25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੁਪਨੇ ਪੂਰੇ ਕਰਨ ਦੇ ਸਾਧਨ ਵੀ ਮੁਹੱਈਆ ਕੀਤੇ ਜਾਣ

Ad Position 21
No active advertisement
ਅਜੀਤ ਡੈਸਕ 07-02-2026

ਦੇਸ਼ ਦੇ ਸਾਲਾਨਾ ਬਜਟ 'ਚ ਕੁਝ ਨਾ ਕੁਝ ਅਜਿਹਾ ਹੁੰਦਾ ਹੈ, ਜੋ ਲੋਕਾਂ ਨੂੰ ਲੁਭਾਉਣ ਤੇ ਉਨ੍ਹਾਂ ਦੇ ਮਨ ਨੂੰ ਭਾਉਣ ਵਾਲਾ ਹੁੰਦਾ ਹੈ। ਕਈ ਵਾਰ ਤਾਂ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਜਿਹੇ ਐਲਾਨ ਤੱਕ ਕਰ ਦਿੱਤੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ 'ਤੇ ਭਰੋਸਾ ਰੱਖੋ ਤੇ ਸਾਨੂੰ ਆਪਣੀ ਅਸ਼ੀਰਵਾਦ (ਵੋਟ) ਦਿੰਦੇ ਰਹੋ, ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸੁਪਨਿਆਂ ਦੇ ਨਾਲ ਧੋਖਾ
ਬਿਨਾਂ ਸ਼ੱਕ ਮੌਜੂਦਾ ਸਰਕਾਰ ਦੇ ਪਹਿਲੇ ਦਹਾਕੇ ਤੇ ਹੁਣ ਤੱਕ ਕਾਫ਼ੀ ਕੁਝ ਅਜਿਹਾ ਹੋਇਆ ਹੈ, ਜੋ ਕਾਮਨਾਵਾਂ/ਇੱਛਾਵਾਂ ਨੂੰ ਪੂਰੀਆਂ ਕਰਨ ਜਿਹਾ ਰਿਹਾ ਹੈ, ਫਿਰ ਵੀ ਬਹੁਤ ਕੁਝ ਅਜਿਹਾ ਹੋਣਾ ਚਾਹੀਦਾ ਸੀ, ਜੋ ਸ਼ੁਰੂ ਤਾਂ ਹੋਇਆ ਪਰ ਅੱਧਾ-ਅਧੂਰਾ ਰਹਿ ਗਿਆ ਜਾਂ ਬੰਦ ਹੋ ਗਿਆ। ਅਨੇਕਾਂ ਪ੍ਰੋਜੈਕਟਾਂ ਦੇ ਐਲਾਨ ਫਾਇਲਾਂ 'ਚ ਦੱਬ ਕੇ ਰਹਿ ਗਏ, ਜਿਨ੍ਹਾਂ 'ਤੇ ਧੂੜ ਦੀ ਮੋਟੀ ਪਰਤ ਜੰਮ ਚੁੱਕੀ ਹੈ ਤੇ ਉਹ ਕਿਸੇ ਨੂੰ ਨਜ਼ਰ ਵੀ ਨਹੀਂ ਆ ਰਹੇ। ਜਿਵੇਂ- ਜੂਨ 2015 'ਚ ਕਿਹਾ ਗਿਆ ਸੀ ਕਿ ਦੇਸ਼ ਦੇ 100 ਸ਼ਹਿਰਾਂ ਨੂੰ ਤਕਨਾਲੋਜੀ ਆਧਾਰਿਤ ਨਿਰੰਤਰ ਵਿਕਾਸ ਦੀ ਪ੍ਰਕਿਰਿਆ ਨਾਲ ਜੋੜਿਆ ਜਾਵੇਗਾ, ਜਿੱਥੇ ਰਹਿਣ ਵਾਲੇ ਆਪਣੇ ਜੀਵਨ 'ਚ ਉਹ ਬਦਲਾਅ ਵੇਖਣਗੇ, ਜੋ ਉਹ ਅਕਸਰ ਆਪਣੀ ਵਿਦੇਸ਼ ਯਾਤਰਾ ਦੇ ਸਮੇਂ ਵਿਕਸਿਤ ਦੇਸ਼ਾਂ 'ਚ ਦੇਖਦੇ ਹਨ ਜਾਂ ਫਿਰ ਸਿਨੇਮਾ ਤੇ ਪ੍ਰਚਾਰ ਸਾਧਨਾਂ ਤੋਂ ਅਨੁਮਾਨ ਲਗਾਉਂਦੇ ਹਨ। ਇਨ੍ਹਾਂ 'ਸਮਾਰਟ ਸ਼ਹਿਰਾਂ' 'ਚ ਟੋਇਆਂ ਤੋਂ ਬਿਨਾਂ ਸੜਕਾਂ, ਕੂੜਾ ਪ੍ਰਬੰਧਨ ਲਈ ਢੁਕਵੇਂ ਉਪਾਅ, ਲੋਕਾਂ ਦੀ ਜ਼ਰੂਰਤ ਮੁਤਾਬਿਕ ਬਿਜਲੀ ਦੀ ਵਿਵਸਥਾ ਤੇ ਸਾਰੇ ਜ਼ਰੂਰੀ ਮੁਢਲੇ ਢਾਂਚਿਆਂ ਦੀ ਉਪਲੱਬਧਤਾ, ਉੱਦਮੀਆਂ ਲਈ 'ਵੰਨ ਵਿੰਡੋ ਸਿਸਟਮ' ਤੇ ਆਮ ਨਾਗਰਿਕਾਂ ਨੂੰ ਡਿਜ਼ੀਟਲ ਤੇ ਈ-ਗਵਰਨੈਂਸ ਦਾ ਤੋਹਫ਼ਾ ਮਿਲੇਗਾ। ਇਸ ਲਈ 48,000 ਕਰੋੜ ਰੁਪਏ ਵੀ ਰੱਖੇ ਗਏ ਸਨ। ਅੰਕੜਿਆਂ ਅਨੁਸਾਰ ਅਜੇ ਤੱਕ 18 ਸ਼ਹਿਰਾਂ 'ਚ ਹੀ ਕੰਮ ਮੁਕੰਮਲ ਹੋ ਸਕਿਆ ਹੈ, ਜਦਕਿ ਬਾਕੀ 'ਚ ਕਿਤੇ-ਕਿਤੇ ਥੋੜ੍ਹਾ ਬਹੁਤ ਕੰਮ ਹੋਣ ਬਾਅਦ ਠੱਪ ਹੋ ਚੁੱਕਾ ਹੈ। ਸਮਾਰਟ ਸਿਟੀ ਯੋਜਨਾ ਠੱਪ ਹੋਣ ਕਾਰਨ ਖਰਚ ਹੋਇਆ ਪੈਸਾ ਬੇਅਰਥ ਹੋ ਗਿਆ ਹੈ । ਇਸ ਸਾਲ ਦੇ ਬਜਟ 'ਚ 'ਸਿਟੀ ਇਕਨਾਮਿਕ ਰੀਜ਼ਨ' ਵਿਕਸਿਤ ਕਰਨ ਦੇ ਹੋਏ ਐਲਾਨ ਦਾ ਹਾਲ ਵੀ ਸਮਾਰਟ ਸਿਟੀ ਯੋਜਨਾ ਜਿਹਾ ਹੋਣ ਦੀ ਪੱਕੀ ਸੰਭਾਵਨਾ ਹੈ।
ਇਕ ਹੋਰ ਸੁਪਨੇ ਦੀ ਗੱਲ ਕਰਦੇ ਹਾਂ। ਅਸੀਂ ਅਕਸਰ ਚੀਨ, ਜਪਾਨ ਤੇ ਹੋਰ ਸ਼ਹਿਰਾਂ 'ਚ ਤੇਜ਼ ਗਤੀ ਨਾਲ ਚੱਲਣ ਵਾਲੀਆਂ 'ਬੁਲੇਟ ਟਰੇਨਾਂ' ਬਾਰੇ ਸੁਣਦੇ ਤੇ ਮੌਕਾ ਮਿਲਣ 'ਤੇ ਵੇਖਿਆ ਵੀ ਹੈ ਕਿ ਗੱਡੀ ਦੇ ਅੰਦਰ ਕੋਈ ਹਿੱਲਜੁਲ ਹੋਏ ਬਗੈਰ 3-4 ਸੌ ਕਿਲੋਮੀਟਰ ਦੀ ਸਪੀਡ 'ਚ ਸਫ਼ਰ ਕਰਨਾ ਕਿੰਨਾ ਰੁਮਾਂਚਿਕ ਹੈ। ਕਮਾਲ ਦੀ ਇੰਜੀਨੀਅਰਿੰਗ ਤੇ ਟੈਕਨਾਲੋਜੀ ਦੇ ਸੁਮੇਲ ਨਾਲ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇਖ ਕੇ ਮਨ ਕਰਦਾ ਹੈ ਕਿ ਕਾਸ਼! ਇਹ ਸਭ ਭਾਰਤ 'ਚ ਵੀ ਹੁੰਦਾ। ਚਲੋ ਕੋਈ ਗੱਲ ਨਹੀਂ, ਸਾਡੀ ਸਰਕਾਰ ਨੇ ਵੀ ਇਕ ਦਹਾਕਾ ਪਹਿਲਾਂ ਐਲਾਨ ਕਰਕੇ 2017 ਤੱਕ ਮੁੰਬਈ ਤੋਂ ਅਹਿਮਦਾਬਾਦ ਵਿਚਾਲੇ ਯਾਤਰੀ ਬੁਲੇਟ ਟਰੇਨ ਦਾ ਆਨੰਦ ਮਾਣ ਸਕਣ ਦਾ ਸੁਪਨਾ ਵਿਖਾਇਆ ਗਿਆ ਸੀ, ਜੋ ਹੁਣ 2029 ਤੱਕ ਵੀ ਸ਼ਾਇਦ ਹੀ ਪੂਰਾ ਹੋ ਸਕੇ। ਹੁਣ ਇਸ ਗੱਲ ਨਾਲ ਤਸੱਲੀ ਕਰਨੀ ਪਵੇਗੀ ਕਿ ਦੇਸ਼ 'ਚ 'ਵੰਦੇ ਭਾਰਤ ਟਰੇਨ' ਤਾਂ ਚੱਲ ਹੀ ਰਹੀ ਹੈ, ਪਰ ਇਹ ਸਾਡੇ ਖਿੱਤੇ 'ਚ ਹੋ ਰਹੀ ਤਰੱਕੀ ਦੇ ਸਾਹਮਣੇ ਕਿਤੇ ਨਹੀਂ ਠਹਿਰਦੀ। ਬਹੁਤ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਦੇਖ ਕੇ ਨਿਰਾਸ਼ਾ ਹੀ ਹੁੰਦੀ ਹੈ, ਹਾਈਵੇ ਮਤਲਬ ਰਾਜਮਾਰਗਾਂ ਦਾ ਵਿਸਤਾਰ ਦੇਸ਼ 'ਚ ਵਪਾਰ ਕਰਨ ਦੀ ਸਹੂਲਤ ਦਾ ਮਹੱਤਵਪੂਰਨ ਅੰਗ ਹੁੰਦਾ ਹੈ। ਇਸੇ ਤਰ੍ਹਾਂ ਬੰਦਰਗਾਹਾਂ 'ਤੇ ਆਧੁਨਿਕ ਸਹੂਲਤਾਂ ਹੋਣੀਆਂ ਜ਼ਰੂਰੀ ਹਨ, ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਪਾਰ, ਨਿਰਯਾਤ ਜਾਂ ਆਯਾਤ ਲਈ ਬਹੁਤ ਅਹਿਮ ਹਨ। ਭਾਵੇਂ ਇਸ ਪਾਸੇ ਕਾਫ਼ੀ ਕੰਮ ਹੋ ਰਿਹਾ ਹੈ, ਪਰ ਟੀਚਿਆਂ ਨੂੰ ਪੂਰਾ ਕਰਨ 'ਚ ਦੇਰੀ ਹੋਣ ਕਾਰਨ ਬਹੁਤੇ ਪ੍ਰੋਜੈਕਟਾਂ ਨੂੰ 4-5 ਸਾਲ ਜ਼ਿਆਦਾ ਲੱਗ ਰਹੇ ਹਨ। ਰੇਲ ਨੈੱਟਵਰਕ ਦਾ ਵਿਸਥਾਰ ਕਰਨ ਤੇ ਖਾਸ ਕਰਕੇ ਮਾਲ ਗੱਡੀਆਂ ਦਾ ਸੰਚਾਲਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ 'ਡੈਡੀਕੇਟਿਡ ਫਰੇਟ ਕੋਰੀਡੋਰ' ਬਣਾਉਣ ਦੀ ਜ਼ਰੂਰਤ ਹੈ। ਦੇਸ਼ ਦੀ ਤਰੱਕੀ ਲਈ ਰੇਲਵੇ, ਸੜਕ, ਬੰਦਰਗਾਹ, ਜਲ ਮਾਰਗ, ਹਵਾਈ ਮਾਰਗ, ਜਨਤਕ ਟਰਾਂਸਪੋਰਟ ਤੇ ਲਾਜਿਸਟਿਕ ਲਈ ਮੁਢਲੇ ਢਾਂਚੇ ਦਾ ਤੇਜ਼ ਵਿਕਾਸ ਜ਼ਰੂਰੀ ਹੈ, ਜਿਸ ਨੂੰ ਪੂਰੇ ਕਰਨ ਦੇ ਸਮੇਂ ਨੂੰ ਵਾਰ-ਵਾਰ ਵਧਾਉਣਾ ਦੇਸ਼ ਦੇ ਹਿੱਤ 'ਚ ਨਹੀਂ ਹੈ।
ਰੁਕਾਵਟਾਂ
ਹੁਣ ਅਸੀਂ ਇਸ ਗੱਲ ਵੱਲ ਆਉਂਦੇ ਹਾਂ ਕਿ ਸਾਡੇ ਦੇਸ਼ 'ਚ ਕੰਮ ਸਮੇਂ ਸਿਰ ਸ਼ੁਰੂ ਤੇ ਪੂਰੇ ਕਿਉਂ ਨਹੀਂ ਹੁੰਦੇ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪ੍ਰਸ਼ਾਸਨਿਕ ਪੱਧਰ 'ਤੇ ਅਧਿਕਾਰੀ ਨਿਰਪੱਖ ਤੇ ਪਾਰਦਰਸ਼ੀ ਨਹੀਂ ਹੁੰਦੇ। ਇਸ ਦੀ ਵੱਡੀ ਵਜ੍ਹਾ ਪੁਰਾਣੇ ਨਿਯਮਾਂ ਨੂੰ ਅੱਜ ਦੇ ਸਮੇਂ ਅਨੁਸਾਰ ਨਾ ਬਦਲਣ ਕਰਕੇ ਫਾਇਲਾਂ ਦੇ ਢੇਰ ਬਣਦੇ ਜਾਂਦੇ ਹਨ। ਦੂਸਰੀ ਵਜ੍ਹਾ ਸਭ ਮੰਤਰਾਲਿਆਂ ਤੇ ਉਨ੍ਹਾਂ ਅਧੀਨ ਆਉਂਦੇ ਦਫ਼ਤਰਾਂ 'ਚ ਅਜੇ ਵੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਰਕੇ ਕੋਈ ਵੀ ਫਾਈਲ ਸਮੇਂ ਸਿਰ ਮਨਜ਼ੂਰ ਨਹੀਂ ਹੁੰਦੀ। ਜਿੱਥੋਂ ਤੱਕ ਉਦਯੋਗਿਕ ਵਿਕਾਸ ਅਥਾਰਟੀਆਂ ਦੀ ਗੱਲ ਹੈ, ਉੱਥੇ ਕੋਈ ਵੀ ਫਾਈਲ ਰਿਸ਼ਵਤ ਤੋਂ ਬਗੈਰ ਅਲਮਾਰੀ 'ਚੋਂ ਬਾਹਰ ਨਹੀਂ ਨਿਕਲਦੀ। ਕਿਸੇ ਵੀ ਪ੍ਰਸ਼ਾਸਨਿਕ ਦੇਰੀ ਨੂੰ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਸਿਆਸੀ ਨੇਤਾਵਾਂ ਨੂੰ ਤਾਂ ਜਨਤਾ 5 ਸਾਲਾਂ ਬਾਅਦ ਚੋਣਾਂ ਸਮੇਂ ਪਰਖ ਕੇ ਆਪਣਾ ਨਿਰਣਾ ਸੁਣਾ ਦਿੰਦੀ ਹੈ, ਪਰ ਅਫ਼ਸਰਸ਼ਾਹੀ ਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਕੌਣ ਦੇਵੇਗਾ? ਬਹੁਤ ਹੀ ਘੱਟ ਮਾਮਲਿਆਂ 'ਚ ਸੁਣਿਆ ਹੈ ਕਿ ਕਿਸੇ ਅਧਿਕਾਰੀ ਨੂੰ ਸ਼ਾਸਨ ਤੋਂ ਲੈ ਕੇ ਅਦਾਲਤਾਂ ਤੱਕ ਕੋਈ ਸਜ਼ਾ ਮਿਲੀ ਹੋਵੇ ਅਤੇ ਉਹ ਬਰੀ ਹੋ ਕੇ ਜਾਂ ਜ਼ਮਾਨਤ 'ਤੇ ਆਪਣੇ ਕਾਰਜਕਾਲ ਦੌਰਾਨ ਲਈ ਗਈ ਰਿਸ਼ਵਤ ਦੀ ਰਕਮ ਦੀ ਵਰਤੋਂ ਨਾ ਕਰ ਰਿਹਾ ਹੋਵੇ। ਸਰਕਾਰ ਨੂੰ ਇਸ ਪਾਸੇ ਹਰ ਹਾਲਤ 'ਚ ਕੋਈ ਸਖ਼ਤ ਕਦਮ ਉਠਾਉਣਾ ਹੀ ਚਾਹੀਦਾ ਹੈ।

ਈ-ਮੇਲ : pooranchandsar}n0{ma}&.com

Ad Position 22
No active advertisement
ਪਿਛਲੀ ਖ਼ਬਰ ਆਓ ਨਵੀਂ ਸੋਚ ਨਾਲ ਨਵੀਂ ਸ਼ੁਰੂਆਤ ਕਰੀਏ ਅਗਲੀ ਖ਼ਬਰ ਰਾਜਪਾਲਾਂ ਰਾਹੀਂ ਵਿਰੋਧੀ ਧਿਰ ਦੇ ਬਿਰਤਾਂਤ ਨੂੰ ਕੰਟਰੋਲ ਕਰਨ ਦੀ ਹੋ ਰਹੀ ਹੈ ਕੋਸ਼ਿਸ਼
Ad Position 24