16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਬਹੁਤ ਜ਼ਰੂਰੀ ਹੈ, ਗੁਆਂਢੀਆਂ ਨਾਲ ਮਿਲ-ਜੁਲ ਕੇ ਰਹਿਣਾ

Ad Position 21
No active advertisement
ਅਜੀਤ ਡੈਸਕ 12-03-2026

ਔਖੇ ਸੌਖੇ ਵੇਲੇ ਤਾਂ ਦੂਰ ਰਹਿੰਦਾ ਰਿਸ਼ਤੇਦਾਰ ਬਹੁਤ ਦੇਰ ਨਾਲ ਸਾਡੇ ਕੋਲ ਪੁੱਜੇਗਾ। ਪਰ ਗੁਆਂਢੀ ਤਾਂ ਪਹਿਲੀ ਆਵਾਜ਼ ਦਿੱਤਿਆਂ ਹੀ ਪਹੁੰਚ ਜਾਵੇਗਾ। ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਮਾਮੂਲੀ ਜਿਹੀ ਗੱਲ ਤੋਂ ਗੁਆਂਢੀਆਂ ਨਾਲ ਨਾਰਾਜ਼ ਹੋ ਜਾਂਦੇ ਹਨ ਅਤੇ ਲੰਮੇ ਸਮੇਂ ਤੱਕ ਬੋਲਚਾਲ ਬੰਦ ਹੋ ਜਾਂਦੀ ਹੈ, ਜ਼ਰੂਰਤ ਪੈਣ 'ਤੇ ਅਸੀਂ ਗੁਆਂਢੀ ਨਾਲ ਗੱਲ ਵੀ ਨਹੀਂ ਕਰ ਸਕਦੇ ਅਤੇ ਦੂਰ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਪਸੰਦ ਕਰਦੇ ਹਾਂ। ਇਸ ਤਰ੍ਹਾਂ ਦੇ ਵਤੀਰੇ ਰੱਖਣ ਨਾਲ ਦੋਵਾਂ ਧਿਰਾਂ ਦਾ ਹੀ ਨੁਕਸਾਨ ਹੋ ਸਕਦਾ ਹੈ। ਇਸ ਗੱਲ ਦਾ ਲੋਕਾਂ ਅਤੇ ਸਮਾਜ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿਸਾਲ ਦੇ ਤੌਰ 'ਤੇ ਤੁਹਾਨੂੰ ਕੋਈ ਜ਼ਰੂਰੀ ਕੰਮ ਪੈ ਜਾਂਦਾ ਹੈ ਅਤੇ ਤੁਸੀਂ ਘਰ ਨੂੰ ਜਿੰਦਾ ਲਗਾ ਕੇ ਚਲੇ ਜਾਂਦੇ ਹੋ, ਮਗਰੋਂ ਬੱਚੇ ਸਕੂਲ ਤੋਂ ਘਰ ਆਉਂਦੇ ਹਨ ਅਤੇ ਘਰ ਨੂੰ ਬੰਦ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ। ਜੇ ਤੁਹਾਡੀ ਗੁਆਂਢੀਆਂ ਨਾਲ ਬਣੀ ਹੋਈ ਹੈ ਤਾਂ ਉਹ ਬੱਚਿਆਂ ਨੂੰ ਤੁਹਾਡੀ ਗ਼ੈਰ-ਹਾਜ਼ਰੀ ਬਾਰੇ ਦੱਸਣ ਦੇ ਨਾਲ-ਨਾਲ ਰੋਟੀ-ਪਾਣੀ ਵੀ ਦੇਣਗੇ ਅਤੇ ਪਿਆਰ ਸਹਿਤ ਘਰ ਵੀ ਬਿਠਾਉਣਗੇ। ਜ਼ਰੂਰਤ ਪੈਣ 'ਤੇ ਤੁਸੀਂ ਐਮਰਜੈਂਸੀ ਸਮੇਂ ਗੁਆਂਢੀਆਂ ਦੀ ਗੱਡੀ ਵੀ ਵਰਤ ਸਕਦੇ ਹੋ। ਜੇਕਰ ਤੁਸੀਂ ਗੁਆਂਢੀਆਂ ਨਾਲ ਪ੍ਰੇਮ ਪਿਆਰ ਨਾਲ ਰਹਿੰਦੇ ਹੋ ਤਾਂ ਇਹ ਇਕ ਚੇਨ ਸਿਸਟਮ ਹੀ ਬਣ ਜਾਂਦਾ ਹੈ ਤੇ ਸਮਾਜ ਦੀ ਤਸਵੀਰ ਹੀ ਖੂਬਸੂਰਤ ਬਣ ਜਾਂਦੀ ਹੈ। ਸਾਰਾ ਮੁਹੱਲਾ ਜਾਂ ਪਿੰਡ ਇਕ-ਦੂਜੇ ਨੂੰ ਸਹਿਯੋਗ ਦੇ ਕੇ ਅਸੀਂ ਵਖਰੇਵੇਂ ਦੀ ਸਮਾਜਿਕ ਬੁਰਾਈ ਦੂਰ ਕਰਨ ਲਈ ਮਿਲ ਕੇ ਹੰਭਲਾ ਮਾਰ ਸਕਦੇ ਹਾਂ। ਇਸ ਲਈ ਗੁਆਂਢੀ ਨਾਲ ਵਿਗਾੜ ਪਾਉਣਾ ਇਕ ਬਹੁਤ ਵੱਡੀ ਗ਼ਲਤੀ ਹੈ। ਗੁਆਂਢੀਆਂ ਦੀ ਆਪਸੀ ਨਾਰਾਜ਼ਗੀ ਕਾਰਨ, ਕਈ ਵਾਰੀ ਤੀਜੀ ਧਿਰ ਫਾਇਦਾ ਉਠਾ ਜਾਂਦੀ ਹੈ। ਇਕ ਘਰ ਵਿਚ ਦਿਨ-ਦਿਹਾੜੇ ਚੋਰੀ ਹੋ ਗਈ, ਗੁਆਂਢੀਆਂ ਨੂੰ ਪਤਾ ਵੀ ਲੱਗ ਗਿਆ, ਪਰ ਉਹ ਚੁੱਪ-ਚਾਪ ਬੈਠੇ ਰਹੇ ਕਿਉਂਕਿ ਦੋਵਾਂ ਧਿਰਾਂ ਵਿਚ ਮਨ-ਮੁਟਾਵ ਸੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਗੁਆਂਢੀਆਂ ਨਾਲ ਵਿਗਾੜ ਸਦਾ ਹੀ ਘਾਟੇ ਵਾਲਾ ਸੌਦਾ ਹੈ। ਜੇਕਰ ਕਿਸੇ ਕਾਰਨ ਗੁਆਂਢੀ ਨਾਰਾਜ਼ ਹੋ ਵੀ ਜਾਵੇ ਤਾਂ ਇਹ ਨਾਰਾਜ਼ਗੀ ਲੰਮਾ ਸਮਾਂ ਨਾ ਚੱਲਣ ਦਿਓ ਅਤੇ ਜਲਦੀ ਹੀ ਗਿਲੇ-ਸ਼ਿਕਵੇ ਦੂਰ ਕਰ ਲੈਣੇ ਚਾਹੀਦੇ ਹਨ। ਜੇਕਰ ਇਕ ਧਿਰ ਗ਼ਲਤੀ ਕਰਦੀ ਹੈ ਤਾਂ ਦੂਸਰੀ ਧਿਰ ਵਲੋਂ ਉਸ ਨੂੰ ਪਿਆਰ ਨਾਲ ਗ਼ਲਤੀ ਦਾ ਅਹਿਸਾਸ ਕਰਾ ਕੇ ਸੁਲਾਹ ਕਰ ਲੈਣ ਵਿਚ ਬਿਹਤਰੀ ਹੈ। ਇਸ ਲਈ ਸਭ ਨੂੰ ਮਿਲੋ ਅਤੇ ਹਮੇਸ਼ਾ ਖ਼ੁਸ਼ ਰਹੋ। ਯਾਦ ਰੱਖੋ, ਹਮਸਾਏ ਮਾਂ ਪਿਓ ਜਾਏ।

-ਪਿੰਡ ਮਸੀਤਾਂ (ਕਪੂਰਥਲਾ)।
ਮੋਬਾਈਲ : 99157-31345

Ad Position 22
No active advertisement
ਪਿਛਲੀ ਖ਼ਬਰ ਮੈਨੀਕਿਓਰ ਅਤੇ ਪੈਡੀਕਿਓਰ ਦੇ ਫ਼ਾਇਦੇ ਅਗਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਨਵੀਆਂ ਪਿਰਤਾਂ ਪਾਉਣ ਵਾਲੀ ਅਧਿਆਪਕਾ-ਰੇਣੂ ਕੌਸ਼ਲ
Ad Position 24