25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਆਓ ਨਵੀਂ ਸੋਚ ਨਾਲ ਨਵੀਂ ਸ਼ੁਰੂਆਤ ਕਰੀਏ

Ad Position 21
No active advertisement
ਅਜੀਤ ਡੈਸਕ 07-02-2026

ਸਮਾਂ ਇਕ ਅਜਿਹੀ ਨਿਰੰਤਰ ਧਾਰਾ ਹੈ ਜੋ ਲਗਾਤਾਰ ਵਹਿੰਦੀ ਰਹਿੰਦੀ ਹੈ, ਜਿਸ ਨੂੰ ਨਾ ਕੋਈ ਰੋਕ ਸਕਿਆ ਹੈ ਅਤੇ ਨਾ ਹੀ ਬੰਨ੍ਹ ਸਕਿਆ ਹੈ। ਉਂਜ ਤਾਂ ਸੂਰਜ ਦਾ ਹਰ ਰੋਜ਼ ਉੱਗਣਾ ਇਕ ਨਵਾਂ ਦਿਨ ਅਤੇ ਨਵੀਂ ਸੰਭਾਵਨਾ ਲੈ ਕੇ ਆਉਂਦਾ ਹੈ, ਪਰ ਬਦਲਿਆ ਹੋਇਆ ਕੈਲੰਡਰ ਮਨੁੱਖ ਦੇ ਮਨ ਵਿਚ ਇਕ ਵਿਸ਼ੇਸ਼ ਉਮੰਗ ਭਰ ਦਿੰਦਾ ਹੈ। ਹੁਣ ਸਾਡੇ ਸਾਹਮਣੇ ਨਵਾਂ ਸਾਲ ਆਪਣੇ ਨਾਲ ਨਵੀਂ ਸੋਚ, ਨਵੇਂ ਸੰਕਲਪ ਅਤੇ ਉਮੀਦਾਂ ਦੀ ਇਕ ਤਾਜ਼ਾ ਲਹਿਰ ਲੈ ਕੇ ਆਇਆ ਹੈ। ਇਹ ਸਿਰਫ਼ ਸਾਲ ਦਾ ਬਦਲਣਾ ਨਹੀਂ, ਸਗੋਂ ਜੀਵਨ ਨੂੰ ਨਵੇਂ ਸਿਰੇ ਤੋਂ ਸਜਾਉਣ ਦਾ ਇਕ ਸੁਨਹਿਰੀ ਅਵਸਰ ਹੈ। ਭਾਰਤੀ ਸੱਭਿਆਚਾਰ ਅਤੇ ਪ੍ਰਾਚੀਨ ਪਰੰਪਰਾਵਾਂ ਅਨੁਸਾਰ ਲੋਕ ਸਾਲ ਦੀ ਸ਼ੁਰੂਆਤ ਸਮੇਂ ਸਮੁੱਚੀ ਮਨੁੱਖਤਾ ਦੇ ਕਲਿਆਣ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਨ।
ਸਮਾਜ ਦੇ ਜਾਗਰੂਕ ਲੋਕ ਨਵੇਂ ਸਾਲ 'ਚ ਯਤੀਮਖਾਨਿਆਂ, ਬਿਰਧ ਆਸ਼ਰਮਾਂ ਅਤੇ ਬੇਸਹਾਰਾ ਬਸਤੀਆਂ ਵਿਚ ਜਾ ਕੇ ਫਲ, ਮਿਠਾਈਆਂ ਅਤੇ ਭੋਜਨ ਵੰਡਦੇ ਹਨ। ਦਾਨ ਦੀ ਇਹ ਭਾਵਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀਆਂ ਖੁਸ਼ੀਆਂ ਉਦੋਂ ਹੀ ਪੂਰੀਆਂ ਹੁੰਦੀਆਂ ਹਨ ਜਦੋਂ ਅਸੀਂ ਕਿਸੇ ਦੂਜੇ ਦੇ ਚਿਹਰੇ 'ਤੇ ਮੁਸਕਾਨ ਲਿਆ ਸਕੀਏ।
ਨੌਜਵਾਨ ਪੀੜ੍ਹੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਚਾਰੇ ਪਾਸੇ ਰੌਸ਼ਨੀਆਂ ਦੀ ਸਜਾਵਟ, ਹੋਟਲਾਂ ਅਤੇ ਕਲੱਬਾਂ ਵਿਚ ਸੰਗੀਤ ਦੀ ਗੂੰਜ ਅਤੇ ਆਪਣਿਆਂ ਨਾਲ ਮਿਲ ਕੇ ਕੇਕ ਕੱਟਣਾ ਆਦਿ- ਇਹ ਸਭ ਖੁਸ਼ੀਆਂ ਦਾ ਪ੍ਰਗਟਾਵਾ ਕਰਨ ਦੇ ਆਧੁਨਿਕ ਤਰੀਕੇ ਹਨ। ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਸ਼ੁਭਕਾਮਨਾਵਾਂ ਸਾਂਝੀਆਂ ਕਰਦੇ ਹਨ। ਇਹ ਮਾਹੌਲ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਵਿਚ ਉਤਸਵ ਦਾ ਹੋਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਇਹੀ ਉਤਸ਼ਾਹ ਸਾਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਨਵੇਂ ਸਾਲ ਦਾ ਇਹ ਜਸ਼ਨ ਸਮਾਜ ਦੇ ਹਰ ਵਰਗ- ਚਾਹੇ ਉਹ ਅਮੀਰ ਹੋਵੇ ਜਾਂ ਗਰੀਬ, ਬੱਚਾ ਹੋਵੇ ਜਾਂ ਬਜ਼ੁਰਗ- ਨੂੰ ਇਕ ਸੂਤਰ ਵਿਚ ਪਰੋਣ ਦਾ ਕੰਮ ਕਰਦਾ ਹੈ।
ਨਵਾਂ ਸਾਲ ਸਿਰਫ਼ ਬਾਹਰੀ ਉਤਸਵ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਹ ਆਤਮ-ਮੰਥਨ ਦਾ ਵੀ ਸਮਾਂ ਹੈ। ਇਹ ਉਹ ਪਲ ਹੈ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਕਮੀਆਂ ਨੂੰ ਪਛਾਣਦੇ ਹੋਏ ਅਤੇ ਉਹਨਾਂ ਨੂੰ ਦੂਰ ਕਰਨ ਦਾ ਸੰਕਲਪ ਲਈਏ। ਸਾਨੂੰ ਆਪਣੇ ਹਿਰਦੇ ਵਿਚੋਂ ਈਰਖਾ, ਗੁੱਸਾ, ਹੰਕਾਰ ਅਤੇ ਦਵੇਸ਼ ਵਰਗੀਆਂ ਬੁਰਾਈਆਂ ਨੂੰ ਕੱਢ ਕੇ ਉੱਥੇ ਪਿਆਰ, ਕਰੁਣਾ ਅਤੇ ਖਿਮਾ ਨੂੰ ਥਾਂ ਦੇਣੀ ਚਾਹੀਦੀ ਹੈ। ਇਸ ਨਵੇਂ ਸਾਲ ਵਿਚ ਸਾਨੂੰ ਆਪਣੇ ਆਪ ਨਾਲ ਇਹ ਵਾਅਦਾ ਕਰਨਾ ਹੋਵੇਗਾ ਕਿ ਅਸੀਂ ਆਪਣੇ ਪਰਿਵਾਰ ਦੀ ਮਰਿਆਦਾ ਨੂੰ ਵਧਾਵਾਂਗੇ, ਆਪਣੇ ਬਜ਼ੁਰਗਾਂ ਨੂੰ ਉਹ ਸਤਿਕਾਰ ਅਤੇ ਸਮਾਂ ਦੇਵਾਂਗੇ ਜਿਸ ਦੇ ਉਹ ਹੱਕਦਾਰ ਹਨ, ਅਤੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੀ ਸਿੱਖਿਆ ਦੇਵਾਂਗੇ। ਨਿੱਜੀ ਜੀਵਨ ਵਿਚ ਅਨੁਸ਼ਾਸਨ, ਸਖ਼ਤ ਮਿਹਨਤ, ਇਮਾਨਦਾਰੀ ਅਤੇ ਦ੍ਰਿੜ ਇਰਾਦੇ ਵਰਗੇ ਗੁਣਾਂ ਨੂੰ ਵਿਕਸਿਤ ਕਰਨਾ ਹੀ ਨਵੇਂ ਸਾਲ ਦੀ ਸੱਚੀ ਪ੍ਰਾਪਤੀ ਹੋਵੇਗੀ। ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਜਾਂ ਸਮਾਜ ਦੀ ਇਕਸੁਰਤਾ ਨੂੰ ਠੇਸ ਪਹੁੰਚੇ। ਇਸ ਦੇ ਨਾਲ ਹੀ ਸਾਨੂੰ ਆਪਣੀ ਧਰਤੀ ਅਤੇ ਵਾਤਾਵਰਣ ਦੀ ਰੱਖਿਆ ਦਾ ਵੀ ਸੰਕਲਪ ਲੈਣਾ ਚਾਹੀਦਾ ਹੈ। ਪਾਣੀ ਦੀ ਸੰਭਾਲ, ਰੁੱਖ ਲਗਾਉਣਾ ਅਤੇ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਆਓ, ਅਸੀਂ ਸਾਰੇ ਮਿਲ ਕੇ ਪਿਛਲੇ ਸਾਲ ਦੇ ਉਨ੍ਹਾਂ ਅਧੂਰੇ ਕਾਰਜਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਦਾ ਪ੍ਰਣ ਲਈਏ ਜੋ ਕਿਸੇ ਕਾਰਨ ਪਿੱਛੇ ਰਹਿ ਗਏ ਸਨ। ਬਦਲਦੀਆਂ ਪ੍ਰਸਥਿਤੀਆਂ ਨਾਲ ਕਦਮ ਮਿਲਾਉਂਦੇ ਹੋਏ, ਆਪਣੀ ਉੱਚੀ ਸੋਚ ਅਤੇ ਅਟੁੱਟ ਆਤਮ-ਵਿਸ਼ਵਾਸ ਦੇ ਦਮ 'ਤੇ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਇਹ ਸਾਲ ਸੰਘਰਸ਼ਾਂ ਨੂੰ ਸਫਲਤਾ ਵਿਚ ਬਦਲਣ ਦਾ ਸਾਲ ਹੋਵੇ।

-ਮੋਬਾਈਲ 94136-52646

Ad Position 22
No active advertisement
ਪਿਛਲੀ ਖ਼ਬਰ ਭਾਰਤੀ ਰੇਲਵੇ ਅਗਲੀ ਖ਼ਬਰ ਸੁਪਨੇ ਪੂਰੇ ਕਰਨ ਦੇ ਸਾਧਨ ਵੀ ਮੁਹੱਈਆ ਕੀਤੇ ਜਾਣ
Ad Position 24