![]()
ਲੌਕੀ ਆਲੂ ਦੇ ਕੋਫ਼ਤੇ
ਸਮੱਗਰੀ-500 ਗ੍ਰਾਮ ਲੌਕੀ, 200 ਗ੍ਰਾਮ ਆਲੂ, 4 ਚਮਚੇ ਮੈਦਾ ਜਾਂ ਬੇਸਨ, 30 ਗ੍ਰਾਮ ਹਰਾ ਧਨੀਆ, 100 ਗ੍ਰਾਮ ਸਰੋ੍ਹਾ ਦਾ ਤੇਲ, ਮਿਰਚ ਅਤੇ ਲੂਣ ਸੁਆਦ ਅਨੁਸਾਰ |
ਵਿਧੀ-ਲੌਕੀ ਨੂੰ ਸਾਫ਼ ਕਰ ਕੇ ਕੱਦੂਕਸ ਕਰ ਲਓ | ਆਲੂ ਉਬਾਲ ਬਾਅਦ ਫੇਂਹ ਕੇ ਲੌਕੀ ਵਿਚ ਮਿਲਾ ਲਓ | ਹੁਣ ਇਸ ਵਿਚ ਹਰਾ ਧਨੀਆ, ਮਿਰਚ, ਲੂਣ, ਬੇਸਨ ਮਿਲਾ ਕੇ ਗੋਲੇ ਬਣਾ ਲਓ ਅਤੇ ਇਨ੍ਹਾਂ ਨੂੰ ਬੇਸਨ ਦੇ ਘੋਲ ਵਿਚ ਭਿਗੋ ਕੇ ਉਬਲਦੇ ਤੇਲ ਵਿਚ ਪਾਓ | ਜਦੋਂ ਪੱਕ ਜਾਵੇ ਤਾਂ ਕੱਢ ਲਓ | ਜੇਕਰ ਟਿੱਕੀਆਂ ਬਣਾਉਣੀਆਂ ਹਨ ਤਾਂ ਇਸ ਨੂੰ ਗੋਲ ਦੀ ਬਜਾਏ ਚਪਟਾ ਕਰ ਲਓ |
ਸਲਾਦ ਦੇ ਨਾਲ ਗਰਮ-ਗਰਮ ਪੇਸ਼ ਕਰੋ | ਬਹੁਤ ਸਵਾਦੀ ਹੁੰਦੇ ਹਨ | ਕੋਫ਼ਤਿਆਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ |
ਟਮਾਟਰ ਲੌਕੀ
ਸਮੱਗਰੀ - 500 ਗ੍ਰਾਮ ਲੌਕੀ, 5 ਟਮਾਟਰ, 100 ਗ੍ਰਾਮ ਘਿਓ, 1 ਵੱਡਾ ਚਮਚਾ ਮੈਦਾ, ਲੂਣ, ਮਿਰਚ, ਹਰਾ ਧਨੀਆ ਆਦਿ ਸੁਆਦ ਅਨੁਸਾਰ |
ਵਿਧੀ-ਲੌਕੀ ਸਾਫ਼ ਕਰਕੇ ਅੱਧਾ-ਅੱਧਾ ਇੰਚ ਦੇ ਗੋਲ-ਗੋਲ ਟੁਕੜੇ ਕੱਟ ਲਓ | ਲੂਣ ਲਗਾ ਕੇ ਮੈਦੇ ਵਿਚ ਲਪੇਟ ਕੇ ਘਿਓ ਵਿਚ ਭੁੰਨ ਲਓ | ਟਮਾਟਰ ਦੇ ਚਾਰ-ਚਾਰ ਟੁਕੜੇ ਲੂਣ ਮਿਰਚ ਲਗਾ ਕੇ ਛਾਂਟ ਲਓ | ਪਲੇਟ ਵਿਚ ਲੌਕੀ ਦੇ ਟੁਕੜੇ ਲਗਾ ਕੇ ਉੱਪਰ ਤੋਂ ਟਮਾਟਰ ਪਾ ਦਿਓ | ਫਿਰ ਹਰਾ ਧਨੀਆ ਅਤੇ ਮਸਾਲੇ ਪਾ ਦਿਓ |
ਪਨੀਰ ਦੀ ਭਰਵੀਂ ਲੌਕੀ
ਸਮੱਗਰੀ-1 ਕਿਲੋ ਲੌਕੀ, 100 ਗ੍ਰਾਮ ਪਨੀਰ, 20 ਗ੍ਰਾਮ ਡਬਲ ਰੋਟੀ ਦਾ ਚੂਰਾ, ਅੱਧਾ ਨਿੰਬੂ, ਕਰੀਮ 150 ਗ੍ਰਾਮ, ਲੂਣ ਅਤੇ ਮਸਾਲਾ ਆਦਿ ਸੁਆਦ ਅਨੁਸਾਰ |
ਵਿਧੀ-ਲੌਕੀ ਛਿੱਲ ਕੇ ਉਸ ਨੂੰ ਲੰਬਾਈ ਵਿਚ ਦੋ ਟੁਕੜੇ ਕਰ ਲਓ | ਵਿੱਚੋਂ ਗੁੱਦਾ ਕੱਢ ਕੇ ਘਿਓ ਵਿਚ ਭੁੰਨ ਲਓ | ਉਸ ਵਿਚ ਪਨੀਰ ਅਤੇ ਡਬਲ ਰੋਟੀ ਦਾ ਚੂਰਾ ਮਿਲਾ ਲਓ | ਇਸੇ ਤਰ੍ਹਾਂ ਬਣੀ ਭਰਵੀਂ ਲੌਕੀ ਵਿਚ ਨਿੰਬੂ ਦਾ ਰਸ ਮਿਲਾ ਲਓ | ਫਿਰ ਲੌਕੀ ਵਿਚ ਉਹ ਭਰਾਵਨ ਭਰ ਕੇ ਫਰਾਈਪੈਨ ਵਿਚ ਰੱਖੋ | ਉੱਪਰ ਤੋਂ ਕ੍ਰੀਮ ਪਾ ਕੇ ਓਵਨ ਵਿਚ ਪਕਾ ਲਓ | ਇਸ ਤਰ੍ਹਾਂ ਪਕਾਈ ਭਰਵੀਂ ਪਨੀਰ ਲੌਕੀ ਨੂੰ ਖਾ ਕੇ ਦੇਖੋ ਅਤੇ ਮਜ਼ਾ ਲਓ |
ਲੌਕੀ ਦੀ ਖੀਰ
ਸਮੱਗਰੀ-1 ਕਿਲੋ ਦੁੱਧ, 200 ਗ੍ਰਾਮ ਕੱਦੂਕਸ ਕੀਤੀ ਹੋਈ ਲੌਕੀ, 250 ਗ੍ਰਾਮ ਖੰਡ, ਥੋੜ੍ਹੀ ਜਿਹੀ ਕਿਸ਼ਮਿਸ਼, ਠੂਠੀ, ਪਿਸਤਾ, ਬਦਾਮ ਅਤੇ ਛੋਟੀ ਇਲਾਚੀ ਕੁਤਰੀ ਹੋਈ, ਕੇਵੜਾ ਅਤੇ ਗੁਲਾਬ |
ਵਿਧੀ-ਪਹਿਲਾਂ ਦੁੱਧ ਨੂੰ ਉਬਾਲ ਲਓ | ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਕੱਦੂਕਸ ਲੌਕੀ ਨੂੰ ਘਿਓ ਵਿਚ ਭੁੰਨ ਕੇ ਉਸ ਨੂੰ ਦੁੱਧ ਵਿਚ ਛੱਡ ਦਿਓ | ਜਦੋਂ ਲੌਕੀ ਚੰਗੀ ਤਰ੍ਹਾਂ ਗਲ ਜਾਵੇ ਤਾਂ ਉਸ ਵਿਚ ਚੀਨੀ, ਕੁਤਰੀ ਹੋਈ ਗਿਰੀ ਬਦਾਮ, ਪਿਸਤਾ, ਪਿਸੀ ਹੋਈ ਇਲਾਇਚੀ ਮਿਲਾ ਦਿਓ | ਫਿਰ ਉਸ ਨੂੰ ਅੱਗ ਤੋਂ ਥੱਲੇ ਉਤਾਰ ਲਓ | ਫਿਰ ਉਸ ਵਿਚ ਕੇਵੜੇ ਜਾਂ ਗੁਲਾਬ ਦੀਆਂ ਕੁਝ ਬੂੰਦਾਂ ਪਾ ਕੇ ਖਾ ਸਕਦੇ ਹੋ | ਇਹ ਖੀਰ ਤਾਕਤਵਰ ਅਤੇ ਦਿਮਾਗ਼ ਦੀ ਖੁਸ਼ਕੀ ਦੂਰ ਕਰਨ ਵਾਲੀ ਹੁੰਦੀ ਹੈ |