16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਿੱਖਿਆ ਦੇ ਖੇਤਰ 'ਚ ਨਵੀਆਂ ਪਿਰਤਾਂ ਪਾਉਣ ਵਾਲੀ ਅਧਿਆਪਕਾ-ਰੇਣੂ ਕੌਸ਼ਲ

Ad Position 21
No active advertisement
ਅਜੀਤ ਡੈਸਕ 12-03-2026

ਜ਼ਿੰਦਗੀ ਦੇ ਨੁਕਤਿਆਂ ਨੂੰ ਸ਼ਬਦਾਂ 'ਚ ਪਰੋਣ ਵਾਲੀ ਅਧਿਆਪਕਾ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਆਪਣੇ ਪੇਸ਼ੇ 'ਚ ਪ੍ਰਤੀਬੱਧਤਾ ਨਾਲ, ਦਿਨ ਰਾਤ ਮਿਹਨਤ ਕਰ ਕੇ ਉਨ੍ਹਾਂ ਨੇ ਸਿੱਖਿਆ ਵਿਭਾਗ ਤੋਂ 5 ਸਤੰਬਰ 2017 'ਚ ਸਟੇਟ ਐਵਾਰਡ ਹਾਸਿਲ ਕੀਤਾ ਸੀ। ਸਿੱਖਿਆ ਦੇ ਖੇਤਰ ਵਿਚ ਜਿੱਥੇ ਉਨ੍ਹਾਂ ਦੇ ਕੰਮ ਮੂੰਹੋਂ ਬੋਲਦੇ ਹਨ ਉੱਥੇ ਜ਼ਿੰਦਗੀ ਦੇ ਹੋਰ ਪੱਖਾਂ ਨੂੰ ਵੀ ਉਹ ਸੰਜੀਦਗੀ ਨਾਲ ਨਿਭਾਉਣ ਦਾ ਹੁਨਰ ਰੱਖਦੇ ਹਨ। ਉਹ ਆਪਣੀ ਨਿੱਕੀ ਜਿਹੀ ਗੱਲ ਨਾਲ ਵੱਡਾ ਸੰਦੇਸ਼ ਦੇਣ ਦੀ ਅਲੌਕਿਕ ਸਮਰੱਥਾ ਰੱਖਦੇ ਹਨ। ਜੇਕਰ ਉਨ੍ਹਾਂ ਦੇ ਜੀਵਨ ਵੇਰਵਿਆਂ ਦੀ ਗੱਲ ਕਰੀਏ ਤਾਂ ਇਕ ਛੋਟੇ ਜਿਹੇ ਪਿੰਡ ਭਨੋਪਲੀ ਵਿਚ ਸ੍ਰੀ ਛੱਜੂ ਰਾਮ ਸੋਨੀ ਅਤੇ ਸ੍ਰੀਮਤੀ ਸੁਮਨ ਸੋਨੀ ਦੇ ਘਰ ਜਨਮੀ ਰੇਣੂ ਬਾਲਾ ਨੇ ਆਪਣੀ ਪ੍ਰਾਇਮਰੀ ਸਿੱਖਿਆ ਇੱਕ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਕੋਲ ਪੁਲੀਟੀਕਲ ਸਾਇੰਸ ਵਿਚ ਮਾਸਟਰ ਡਿਗਰੀ ਹੈ। ਇਸ ਦੇ ਨਾਲ ਹੀ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ 3 ਸਾਲਾ ਡਿਪਲੋਮਾ ਕੀਤਾ ਹੋਇਆ ਹੈ। ਬਾਅਦ ਵਿਚ ਉਨ੍ਹਾਂ ਨੇ ਰੂਪ ਨਗਰ ਡਾਈਟ ਤੋਂ ਐਲੀਮੈਂਟਰੀ ਟੀਚਰ ਟ੍ਰੇਨਿੰਗ ਵੀ ਕੀਤੀ। ਦਸੰਬਰ 2006 ਵਿਚ ਉਹ ਨਗਰ ਕੌਂਸਲ ਨੰਗਲ ਅਧੀਨ ਨਿਕਲੀਆਂ ਪੋਸਟਾਂ ਵਿਚ ਬਤੌਰ ਈ.ਟੀ.ਟੀ. ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਐਫ਼ ਐਫ਼ ਬਲਾਕ ਨੰਗਲ ਵਿਖੇ ਨਵੇਂ ਸਿਰੇ ਤੋਂ ਨਿਯੁਕਤ ਹੋਏ। ਆਪਣੇ ਸਟਾਫ, ਮਾਪਿਆਂ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਾਥ ਨਾਲ ਸਕੂਲ ਵਿਚ ਕਮਾਲ ਦੇ ਗੁਣਾਤਮਕ ਅਤੇ ਗਿਣਾਤਮਕ ਸੁਧਾਰ ਕੀਤੇ। ਨਗਰ ਕੌਂਸਲ ਨੰਗਲ ਦੇ ਸਹਿਯੋਗ ਨਾਲ ਸਕੂਲ ਵਿਚ ਵਧੀਆ ਅਤੇ ਦਿਲ-ਖਿੱਚਵੇਂ ਕਮਰੇ ਜਮਾਤਾਂ ਲਈ ਤਿਆਰ ਕਰਵਾਏ ਗਏ। ਇਸੇ ਸਕੂਲ ਵਿਚ ਕੰਮ ਕਰਦੇ ਹੋਏ ਉਨ੍ਹਾਂ ਨੇ ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ 'ਤੇ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਣਗਿਣਤ ਮਾਣ-ਸਨਮਾਨ ਪ੍ਰਾਪਤ ਕੀਤੇ। ਇਥੇ ਹੀ ਆਪਣੀ ਅਧਿਆਪਨ ਸਾਧਨਾ ਦੌਰਾਨ ਸਤੰਬਰ 2017 ਵਿਚ ਵਿਭਾਗ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਆ।
ਜੇਕਰ ਮੈਡਮ ਰੇਣੂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੇ ਪਤੀ ਇੰਜੀਨੀਅਰ ਬ੍ਰਿਜ ਮੋਹਨ ਕੌਸ਼ਲ ਜੀ ਹਰ ਖੇਤਰ ਵਿਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦਾ ਬੇਟਾ ਤੇ ਇਕ ਬੇਟੀ ਹੈ।
ਲੇਖਕਾ ਦੇ ਸਾਹਿਤਿਕ ਸਫ਼ਰ ਦੀ ਝਾਤ ਤੋਂ ਪਤਾ ਲਗਦਾ ਹੈ ਕਿ ਸਕੂਲ ਸਮੇਂ ਤੋਂ ਹੀ ਉਨ੍ਹਾਂ ਨੂੰ ਆਪਣੇ ਮਨ-ਭਾਉਂਦੇ ਅਧਿਆਪਕ ਸ੍ਰੀ ਓਂਕਾਰ ਚੰਦ ਵਾਸੁਦੇਵ ਜੀ ਦੇ ਯਤਨਾਂ ਸਦਕਾ ਕਿਤਾਬਾਂ ਪੜ੍ਹਨ ਦੀ ਚੇਟਕ ਲਗ ਗਈ ਸੀ।ਲਾਇਬ੍ਰੇਰੀ 'ਚੋਂ ਸਧਾਰਨ ਗਿਆਨ, ਵਿਗਿਆਨੀਆਂ, ਕਾਰਟੂਨਾਂ, ਸਮਾਜਕ ਸੁਧਾਰਕਾਂ ਅਤੇ ਮਹਾਨ ਔਰਤਾਂ ਦੀਆਂ ਜੀਵਨੀਆਂ ਸੰਬੰਧੀ ਕਿਤਾਬਾਂ ਲੈ ਕੇ ਉਹ ਅਕਸਰ ਪੜ੍ਹਿਆ ਕਰਦੇ ਸਨ। ਦਸਵੀਂ ਤਕ ਵੀ ਉਹਨਾਂ ਨੇ ਛੋਟੀ ਮੋਟੀ ਕਹਾਣੀ ਅਤੇ ਕਵਿਤਾ ਦੀ ਤੁਕ-ਬੰਦੀ ਕਰਨੀ ਸਿੱਖ ਲਈ ਸੀ। ਕਾਲਜ ਸਮੇਂ ਵੀ ਉਹਨਾਂ ਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ ਤੇ ਉਹ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਦਿਲ ਟੁੰਬਦੀਆਂ ਸਤਰਾਂ ਡਾਇਰੀ 'ਚ ਨੋਟ ਕਰ ਲੈਂਦੇ ਸਨ। ਬਤੌਰ ਅਧਿਆਪਕਾ ਨਿਯੁਕਤੀ ਤੋਂ ਬਾਅਦ ਮਾਤਰ ਤਿੰਨ ਮਹੀਨੇ 'ਚ ਉਨ੍ਹਾਂ ਨੇ ਆਪਣੇ ਸਕੂਲ ਦੀ ਮਿੰਨੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ।
ਪਹਿਲੀ ਵਾਰ ਉਨ੍ਹਾਂ ਦਾ ਆਪਣੇ ਵਿਦਿਆਰਥੀਆਂ ਸੰਬੰਧੀ ਲੇਖ ਉੱਘੇ ਲੇਖਕ ਅਤੇ ਮਹਾਨ ਗ਼ਜ਼ਲਗੋ ਸ. ਬਲਬੀਰ ਸੈਣੀ ਜੀ ਦੁਆਰਾ ਸੰਪਾਦਤ ਮੈਗਜ਼ੀਨ 'ਸੂਲ ਸੁਰਾਹੀ' ਵਿਚ 'ਬੱਚਿਆਂ ਦਾ ਸਵਰਗ' ਸਿਰਲੇਖ ਅਧੀਨ ਛਪਿਆ ਅਤੇ ਬਾਅਦ ਵਿਚ ਸੈਣੀ ਸਾਹਿਬ ਤੋਂ ਹੀ ਉਹਨਾਂ ਕਵਿਤਾ, ਗੀਤ ਅਤੇ ਵਾਰਤਕ ਦੀਆਂ ਬਾਰੀਕੀਆਂ ਸਮਝੀਆਂ। ਨਤੀਜੇ ਵਜੋਂ ਉਹ ਵੱਖ-ਵੱਖ ਅਖਬਾਰਾਂ 'ਚ ਛਪਣੇ ਸ਼ੁਰੂ ਹੋਏ। ਜਲਦੀ ਹੀ ਉਹ ਆਪਣੇ ਪ੍ਰੇਰਣਾ-ਦਾਇਕ ਲੇਖਾਂ ਦੀ ਕਿਤਾਬ ਲੋਕ ਅਰਪਣ ਕਰਨਗੇ। ਮੈਡਮ ਰੇਣੂ ਜੀ ਆਰਟ ਆਫ ਲਿਵਿੰਗ ਸੰਸਥਾ ਨਾਲ ਜੁੜੇ ਹੋਏ ਹਨ, ਜਿਸ ਅਧੀਨ ਓਹ 'ਜ਼ਿੰਦਗੀ ਜਿਉਣ ਦੀ ਕਲਾ' ਦੇ ਅਧਿਆਪਕ ਬਣ ਕੇ ਸਮਾਜ 'ਚ ਵਿਚਰਦੇ ਲੋਕਾਂ ਨੂੰ ਤਣਾਓ-ਰਹਿਤ, ਅਨੰਦ ਭਰਪੂਰ ਜ਼ਿੰਦਗੀ ਜਿਉਣ ਦੇ ਗੁਰ ਸਿਖਾਉਂਦੇ ਹਨ। ਬਹੁਤ ਵਾਰ ਖੂਨ ਦਾਨ ਵੀ ਕਰ ਚੁੱਕੀ ਹੈ। ਗ਼ਰੀਬ ਅਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੀ ਆਦਤ ਦਾ ਖਾਸ ਹਿੱਸਾ ਹੈ।

ਸੰਪਰਕ : ਮੋਬਾ: 9876877607

Ad Position 22
No active advertisement
ਪਿਛਲੀ ਖ਼ਬਰ ਬਹੁਤ ਜ਼ਰੂਰੀ ਹੈ, ਗੁਆਂਢੀਆਂ ਨਾਲ ਮਿਲ-ਜੁਲ ਕੇ ਰਹਿਣਾ ਅਗਲੀ ਖ਼ਬਰ ਜ਼ਰਾ ਸੋਚੋ, ਲਿਫ਼ਟ ਲੈਣ ਤੋਂ ਪਹਿਲਾਂ
Ad Position 24