ਐਡੀਸਨ ਦਾ ਪੂਰਾ ਨਾਂਅ ਥੋਮਸ ਅਲਫ਼ਾ ਐਡੀਸਨ ਸੀ। ਉਸ ਦਾ ਜਨਮ 1847 ਈ. ਵਿਚ ਅਮਰੀਕਾ ਦੇ ਸ਼ਹਿਰ ਮਿਲਾਨ ਵਿਖੇ ਹੋਇਆ। ਸਕੂਲ ਵਿਚ ਉਸ ਨੂੰ ਮੂਰਖ ਕਿਹਾ ਜਾਂਦਾ ਸੀ। ਉਸ ਦੀ ਮਾਤਾ ਜੀ ਨੇ ਉਸ ਨੂੰ ਆਪ ਪੜ੍ਹਾਇਆ ਹੈ ਸਾਇੰਸ ਵਿਚ ਰੁਚੀ ਪੈਦਾ ਕੀਤੀ। ਉਸ ਨੇ ਅਜਿਹੀਆਂ ਕਾਢਾਂ ਕੱਢੀਆਂ, ਜਿਸ ਨਾਲ ਸੰਸਾਰ ਹੀ ਬਦਲ ਗਿਆ। ਉਹ ਰਾਤ ਨੂੰ ਪੂਰੇ ਕੱਪੜੇ ਪਹਿਨ ਕੇ ਸੌਂਦਾ ਸੀ ਤਾਂ ਜੋ ਉਹ ਸਵੇਰੇ ਬਿਨਾਂ ਕਿਸੇ ਰੁਕਾਵਟ ਤੋਂ ਕੰਮ ਸ਼ੁਰੂ ਕਰ ਸਕੇ। ਉਸ ਨੇ ਕੁੱਲ 1093 ਪੇਟੈਂਟ ਕਾਢਾਂ ਕੱਢੀਆਂ, ਜਿਨ੍ਹਾਂ ਵਿਚੋਂ ਕੁਝ ਬਾਰੇ ਆਪ ਨੂੰ ਸੰਖੇਪ ਰੂਪ ਵਿਚ ਦੱਸ ਰਹੇ ਹਾਂ-
ਫਿਲਾਮੈਂਟ : ਐਡੀਸਨ ਨੇ ਦੇਖਿਆ ਕਿ ਬਲਬ ਨੂੰ ਥੋੜ੍ਹੀ ਬਿਜਲੀ ਦੇ ਕੇ ਰੁਸ਼ਨਾਇਆ ਜਾ ਸਕਦਾ ਹੈ। ਹਜ਼ਾਰਾਂ ਤਜਰਬੇ ਕਰਨ ਉਪਰੰਤ ਉਸ ਨੇ ਖੋਜਿਆ ਕਿ ਕਾਰਬੋਨਾਈਜ਼ਡ ਸੂਤੀ ਧਾਗਾ ਸਭ ਤੋਂ ਚੰਗੀ ਸਮੱਗਰੀ ਹੈ, ਜੋ ਫਿਲਾਮੈਂਟ ਦੇ ਤੌਰ 'ਤੇ ਬੱਲਬ ਵਿਚ ਵਰਤਿਆ ਜਾ ਸਕਦਾ ਹੈ। ਇਸ ਖੋਜ ਤੋਂ ਬਾਅਦ ਉਸ ਨੇ ਬਿਜਲੀ ਦਾ ਪੂਰਾ ਸਿਸਟਮ ਤਿਆਰ ਕੀਤਾ, ਜਿਸ ਨੂੰ ਜਨਰੇਟਰ ਤੋਂ ਊਰਜਾ ਮਿਲਦੀ ਸੀ। ਸੰਨ 1882 ਵਿਚ ਉਸ ਨੇ ਆਪਣਾ ਪਹਿਲਾ ਟਾਵਰ ਪਲਾਂਟ ਬਣਾਇਆ, ਜਿਸ ਨਾਲ 85 ਗ੍ਰਾਹਕਾਂ ਨੂੰ ਬਿਜਲੀ ਦਿੱਤੀ ਜਾਂਦੀ ਸੀ। ਥੋੜ੍ਹੇ ਸਮੇਂ ਬਾਅਦ ਸਾਰਾ ਸ਼ਹਿਰ ਹੈ ਬਿਜਲੀ ਨਾਲ ਚਮਕ ਗਿਆ।
ਫੋਨੋਗ੍ਰਾਫ : ਆਵਾਜ਼ ਨੂੰ ਰਿਕਾਰਡ ਕਰਕੇ ਸੁਣਾਉਣਾ ਐਡੀਸਨ ਦੀ ਮਨਪਸੰਦ ਖੋਜ ਸੀ। ਉਸ ਨੇ ਮਸ਼ੀਨ ਦਾ ਖਾਕਾ ਬਣਾ ਕੇ ਆਪਣੇ ਸਹਾਇਕ ਨੂੰ ਮਸ਼ੀਨ ਤਿਆਰ ਕਰਨ ਲਈ ਕਿਹਾ। ਮਸ਼ੀਨ ਤਿਆਰ ਹੋਣ ਉਪਰੰਤ ਉਹ ਇਸ ਨੂੰ ਸੁਣ ਨਾ ਸਕਿਆ, ਕਿਉਂਕਿ ਉਸ ਨੂੰ ਬਹੁਤ ਘੱਟ ਸੁਣਾਈ ਦਿੰਦਾ ਸੀ।
ਕਾਈਨੈਟੋਸਕੋਪ : 1889 ਈ: ਵਿਚ ਐਡੀਸਨ ਨੇ ਕਾਈਨੈਟੋਸਕੋਪ ਦੀ ਕਾਢ ਕੱਢੀ। ਇਹ ਇਕ ਪ੍ਰੋਜੈਕਟਰ ਸੀ, ਜਿਸ ਵਿਚ ਇਕ ਸੁਰਾਖ ਰੱਖਿਆ ਗਿਆ ਸੀ। ਇਸ ਨੂੰ ਅਮਰੀਕਾ ਵਿਚ ਖਾਸ ਥਾਵਾਂ 'ਤੇ ਰੱਖਿਆ ਗਿਆ, ਤਾਂ ਜੋ ਲੋਕ ਛੋਟੀਆਂ ਫ਼ਿਲਮਾਂ ਦਾ ਅਨੰਦ ਮਾਣ ਸਕਣ।
ਇਸ ਤੋਂ ਇਲਾਵਾ ਟਾਈਪ ਕਰਨ ਵਾਲੀ ਮਸ਼ੀਨ, ਟੈਲੀਫੋਨ ਦਾ ਮਾਊਥ ਪੀਸ ਆਦਿ ਉਸ ਦੀਆਂ ਹੀ ਕਾਢਾਂ ਸਨ। ਐਡੀਸ਼ਨ ਬੇਸ਼ੱਕ ਬਹੁਤ ਘੱਟ ਸਮਾਂ ਸਕੂਲ ਗਿਆ ਪਰ ਉਹ ਸਾਇੰਸ ਦਾ ਸ਼ੁਦਾਈ ਸੀ। ਨਵੀਂ ਕਾਢ ਕੱਢਣ ਲਈ ਉਸ ਨੇ ਦਿਨ-ਰਾਤ ਇਕ ਕਰ ਦਿੱਤਾ। ਇਹ ਮਹਾਨ ਵਿਗਿਆਨੀ 84 ਸਾਲ ਦੀ ਉਮਰ ਵਿਚ 1931 ਈ: ਵਿਚ ਸਾਥੋਂ ਵਿਛੜ ਗਿਆ।
ਐਡੀਸਨ ਦੀਆਂ ਕਾਢਾਂ
ਅਜੀਤ ਡੈਸਕ
07-02-2026