ਅੱਜ ਦੇ ਸਮੇਂ ਵਿਚ ਜ਼ਿਆਦਾਤਰ ਸ਼ਹਿਰਾਂ ਅਤੇ ਕਸਬਿਆਂ ਵਿਚ ਲੋਕਾਂ ਨੂੰ ਬਾਗ਼ਬਾਨੀ ਕਰਨ ਦਾ ਸ਼ੌਕ ਤਾਂ ਹੈ, ਪਰ ਥਾਂ ਦੀ ਕਮੀ ਸਭ ਤੋਂ ਵੱਡੀ ਰੁਕਾਵਟ ਬਣ ਜਾਂਦੀ ਹੈ | ਛੋਟੀ ਬਾਲਕੋਨੀ, ਛੱਤ ਦਾ ਸੀਮਤ ਹਿੱਸਾ ਜਾਂ ਕੁਝ ਗਮਲੇ ਹੀ ਉਪਲਬਧ ਹੁੰਦੇ ਹਨ | ਅਜਿਹੇ 'ਚ ਜੇਕਰ ਇਕ ਹੀ ਗਮਲੇ 'ਚ ਦੋ ਜਾਂ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਮਸਾਲੇ ਉਗਾਏ ਜਾ ਸਕਣ ਤਾਂ ਇਹ ਕਿਸੇ ਬੋਨਸ ਤੋਂ ਘੱਟ ਨਹੀਂ | ਇਹੀ ਹੈ ਕੰਪਨੀਅਨ ਪਲਾਂਟਿੰਗ ਅਤੇ ਇੰਟਰਕ੍ਰਾਪਿੰਗ ਦੀ ਤਕਨੀਕ, ਜਿਸ ਨੂੰ ਹੁਣ ਕਿਚਨ ਗਾਰਡਨਿੰਗ ਦੀ ਦੁਨੀਆ ਵਿਚ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ | ਇਹ ਤਕਨੀਕ ਸਿਰਫ਼ ਥਾਂ ਬਚਾਉਣ ਦਾ ਤਰੀਕਾ ਨਹੀਂ ਹੈ, ਸਗੋਂ ਬੂਟਿਆਂ ਦੀ ਕੁਦਰਤੀ ਜ਼ਰੂਰਤਾਂ ਨੂੰ ਸਮਝ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਲਗਾਇਆ ਜਾਂਦਾ ਹੈ ਕਿ ਉਹ ਇਕ-ਦੂਜੇ ਦੇ ਵਾਧੇ ਵਿਚ ਮਦਦ ਕਰਨ | ਕੁਝ ਬੂਟੇ ਮਿੱਟੀ ਨੂੰ ਬਿਹਤਰ ਬਣਾਉਂਦੇ ਹਨ, ਕੁਝ ਕੀਟਾਂ ਨੂੰ ਦੂਰ ਰੱਖਦੇ ਹਨ, ਜਦ ਕਿ ਕੁਝ ਘੱਟ ਧੁੱਪ ਜਾਂ ਘੱਟ ਥਾਂ ਵਿਚ ਵੀ ਸੌਖਿਆਂ ਨਾਲ ਵਿਕਸਿਤ ਹੋ ਜਾਂਦੇ ਹਨ | ਨਤੀਜੇ ਵਜੋਂ ਇਕ ਗਮਲਾ ਛੋਟੇ ਜਿਹੇ ਜੈਵਿਕ ਪ੍ਰਸਿਥੀ ਤੰਤਰ ਵਿਚ ਬਦਲ ਜਾਂਦਾ ਹੈ | ਸਤੰਬਰ ਮਹੀਨਾ ਇਸ ਤਕਨੀਕ ਨੂੰ ਅਪਣਾਉਣ ਲਈ ਸਭ ਤੋਂ ਸਹੀ ਮੰਨਿਆ ਜਾਂਦਾ ਹੈ | ਮੌਨਸੂਨ ਕਾਰਨ ਮਿੱਟੀ ਵਿਚ ਭਰਪੂਰ ਨਮੀ ਰਹਿੰਦੀ ਹੈ ਅਤੇ ਬੂਟਿਆਂ ਦਾ ਵਾਧਾ ਵੀ ਤੇਜ਼ ਹੁੰਦਾ ਹੈ | ਜੇਕਰ ਇਸ ਸਮੇਂ ਸਹੀ ਯੋਜਨਾ ਨਾਲ ਬੂਟੇ ਲਗਾਏ ਜਾਣ ਤਾਂ ਅਗਲੇ ਦੋ-ਤਿੰਨ ਮਹੀਨਿਆਂ ਤੱਕ ਘਰ ਦੀ ਰਸੋਈ ਵਿਚ ਤਾਜ਼ੀ ਅਤੇ ਜੈਵਿਕ ਸਬਜ਼ੀਆਂ ਦੀ ਭਰਪੂਰਤਾ ਬਣੀ ਰਹਿ ਸਕਦੀ ਹੈ |
ਸਭ ਤੋਂ ਹਰਮਨਪਿਆਰਾ ਹੈ ਟਮਾਟਰ, ਤੁਲਸੀ ਅਤੇ ਧਨੀਆ | ਵੱਡੇ ਗਮਲੇ ਵਿਚਾਲੇ ਟਮਾਟਰ ਦਾ ਬੂਟਾ ਲਗਾਇਆ ਜਾਂਦਾ ਹੈ | ਉਸ ਦੇ ਆਲੇ-ਦੁਆਲੇ ਤੁਲਸੀ ਅਤੇ ਕਿਨਾਰਿਆਂ 'ਤੇ ਧਨੀਆ ਬੀਜ ਦਿੱਤਾ ਜਾਂਦਾ ਹੈ | ਤੁਲਸੀ ਦੀ ਸੁਗੰਧ ਕਈ ਹਾਨੀਕਾਰਕ ਕੀਟਾਂ ਨੂੰ ਦੂਰ ਰੱਖਣ ਵਿਚ ਮਦਦ ਕਰਦੀ ਹੈ, ਜਦ ਕਿ ਧਨੀਆ ਘੱਟ ਥਾਂ ਵਿਚ ਤੇਜ਼ੀ ਨਾਲ ਤਿਆਰ ਹੋ ਜਾਂਦਾ ਹੈ | ਇਸ ਤਰ੍ਹਾਂ ਇਕ ਹੀ ਗਮਲੇ ਤੋਂ ਤਿੰਨ ਲਾਹੇਵੰਦ ਫ਼ਸਲਾਂ ਮਿਲਦੀਆਂ ਹਨ |
ਇਸੇ ਤਰ੍ਹਾਂ ਬੈਂਗਨ, ਪਾਲਕ ਅਤੇ ਹਰਾ ਪਿਆਜ਼ ਦਾ ਸੰਯੋਜਨ ਵੀ ਕਾਫ਼ੀ ਸਫ਼ਲ ਮੰਨਿਆ ਜਾਂਦਾ ਹੈ | ਬੈਂਗਨ ਉੱਪਰ ਵੱਲ ਨੂੰ ਵਧਦਾ ਹੈ, ਪਾਲਕ ਜ਼ਮੀਨ ਦੀ ਤਹਿ ਨੂੰ ਢਕ ਕੇ ਨਮੀ ਬਣਾਈ ਰੱਖਦੀ ਹੈ ਅਤੇ ਹਰਾ ਪਿਆਜ਼ ਕਿਨਾਰਿਆਂ 'ਤੇ ਸੌਖਿਆਂ ਨਾਲ ਉਗ ਜਾਂਦਾ ਹੈ | ਇਸ ਨਾਲ ਮਿੱਟੀ ਛੇਤੀ ਸੁੱਕਦੀ ਵੀ ਨਹੀਂ ਅਤੇ ਘਾਹ-ਫੂਸ ਵੀ ਘੱਟ ਨਿਕਲਦਾ ਹੈ | ਜੇਕਰ ਤੁਹਾਡੇ ਕੋਲ ਵੇਲ ਵਾਲੀ ਸਬਜ਼ੀਆਂ ਲਈ ਥੋੜ੍ਹਾ ਸਹਾਰਾ ਉਪਲਬਧ ਹੋਵੇ ਤਾਂ ਲੌਕੀ ਜਾਂ ਖੀਰੇ ਦੇ ਨਾਲ ਮੇਥੀ ਅਤੇ ਧਨੀਆ ਵੀ ਲਗਾਇਆ ਜਾ ਸਕਦਾ ਹੈ | ਵੇਲ ਉੱਪਰ ਚੜ੍ਹ ਜਾਂਦੀ ਹੈ, ਜਦ ਕਿ ਹੇਠਾਂ ਦੀ ਥਾਂ ਦੀ ਵਰਤੋਂ ਪੱਤੇਦਾਰ ਸਬਜ਼ੀਆਂ ਕਰ ਲੈਂਦੀਆਂ ਹਨ | ਇਸ ਨਾਲ ਇਕ ਗਮਲੇ ਦੀ ਪੂਰੀ ਵਰਤੋਂ ਹੋ ਜਾਂਦੀ ਹੈ |
ਕੰਪੇਨੀਅਨ ਪਲਾਂਟਿੰਗ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਰਸਾਇਣਕ ਕੀਟਨਾਸ਼ਕਾਂ ਦੀਆਂ ਜ਼ਰੂਰਤਾਂ ਘੱਟ ਪੈਂਦੀਆਂ ਹਨ | ਉਦਾਹਰਨ ਲਈ ਗੇਂਦਾ, ਤੁਲਸੀ, ਪੁਦੀਨਾ ਜਾਂ ਲੈਮਨਗ੍ਰਾਸ ਵਰਗੇ ਬੂਟਿਆਂ ਦੀ ਸੁਗੰਧ ਕਈ ਹਾਨੀਕਾਰਕ ਕੀਟਾਂ ਨੂੰ ਦੂਰ ਰੱਖਦੀ ਹੈ | ਜੇਕਰ ਇਨ੍ਹਾਂ ਨੂੰ ਸਬਜ਼ੀਆਂ ਨਾਲ ਲਗਾਇਆ ਜਾਵੇ ਤਾਂ ਬੂਟੇ ਜ਼ਿਆਦਾ ਸਿਹਤਮੰਦ ਰਹਿੰਦੇ ਹਨ | ਹਾਲਾਂਕਿ ਇਸ ਤਕਨੀਕ ਵਿਚ ਕੁਝ ਸਾਵਧਾਨੀਆਂ ਵੀ ਜ਼ਰੂਰੀ ਹਨ | ਅਜਿਹੇ ਬੂਟਿਆਂ ਨੂੰ ਨਾਲ-ਨਾਲ ਨਹੀਂ ਲਗਾਉਣਾ ਚਾਹੀਦਾ, ਜਿਨ੍ਹਾਂ ਦੀ ਪੋਸ਼ਕ ਤੱਤਾਂ ਦੀ ਮੰਗ ਇਕੋ ਜਿਹੀ ਹੋਵੇ ਜਾਂ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਫੈਲਦੀਆਂ ਹੋਣ | ਉਦਾਹਰਨ ਲਈ ਆਲੂ ਅਤੇ ਟਮਾਟਰ ਇਕ ਹੀ ਪਰਿਵਾਰ ਦੇ ਬੂਟੇ ਹਨ ਅਤੇ ਬਰਾਬਰ ਰੋਗਾਂ ਤੋਂ ਪ੍ਰਭਾਵਿਤ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਇਕ ਹੀ ਗਮਲੇ ਵਿਚ ਲਗਾਉਣ ਤੋਂ ਬਚਣਾ ਚਾਹੀਦਾ | ਗਮਲੇ ਦੀ ਚੋਣ ਵੀ ਮਹੱਤਵਪੂਰਨ ਹੈ | ਘੱਟ ਤੋਂ ਘੱਟ 16 ਤੋਂ 18 ਇੰਚ ਚੌੜਾ ਅਤੇ ਡੂੰਘਾ ਗਮਲਾ ਇਸ ਤਕਨੀਕ ਲਈ ਸਹੀ ਰਹਿੰਦਾ ਹੈ | ਮਿੱਟੀ ਵਿਚ ਲਗਭਗ 40 ਫ਼ੀਸਦੀ ਬਗੀਚੇ ਦੀ ਮਿੱਟੀ, 30 ਫ਼ੀਸਦੀ ਚੰਗੀ ਕੰਪੋਸਟ, 20 ਫ਼ੀਸਦੀ ਕੋਕੋਪੀਟ ਅਤੇ 10 ਫ਼ੀਸਦੀ ਰੇਤ ਮਿਲਾਉਣ ਨਾਲ ਬੂਟਿਆਂ ਨੂੰ ਭਰਪੂਰ ਪੋਸ਼ਣ ਅਤੇ ਪਾਣੀ ਨਿਕਾਸ ਮਿਲਦਾ ਹੈ |
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਕ ਪਰਿਵਾਰ ਸਿਰਫ਼ 8&10 ਵੱਡੇ ਗਮਲਿਆਂ ਵਿਚ ਵਿਗਿਆਨਕ ਢੰਗ ਨਾਲ ਕੰਪੇਨੀਅਨ ਪਲਾਂਟਿੰਗ ਅਪਣਾਉਣ ਤਾਂ ਸਾਲ ਦਾ ਜ਼ਿਆਦਾਤਰ ਸਮਾਂ ਧਨੀਆ, ਪਾਲਕ, ਮੇਥੀ, ਹਰੀ ਮਿਰਚ, ਟਮਾਟਰ, ਤੁਲਸੀ ਅਤੇ ਕਈ ਹੋਰ ਸਬਜ਼ੀਆਂ ਦੀ ਘਰੇਲੂ ਜ਼ਰੂਰਤਾਂ ਸੌਖਿਆਂ ਨਾਲ ਪੂਰੀਆਂ ਹੋ ਸਕਦੀਆਂ ਹਨ | ਇਸ ਨਾਲ ਬਾਜ਼ਾਰ 'ਤੇ ਨਿਰਭਰਤਾ ਘੱਟ ਹੁੰਦੀ ਹੈ ਅਤੇ ਰਸੋਈ ਤੱਕ ਤਾਜ਼ਾ, ਰਾਇਣ-ਮੁਕਤ ਭੋਜਨ ਪਹੁੰਚਦਾ ਹੈ |
ਅੱਜ ਜਦੋਂ ਸ਼ਹਿਰੀ ਜੀਵਨ ਵਿਚ ਥਾਂ ਲਗਾਤਾਰ ਸਿਮਟ ਰਹੀ ਹੈ, ਉਦੋਂ ਇਕ ਗਮਲਾ ਕਈ ਫ਼ਸਲਾਂ ਵਰਗੀ ਤਕਨੀਕ ਸਿਰਫ਼ ਬਾਗ਼ਬਾਨੀ ਦੀ ਵਰਤੋਂ ਨਹੀਂ, ਸਗੋਂ ਟਿਕਾਊ ਜੀਵਨਸ਼ੈਲੀ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ | ਥੋੜ੍ਹੀ ਜਿਹੀ ਸਮਝਦਾਰੀ, ਸਹੀ ਬੂਟਿਆਂ ਦੀ ਚੋਣ ਅਤੇ ਲਗਾਤਾਰ ਦੇਖਭਾਲ ਤੁਹਾਨੂੰ ਸੀਮਤ ਥਾਂ ਵਿਚ ਵੀ ਭਰਪੂਰ ਹਰਿਆਲੀ ਅਤੇ ਸਿਹਤਮੰਦ ਭੋਜਨ ਦੇ ਸਕਦੀ ਹੈ |