ਆਉਣ ਜਦੋਂ ਵੀ ਸਾਉਣ ਘਟਾਵਾਂ,
ਠੰਢੀਆਂ-ਠੰਢੀਆਂ ਵਗਣ ਹਵਾਵਾਂ।
ਪੰਛੀ ਵੀ ਨੇ ਚਹਿ-ਚਹਾਉਂਦੇ,
ਕੱਠੇ ਹੋ ਕੇ ਚੜ੍ਹਚੋਹਲੇ ਪਾਉਂਦੇ।
ਕੋਇਲਾਂ, ਮੋਰ, ਪਪੀਹੇ ਬੋਲਣ,
ਗੁੱਝੇ ਭੇਤ ਦਿਲਾਂ ਦੇ ਖੋਲ੍ਹਣ।
ਛੱਪੜ, ਟੋਭੇ ਨੱਕੋ-ਨੱਕ ਭਰਦੇ,
ਖੱਟੇ ਡੱਡੂ ਟਿਰ ਟਿਰ ਕਰਦੇ।
ਸਤਰੰਗੀ ਪੀਂਘ ਆਕਾਸ਼ੀ ਪੈਂਦੀ,
ਬੁੱਢੀ ਮਾਈ ਇਕ ਝੂਟੇ ਲੈਂਦੀ।
ਨਾਲ ਨਜ਼ਾਰਿਆਂ ਤੱਕਣ ਸਾਰੇ,
ਕੁਦਰਤ ਤੋਂ ਜਾਈਏ ਬਲਿਹਾਰੇ।
ਘਰ ਘਰ ਵਿਚੋਂ ਮਹਿਕਾਂ ਆਵਣ,
ਸਵਾਣੀਆਂ ਪੂੜੇ ਖੀਰ ਪਕਾਵਣ।
ਕਿਧਰੇ ਪਿੱਪਲੀ ਪੀਂਘਾਂ ਪਾਈਆਂ,
ਆਈਆਂ ਨਣਦਾਂ ਤੇ ਭਰਜਾਈਆਂ।
ਸਾਉਣ ਮਹੀਨਾ ਖੁਸ਼ੀਆਂ ਭਰਿਆ,
'ਪੱਤੋ' ਦਾ ਦਿਲ ਲਿਖਣ ਨੂੰ ਕਰਿਆ।
-ਪਿੰਡ ਪੱਤੋ ਹੀਰਾ ਸਿੰਘ (ਮੋਗਾ)।
ਮੋਬਾਈਲ : 94658-21417