ਆਖ਼ਰੀ ਸਾਹ ਤੱਕ ਸਮਾਜ ਸੇਵਾ ਲਈ ਸਮਰਪਿਤ ਇਕ ਨਾਰੀ ਸ਼ਕਤੀ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ, ਡੀ.ਲਿਟ. (ਸਮਾਜ ਸੇਵਾ), ਸੇਵਾਮੁਕਤ ਪਿ੍ੰਸੀਪਲ ਅਤੇ ਸਮਾਜ ਸੇਵਿਕਾ ਡਾ. ਸਵਰਾਜ ਗਰੋਵਰ ਨੇ ਆਪਣਾ ਪੂਰਾ ਜੀਵਨ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਕੀਤਾ ਹੈ | ਉਨ੍ਹਾਂ ਦਾ ਜੀਵਨ ਸੰਘਰਸ਼, ਸੇਵਾ, ਤਿਆਗ ਅਤੇ ਦਿ੍ੜ੍ਹ ਸੰਕਲਪ ਦੀ ਇਕ ਪ੍ਰੇਰਨਾਦਾਇਕ ਮਿਸਾਲ ਹੈ | ਡਾ. ਸਵਰਾਜ ਗਰੋਵਰ ਦਾ ਜਨਮ 13 ਦਸੰਬਰ, 1945 ਨੂੰ ਅੰਮਿ੍ਤਸਰ ਵਿਚ ਹੋਇਆ | ਉਨ੍ਹਾਂ ਦੇ ਪਿਤਾ ਸ੍ਰੀ ਘਨਸ਼ਿਆਮ ਦਾਸ ਸ੍ਰੀ ਰਾਮ ਆਸ਼ਰਮ ਸਕੂਲ ਵਿਚ ਹੈੱਡ ਮਾਸਟਰ ਸਨ ਅਤੇ ਸਮਾਜ ਭਲਾਈ ਲਈ ਹਮੇਸ਼ਾ ਸਮਰਪਿਤ ਰਹਿੰਦੇ ਸਨ | ਉਨ੍ਹਾਂ ਦੀ ਮਾਤਾ ਸ੍ਰੀਮਤੀ ਕੁੰਤੀ ਦੇਵੀ ਆਰਿਆ ਸਮਾਜ, ਸ਼ਰਧਾਨੰਦ ਬਾਜ਼ਾਰ ਵਿਚ ਧਰਮ ਸਿੱਖਿਆ ਦੀ ਅਧਿਆਪਕਾ ਸਨ | ਮਾਤਾ-ਪਿਤਾ ਤੋਂ ਮਿਲੇ ਸੰਸਕਾਰਾਂ ਨੇ ਡਾ. ਸਵਰਾਜ ਗਰੋਵਰ ਦੇ ਮਨ ਵਿਚ ਬਚਪਨ ਤੋਂ ਹੀ ਸਮਾਜ ਸੇਵਾ ਦੀ ਭਾਵਨਾ ਪੈਦਾ ਕਰ ਦਿੱਤੀ | ਉਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਹੀ ਸੇਵਾ ਦਾ ਰਾਹ ਅਪਣਾ ਲਿਆ | ਕੇਵਲ 13 ਸਾਲ ਦੀ ਉਮਰ ਵਿਚ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੀ ਪੂਰੀ ਸਿੱਖਿਆ ਅੰਮਿ੍ਤਸਰ 'ਚ ਹੀ ਹੋਈ | 11 ਨਵੰਬਰ ਨੂੰ ਉਨ੍ਹਾਂ ਦਾ ਵਿਆਹ ਸਮਾਜ ਸੇਵੀ ਪ੍ਰਮੋਦ ਗਰੋਵਰ ਨਾਲ ਹੋਇਆ, ਜੋ ਹੋਸ਼ੰਗਾਬਾਦ (ਮੱਧ ਪ੍ਰਦੇਸ਼) ਸਥਿਤ ਸੁਰੱਖਿਆ ਕਾਗ਼ਜ਼ ਕਾਰਖ਼ਾਨੇ 'ਚ ਮੈਨੇਜਰ ਸਨ | ਜੀਵਨ ਨੇ ਉਨ੍ਹਾਂ ਨੂੰ ਕਈ ਵੱਡੇ ਦੁੱਖ ਵੀ ਦਿੱਤੇ | 29 ਦਸੰਬਰ, 2004 ਨੂੰ ਇਕ ਭਿਆਨਕ ਕਾਰ ਹਾਦਸੇ 'ਚ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਇਕਲੌਤੇ ਭਰਾ ਸਵਦੇਸ਼ ਕੁਮਾਰ ਦਾ ਦਿਹਾਂਤ ਹੋ ਗਿਆ | ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਪੁੱਤਰ ਪੁਨੀਤ ਗਰੋਵਰ ਦਾ ਵੀ ਜਵਾਨੀ 'ਚ ਹੀ ਦਿਹਾਂਤ ਹੋ ਗਿਆ | ਇੰਨੇ ਵੱਡੇ ਨਿੱਜੀ ਦੁੱਖਾਂ ਦੇ ਬਾਵਜੂਦ ਡਾ. ਸਵਰਾਜ ਗਰੋਵਰ ਨੇ ਹਿੰਮਤ ਨਹੀਂ ਹਾਰੀ | ਉਨ੍ਹਾਂ ਨੇ ਆਪਣੇ ਦੁੱਖ ਨੂੰ ਸਮਾਜ ਸੇਵਾ ਦੀ ਤਾਕਤ ਬਣਾ ਲਿਆ ਅਤੇ ਆਪਣੇ ਜੀਵਨ ਦੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਕੀਤਾ | ਜਨਵਰੀ 1968 ਤੋਂ ਉਨ੍ਹਾਂ ਨੇ ਟੁੱਟੇ-ਬਿਖਰੇ ਪਰਿਵਾਰਾਂ ਨੂੰ ਮੁੜ ਜੋੜ ਕੇ ਉਨ੍ਹਾਂ ਦੇ ਘਰ-ਆਸ਼ਿਆਨੇ ਵਸਾਉਣ ਦਾ ਕਾਰਜ ਸ਼ੁਰੂ ਕੀਤਾ | ਇਸ ਮਕਸਦ ਲਈ ਉਨ੍ਹਾਂ ਨੇ ਫ੍ਰੀ ਫੈਮਿਲੀ ਕਾਊਾਸਲਿੰਗ ਸੈੱਲ ਦੀ ਸਥਾਪਨਾ ਕੀਤੀ, ਜੋ ਅੱਜ ਵੀ ਲਗਾਤਾਰ ਸੇਵਾ ਕਰ ਰਿਹਾ ਹੈ | ਇਸ ਸੰਸਥਾ ਰਾਹੀਂ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਪੂਰੇ ਭਾਰਤ 'ਚ ਹਜ਼ਾਰਾਂ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਅਤੇ ਮੁੜ ਮਿਲਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ |ਡਾ. ਸਵਰਾਜ ਗਰੋਵਰ ਨੇ ਆਪਣੇ ਜੀਵਨ ਨੂੰ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਮਾਜ ਲਈ ਸਮਰਪਿਤ ਕੀਤਾ ਹੈ | ਉਨ੍ਹਾਂ ਨੇ ਆਪਣਾ ਸਰੀਰ ਵੀ ਦਾਨ ਕਰ ਦਿੱਤਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਤੋਂ ਬਾਅਦ ਵੀ ਉਨ੍ਹਾਂ ਦੀ ਦੇਹ ਮਨੁੱਖਤਾ ਦੀ ਸੇਵਾ 'ਚ ਕੰਮ ਆ ਸਕੇ | ਉਨ੍ਹਾਂ ਦੇ ਜੀਵਨ ਅਤੇ ਸਮਾਜ ਸੇਵਾ 'ਤੇ ਕਈ ਪੁਸਤਕਾਂ ਵੀ ਲਿਖੀਆਂ ਗਈਆਂ ਹਨ | ਇਨ੍ਹਾਂ 'ਚੋਂ ਇਕ ਮਹੱਤਵਪੂਰਨ ਪੁਸਤਕ 'ਸਵਰਾਜ ਗਰੋਵਰ—ਸੇਵਾ ਦਾ ਕੀਰਤੀ ਸਿਖਰ' ਹੈ, ਜੋ ਲਗਭਗ 450 ਪੰਨਿਆਂ ਦੀ ਹੈ ਅਤੇ ਲਗਭਗ 20 ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ | ਡਾ. ਸਵਰਾਜ ਗਰੋਵਰ ਨੇ ਆਪਣੇ ਘਰ ਨੂੰ ਵੀ ਭਵਿੱਖ 'ਚ ''ਸੇਵਾ ਆਸ਼ਰਮ'' ਦੇ ਰੂਪ 'ਚ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਇੱਥੋਂ ਵੀ ਲੋੜਵੰਦਾਂ ਅਤੇ ਸਮਾਜ ਦੀ ਸੇਵਾ ਦਾ ਕਾਰਜ ਜਾਰੀ ਰਹੇ | ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸਨਮਾਨ ਅਤੇ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ 'ਚ ਰਾਸ਼ਟਰਪਤੀ ਪੁਰਸਕਾਰ ਵੀ ਸ਼ਾਮਿਲ ਹੈ ਪਰ ਡਾ. ਸਵਰਾਜ ਗਰੋਵਰ ਇਨ੍ਹਾਂ ਸਾਰੇ ਸਨਮਾਨਾਂ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦੇ | ਉਹ ਇਹ ਸਨਮਾਨ ਆਪਣੇ ਮਾਤਾ-ਪਿਤਾ, ਧਰਤੀ ਮਾਤਾ ਅਤੇ ਉਨ੍ਹਾਂ ਸਾਰੇ ਸ਼ੁੱਭਚਿੰਤਕਾਂ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਨਿਰੰਤਰ ਸੇਵਾ ਕਰਨ ਦੀ ਪ੍ਰੇਰਨਾ ਅਤੇ ਹੌਸਲਾ ਦਿੱਤਾ | ਡਾ. ਸਵਰਾਜ ਗਰੋਵਰ ਬਹੁਤ ਸਾਰੇ ਸਮਾਜਿਕ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੀ ਸਰਪ੍ਰਸਤ ਪ੍ਰਧਾਨ ਹੈ ਅਤੇ ਲੋਕ ਅਦਾਲਤ, ਸੈਸ਼ਨ ਕੋਰਟ, ਡਿਸਟਿ੍ਕਟ ਲੀਗਲ ਸਰਵਿਸ ਅਥਾਰਿਟੀ, ਪੁਲੀਸ ਵਿਭਾਗ, ਕਈ ਹਸਪਤਾਲਾਂ, ਕਾਲਜਾਂ ਤੇ ਸਕੂਲਾਂ 'ਚ ਵੀ ਐਕਟਿਵ ਮੈਂਬਰ ਹੈ | ਡਾ. ਸਵਰਾਜ ਗਰੋਵਰ ਦਾ ਇਕੋ ਸੰਕਲਪ ਹੈ—''ਆਖ਼ਰੀ ਸਾਹ ਤੱਕ ਮਨੁੱਖਤਾ ਅਤੇ ਸਮਾਜ ਦੀ ਸੇਵਾ ਕਰਨੀ' |
-ਪ੍ਰਤੀਨਿਧ 'ਅਜੀਤ' ਅੰਮਿ੍ਤਸਰ
ਮੋਬਾਈਲ : 99885-49598