ਸਕੂਲ ਜਾਂਦੇ ਬੱਚਿਆਂ ਪ੍ਰਤੀ ਮਾਪਿਆਂ ਦੇ ਨਿਭਾਉਣ ਵਾਲੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ। ਸਕੂਲ ਜਾਣ ਵਾਲੇ ਬੱਚਿਆਂ ਪ੍ਰਤੀ ਖ਼ਾਸ ਕਰਕੇ ਜਦੋਂ ਤੱਕ ਉਹ ਆਪਣੇ ਮਾਤਾ-ਪਿਤਾ ਉੱਤੇ ਨਿਰਭਰ ਕਰਦੇ ਹਨ, ਉਨ੍ਹਾਂ ਦੇ ਮਾਪਿਆਂ ਦਾ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਆਪਣੇ ਬੱਚਿਆਂ ਪ੍ਰਤੀ ਬਣਦੇ ਫ਼ਰਜ਼ ਨਿਭਾਉਣ ਵਿਚ ਥੋੜ੍ਹੀ ਜਿਹੀ ਕੁਤਾਹੀ ਵੀ ਉਨ੍ਹਾਂ ਦੀ ਜ਼ਿੰਦਗੀ ਉੱਤੇ ਮਾੜਾ ਅਸਰ ਪਾ ਸਕਦੀ ਹੈ।
ਬੱਚਿਆਂ ਦੇ ਸਕੂਲ ਦੇ ਬੈਗ ਦਾ ਬੋਝ, ਉਨ੍ਹਾਂ ਦੇ ਸਕੂਲ ਜਾਣ ਤੋਂ ਲੈ ਕੇ ਉਨ੍ਹਾਂ ਦੇ ਘਰ ਪਹੁੰਚਣ ਤੱਕ, ਉਨ੍ਹਾਂ ਦੇ ਖਾਣ ਪੀਣ, ਮੋਬਾਈਲ ਵੇਖਣ, ਵੀਡਿਓ ਗੇਮਾਂ ਖੇਡਣ, ਪੜ੍ਹਾਈ ਦੇ ਬੋਝ, ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਅਤੇ ਉਨ੍ਹਾਂ ਦੇ ਵਿਵਹਾਰ ਉੱਤੇ ਨਜ਼ਰ ਰੱਖਣ ਪ੍ਰਤੀ ਬੱਚਿਆਂ ਦੇ ਮਾਪਿਆਂ ਦਾ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਛੋਟੇ ਬੱਚਿਆ ਦੇ ਭਾਰੇ ਬਸਤਿਆਂ ਦੇ ਬੋਝ ਦੀ ਸਮੱਸਿਆ ਪ੍ਰਤੀ ਮਾਪਿਆਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਬਸਤਿਆਂ ਦੇ ਬੋਝ ਕਾਰਨ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ ਦੇ ਬਸਤੇ ਦਾ ਬੋਝ ਘੱਟ ਕਰਨ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਬੱਚਿਆਂ ਨੂੰ ਸਾਰੀਆਂ ਕਿਤਾਬਾਂ ਕਾਪੀਆਂ ਲਿਜਾਣ ਦੀ ਬਜਾਏ ਉਨ੍ਹਾਂ ਟਾਈਮ ਟੇਬਲ ਮੁਤਾਬਿਕ ਕਿਤਾਬਾਂ ਕਾਪੀਆਂ ਲਿਜਾਣ ਲਈ ਕਹਿਣ। ਉਹ ਉਨ੍ਹਾਂ ਦਾ ਬਸਤਾ ਖੁਦ ਤਿਆਰ ਕਰਨ।
ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਲੀਕੇ ਨਾਲ ਬੋਲਣ, ਚੰਗੀ ਤਰ੍ਹਾਂ ਗੱਲ ਬਾਤ ਕਰਨ, ਸਮਾਜ ਵਿਚ ਵਿਚਰਨ ਦੇ ਤੌਰ ਤਰੀਕੇ ਸਿਖਾਉਣ। ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ। ਉਨ੍ਹਾਂ ਨੂੰ ਚੰਗੀਆਂ ਆਦਤਾਂ ਸਿਖਾਉਣ। ਉਨ੍ਹਾਂ ਨੂੰ ਅਪਸ਼ਬਦ ਬੋਲਣ ਤੋਂ ਰੋਕਣ। ਸਕੂਲ ਨੂੰ ਆਉਂਦੇ ਜਾਂਦੇ ਧਿਆਨ ਰੱਖਣ ਵਾਲੀਆਂ ਗੱਲਾਂ ਤੋਂ ਜਾਣੂ ਕਰਵਾਉਣ। ਬੱਚਿਆਂ ਉੱਤੇ ਪੜ੍ਹਾਈ ਦੇ ਵਧ ਰਹੇ ਬੋਝ ਪ੍ਰਤੀ ਧਿਆਨ ਦੇਣ। ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ। ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਉਂਦੇ ਹਨ ਉਹ ਬੱਚੇ ਬਾਕੀ ਬੱਚਿਆਂ ਨਾਲੋਂ ਅੱਡ ਹੁੰਦੇ ਹਨ।
-ਮੋਬਾਈਲ : 98726-27136