15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲੜੀਵਾਰ ਬਾਲ ਨਾਵਲ-18-ਪਾਣੀ-ਪਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨੀ ਜੀ ਕਹਿਣ ਲੱਗੇ, ' ਹਾਂ ਸਿੰਮੂ ਬੱਚੇ, ਖ਼ਬਰ ਠੀਕ ਕਹਿ ਰਹੀ ਏ। ਅਸੀਂ ਸਾਰੇ ਏਨੇ ਲਾਪਰਵਾਹ ਹੋ ਗਏ ਹਾਂ ਕਿ ਜੇ ਅਸੀਂ ਗਿਣਨ ਲੱਗ ਜਾਈਏ ਤਾਂ ਪਿੰਡਾਂ, ਸ਼ਹਿਰਾਂ, ਨਗਰਾਂ ਤੇ ਮਹਾਂਨਗਰਾਂ ਵਿਚ ਹਜ਼ਾਰਾਂ ਜਾਂ ਲੱਖਾਂ ਨਹੀਂ ਸਗੋਂ ਕਰੋੜਾਂ ਲੀਟਰ ਪਾਣੀ ਬੇਕਾਰ ਕੀਤਾ ਜਾ ਰਿਹਾ ਏ। ਬੇਕਾਰ ਚਲਦੀ ਟੂਟੀ ਵੇਖ ਕੇ ਅਸੀਂ ਅੱਖਾਂ ਮੀਟ ਕੇ ਕੋਲੋਂ ਲੰਘ ਜਾਂਦੇ ਹਾਂ। ਸੋਚਦੇ ਹਾਂ, ਸਾਨੂੰ ਕੀ?'
ਸਿਮਰਨ ਨੂੰ ਫਿਰ ਚਾਣਚੱਕ ਜਿਵੇਂ ਕੁਝ ਯਾਦ ਆ ਗਿਆ ਹੋਵੇ। ਬੋਲਿਆ, 'ਨਾਨੀ ਜੀ, ਬੇਕਾਰ ਪਾਣੀ ਦੀ ਗੱਲ ਤੋਂ ਮੈਨੂੰ ਇਕ ਛੋਟੀ ਜਿਹੀ ਕੁੜੀ ਅਨਹਦ ਬਾਰੇ ਪੜ੍ਹੀ ਹੋਈ ਕਹਾਣੀ ਯਾਦ ਆ ਗਈ। ਸੁਣਾਵਾਂ? '
ਨਾਨੀ ਜੀ ਬੋਲੇ, 'ਨਹੀਂ ਹੁਣ ਨਹੀਂ। ਸ਼ਾਮ ਨੂੰ ਬਹਿ ਕੇ ਸੁਣਾਂਗੀ ਆਰਾਮ ਨਾਲ। ਮੈਂ ਤਿਆਰ ਹੋ ਕੇ ਪਹਿਲਾਂ ਬੈਂਕ ਜ਼ਰੂਰੀ ਕੰਮ ਜਾਣਾ ਏ।'
ਸ਼ਾਮ ਨੂੰ ਨਾਨੀ-ਦੋਹਤਾ ਫਿਰ ਇਕੱਠੇ ਹੋ ਗਏ। ਨਾਨੀ ਜੀ ਨੇ ਰਾਤ ਦਾ ਖਾਣਾ ਖਾਣ ਪਿੱਛੋਂ ਸਿਮਰਨ ਨੂੰ ਆਵਾਜ਼ ਮਾਰੀ, 'ਆ ਜਾ ਸਿੰਮੂ, ਹੁਣ ਸੁਣਾ ਕਹਾਣੀ ਜਿਹੜੀ ਤੂੰ ਕਹਿੰਦਾ ਸੀ ਸੁਣਾਉਣ ਨੂੰ...?'
ਸਿਮਰਨ ਦੇ ਮੰਮੀ ਨੇ ਇਹ ਗੱਲ ਸੁਣੀ ਤਾਂ ਉਹ ਹੱਸਦੇ ਹੋਏ ਕਹਿਣ ਲੱਗੇ, 'ਹਾਂ ਜੀ ਫਿਰ ਪਾਣੀ ਵਿਚ ਮਧਾਣੀ ਪਾਉਣ ਲੱਗੇ ਓਂ ਦੋਵੇਂ ਜਣੇ..?'
'ਪਾਣੀ ਵਿਚ ਮਧਾਣੀ ਨਾ ਕਹਿ..ਦੁੱਧ ਵਿਚ ਮਧਾਣੀ ਕਹਿ..। ਤੂੰ ਦੇਖ ਨਾ, ਸਿਮਰਨ ਪਾਣੀ ਬਾਰੇ ਕਿੰਨੀ ਦਿਲਚਸਪੀ ਰੱਖਦਾ ਏ? ਮੈਨੂੰ ਇਸ 'ਤੇ ਯਕੀਨ ਏ ਕਿ ਇਹ ਅੱਗੇ ਜਾ ਕੇ ਪਾਣੀ ਬਚਾਉਣ ਲਈ ਕੁਝ ਨਾ ਕੁਝ ਜ਼ਰੂਰ ਕਰੇਗਾ।'
'ਚਲੋ, ਮੈਂ ਵੀ ਆਈ..।' ਸਿਮਰਨ ਦੇ ਮੰਮੀ ਨੇ ਕਿਹਾ।
ਉਹ ਬੈੱਡ 'ਤੇ ਬਹਿ ਗਏ।
ਸਿਮਰਨ ਨੇ ਕਹਾਣੀ ਸ਼ੁਰੂ ਕਰ ਦਿੱਤੀ :ਇਕ ਦਿਨ ਅਨਹਦ ਦੇ ਮੈਡਮ ਗੱਲਾਂ ਕਰ ਰਹੇ ਸਨ ਕਿ ਪਾਣੀ ਖ਼ਤਮ ਹੁੰਦਾ ਜਾ ਰਿਹਾ ਏ। ਕਹਿਣ ਲੱਗੇ, ਜਲ ਵਿਭਾਗ ਨੇ ਕਈ ਜ਼ਿਲ੍ਹਿਆਂ ਦੇ ਕਈ ਬਲਾਕਾਂ ਨੂੰ ਤਾਂ 'ਡਾਰਕ ਜ਼ੋਨ' ਵੀ ਕਰਾਰ ਦੇ ਦਿੱਤਾ ਏ।'
ਇਹ ਸੁਣ ਕੇ ਅਨਹਦ ਨੇ ਉਂਗਲ ਖੜ੍ਹੀ ਕਰ ਦਿੱਤੀ।
ਉਸ ਦੇ ਮੰਮੀ ਨੇ ਇਕਦਮ ਪੁੱਛਿਆ, 'ਫੇਰ ਅਨਹਦ ਨੇ ਮੈਡਮ ਨੂੰ ਕੀ ਸਵਾਲ ਪੁੱਛਿਆ?'
ਉਸ ਨੇ ਪੁੱਛਿਆ, 'ਮੈਡਮ, 'ਡਾਰਕ ਜ਼ੋਨ' ਕਿਸ ਨੂੰ ਕਹਿੰਦੇ ਹਨ?'
ਮੈਡਮ ਬੋਲੇ, 'ਅਨਹਦ, ਤੂੰ ਚੰਗਾ ਸਵਾਲ ਕੀਤਾ ਏ। ਜਦੋਂ ਕਿਸੇ ਇਲਾਕੇ ਵਿਚ ਪਾਣੀ ਜਾਂ ਹੋਰ ਕੁਦਰਤੀ-ਸਾਧਨਾਂ ਦੀ ਬਹੁਤ ਜ਼ਿਆਦਾ ਕਿੱਲਤ ਆਉਣ ਕਾਰਨ ਚਿੰਤਾ ਹੋਣ ਲੱਗ ਪਵੇ ਤਾਂ ਸਰਕਾਰ ਦਾ ਸੰਬੰਧਤ ਵਿਭਾਗ ਇਸ ਨੂੰ 'ਡਾਰਕ ਜ਼ੋਨ' ਕਰਾਰ ਦੇ ਦਿੰਦਾ ਏ। ਸਾਡੀ ਧਰਤੀ ਦਾ ਹੇਠਲਾ ਪਾਣੀ ਉਤਰ ਕੇ ਪਤਾਲ ਤੱਕ ਚਲਾ ਜਾਂਦਾ ਏ। ਇੰਨੇ ਡੂੰਘੇ ਟਿਊਬਵੈਲ ਵੀ ਨਹੀਂ ਲੱਗ ਸਕਦੇ।'
ਅਨਹਦ ਨੂੰ ਵੀ ਮੇਰੇ ਵਾਂਗ ਪਾਣੀ ਦੀ ਚਿੰਤਾ ਰਹਿੰਦੀ ਸੀ। ਉਸ ਦੇ ਚਾਚਾ ਜੀ ਕੋਲ ਕਾਰ ਸੀ। ਉਹ ਦੋਸਤਾਂ ਮਿੱਤਰਾਂ ਵਿਚ ਟੌਹਰ ਜਮਾਉਣ ਲਈ ਕਾਰ ਇਧਰ ਉਧਰ ਭਜਾਈਂ ਰੱਖਦੇ ਸਨ। ਹਰ ਤੀਜੇ ਚੌਥੇ ਦਿਨ ਉਹ ਵਿਹੜੇ ਵਿਚ ਲੱਗੀ ਟੂਟੀ ਤੋਂ ਕਾਰ ਵੀ ਧੋਂਦੇ। ਪਾਣੀ ਪੱਖੋਂ ਤਾਂ ਉਹ ਇੰਨੇ ਲਾਪਰਵਾਹ ਸਨ ਕਿ ਬੜੀ ਦੇਰ ਤੱਕ ਕਾਰ ਹੀ ਧੋਂਦੇ ਰਹਿੰਦੇ ਤੇ ਪਾਣੀ ਬੇਕਾਰ ਵਗਦਾ ਹੋਇਆ ਸੜਕ 'ਤੇ ਜਾ ਪੁੱਜਦਾ। ਸਬਜ਼ੀਆਂ ਨੂੰ ਪਾਣੀ ਲਗਾਉਂਦੇ ਤਾਂ ਸਾਰੀ-ਸਾਰੀ ਰਾਤ ਪਾਣੀ ਦੀ ਟੂਟੀ ਖੋਲ੍ਹੀ ਰੱਖਦੇ। ਕਿਆਰੀਆਂ ਤਾਂ ਛੋਟੀਆਂ ਸਨ। ਛੇਤੀ ਭਰ ਜਾਂਦੀਆਂ। ਪਾਣੀ ਫਿਰ ਗਲੀ ਜਾਂ ਸੜਕ 'ਤੇ ਬੇਕਾਰ ਵਗਦਾ ਰਹਿੰਦਾ।
ਇਕ ਦਿਨ ਅਨਹਦ ਦੇ ਚਾਚਾ ਜੀ ਫਿਰ ਕਾਰ ਧੋ ਰਹੇ ਸਨ। ਕਾਰ ਧੋਂਦਿਆਂ ਧੋਂਦਿਆਂ ਉਨ੍ਹਾਂ ਦੇ ਦੋਸਤ ਵੀ ਆ ਗਏ। ਉਸ ਦੇ ਚਾਚਾ ਜੀ ਨੇ ਤੇਜ਼ ਵਗਦੇ ਪਾਣੀ ਵਾਲੀ ਪਾਈਪ ਉਵੇਂ ਹੀ ਉਥੇ ਛੱਡ ਦਿੱਤੀ ਤੇ ਉਨ੍ਹਾਂ ਨਾਲ ਬਹਿ ਕੇ ਚਾਹ ਪੀਣ ਲੱਗ ਪਏ।
ਅਨਹਦ ਨੇ ਟੂਟੀ ਬੰਦ ਕਰ ਦਿੱਤੀ।
ਇਹ ਵੇਖ ਕੇ ਉਸ ਦੇ ਚਾਚਾ ਜੀ ਗੁੱਸੇ ਵਿਚ ਬੋਲੇ, 'ਕਿਉਂ ਨੀ ਘੋਲੀ ਭੜੋਲੀ, ਤੂੰ ਟੂਟੀ ਕਿਉਂ ਬੰਦ ਕਰ ਦਿੱਤੀ? ਦਿੱਸਦਾ ਨਹੀਂ ਕਾਰ ਧੋ ਰਿਹਾ ਹਾਂ?'
ਅਨਹਦ ਬੋਲੀ, 'ਚਾਚਾ ਜੀ, ਤੁਸੀਂ ਪਹਿਲਾਂ ਚਾਹ ਤਾਂ ਪੀ ਲਵੋ। ਫਿਰ ਲਗਾ ਲੈਣਾ। ਨਹੀਂ ਤਾਂ ਕਿੰਨਾ ਹੀ ਪਾਣੀ ਬੇਕਾਰ ਹੋਵੇਗਾ।' (ਚਲਦਾ)

-ਮੋਬਾਈਲ : 9814423703

Ad Position 22
No active advertisement
ਪਿਛਲੀ ਖ਼ਬਰ ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24