ਘਰ ਆਏ ਮਹਿਮਾਨਾਂ, ਮਿੱਤਰਾਂ ਦੋਸਤਾਂ ਅਤੇ ਮਿਲਣ ਆਏ ਲੋਕਾਂ ਨੂੰ ਵੱਡਾ ਘਰ ਜ਼ਰੂਰ ਪ੍ਰਭਾਵਿਤ ਕਰਦਾ ਹੈ ਪਰ ਉਸ ਘਰ ਦੀ ਸਾਫ਼-ਸਫਾਈ ਅਤੇ ਸਜਾਵਟ ਵੀ ਉਸ ਵੱਡੇ ਘਰ 'ਚ ਰਹਿਣ ਵਾਲੇ ਲੋਕਾਂ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੁੰਦਾ ਹੈ। ਵੱਡੇ ਘਰ ਵਿਚ ਦਾਖਲ ਹੁੰਦਿਆਂ ਹੀ ਘਰ 'ਚ ਆਉਣ ਵਾਲੇ ਲੋਕਾਂ ਦੀ ਨਜ਼ਰ ਇਸ ਗੱਲ ਵੱਲ ਜਾਂਦੀ ਹੈ ਕਿ ਘਰ ਕਿੰਨਾ ਕੁ ਸਾਫ਼-ਸੁਥਰਾ ਹੈ। ਘਰ ਦੀ ਡਿਓੜੀ ਤੋਂ ਲੈ ਕੇ ਡਰਾਇੰਗ ਰੂਮ ਤੱਕ ਆਉਣ ਵਾਲੇ ਮਹਿਮਾਨਾਂ ਦੀਆਂ ਅੱਖਾਂ ਇਹ ਤੱਕਦੀਆਂ ਰਹਿੰਦੀਆਂ ਹਨ ਕਿ ਘਰ ਦੇ ਝਾੜੂ, ਪੋਚੇ, ਕੂੜਾਦਾਨ, ਜੋੜੇ 'ਤੇ ਹੋਰ ਵਰਤੋਂ ਦਾ ਸਾਮਾਨ ਕਿਸ ਢੰਗ ਨਾਲ ਰੱਖੇ ਗਏ ਹਨ। ਘਰ ਦਾ ਦਰਵਾਜ਼ਾ, ਦਰਵਾਜ਼ੇ ਦਾ ਰੰਗ ਰੋਗਨ, ਉਸ ਦੀ ਬਣਤਰ ਅਤੇ ਕੰਧ ਉੱਤੇ ਲੱਗੀ ਘੰਟੀ ਦੀ ਵੱਜਣ ਦੀ ਆਵਾਜ਼ ਘਰ ਆਉਣ ਵਾਲੇ ਲੋਕਾਂ ਦੇ ਮਨਾਂ 'ਚ ਪਰਿਵਾਰ ਵਾਲੇ ਲੋਕਾਂ ਦੀ ਸ਼ਖ਼ਸੀਅਤ ਦੀ ਤਸਵੀਰ ਜ਼ਰੂਰ ਉਕੇਰਦਾ ਹੈ। ਘਰ ਅੰਦਰ ਦਾਖਲ ਹੁੰਦਿਆਂ ਹੀ ਘਰ ਵਿਚ ਸਫ਼ਾਈ ਹੋਣ ਜਾਂ ਨਾ ਹੋਣ ਦੇ ਵਾਤਾਵਰਣ ਦਾ ਘਰ ਆਏ ਮਹਿਮਾਨਾਂ ਵਲੋਂ ਜਾਇਜ਼ਾ ਲਗਵਾਉਣਾ ਸੁਭਾਵਿਕ ਜਿਹੀ ਗੱਲ ਹੁੰਦੀ ਹੈ। ਘਰ ਦੇ ਬਾਥਰੂਮ ਅਤੇ ਟੁਆਲਿਟ ਦਾ ਸਾਫ-ਸੁਥਰਾ ਹੋਣਾ, ਉਸ 'ਚੋਂ ਬਦਬੂ ਨਾ ਆਉਣਾ, ਜਾਲੇ ਲਟਕਦੇ ਨਾ ਹੋਣਾ, ਸਾਬਣ ਤੌਲੀਆ ਮੌਜੂਦ ਹੋਣਾ, ਟੁਆਲਿਟ ਸੀਟਾਂ ਅਤੇ ਵਾਸ਼-ਵੇਸ਼ਨ ਦਾ ਸਾਫ ਸੁਥਰਾ ਹੋਣਾ, ਉਸ 'ਚ ਓਡੀਨਲ ਟਿੱਕੀ ਦਾ ਟੰਗਿਆ ਹੋਣਾ, ਕੁੰਡੀ ਦਰਵਾਜ਼ੇ ਦਾ ਚੰਗੀ ਤਰ੍ਹਾਂ ਲੱਗਦੇ ਹੋਣਾ ਅਤੇ ਪਾਣੀ ਦਾ ਠੀਕ ਪ੍ਰਬੰਧ ਹੋਣਾ ਉਸ ਘਰ ਦੇ ਲੋਕਾਂ ਦਾ ਸਫਾਈ ਪਸੰਦ ਹੋਣ ਦਾ ਪ੍ਰਮਾਣ ਹੁੰਦਾ ਹੈ।
ਘਰ ਦੇ ਡਰਾਇੰਗ ਰੂਮ ਦੇ ਪਰਦੇ, ਉਸ ਦੀ ਸਜਾਵਟ, ਉਸ 'ਚ ਟਿਕਾਏ ਸਾਮਾਨ, ਟੇਬਲ ਉੱਪਰ ਵਿਛੇ ਕੱਪੜੇ, ਕੁਰਸੀਆਂ, ਸੋਫਿਆਂ ਦੀ ਸਫ਼ਾਈ, ਸਲੀਕੇ ਨਾਲ ਲੱਗੇ ਸ਼ੋਅ ਪੀਸਾਂ, ਖਿੜਕੀਆਂ ਦਰਵਾਜ਼ਿਆਂ ਦੀ ਸਾਫ਼-ਸਫਾਈ ਸਾਡੀ ਸ਼ਖ਼ਸੀਅਤ ਦੇ ਪ੍ਰਭਾਵ ਵਿਚ ਵਾਧਾ ਕਰਦੀ ਹੈ। ਜੇਕਰ ਡਰਾਇੰਗ ਰੂਮ ਜਾਂ ਘਰ ਦੀ ਲਾਬੀ ਵਿਚ ਪਏ ਡਾਇਨਿੰਗ ਸੈੱਟ ਉੱਤੇ ਸਲੀਕੇ ਨਾਲ ਪਿਆ ਸਾਮਾਨ ਪਰਿਵਾਰ ਦੇ ਲੋਕਾਂ ਦੇ ਸਾਫ਼-ਸਫ਼ਾਈ ਪ੍ਰਤੀ ਉਸਾਰੂ ਨਜ਼ਰੀਏ ਦੀ ਪੈਸ਼ਗੋਈ ਕਰਦਾ ਹੈ। ਜੇਕਰ ਕਿਸੇ ਵੱਡੇ ਘਰ ਵਿਚ ਸਾਫ਼ ਸਫ਼ਾਈ ਨਾ ਹੋਵੇ। ਛੱਤਾਂ ਉੱਤੇ ਜਾਲੇ ਲਟਕ ਰਹੇ ਹੋਣ, ਬਾਥਰੂਮਾਂ ਅਤੇ ਟੁਆਲਿਟਾਂ ਵਿਚ ਸਫ਼ਾਈ ਨਾ ਹੋਵੇ। ਘਰ ਦਾ ਸਾਮਾਨ ਸੁੱਚਜੇ ਢੰਗ ਨਾਲ ਆਪਣੀ ਥਾਂ ਉੱਤੇ ਨਾ ਪਿਆ ਹੋਵੇ। ਖਿੜਕੀਆਂ ਦਰਵਾਜ਼ਿਆਂ ਉੱਤੇ ਮਿੱਟੀ ਪਈ ਹੋਈ ਹੋਵੇ, ਪਰਦਿਆਂ ਉੱਤੇ ਧੂੜ ਪਈ ਹੋਵੇ ਤਾਂ ਉਹ ਵੱਡਾ ਘਰ ਵੀ ਛੋਟਾ ਹੋ ਜਾਂਦਾ ਹੈ ਪਰ ਜੇਕਰ ਛੋਟੇ ਘਰ ਵਿਚ ਸਾਫ਼-ਸਫ਼ਾਈ ਹੋਵੇ ਘਰ ਸੱਜਿਆ ਫੱਬਿਆ ਹੋਵੇ ਤਾਂ ਛੋਟਾ ਘਰ ਵੀ ਵੱਡਾ ਲੱਗਣ ਲੱਗ ਪੈਂਦਾ ਹੈ। ਇਹ ਕਹਾਵਤ ਕਿਸੇ ਹੱਦ ਤੱਕ ਢੁੱਕਦੀ ਹੈ ਕਿ ਘਰ ਦੇ ਭਾਗ ਡਿਓੜੀ ਵਿਚੋਂ ਨਜ਼ਰ ਆ ਜਾਂਦੇ ਹਨ।
-ਮੋਬਾਈਲ : 98726-27136