25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਲੜੀਵਾਰ ਬਾਲ ਨਾਵਲ-4 ਪਾਣੀ-ਪਿਤਾ

Ad Position 21
No active advertisement
ਅਜੀਤ ਡੈਸਕ 07-02-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇਸ ਖੇਡ ਬਾਰੇ ਉਹ ਵਿਸਥਾਰ ਵਿਚ ਜਾਣਨਾ ਚਾਹੁੰਦਾ ਸੀ।
ਨਾਨੀ ਜੀ ਬੋਲੇ, ' ਘਰ ਵਿਚ ਲੀੜਿਆਂ ਨਾਲੋਂ ਬਚੀਆਂ-ਖੁਚੀਆਂ ਰੰਗ-ਬਰੰਗੀਆਂ ਬੇਕਾਰ ਲੀਰਾਂ ਦੀਆਂ ਕਾਤਰਾਂ ਨੂੰ ਸੀਂ ਕੇ ਉਨ੍ਹਾਂ ਵਿਚ ਰੂੰ ਭਰ ਕੇ ਗੁੱਡੀ ਅਤੇ ਗੁੱਡੇ ਨੂੰ ਤਿਆਰ ਕੀਤਾ ਜਾਂਦਾ ਸੀ। ਫਿਰ ਉਨ੍ਹਾਂ ਦਾ ਲਾੜੀ ਅਤੇ ਲਾੜੇ ਦੇ ਰੂਪ ਵਿਚ ਸਵਾਂਗ ਰਚਾਇਆ ਜਾਂਦਾ। ਅਸੀਂ ਨਿੱਕੀਆਂ-ਵੱਡੀਆਂ ਬਾਲੜੀਆਂ ਇਨ੍ਹਾਂ ਨੂੰ ਰਲ ਮਿਲ ਕੇ ਬਣਾਉਂਦੀਆਂ, ਸੋਹਣੇ ਢੰਗ ਨਾਲ ਸਜਾ ਸੰਵਾਰ ਲੈਂਦੀਆਂ। ਗੁੱਡਾ ਸਰੀਰਕ ਪੱਖੋਂ ਚੰਗੀ ਡੀਲ ਡੌਲ ਵਾਲਾ ਬਣਾਇਆ ਜਾਂਦਾ ਤੇ ਉਸ ਦਾ ਕੱਦ ਕਾਠ ਉੱਚਾ ਲੰਮਾ ਅਤੇ ਡੀਲ ਡੌਲ ਦਰਸ਼ਨੀ ਹੁੰਦੀ ਜਦੋਂ ਕਿ ਗੁੱਡੇ ਦੇ ਮੁਕਾਬਲੇ ਗੁੱਡੀ ਪਤਲੀ ਤੇ ਨਾਜ਼ੁਕ ਜਿਹੀ ਬਣਾਈ ਜਾਂਦੀ। ਗੁੱਡੀ ਦਾ ਪਤਲਾ ਤਿੱਖਾ ਨੱਕ, ਸੋਹਣੇ ਨੈਣ-ਨਕਸ਼, ਸਿਰ ਵਿਚਕਾਰ ਕੱਢਿਆ ਚੀਰ ਅਤੇ ਲੰਮੇ ਵਾਲਾਂ ਵਾਲੀ ਗੁੱਤ ਉਹਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦੀ। ਬਰੀਕ ਤੰਦਾਂ ਤੋਪਿਆਂ ਨਾਲ ਉਹਦੀ ਸਲਵਾਰ, ਚੁੰਨੀ, ਲਹਿੰਗਾ ਅਤੇ ਕੁੜਤੀ ਖ਼ਾਸ ਬਸਤਰਾਂ ਵਜੋਂ ਤਿਆਰ ਕੀਤੇ ਜਾਂਦੇ। ਇਨ੍ਹਾਂ ਨੂੰ ਗੋਟੇ ਲਗਾਏ ਜਾਂਦੇ। ਕਸੀਦਾਕਾਰੀ ਕੀਤੀ ਜਾਂਦੀ। ਰੰਗ ਬਰੰਗੇ ਪਟੋਲ੍ਹਿਆਂ ਨਾਲ ਸ਼ਿੰਗਾਰੇ ਗੁੱਡੀ-ਗੁੱਡਾ ਇਉਂ ਜਾਪਣ ਲੱਗ ਜਾਂਦੇ ਜਿਵੇਂ ਬੋਲ ਪੈਣਗੇ।
'ਫੇਰ ਨਾਨੀ ਅੰਮਾ?' ਸਿਮਰਨ ਦੀ ਉਤਸੁਕਤਾ ਵਧਦੀ ਜਾ ਰਹੀ ਸੀ।
ਨਾਨੀ ਜੀ ਨੇ ਧੀਰਜ ਨਾਲ ਆਪਣੀ ਗੱਲ ਅੱਗੇ ਵਧਾਈ, 'ਸਾਡੇ ਕਲਾਕਾਰੀ-ਹੱਥਾਂ ਨਾਲ ਗੁੱਡੀ-ਗੁੱਡੇ ਨੂੰ ਸੋਹਣੀਆਂ ਛੋਹਾਂ ਦਿੱਤੀਆਂ ਜਾਂਦੀਆਂ। ਅਸੀਂ ਇਸ ਖੇਡ ਨੂੰ ਖੇਡਣ ਸਮੇਂ ਘਰ ਦੀਆਂ ਵੱਡੀ ਉਮਰ ਦੀਆਂ ਲੜਕੀਆਂ ਜਾਂ ਔਰਤਾਂ ਦੀ ਵੀ ਮਦਦ ਲੈਂਦੀਆਂ ਕਿਉਂਕਿ ਉਨ੍ਹਾਂ ਨੂੰ ਆਪਣੇ ਬਚਪਨ ਵਿਚ ਇਸ ਪੜਾਅ ਵਿਚੋਂ ਨਿਕਲਣ ਕਾਰਨ ਇਹ ਖੇਡ ਖੇਡਣ ਦਾ ਤਜਰਬਾ ਹੁੰਦਾ ਸੀ। ਵਿਆਹ ਦਾ ਕਾਰਜ ਹੋਣ ਕਰਕੇ ਘਰ ਵਿਚ ਉਹ ਸਾਰਾ ਸਮਾਨ ਉਪਲਬੱਧ ਕਰਾਇਆ ਜਾਂਦਾ ਜਿਸ ਦੀ ਗੁੱਡੀ- ਗੁੱਡੇ ਨੂੰ ਜ਼ਰੂਰਤ ਹੁੰਦੀ। ਗਹਿਣਿਆਂ ਗੱਟਿਆਂ ਤੋਂ ਇਲਾਵਾ ਕਾਨ੍ਹਿਆਂ ਦਾ ਪਲੰਗ, ਮੇਜ਼-ਕੁਰਸੀਆਂ ਅਤੇ ਹੋਰ ਲੋੜੀਂਦਾ ਸਾਜ਼ੋ-ਸਮਾਨ ਤਿਆਰ ਕੀਤਾ ਜਾਂਦਾ। ਭਾਵੇਂ ਗੁੱਡੀ-ਗੁੱਡੇ ਦੀ ਖੇਡ ਵਿਚ ਬਾਲੜੀਆਂ ਹੀ ਅਹਿਮ ਰੋਲ ਨਿਭਾਉਂਦੀਆਂ ਪਰੰਤੂ ਇਸ ਖੇਡ ਵਿਚ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਿਲ ਹੋ ਸਕਦੇ ਸਨ। ਕਿਸੇ ਰੁੱਖ ਹੇਠ, ਘਰ ਦੇ ਵਿਹੜੇ ਵਿਚ, ਛੱਤ ਤੇ, ਕਿਸੇ ਕੰਧ ਨੇੜੇ ਜਾਂ ਕਿਸੇ ਹੋਰ ਢੁੱਕਵੀ ਥਾਂ 'ਤੇ ਬਾਲ ਨਿੱਕੀਆਂ ਟੋਲੀਆਂ ਬਣਾ ਕੇ ਇਸ ਖੇਡ ਦੀ ਤਿਆਰੀ ਵਿਚ ਜੁਟ ਜਾਂਦੇ। ਇਕ ਧਿਰ ਗੁੱਡੀ ਬਣਾਉਂਦੀ ਅਤੇ ਦੂਜੀ ਧਿਰ ਗੁੱਡਾ। ਇਉਂ ਵੀ ਸਮਝ ਲੈ ਕਿ ਇਕ ਧਿਰ ਲਾੜੀ ਵਾਲੇ ਪਰਿਵਾਰ ਦੀ ਹੁੰਦੀ ਅਤੇ ਦੂਜੀ ਧਿਰ ਲਾੜੇ ਵਾਲੇ ਪਰਿਵਾਰ ਦੀ। ਕੋਈ ਬਾਲੜੀ ਸੱਸ ਬਣਦੀ, ਕੋਈ ਸਹੁਰਾ, ਕੋਈ ਭੈਣ ਬਣਦੀ, ਕੋਈ ਭਰਾ। ਇਸੇ ਤਰ੍ਹਾਂ ਭਾਬੀਆਂ, ਨਣਦਾਂ, ਦਿਉਰਾਣੀਆਂ, ਦਿਉਰ, ਜੇਠਾਣੀਆਂ, ਜੇਠ, ਮਾਸੀ, ਮਾਸੜ, ਚਾਚੇ, ਚਾਚੀਆਂ ਆਦਿ ਬਣਦੀਆਂ। ਗੁੱਡੀ-ਗੁੱਡਾ ਮੁਕੰਮਲ ਰੂਪ ਵਿਚ ਤਿਆਰ ਕਰਨ ਪਿੱਛੋਂ ਉਨ੍ਹਾਂ ਦੇ ਰਿਸ਼ਤੇ ਦੀ ਗੱਲ ਤੁਰਦੀ। ਲਾੜੇ ਭਾਵ ਗੁੱਡੇ ਵਾਲੀ ਧਿਰ ਦੇ ਕੁਝ ਜੀਅ ਲਾੜੀ ਭਾਵ ਗੁੱਡੀ ਵਾਲਿਆਂ ਦੇ ਘਰ ਜਾਂਦੇ ਜਿੱਥੇ ਗੁੱਡੀ ਦੇ 'ਮਾਪੇ' ਇਨ੍ਹਾਂ ਪਰਾਹੁਣਿਆਂ ਦੀ ਦੁੱਧ-ਲੱਸੀ ਨਾਲ ਖੂਬ ਆਉ ਭਗਤ ਕਰਦੇ। ਰਿਸ਼ਤੇ ਬਾਰੇ ਗੱਲ ਪੱਕੀ ਹੋਣ ਤੇ ਗੁੱਡੀ ਦੇ ਹੱਥ ਤੇ ਰੁਪਿਆ ਧਰਨ ਦੀ ਰਸਮ ਨਿਭਾਈ ਜਾਂਦੀ। ਫਿਰ ਗੁੱਡੀ ਵਾਲੇ ਗੁੱਡੇ ਦੇ ਹੱਥ ਉਪਰ ਰੁਪਿਆ ਧਰਦੇ ਤੇ ਇਉਂ ਗੁੱਡੀ-ਗੁੱਡਾ ਲਾੜੀ-ਲਾੜਾ ਬਣਨ ਦੇ ਰਾਹ 'ਤੇ ਤੁਰਨ ਲਗਦੇ। ਮੰਗਣੀ ਦੇ ਪੱਕੀ ਹੁੰਦਿਆਂ ਹੀ ਘਰ ਵਿਚ ਖਾਲੀ ਥਾਲੀਆਂ, ਢੱਕਣ, ਪੀਪੇ ਵਜਾ ਕੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਆਰੰਭ ਹੋ ਜਾਂਦੀਆਂ। ਵਿਆਹ ਵਾਲੇ ਦਿਨ ਦੋਵਾਂ ਧਿਰਾਂ ਵਿਚ ਕਾਰਜ ਉਸੇ ਤਰ੍ਹਾਂ ਨਿਭਾਏ ਜਾਂਦੇ ਜਿਵੇਂ ਸੱਚਮੁਚ ਹੀ ਕੋਈ ਵਿਆਹ ਹੋ ਰਿਹਾ ਹੋਵੇ। ਲਾੜੀ ਦੇ ਘਰ ਸੁਹਾਗ ਅਤੇ ਲਾੜੇ ਦੇ ਘਰ ਘੋੜੀਆਂ ਗੂੰਜਣ ਲਗਦੀਆਂ। ਬਰਾਤ ਆਉਂਦੀ। ਵਾਜੇ ਵੱਜਦੇ। ਸਿੱਠਣੀਆਂ ਦਿੱਤੀਆਂ ਜਾਂਦੀਆਂ।
'ਸਿੱਠਣੀਆਂ' ਕੀ ਹੁੰਦੀਆਂ ਨੇ ਨਾਨੀ ਜੀ?' ਸਿਮਰਨ ਨੇ ਪੁੱਛਿਆ।
'ਸਿੱਠਣੀਆਂ ਦਾ ਮਤਲਬ ਹੁੰਦੈ ਕਿਸੇ ਨੂੰ ਠਿੱਠ ਕਰਨਾ, ਮਜ਼ਾਕ ਉਡਾਉਂਦੇ ਹੋਏ ਹਾਸੇ-ਠੱਠੇ ਦਾ ਮਾਹੌਲ ਪੈਦਾ ਕਰਨਾ। ਗੁੱਡੀ ਤੇ ਗੁੱਡੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਇਕ ਦੂਜੀ ਧਿਰ ਨੂੰ ਸਿੱਠਣੀਆਂ ਦਿੰਦੀਆਂ ਪਰ ਇਨ੍ਹਾਂ ਹਾਸੇ-ਮਜ਼ਾਕ ਵਾਲੇ ਗੀਤਾਂ ਦਾ ਆਪਸ ਵਿਚ ਗੁੱਸਾ ਕੋਈ ਨਹੀਂ ਸੀ ਕਰਦਾ। ਫਿਰ ਉਨ੍ਹਾਂ ਦੇ ਅਨੰਦ ਕਾਰਜ ਜਾਂ ਫੇਰਿਆਂ ਦੀ ਰਸਮ ਕੀਤੀ ਜਾਂਦੀ। ਕਈ ਵਾਰੀ ਇਸ ਸਮੇਂ ਲਾੜੇ ਦੀ ਬਣਨ ਵਾਲੀ ਮਾਂ ਕੁੜੀ ਗਾਉਂਦੀ:
ਨਿੱਕੇ ਦੀ ਵਹੁਟੀ ਮੈਂ ਢੂੰਡ ਕੇ ਲੱਭੀ
ਪੈਰੀਂ ਪਹੁੰਚੀਆਂ ਵਾਹਵਾ ਫੱਬੀ।

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਪੰਜਾਬੀ ਯੂਨੀਵਰਸਿਟੀ ਪਟਿਆਲਾ-147 002
ਮੋਬਾਈਲ : 98144-23703

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਪਤੰਗ
Ad Position 24