ਆਪਣੀ ਕਿਸੇ ਜਾਣੂ ਜਾਂ ਸਾਥੀ ਨਾਲ ਕਦੀ ਜ਼ਰੂਰਤ ਪੈਣ 'ਤੇ ਲਿਫ਼ਟ ਲੈ ਲੈਣ ਵਿਚ ਕੋਈ ਹਰਜ਼ ਨਹੀਂ ਹੈ, ਪਰ ਸਿਰਫ਼ ਥ੍ਰਿਲਰ ਲਈ ਜਾਂ ਕਾਰ ਵਿਚ ਸਫ਼ਰ ਕਰਨ ਦੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਇਸ ਤਰ੍ਹਾਂ ਕਰਨਾ ਕਦੀ ਵੀ ਤੁਹਾਡੇ ਲਈ ਕੋਈ ਵੱਡਾ ਖ਼ਤਰਾ ਖੜ੍ਹਾ ਕਰ ਸਕਦਾ ਹੈ।
ਜੇਕਰ ਤੁਸੀਂ ਵੀ ਉਨ੍ਹਾਂ ਵਿਚੋਂ ਇਕ ਹੋ ਜੋ ਜ਼ਰੂਰਤ ਪੈਣ 'ਤੇ ਜਾਂ ਫਿਰ ਸ਼ੌਕੀਆ ਲਿਫ਼ਟ ਲੈਣ ਦੇ ਸ਼ੌਕੀਨ ਹੋ ਤਾਂ ਅਗਲੀ ਵਾਰ ਲਿਫ਼ਟ ਲੈਣ ਤੋਂ ਪਹਿਲਾਂ ਜ਼ਰਾ ਸੋਚੋ
ਲਿਫ਼ਟ ਸਦਾ ਮਜਬੂਰੀ ਵਿਚ ਹੀ ਲਓ। ਇਸ ਨੂੰ ਕਦੀ ਖੇਡ ਜਾਂ ਮੌਜ ਮਸਤੀ ਦਾ ਸਾਮਾਨ ਨਾ ਬਣਾਓ। ਲਿਫ਼ਟ ਲੈਣ ਤੋਂ ਪਹਿਲਾਂ ਸਦਾ ਇਹ ਸੋਚੋ ਕਿ ਕੀ ਤੁਸੀਂ ਜਾਣਾ ਟਾਲ ਕੇ ਲਿਫ਼ਟ ਲੈਣ ਦੇ ਖ਼ਤਰਿਆਂ ਨੂੰ ਬਚਾਇਆ ਨਹੀਂ ਜਾ ਸਕਦੇ ਜਾਂ ਕੁਝ ਦੇਰ ਤੱਕ ਰੁਕ ਕੇ ਜਾਣ ਨਾਲ ਕੀ ਕਿਸੇ ਹੋਰ ਵਾਹਨ (ਬੱਸ ਆਦਿ) ਦੇ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ।
ਖਰਾਬ ਮੌਸਮ ਜਿਵੇਂ ਬਾਰਿਸ਼, ਦੇਰ ਰਾਤ, ਸੁੰਨਸਾਨ ਥਾਂ ਆਦਿ ਵਿਚ ਲਿਫ਼ਟ ਲੈਣਾ ਜ਼ਿਆਦਾ ਜ਼ਰੂਰੀ ਲਗਦਾ ਹੈ ਪਰ ਇਸ ਤਰ੍ਹਾਂ ਦੇ ਮੌਕਿਆਂ 'ਤੇ ਲਿਫ਼ਟ ਲੈਣਾ ਜ਼ਿਆਦਾ ਖ਼ਤਰਨਾਕ ਵੀ ਹੋ ਸਕਦਾ ਹੈ। ਭੀੜ-ਭਾੜ ਘੱਟ ਹੋਣ ਦੇ ਕਾਰਨ ਇਸ ਤਰ੍ਹਾਂ ਦੇ ਮੌਕਿਆਂ 'ਤੇ ਕਿਸੇ ਮੁਸੀਬਤ ਵਿਚ ਫਸ ਜਾਣ 'ਤੇ ਕੋਈ ਸਹਾਇਤਾ ਮਿਲਣਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਕਦੀ ਮਜਬੂਰੀ ਵਿਚ ਲਿਫ਼ਟ ਲੈਣੀ ਹੀ ਪਵੇ ਤਾਂ ਕਿਸੇ ਕਾਰ ਆਦਿ ਦੇ ਮੁਕਾਬਲੇ ਵਿਚ ਕਿਸੇ ਦੋਪਹੀਆ ਵਾਹਨ ਨੂੰ ਪਹਿਲ ਦਿਓ। ਇਸ ਤਰ੍ਹਾਂ 'ਚ ਲਿਫ਼ਟ ਦੇਣ ਵਾਲੇ ਵਲੋਂ ਕਿਸੇ ਤਰ੍ਹਾਂ ਦੀ ਬਦਤਮੀਜ਼ੀ ਕੀਤੇ ਜਾਣ 'ਤੇ ਤੁਸੀਂ ਸ਼ੋਰ ਮਚਾ ਕੇ ਰਾਹ ਚਲਦੇ ਨੂੰ ਮਦਦ ਲਈ ਲਈ ਰੋਕ ਸਕਦੇ ਹੋ ਜਾਂ ਕਿਸੇ ਮੁਸੀਬਤ ਦੇ ਆਉਣ 'ਤੇ ਵਾਹਨ ਤੋਂ ਛਾਲ ਮਾਰ ਸਕਦੇ ਹੋ।
ਜੇਕਰ ਕਾਰ ਦੀਆਂ ਖਿੜਕੀਆਂ ਆਦਿ ਦੇ ਕੱਚ 'ਤੇ ਕੋਈ ਫਿਲਮ ਆਦਿ ਲਗਾ ਕੇ ਉਨ੍ਹਾਂ ਨੂੰ ਅਪਾਰਦਰਸ਼ੀ ਬਣਾ ਦਿੱਤਾ ਗਿਆ ਹੈ ਤਾਂ ਇਸ ਤਰ੍ਹਾਂ ਦੀ ਕਾਰ ਵਿਚ ਲਿਫ਼ਟ ਲੈਣ ਤੋਂ ਬਚੋ। ਇਸ ਤਰ੍ਹਾਂ ਦੀ ਗੱਡੀ ਵਿਚ ਕੋਈ ਦੁਰਘਟਨਾ ਹੋਣ 'ਤੇ ਤੁਹਾਨੂੰ ਬਾਹਰ ਤੋਂ ਕੋਈ ਦੇਖ ਨਹੀਂ ਸਕੇਗਾ ਅਤੇ ਲਿਫ਼ਟ ਦੇਣ ਵਾਲੇ ਨੂੰ ਮਨਮਰਜ਼ੀ ਕਰਨ ਦਾ ਮੌਕਾ ਮਿਲ ਜਾਵੇਗਾ।
ਜਿਸ ਚਾਰ ਪਹੀਆ ਵਾਹਨ ਵਿਚ ਤੁਸੀਂ ਲਿਫ਼ਟ ਲੈਣ ਜਾ ਰਹੇ ਹੋ, ਉਸ ਵਿਚ ਜੇਕਰ ਕੋਈ ਔਰਤ ਵੀ ਬੈਠੀ ਹੋਵੇ ਤਾਂ ਚੰਗਾ ਹੈ ਹਾਲਾਂਕਿ ਔਰਤ ਦਾ ਹੋਣਾ ਸੁਰੱਖਿਆ ਦੀ ਗਾਰੰਟੀ ਨਹੀਂ ਹੋ ਸਕਦੀ ਅਤੇ ਜੇਕਰ ਪੂਰਾ ਪਰਿਵਾਰ ਭਾਵ ਛੋਟੇ ਬੱਚੇ ਤੇ ਪਤੀ-ਪਤਨੀ ਹੋਣ, ਤਾਂ ਬਿਹਤਰ ਹੈ। ਹਾਂ, ਇਕ ਤੋਂ ਜ਼ਿਆਦਾ ਮਰਦ ਜੇਕਰ ਗੱਡੀ ਵਿਚ ਹੋਣ ਅਤੇ ਨਾਲ ਕੋਈ ਔਰਤ ਨਾ ਹੋਵੇ ਤਾਂ ਇਸ ਤਰ੍ਹਾਂ ਦੀ ਗੱਡੀ ਵਿਚ ਬੈਠਣ ਤੋਂ ਪ੍ਰਹੇਜ਼ ਕਰੋ।
ਲਿਫ਼ਟ ਲੈਂਦੇ ਸਮੇਂ ਆਪਣਾ ਵਿਹਾਰ ਸ਼ਾਂਤ ਰੱਖੋ। ਕਈ ਵਾਰ ਤੁਹਾਡਾ ਖੁੱਲ੍ਹਾ ਵਿਵਹਾਰ ਸਾਹਮਣੇ ਵਾਲੇ ਨੂੰ ਗ਼ਲਤ ਸੋਚਣ/ਸਮਝਣ ਨੂੰ ਉਕਸਾਉਂਦਾ ਹੈ। ਸਹਿਯੋਗੀ ਯਾਤਰੀ ਨਾਲ ਜ਼ਿਆਦਾ ਗੱਲ ਨਾ ਕਰੋ, ਹਾਂ, ਰਸਤੇ ਵਿਚ ਉਤਰਦੇ ਸਮੇਂ ਧੰਨਵਾਦ ਕਰਨ ਦੀ ਰਸਮ ਨਿਭਾਉਣਾ ਨਾ ਭੁੱਲੋ। ਜੇਕਰ ਕਦੀ ਕਿਸੇ ਮੁਸੀਬਤ ਵਿਚ ਫਸ ਹੀ ਜਾਓ ਤਾਂ ਵੀ ਆਪਣੇ 'ਤੇ ਕੰਟਰੋਲ ਰੱਖੋ। ਗੁੱਸੇ ਵਿਚ ਆਪਣੀ ਮੁਸੀਬਤ ਹੋਰ ਨਾ ਵਧਾਓ, ਨਾ ਹੀ ਸਾਹਮਣੇ ਵਾਲੇ ਨੂੰ ਆਪਣੀ ਘਬਰਾਹਟ ਦਾ ਪ੍ਰਦਰਸ਼ਨ ਕਰੋ। ਦਿਮਾਗ਼ ਨੂੰ ਕਾਬੂ ਵਿਚ ਰੱਖੋ ਮੁਸੀਬਤ ਵਿਚੋਂ ਬਾਹਰ ਨਿਕਲਣ ਦਾ ਰਸਤਾ ਸੋਚੋ। ਤੁਹਾਨੂੰ ਘਬਰਾਉਂਦਾ ਦੇਖ ਕੇ ਸਾਹਮਣੇ ਵਾਲੇ ਦੀ ਹਿੰਮਤ ਵਧਦੀ ਹੈ।
ਜੇਕਰ ਲਿਫ਼ਟ ਦੇਣ ਵਾਲਾ ਰਸਤੇ ਵਿਚ ਤੁਹਾਨੂੰ ਖਾਣ-ਪੀਣ ਲਈ ਕੁਝ ਵੀ ਦੇਵੇ ਤਾਂ ਧੰਨਵਾਦ ਕਰਕੇ ਮਨ੍ਹਾਂ ਕਰ ਦਿਓ। ਇਸ ਤਰ੍ਹਾਂ ਦੇ ਪਦਾਰਥਾਂ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਲਿਫ਼ਟ ਦੇਣ ਵਾਲਾ ਤੁਹਾਨੂੰ ਸੌਖਿਆਂ ਨਾਲ ਬੇਹੋਸ਼ ਕਰਕੇ ਮਨਮਰਜ਼ੀ ਕਰ ਸਕਦਾ ਹੈ।
ਜੇਕਰ ਤੁਸੀਂ ਕਿਸੇ ਅਣਜਾਣੇ ਸ਼ਹਿਰ ਵਿਚ ਹੋ ਜਿਥੇ ਦੇ ਰਸਤਿਆਂ ਤੋਂ ਤੁਸੀਂ ਜਾਣੂ ਨਹੀਂ ਹੋ ਤਾਂ ਭੁੱਲ ਕੇ ਵੀ ਲਿਫ਼ਟ ਲੈਣ ਦੀ ਹਿੰਮਤ ਨਾ ਕਰੋ।
ਜ਼ਰਾ ਸੋਚੋ, ਲਿਫ਼ਟ ਲੈਣ ਤੋਂ ਪਹਿਲਾਂ
ਅਜੀਤ ਡੈਸਕ
12-03-2026