(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਿਮਰਨ ਨੇ ਪਲ ਦੋ ਪਲ ਲਈ ਕੁਝ ਸੋਚਿਆ ਤੇ ਕਿਹਾ, 'ਨਾਨਾ ਜੀ, ਨਾਨੀ ਜੀ ਥੋਡਾ ਪੂਰਾ ਖ਼ਿਆਲ ਤਾਂ ਰੱਖਦੇ ਨੇ | ਦਫ਼ਤਰ ਜਾਣ ਤੋਂ ਪਹਿਲਾਂ ਤੁਹਾਡਾ ਲੰਚ ਬਾਕਸ ਤਿਆਰ ਕਰ ਦਿੰਦੇ ਨੇੇ | ਤੁਸੀਂ ਐਵੇਂ ਨਾ ਨਾਨੀ ਜੀ ਨੂੰ ਪਾਣੀ ਵਰਗੇ ਪਤਲੇ ਕਰਿਆ ਕਰੋ |'
ਸਿਮਰਨ ਦੇ ਪਾਪਾ ਵੀ ਇਸ਼ਾਰਾ ਸਮਝ ਗਏ ਸਨ | ਬੋਲੇ, 'ਪਾਪਾ ਜੀ, ਤੁਸੀਂ ਮੰਮੀ ਜੀ ਨੂੰ ਤਾਂ ਕਹਿ ਰਹੇ ਓ, ਦੇਖਿਓ ਕਿਤੇ ਸਾਨੂੰ ਨਾ ਪਾਣੀ ਪੀ-ਪੀ ਕੇ ਕੋਸਣ ਲੱਗ ਜਾਣਾ.. |'
ਸਿਮਰਨ ਦੇ ਮੰਮੀ ਜੀ ਵੀ ਗੱਲਬਾਤ ਵਿਚ ਸ਼ਾਮਿਲ ਹੋ ਗਏ | ਵਿਅੰਗ ਨਾਲ ਬੋਲੇ, 'ਮੰਮੀ-ਪਾਪਾ, ਤੁਸੀਂ ਆਹ ਕੀ ਰਾਮ-ਕਹਾਣੀ ਲੈ ਕੇ ਬਹਿ ਗਏ ਓ | ਸੱਚੀਂ, ਮੈਂ ਤਾਂ ਤੁਹਾਡੀ ਬਹਿਸਬਾਜ਼ੀ ਸੁਣ ਕੇ ਪਾਣੀ-ਪਾਣੀ ਹੋ ਰਹੀ ਹਾਂ |'
ਨਾਨਾ ਜੀ ਜਾਣ ਬੁੱਝ ਕੇ ਕੁਝ ਹੋਰ ਤੈਸ਼ ਵਿਚ ਆ ਗਏ | ਬੋਲੇ, 'ਕਮਾਲ ਐ, ਮਾੜੀ ਜਿਹੀ ਗੱਲ ਕਰੋ, ਪਤਾ ਨਹੀਂ ਕਿਉਂਾ ਥੋਡੇ ਮੰਮੀ ਪਾਣੀ 'ਚੋਂ ਮੱਖਣ ਕੱਢਣ ਲੱਗ ਪੈਂਦੇ ਨੇੇ |'
'ਲਓ ਸੁਣ ਲਓ | ਮੈਂ ਕੋਈ ਅਣਹੋੋਣੀ ਗੱਲ ਨਹੀਂ ਕਰਦੀ, ਥੋਡਾ ਪੂਰਾ ਖ਼ਿਆਲ ਰੱਖਦੀ ਹਾਂ | ਸਿੰਮੂ ਗਵਾਹ ਏ | ਪੁੱਛ ਲਓ ਭਾਵੇਂ | ਤੁਸੀਂ ਐਵੇਂ ਪਾਣੀ ਦੀਆਂ ਲਹਿਰਾਂ ਗਿਣਦੇ ਰਹਿੰਦੇ ਹੋੋ.. |'
'ਦੇਖੋ ਜੀ, ਮੈੈਂ ਕੋਈ ਬੇਫ਼ਾਇਦਾ ਬਹਿਸ ਤਾਂ ਨਹੀਂ ਕਰਦਾ | ਦਫ਼ਤਰ ਜਾਂਦਾ ਹਾਂ | ਪਾਣੀ ਦੀ ਥਾਂ ਪਸੀਨਾ ਡੋਲ੍ਹ ਕੇ ਆਉਂਦਾ ਹਾਂ | ਦੱਸੋ, ਮੈਂ ਕੋਈ ਝੂਠ ਬੋਲਿਆ?'
ਸਿਮਰਨ ਦੇ ਮੰਮੀ ਬੋਲੇ, 'ਕੋਈ ਨਾ, ਜੀ ਕੋਈ ਨਾ... |'
ਨਾਲ ਹੀ ਸਿਮਰਨ ਵੀ ਬੋਲ ਪਿਆ, 'ਦੇਖੋ ਨਾਨੂੰ ਜੀ, ਨਾਨੀ ਜੀ ਨੂੰ ਗੁੱਸੇ ਹੋਣ ਦੀ ਲੋੜ ਨਹੀਂ | ਜਦੋਂ ਦਾ ਆਇਆ ਹਾਂ, ਮੈਂ ਦੇਖਿਆ ਏ ਨਾਨੀ ਜੀ ਥੋਡਾ ਈ ਪਾਣੀ ਭਰਦੇ ਰਹਿੰਦੇ ਨੇ | ਕਿਉਂ ਨਾਨੀ ਜੀ?'
ਸਿਮਰਨ ਦੇ ਮਾਸੀ ਜੀ ਦੀ ਵਾਰੀ ਆ ਗਈ | ਕਹਿਣ ਲੱਗੇ, 'ਓ ਛੱਡੋ ਜੀ ਸਾਰੇ | ਕਾਹਨੂੰ ਅਮਰਵੇਲ ਵਾਂਗ ਝਗੜਾ ਵਧਾਈ ਜਾ ਰਹੇ ਓ? ਪਾਣੀ-ਪਾਓ ਆਪਣੀ ਫ਼ਜ਼ੂਲ ਦੀ ਬਹਿਸ 'ਤੇ |'
ਸਿਮਰਨ ਨੇ ਮਾਸੜ ਜੀ ਵੱਲ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਆਪਣੇ ਅੰਦਾਜ਼ ਵਿਚ ਸਿਮਰਨ ਦੇ ਨਾਨਾ ਜੀ ਵੱਲ ਦੇਖਦਿਆਂ ਕਿਹਾ, 'ਨਾਲੇ ਜੇ ਕਿਸੇ ਨੇ ਕੋਈ ਚੁਭਵੀਂ ਗੱਲ ਕਰ ਵੀ ਦਿੱਤੀ ਤਾਂ ਆਪਾਂ ਨੂੰ ਉਸ ਨੂੰ ਪਾਣੀ ਵਾਂਗ ਪੀ ਜਾਣ ਦਾ ਹੁਨਰ ਵੀ ਆਉਣਾ ਚਾਹੀਦੈ | ਕਿਉਂ ਪਾਪਾ ਜੀ..?'
ਨਾਨਾ ਜੀ ਨੇ ਆਪਣੀਆਂ ਬੇਟੀਆਂ ਵੱਲ ਵੇਖਿਆ | ਫਿਰ ਨਾਨੀ ਜੀ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੇ, 'ਓ ਭਾਈ, ਆਪਣੇ ਮੰਮੀ ਨੂੰ ਸਮਝਾਓ..ਪਾਣੀ ਵਿਚ ਰਹਿ ਕੇ ਮਗਰਮੱਛ ਨਾਲ ਵੈਰ?'
ਉਹ ਕੁਝ ਹੋਰ ਕਹਿਣ ਲੱਗੇ ਸੀ ਕਿ ਮਾਸੀ ਜੀ ਨਾਨਾ ਜੀ ਦਾ ਹੱਥ ਫੜ ਕੇ ਬੋਲੇ, 'ਪਾਪਾ ਜੀ, ਹੁਣ ਤੁਸੀਂ ਵੀ ਗੁੱਸਾ ਥੁੱਕ ਦਿਉ | ਨਾਲੇ ਮੰਮਾਂ ਤਾਂ ਕੀ, ਅਸੀਂ ਸਾਰੇ ਹੀ ਤੁਹਾਡੇ ਘੜੇ ਦੀ ਮੱਛੀ ਹਾਂ | ਅਸੀਂ ਤੁਹਾਡੇ ਨਾਲ ਨਰਾਜ਼ ਹੋ ਕੇ ਕਿੱਥੇ ਜਾਣਾ ਏ?'
ਸਿਮਰਨ ਬੋਲਿਆ, 'ਨਾਨੀ ਮੰਮਾਂ, ਤੁਸੀਂ ਨਾਨਾ ਜੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ | ਇਨ੍ਹਾਂ ਦਾ ਗੁੱਸਾ ਤਾਂ ਪਾਣੀ 'ਤੇ ਲਕੀਰ ਹੁੰਦੈ |'
ਸਿਮਰਨ ਦੇ ਮੰਮੀ ਬੋਲੇ, 'ਨਾਲੇ ਐਵੇਂ ਇਕ-ਦੂਜੇ ਨੂੰ ਪਾਣੀ ਪੀ ਪੀ ਕੇ ਕੋਸਣਾ ਕੋਈ ਸਿਆਣਪ ਵਾਲੀ ਗੱਲ ਥੋੜ੍ਹਾ ਹੁੰਦੀ ਏ?'
ਸਿਮਰਨ ਮਜ਼ਾਕ-ਮਜ਼ਾਕ ਵਿਚ ਬੋਲਿਆ, 'ਨਾਨੂੰ ਜੀ, ਜੇ ਤੁਸੀਂ ਨਾਨੀ ਜੀ ਦਾ ਪਾਣੀ ਭਰਨ ਲੱਗ ਪਵੋਂ ਤਾਂ ਘਰ ਵਿਚ ਸ਼ਾਂਤੀ ਹੀ ਸ਼ਾਂਤੀ.. |'
ਅਖ਼ੀਰ ਵਿਚ ਨਾਨਾ ਜੀ ਚਾਹ ਦਾ ਆਖ਼ਰੀ ਘੁੱਟ ਭਰ ਕੇ ਿਗ਼ਲਾਸ ਮੇਜ਼ 'ਤੇ ਰੱਖ ਕੇ ਬੋਲੇ, 'ਚਲੋ ਭਾਈ, ਥੋਡੀਆਂ ਵੀ ਗੱਲਾਂ ਸਹੀ ਨੇ | ਆਪਸ ਵਿਚ ਮਿਲ ਜੁਲ ਕੇ ਰਹਿਣ ਵਿਚ ਈ ਸਿਆਣਪ ਹੁੰਦੀ ਏ | ਨਾਲੇ ਬੰਦਾ ਐਵੇਂ ਮੇਰੀ ਮੇਰੀ ਕਰਦਾ ਰਹਿੰਦੈ | ਛੋਟੀ ਜਿਹੀ ਤਾਂ ਜ਼ਿੰਦਗੀ ਏ | ਦੇਖਿਆ ਜਾਵੇ ਤਾਂ ਬੰਦਾ ਹੈ ਵੀ ਕੀ? ਪਾਣੀ ਵਿਚ ਪਤਾਸਾ | ਕਿਉਂ ਜੀ?'
'ਚਲੋ, ਮੈਂ ਵੀ ਆਪਣੇ ਗੁੱਸੇ ਨੂੰ ਪਾਣੀ ਵਾਂਗ ਪੀ ਜਾਂਦੀ ਹਾਂ | ਮਾਰੋ ਸਾਰੇ ਤਾੜੀਆਂ |' ਨਾਨੀ ਜੀ ਨੇ ਇਹ ਗੱਲ ਆਖੀ ਤਾਂ ਸਾਰੇ ਹੱਸਦੇ ਹੋਏ ਤਾੜੀਆਂ ਮਾਰਨ ਲੱਗ ਪਏ |
ਸਿਮਰਨ ਦੇ ਮੰਮੀ ਜੀ ਸਾਰਿਆਂ ਲਈ ਪਾਣੀ ਦੇ ਗਿਲਾਸ ਭਰ ਕੇ ਲਿਆਏ |
ਸਿਮਰਨ ਦੇ ਪਾਪਾ ਜੀ ਗਹੁ ਨਾਲ ਗਿਲਾਸ ਵਿਚਲੇ ਪਾਣੀ ਨੂੰ ਵੇਖਣ ਲੱਗੇ ਤਾਂ ਮਾਸੀ ਜੀ ਨੇ ਪੁੱਛਿਆ, 'ਕੀ ਗੱਲ, ਪਾਣੀ 'ਚ ਕੁਝ ਹੈ?'
'ਨਹੀਂ, ਮੈਂ ਦੇਖ ਰਿਹਾ ਹਾਂ | ਪਾਨੀ ਰੇ ਪਾਨੀ ਤੇਰਾ ਰੰਗ ਕੈਸਾ....?'
ਨਾਨਾ ਜੀ ਫਿਰ ਡਰਾਮਾਬਾਜ਼ੀ ਵਾਲੇ ਮੂਡ ਵਿਚ ਆ ਗਏ | ਉਨ੍ਹਾਂ ਸਾਰੇ ਗਿਲਾਸ ਟਰੇਅ ਵਿਚ ਪਾਏ | ਫਿਰ ਰਸੋਈ ਵਿਚ ਸਿੰਕ 'ਤੇ ਜਾ ਕੇ ਧੋਣ ਲੱਗ ਪਏ |
ਪਿੱਛੋਂ ਨਾਨੀ ਜੀ ਦੀ ਆਵਾਜ਼ ਆਈ, 'ਵੈਰੀ ਗੁੱਡ | ਵੈਰੀ ਗੁੱਡ.. | ਪਤੀ ਹੋਵੇ ਤਾਂ ਐਸਾ.. |'
ਸਾਰੇ ਫਿਰ ਹੱਸ ਪਏ |
ਸਿਮਰਨ ਦੇ ਮੰਮੀ ਹੋਰੀਂ ਨਾਨਾ ਜੀ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ | ਨਾਨੀ ਜੀ ਰਾਤ ਦਾ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗੇ ਤਾਂ ਸਿਮਰਨ ਦੇ ਮੰਮੀ ਤੇ ਮਾਸੀ ਜੀ ਵੀ ਉਨ੍ਹਾਂ ਨਾਲ ਹੱਥ ਵਟਾਉਣ ਲੱਗ ਪਏ |
ਅਗਲਾ ਦਿਨ ਸ਼ਨੀਵਾਰ ਸੀ | ਉਨ੍ਹਾਂ ਸਾਰਾ ਦਿਨ ਘੁੰਮਣ ਲਈ ਉਨ੍ਹਾਂ ਊਬਰ ਟੈਕਸੀ ਕਰ ਲਈ | ਉਹ ਸਾਰੇ ਸਵੇਰੇ ਸਵੇਰੇ ਨਹਾ-ਧੋ ਕੇ ਪਹਿਲਾਂ ਲਾਲ ਕਿਲ੍ਹੇ ਕੋਲ ਚਾਂਦਨੀ ਚੌਕ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਮੱਥਾ ਟੇਕਣ ਲਈ ਚਲੇ ਗਏ | ਉਥੋਂ ਉਨ੍ਹਾਂ ਲੰਗਰ ਛਕਿਆ ਤੇ ਫਿਰ ਲਾਲ ਕਿਲ੍ਹਾ ਘੁੰਮਣ ਲਈ ਚਲੇ ਗਏ | ਇਨ੍ਹਾਂ ਦੋਵਾਂ ਛੁੱਟੀਆਂ ਵਿਚ ਉਨ੍ਹਾਂ ਦਿੱਲੀ ਦੇ ਸਾਰੇ ਵੇਖਣਯੋਗ ਸਥਾਨ ਵੇਖੇ ਤੇ ਬਜ਼ਾਰਾਂ ਵਿਚੋਂ ਖ਼ਰੀਦਦਾਰੀ ਵੀ ਕੀਤੀ | ਪ੍ਰਗਤੀ ਮੈਦਾਨ ਵਿਚ ਲੱਗੀ ਸਰਕਸ ਦਾ ਵੀ ਉਨ੍ਹਾਂ ਖ਼ੂਬ ਆਨੰਦ ਮਾਣਿਆ |
ਆਿਖ਼ਰ ਸਿਮਰਨ ਦੇ ਵਾਪਿਸ ਜਾਣ ਦਾ ਸਮਾਂ ਆ ਗਿਆ | ਉਸ ਨੇ ਦੋਸਤਾਂ ਨੂੰ ਆਪਣੇ ਜਾਣ ਬਾਰੇ ਦੱਸਿਆ ਤਾਂ ਉਹ ਉਦਾਸ ਹੋ ਗਏ | ਇਕ ਦੂਜੇ ਦੇ ਮੋਬਾਈਲ ਨੰਬਰ ਲੈ ਲਏ ਤੇ ਛੇਤੀ ਮੁੜ ਮਿਲਣ ਦੇ ਵਾਇਦੇ ਨਾਲ ਵਿੱਛੜ ਗਏ |
ਅਗਲੇ ਦਿਨ ਨਾਨਾ ਨਾਨੀ ਜੀ ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਰਵਾਨਾ ਕਰਨ ਲਈ ਆਏ | ਵਿਦਾਅ ਹੋਣ ਵੇਲੇ ਨਾਨੀ ਜੀ ਸਿਮਰਨ ਨੂੰ ਪੰਜ ਸੌ ਰੁਪਏ ਦਾ ਇਕ ਨੋਟ ਦਿੰਦੇ ਹੋਏ ਕਹਿਣ ਲੱਗੇ, 'ਇੱਥੋਂ ਕੁਝ ਸਿੱਖ ਕੇ ਵੀ ਜਾ ਰਿਹਾ ਏਾ ਕਿ ਨਹੀਂ? ਕਿਸੇ ਖ਼ਾਸ ਚੀਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਏ, ਯਾਦ ਏ?'
'ਬਿਲਕੁਲ ਨਾਨੀ ਅੰਮਾ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਾਡੇ ਕੁਦਰਤੀ ਸ੍ਰੋਤ.... |' ਸਿਮਰਨ ਦੀ ਗੱਲ ਅਜੇ ਅਧੂਰੀ ਹੀ ਸੀ ਕਿ ਨਾਨਾ ਜੀ ਝੱਟ ਬੋਲ ਪਏ, 'ਫੇਰ ਤੋਰ ਲਈ ਕਹਾਣੀ..ਪਾਣੀ ਵਿਚ ਮਧਾਣੀ.. |'
ਸਾਰੇ ਜਣੇ ਹੱਸ ਪਏ |
ਨਾਨਾ ਜੀ ਨੇ ਇਕ ਸਟਾਲ ਤੋਂ ਪਾਣੀ ਦੀਆਂ ਦੋ ਬੋਤਲਾਂ ਖ਼ਰੀਦ ਕੇ ਸਿਮਰਨ ਹੋਰਾਂ ਨੂੰ ਫੜਾਉਂਦਿਆਂ ਕਿਹਾ, 'ਸਿਮਰਨ, ਤੇਰੇ ਨਾਨੀ ਜੀ ਬਿਲਕੁਲ ਠੀਕ ਕਹਿੰਦੇ ਨੇ | ਜੇ ਮਨੁੱਖ ਨਾ ਸਮਝਿਆ ਤਾਂ ਇਕ ਦਿਨ ਅਸੀਂ ਪਾਣੀ ਦੀਆਂ ਇਨ੍ਹਾਂ ਬੋਤਲਾਂ ਵਾਂਗ ਆਕਸੀਜਨ ਦੇ ਸਿਲੰਡਰ ਜਾਂ ਲਿਫ਼ਾਫ਼ੇ ਪਿੱਠਾਂ 'ਤੇ ਲੱਦ ਕੇ ਤੁਰਿਆ ਕਰਾਂਗੇ | ਮਨੁੱਖ ਜਾਣੀ ਸਾਡੀ ਆਪਣੀ ਲਾਪਰਵਾਹੀ ਕਰਕੇ |'
ਗੱਡੀ ਆ ਗਈ |
ਸਾਰੇ ਜਣੇ ਗੱਡੀ ਵਿਚ ਸਵਾਰ ਹੋ ਗਏ |
ਗਾਰਡ ਨੇ ਸੀਟੀ ਵਜਾਈ ਤਾਂ ਗੱਡੀ ਪੰਜਾਬ ਵੱਲ ਰਵਾਨਾ ਹੋ ਗਈ | ਦੋਵੇਂ ਧਿਰਾਂ ਇਕ ਦੂਜੇ ਨੂੰ ਬਾਏ-ਬਾਏ ਕਰਨ ਲੱਗੀਆਂ | ਗੱਡੀ ਪਹਿਲਾਂ ਹੌਲੀ, ਫਿਰ ਤੇਜ਼ ਫਿਰ ਹੋਰ ਤੇਜ਼ ਹੁੰਦੀ ਹੋਈ ਰਫ਼ਤਾਰ ਫੜਨ ਲੱਗ ਪਈ |
ਸਿਮਰਨ ਦਿੱਲੀ ਦੀਆਂ ਯਾਦਾਂ ਆਪਣੇ ਮਨ ਵਿਚ ਲੈ ਕੇ ਜਾ ਰਿਹਾ ਸੀ |
ਸ਼ਾਮ ਨੂੰ ਦਿੱਲੀ ਤੋਂ ਚੱਲਿਆ ਪਰਿਵਾਰ ਰਾਤੀਂ ਘਰ ਪੁੱਜ ਗਿਆ |
ਅਗਲਾ ਦਿਨ ਸੋਮਵਾਰ ਸੀ |
ਸੋਮਵਾਰ ਦੇ ਦਿਨ ਉਨ੍ਹਾਂ ਆਰਾਮ ਕਰਨਾ ਸੀ |
ਸਕੂਲ ਮੰਗਲਵਾਰ ਨੂੰ ਖੁੱਲ੍ਹਣਾ ਸੀ |
(ਬਾਕੀ ਅਗਲੇ ਸਨਿਚਰਵਾਰਦੇ ਅੰਕ 'ਚ)
-ਮੋਬਾਈਲ : 9814423703