25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੱਚ ਉਹ ਜੋ ਭਲਾ ਕਰੇ

Ad Position 21
No active advertisement
ਅਜੀਤ ਡੈਸਕ 07-02-2026

ਰਾਜਾ ਹਰੀਸ਼ ਚੰਦਰ ਜੀ ਨੂੰ ਭਾਰਤ ਵਿਚ ਸੱਤਿਆਵਾਦੀ ਰਾਜਾ ਹਰੀਸ਼ ਚੰਦਰ ਜੀ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਸੱਚ ਬੋਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਝੂਠ ਬੋਲਣਾ ਪਾਪ ਮੰਨਿਆ ਗਿਆ ਹੈ। ਜੇਕਰ ਸੱਚ ਦੇ ਸਹੀ ਮਤਲਬ ਜਾਣੀਏ ਤਾਂ ਸੱਚ ਦਾ ਅਰਥ ਕੇਵਲ ਸੱਚ ਬੋਲਣਾ ਹੀ ਨਹੀਂ, ਸਗੋਂ ਸੱਚ ਨਾਲ ਜੁੜਨਾ ਵੀ ਹੈ। ਸੰਸਿਤ ਦੇ ਸ਼ਲੋਕਾਂ ਅਨੁਸਾਰ ਸੱਚ ਉਹੀ ਹੈ, ਜਿਸ ਨਾਲ ਕਿਸੇ ਦਾ ਭਲਾ ਹੋਵੇ। ਇਸ ਤੱਥ ਨੂੰ ਇਸ ਛੋਟੀ ਜਿਹੀ ਗਾਥਾ ਨਾਲ ਸਪਸ਼ਟ ਕੀਤਾ ਜਾ ਸਕਦਾ ਹੈ।
ਇਕ ਦਿਨ ਕੁਝ ਬੁੱਚੜ (ਗਾਵਾਂ, ਮੱਝਾਂ ਨੂੰ ਫੜ ਕੇ ਮਾਰਨ ਵਾਲੇ) ਕਿਸੇ ਜਾਨਵਰ ਦੀ ਤਲਾਸ਼ ਵਿਚ ਫਿਰ ਰਹੇ ਸਨ। ਉਨ੍ਹਾਂ ਦੀ ਨਜ਼ਰ ਵਿਚ ਇਕ ਗਾਂ ਆਈ, ਜੋ ਅਵਾਰਾ ਘੁੰਮ ਰਹੀ ਸੀ। ਇਸ ਗਾਂ ਨੂੰ ਉਹ ਕਿਸੇ ਵੀ ਤਰ੍ਹਾਂ ਛੱਡਣਾ ਨਹੀਂ ਚਾਹੁੰਦੇ ਸਨ।
ਗਾਂ ਕਿਸੇ ਤਰ੍ਹਾਂ ਇਕ ਸਾਧੂ ਦੇ ਡੇਰੇ ਅੰਦਰ ਵੜ ਗਈ। ਗਾਂ ਨੂੰ ਅੰਦਰ ਜਾਂਦਿਆਂ ਦੇਖ ਸਾਧੂ ਸਮਝ ਗਿਆ ਕਿ ਜ਼ਰੂਰ ਇਸ ਦੇ ਪਿੱਛੇ ਕੋਈ ਇਸ ਨੂੰ ਮਾਰਨ ਜਾਂ ਫੜਨ ਲਈ ਦੌੜਿਆ ਹੋਵੇਗਾ। ਗਾਂ ਨੂੰ ਪਿਛਲੇ ਵਿਹੜੇ ਬੰਨ੍ਹ ਕੇ ਜਦੋਂ ਸਾਧੂ ਬਾਹਰ ਵੱਲ ਆਇਆ ਤਾਂ ਵੇਖਦਾ ਹੈ ਕਿ ਬਾਹਰ ਚਾਰ-ਪੰਜ ਸਰੀਰ ਖੜ੍ਹੇ ਹਨ ਅਤੇ ਗਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਗਾਂ ਨੂੰ ਫੜ ਕੇ ਮਾਰ ਦੇਣਗੇ । ਹੁਣ ਉਨ੍ਹਾਂ ਨੇ ਸਾਧੂ ਵੱਲ ਦੇਖ ਕੇ ਪੁੱਛਿਆ 'ਮਹਾਰਾਜ ਜੀ, ਇਸ ਪਾਸੇ ਕੋਈ ਗਾਂ ਤਾਂ ਨਹੀਂ ਵੇਖੀ।' ਸਾਧੂ ਨੇ ਮਨ ਵਿਚ ਸੋਚਿਆ ਜੇਕਰ ਉਸ ਨੇ ਸੱਚ ਬੋਲਿਆ, ਜੋ ਸੱਚ ਹੈ, ਤਾਂ ਗਾਂ ਮਾਰੀ ਜਾਏਗੀ, ਪਰ ਜੇ ਝੂਠ ਬੋਲਿਆ ਤਾਂ ਗਾਂ ਬਚ ਜਾਏਗੀ। ਹੁਣ ਬੁੱਧੀ ਕਹਿੰਦੀ ਹੈ ਕਿ ਸੱਚ ਇਹ ਹੈ ਕਿ ਉਸ ਨੇ ਗਾਂ ਵੇਖੀ ਹੈ ਪਰ ਆਤਮਾ ਕਹਿੰਦੀ ਹੈ, ਸੱਚ ਉਹ ਹੈ ਜੋ ਭਲਾ ਕਰਦਾ ਹੈ।
ਸਾਧੂ ਨੇ ਆਤਮਾ ਦੀ ਆਵਾਜ਼ ਸੁਣੀ ਤੇ ਕਹਿ ਦਿੱਤਾ, 'ਨਹੀਂ ਭਗਤੋ! ਇਧਰ ਕੋਈ ਗਾਂ ਨਹੀਂ ਆਈ।' ਉਹ ਚਲੇ ਗਏ ਅਤੇ ਗਾਂ ਦੀ ਜਾਨ ਬਚ ਗਈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਇਸ ਤੱਥ ਨੂੰ ਪ੍ਰਮਾਣ ਦਿੰਦੀ ਹੈ ਕਿ ਸਾਨੂੰ ਸੱਚ ਬੋਲਣ ਸਮੇਂ ਇਹ ਵੀ ਪਰਖਣਾ ਹੈ ਕਿ ਇਹ ਸੱਚ ਕਿਸੇ ਦਾ ਹਿੱਤ ਵੀ ਕਰ ਰਿਹਾ ਹੈ, ਜਾਂ ਕਿਸੇ ਨਾਲ ਅਨਿਆ ਤਾਂ ਨਹੀਂ ਹੋ ਰਿਹਾ? ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਦੀ ਗਾਥਾ ਹੈ। ਜਦੋਂ ਉਹ ਫੌਜ ਦੀ ਨੌਕਰੀ ਵਿਚ ਸਨ, ਅੰਗਰੇਜ਼ਾਂ ਦੀ ਸਰਕਾਰ ਸੀ। ਕਿਸੇ ਇਲਾਕੇ 'ਤੇ ਕਬਜ਼ਾ ਕਰਨ ਤੋਂ ਬਾਅਦ ਫ਼ੌਜ ਨੂੰ ਹੁਕਮ ਹੋਇਆ ਕਿ ਇਸ ਇਲਾਕੇ 'ਤੇ ਹੁਣ ਸਾਡਾ ਕਬਜ਼ਾ ਹੈ। ਜੇ ਕੁਝ ਲੁੱਟਣਾ ਚਾਹੁੰਦੇ ਹੋ ਤਾਂ ਘਰਾਂ ਵਿਚੋਂ ਨਿਧੜਕ ਹੋ ਕੇ ਲੁੱਟ ਸਕਦੇ ਹੋ। ਸਿਪਾਹੀ ਘਰਾਂ ਵਿਚ ਵੜ ਕੇ ਲੋਕਾਂ ਦੀ ਇੱਜ਼ਤ-ਪਤ, ਧਨ-ਦੌਲਤ ਦੀ ਲੁੱਟ-ਖੋਹ ਕਰਨ ਲੱਗੇ । ਬਾਬਾ ਕਰਮ ਸਿੰਘ ਜੀ ਇਕ ਘਰ ਦੇ ਬਾਹਰ ਹੀ ਖੜ੍ਹੇ ਸਨ ਕਿ ਘਰ ਦੀ ਬਜ਼ੁਰਗ ਔਰਤ ਹੱਥ ਜੋੜ ਬਾਹਰ ਆ ਗਈ ਤੇ ਕਹਿਣ ਲੱਗੀ,'ਪੁੱਤਰ! ਘਰ ਦੀ ਦੌਲਤ ਸਾਰੀ ਤੇਰੇ ਹਵਾਲੇ ਹੈ, ਪਰ ਮੇਰੀ ਜੁਆਨ ਧੀ ਘਰ ਵਿਚ ਹੈ, ਉਸ ਨੂੰ ਬਖ਼ਸ਼ ਦਿਓ।'
ਬਾਬਾ ਜੀ ਨੇ ਕਿਹਾ, 'ਨਹੀਂ ਮਾਂ, ਮੈਂ ਤੈਨੂੰ ਕੋਈ ਨੁਕਸਾਨ ਨਹੀਂ ਹੋਣ ਦੇਵਾਂਗਾ। ਤੇਰੀ ਧੀ ਮੇਰੀ ਭੈਣ ਵਰਗੀ ਹੈ। ਤੂੰ ਫ਼ਿਕਰ ਨਾ ਕਰ ਤੇ ਅੰਦਰ ਜਾਹ। ਮਾਤਾ ਅੰਦਰ ਚਲੀ ਗਈ ਤੇ ਬਾਬਾ ਜੀ ਘਰ ਦੇ ਬਾਹਰ ਬੈਠ ਗਏ। ਆਉਂਦੇ-ਜਾਂਦੇ ਸਿਪਾਹੀ ਪੁੱਛਦੇ ਕਿ ਇਹ ਘਰ ਤੂੰ ਮੱਲਿਆ ਹੈ ? ਬਾਬਾ ਜੀ ਕਹਿੰਦੇ,'ਹਾਂ', ਤੇ ਸਿਪਾਹੀ ਅੱਗੇ ਵੱਧ ਜਾਂਦੇ। ਇਸ ਤਰ੍ਹਾਂ ਬਾਬਾ ਜੀ ਨੇ ਉੱਥੇ ਉਹ ਸੱਚ ਕਿਹਾ ਜੋ ਭਲਾ ਕਰੇ । ਬਾਬਾ ਜੀ ਨੇ ਉਸ ਘਰ ਦੇ ਧਨ ਦੇ ਨਾਲ-ਨਾਲ ਇੱਜ਼ਤ ਨੂੰ ਵੀ ਬਚਾ ਲਿਆ। ਸੋ, ਸੱਚ ਉਹ ਹੈ ਜੋ ੍ਹ ਸਾਨੂੰ ਉਸ ਪਰਮਾਤਮਾ ਨਾਲ ਜੋੜੇ ਅਤੇ ਜੋ ਉਸ ਪਰਮਾਤਮਾ ਨਾਲ ਜੁੜ ਜਾਏਗਾ, ਉਸ ਵਿਚ ਉਸ ਨਿਰੰਕਾਰ ਵਾਲੇ ਗੁਣ ਵੀ ਆ ਜਾਣਗੇ, ਜਿਸ ਵਿਚ ਪਰਉਪਕਾਰ ਵੀ ਇਕ ਵੱਡਾ ਗੁਣ ਹੈ।
-0-

Ad Position 22
No active advertisement
ਪਿਛਲੀ ਖ਼ਬਰ ਪਤੰਗ ਅਗਲੀ ਖ਼ਬਰ ਐਡੀਸਨ ਦੀਆਂ ਕਾਢਾਂ
Ad Position 24