਂ ਦਾ ਮਕਸਦ ਬੱਚੇ ਨੂੰ ਡਰਾਉਣਾ ਨਹੀਂ, ਸਗੋਂ ਉਸ ਦੀ ਤਿਆਰੀ ਅਤੇ ਸਮਝ ਦੀ ਪਰਖ ਕਰਨਾ ਹੁੰਦਾ ਹੈ। ਜਦੋਂ ਬੱਚੇ ਨੂੰ ਸਹਿਯੋਗ ਮਿਲਦਾ ਹੈ, ਤਾਂ ਉਹ ਪ੍ਰੀਖਿਆ ਨੂੰ ਬੋਝ ਨਹੀਂ, ਚੁਣੌਤੀ ਸਮਝਦਾ ਹੈ। ਉਹ ਜਾਣਦਾ ਹੈ ਕਿ ਨਤੀਜਾ ਜੋ ਵੀ ਹੋਵੇ, ਉਸਦੀ ਕਦਰ ਘੱਟ ਨਹੀਂ ਹੋਵੇਗੀ। ਇਹ ਕਹਿਣਾ ਬਿਲਕੁਲ ਠੀਕ ਹੈ ਕਿ ਪ੍ਰੀਖਿਆਵਾਂ ਸਿਰਫ਼ ਵਿਦਿਆਰਥੀ ਦੀ ਨਹੀਂ, ਸਗੋਂ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੀ ਸੋਚ ਦੀ ਵੀ ਪਰਖ ਹੁੰਦੀਆਂ ਹਨ। ਜੇ ਅਸੀਂ ਬੱਚੇ ਦੇ ਨਾਲ ਖੜ੍ਹੇ ਰਹੀਏ, ਉਸ ਨੂੰ ਸਮਝੀਏ ਅਤੇ ਉਸ ਦੇ ਯਤਨਾਂ ਦੀ ਕਦਰ ਕਰੀਏ, ਤਾਂ ਪ੍ਰੀਖਿਆਵਾਂ ਵੀ ਉਸ ਦੇ ਲਈ ਸਫਲਤਾ ਦੀ ਪੌੜੀ ਬਣ ਸਕਦੀਆਂ ਹਨ। ਵਿਦਿਆਰਥੀ ਨੂੰ ਡਾਂਟ ਦੀ ਨਹੀਂ, ਸਹਿਯੋਗ ਦੀ ਲੋੜ ਹੁੰਦੀ ਹੈ। ਸਹਿਯੋਗ ਨਾਲ ਹੀ ਪ੍ਰੀਖਿਆਵਾਂ ਦਾ ਡਰ ਘਟਦਾ ਹੈ ਅਤੇ ਬੱਚਾ ਆਤਮ-ਵਿਸ਼ਵਾਸ ਨਾਲ ਅੱਗੇ ਵਧਦਾ ਹੈ।
-(ਬਰਨਾਲਾ) ਮੋਬਾਈਲ : 94171-63426