ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹੋਏਗਾ ਤਾਕਤ, ਤਰਕੀਬ ਤੇ ਹੁਨਰ ਦਾ ਭੇੜ

Ad Position 21
No active advertisement
ਅਜੀਤ ਡੈਸਕ 07-06-2026

ਫੁੱਟਬਾਲ ਨੂੰ ਦੁਨੀਆ ਦੀ ਮਹਿਬੂਬ ਖੇਡ ਦਾ ਰੁਤਬਾ ਹਾਸਿਲ ਹੈ। ਇਸ ਖੇਡ ਦੇ ਮਹਿੰਗੇ ਲੀਗ ਮੁਕਾਬਲੇ, ਕਾਂਟੀਨੈਂਟਲ (ਮਹਾਂਦੀਪੀ) ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਵਰਗੇ ਵੱਕਾਰੀ ਟੂਰਨਾਮੈਂਟ ਲਈ ਜੁੜਦੀਆਂ ਭੀੜਾਂ ਅਤੇ ਉਨ੍ਹਾਂ ਨੂੰ ਜਿੱਤਣ ਲਈ ਸੰਸਾਰ ਦੇ ਕੋਨੇ-ਕੋਨੇ ਵਿਚ ਹੁੰਦੀਆਂ ਅਰਦਾਸਾਂ ਫੁੱਟਬਾਲ ਖੇਡ ਦੀ ਸ਼ੋਹਰਤ ਦੀ ਗਵਾਹੀ ਭਰਦੀਆਂ ਹਨ। ਫੁੱਟਬਾਲ ਆਮ ਅਤੇ ਮਿਹਨਤੀ ਲੋਕਾਂ ਦੀ ਖੇਡ ਹੈ, ਜੋ ਦੁਨੀਆ ਦੇ ਹਰ ਕੋਨੇ ਵਿਚ ਖੇਡੀ ਜਾਂਦੀ ਹੈ। ਵਿਸ਼ਵ ਦੇ ਕੁੱਲ 211 ਦੇਸ਼ ਫੀਫਾ (ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ) ਨਾਲ ਨਾਮਜ਼ਦ (ਐਫੀਲੀਏਟਿਡ) ਹਨ, ਜੋ ਆਪਣੇ-ਆਪ ਵਿਚ ਵਿਸ਼ਵ ਰਿਕਾਰਡ ਹੈ। ਇਨ੍ਹਾਂ ਵਿਚੋਂ 206 ਦੇਸ਼ ਪਿਛਲੇ ਤਿੰਨ ਸਾਲਾਂ ਤੋਂ ਕੁਆਲੀਫਾਈਂਗ ਮੈਚ ਖੇਡਣ ਵਿਚ ਰੁੱਝੇ ਹੋਏ ਸਨ। ਅਖੀਰ 45 ਦੇਸ਼ ਫਾਈਨਲ ਮੁਕਾਬਲਿਆਂ ਲਈ ਟਿਕਟ ਕਟਾ ਕੇ ਆਉਣ ਵਿਚ ਕਾਮਯਾਬ ਹੋਏ। ਪਰ ਚਾਰ ਵਾਰ ਦਾ ਵਿਸ਼ਵ ਕੱਪ ਜੇਤੂ ਇਟਲੀ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਦੇ ਫਾਈਨਲ ਦੌਰ ਵਿਚ ਪਹੁੰਚਣ ਤੋਂ ਖੁੰਝ ਗਿਆ, ਜਦ ਕਿ ਉਜ਼ਬੇਕਿਸਤਾਨ, ਜਾਰਡਨ, ਕੇਪ ਵਰਡੇ ਅਤੇ ਕੁਰਾਸਾਊ ਵਿਸ਼ਵ ਕੱਪ ਵਿਚ ਪਹਿਲੀ ਵਾਰ ਹਾਜ਼ਰੀ ਲਗਵਾ ਰਹੇ ਹਨ।
ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਧਰਤੀ ਉੱਤੇ 23ਵਾਂ ਫੁੱਟਬਾਲ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਤੱਕ ਖੇਡਿਆ ਜਾ ਰਿਹਾ ਹੈ। 39 ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ 48 ਦੇਸ਼ਾਂ ਦੀਆਂ ਟੀਮਾਂ 18 ਕੈਰੇਟ ਸੋਨੇ ਦੀ ਟਰਾਫ਼ੀ ਨੂੰ ਜਿੱਤਣ ਲਈ ਭਿੜ ਰਹੀਆਂ ਹਨ। ਇਸ ਵਿਚ ਯੂਰਪ ਦੀਆਂ 16, ਦੱਖਣੀ ਅਮਰੀਕਾ ਦੀਆਂ 6, ਉੱਤਰੀ ਅਮਰੀਕਾ ਦੀਆਂ 6, ਅਫਰੀਕਾ ਦੀਆਂ 10, ਏਸ਼ੀਆ ਦੀਆਂ 8 ਅਤੇ ਆਸਟ੍ਰੇਲੀਆ ਦੀਆਂ 2 ਟੀਮਾਂ ਫੁੱਟਬਾਲ ਦੀ ਤਾਕਤ, ਤਰਕੀਬ ਅਤੇ ਹੁਨਰ ਦੇ ਜੌਹਰ ਦਿਖਾਉਣਗੀਆਂ। ਫੀਫਾ ਵਲੋਂ ਟੀਮਾਂ ਨਾਲ ਇਨਸਾਫ਼ ਕਰਨ ਲਈ ਅਤੇ ਅਸਲ ਚੈਂਪੀਅਨ ਦੁਨੀਆ ਸਾਹਮਣੇ ਲਿਆਉਣ ਲਈ 50 ਦੇਸ਼ਾਂ ਦੇ 52 ਰੈਫਰੀ, 88 ਅਸਿਸਟੈਂਟ ਰੈਫਰੀ ਅਤੇ 30 ਵੀਡੀਓ ਅਸਿਸਟੈਂਟ ਰੈਫਰੀ (V1R) ਡਿਊਟੀ 'ਤੇ ਤਾਇਨਾਤ ਕੀਤੇ ਜਾਣਗੇ ਹਨ। ਦੇਖੋ ਬਾਜ਼ੀ ਕੌਣ ਮਾਰਦਾ ਹੈ? ਫੁੱਟਬਾਲ ਨੂੰ ਨਿਯਮਿਤ ਅਤੇ ਮਹਿੰਗੀਆਂ ਲੀਗਾਂ ਕਰਵਾਉਣ ਵਾਲੇ ਯੂਰਪੀ ਦੇਸ਼ ਜਾਂ ਫੁੱਟਬਾਲ ਨੂੰ ਧਰਮ ਮੰਨਣ ਵਾਲੇ ਅਤੇ ਜਾਦੂਗਰ ਕਹਾਉਣ ਵਾਲੇ ਦੱਖਣੀ ਅਮਰੀਕਾ ਦੇ ਲੋਕ।
ਇਸ ਵਿਸ਼ਵ ਕੱਪ ਦੀ ਵਿਲੱਖਣਤਾ ਇਹ ਹੈ ਕਿ ਇਸ ਦੇ ਮੈਚ ਪਹਿਲੀ ਵਾਰ ਸਾਂਝੇ ਰੂਪ ਵਿਚ ਤਿੰਨ ਮੁਲਕਾਂ ਦੀ ਧਰਤੀ 'ਤੇ ਹੋ ਰਹੇ ਹਨ। ਇਸ ਆਯੋਜਨ ਨਾਲ ਹੀ 11 ਜੂਨ ਨੂੰ ਮੈਕਸੀਕੋ ਵਿਸ਼ਵ ਕੱਪ ਫੁੱਟਬਾਲ ਦਾ ਤੀਜੀ ਵਾਰ ਮੈਚ ਆਯੋਜਿਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਪਿਛਲੀ ਵਾਰ ਦੀਆਂ 32 ਟੀਮਾਂ ਦੇ ਮੁਕਾਬਲੇ ਇਸ ਵਾਰ 48 ਟੀਮਾਂ ਭਾਗ ਲੈ ਰਹੀਆਂ ਹਨ। ਇਥੇ ਜੇਤੂ ਬਣਨ ਵਾਲੀ ਟੀਮ ਨੂੰ 7 ਦੀ ਬਜਾਏ 8 ਮੈਚ ਖੇਡਣੇ ਪੈਣਗੇ।
ਇਸ ਵਾਰ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਜਿਵੇਂ ਖਿਡਾਰੀ ਬਦਲਣ ਲਈ ਸਮਾਂ 10 ਸੈਕਿੰਡ, ਗੋਲਕੀਪਰ ਕੋਲ ਬਾਲ ਰੱਖਣ ਲਈ ਸਮਾਂ 8 ਸੈਕਿੰਡ, ਗੋਲ ਕਿੱਕ ਅਤੇ ਥ੍ਰੋ ਲਈ 5 ਸੈਕਿੰਡ ਦਿੱਤੇ ਜਾਣਗੇ। ਦੇਰੀ ਕਰਨ ਦੀ ਸੂਰਤ ਵਿਚ ਰੈਫਰੀ ਫ਼ੈਸਲਾ ਵਿਰੋਧੀ ਟੀਮ ਦੇ ਹੱਕ ਵਿਚ ਦੇ ਸਕਦਾ ਹੈ। ਜੇਕਰ ਖਿਡਾਰੀ ਦੇ ਸੱਟ ਕਾਰਨ ਖੇਡ ਰੁਕਦੀ ਹੈ ਤਾਂ ਖੇਡ ਮੁੜ ਸ਼ੁਰੂ ਹੋਣ ਤੋਂ ਬਾਅਦ ਖਿਡਾਰੀ ਨੂੰ ਘੱਟੋ-ਘੱਟ 1 ਮਿੰਟ ਲਈ ਮੈਦਾਨ ਤੋਂ ਬਾਹਰ ਰਹਿਣਾ ਪਵੇਗਾ। ਲੀਗ ਮੈਚਾਂ ਦੇ ਸਿੰਗਲ ਪੀਲੇ ਕਾਰਡ ਨਾਕ-ਆਊਟ ਮੈਚਾਂ ਤੋਂ ਪਹਿਲਾਂ ਖ਼ਤਮ ਹੋ ਜਾਣਗੇ। ਇਸ ਤਰ੍ਹਾਂ ਨਾਕਆਊਟ ਰਾਊਂਡ 32, 16 ਅਤੇ ਕੁਆਰਟਰ ਫਾਈਨਲ ਦੇ ਵੀ ਪੀਲੇ ਕਾਰਡ ਸੈਮੀਫਾਈਨਲ ਤੋਂ ਪਹਿਲਾਂ ਖ਼ਤਮ ਹੋ ਜਾਣਗੇ। ਇਸ ਵਾਰ ਗੋਲ, ਪੈਨਲਟੀ ਅਤੇ ਰੈੱਡ ਕਾਰਡ ਤੋਂ ਇਲਾਵਾ ਟੀਮ ਦਾ ਕਪਤਾਨ ਕਾਰਨਰ ਕਿੱਕ ਅਤੇ ਦੂਜੇ ਪੀਲੇ ਕਾਰਡ ਨੂੰ ਰੀਵਿਊ ਕਰਨ ਲਈ ਰੈਫਰੀ ਨੂੰ ਅਪੀਲ ਕਰ ਸਕਦਾ ਹੈ।
ਫੁੱਟਬਾਲ ਵਿਸ਼ਵ ਕੱਪ ਜੇਤੂ ਟੀਮ ਨੂੰ 18 ਕੈਰੇਟ ਸੋਨੇ ਦੀ 6.175 ਕਿੱਲੋਗ੍ਰਾਮ ਅਤੇ 14.4 ਇੰਚ ਉੱਚੀ ਟਰਾਫ਼ੀ ਦੇ ਨਾਲ 50 ਮਿਲੀਅਨ ਅਮਰੀਕੀ ਡਾਲਰ ਵੀ ਦਿੱਤੇ ਜਾਣਗੇ। ਉਪ-ਜੇਤੂ ਨੂੰ 33, ਤੀਜੇ ਸਥਾਨ ਵਾਲੇ ਨੂੰ 29, ਚੌਥੇ ਸਥਾਨ ਵਾਲੇ ਨੂੰ 27, 5ਵੇਂ ਤੋਂ 8ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 19, 9ਵੇਂ ਤੋਂ 16ਵੇਂ ਸਥਾਨ ਨੂੰ 15, 17ਵੇਂ ਤੋਂ 32ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 11 ਅਤੇ 33ਵੇਂ ਤੋਂ 48ਵੇਂ ਸਥਾਨ ਵਾਲੀਆਂ ਟੀਮਾਂ ਨੂੰ 9 ਮਿਲੀਅਨ ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਕਾਰੀ ਐਵਾਰਡਾਂ ਵਿਚ ਸਭ ਤੋਂ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬਾਲ, ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ, ਅੱਵਲ ਗੋਲਕੀਪਰ ਨੂੰ ਗੋਲਡਨ ਗਲਵਜ਼, 21 ਸਾਲ ਤੋਂ ਘੱਟ ਉਮਰ ਵਾਲੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਯੂਥ ਪਲੇਅਰ ਆਫ਼ ਟੂਰਨਾਮੈਂਟ ਐਵਾਰਡ, ਵਧੀਆ ਗੋਲ ਆਫ਼ ਟੂਰਨਾਮੈਂਟ ਅਤੇ ਨਾਕ-ਆਊਟ ਸਟੇਜ 'ਤੇ ਪਹੁੰਚਣ ਵਾਲੀ ਅਤੇ ਸਾਫ਼-ਸੁਥਰੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਫੇਅਰ ਪਲੇਅ ਐਵਾਰਡ ਨਾਲ ਨਿਵਾਜਿਆ ਜਾਵੇਗਾ।
ਜੇਕਰ ਇਸ ਮੁਕਾਬਲੇ ਨੂੰ ਵਿਸ਼ਵ ਗੁਰੂ ਭਾਰਤ ਦੇ ਨੁਕਤੇ ਨਿਗਾਹ ਤੋਂ ਦੇਖਣਾ ਹੋਏ ਤਾਂ ਸਾਡਾ ਕੋਈ ਵੀ ਆਫੀਸ਼ਲ ਇਸ ਵੱਕਾਰੀ ਟੂਰਨਾਮੈਂਟ ਦਾ ਹਿੱਸਾ ਨਹੀਂ ਹੈ। ਉਂਜ ਪੰਜਾਬੀ ਮੂਲ ਦਾ ਆਕਲੈਂਡ (ਨਿਊਜ਼ੀਲੈਂਡ) ਵਿਖੇ ਜੰਮਿਆ ਪਲਿਆ ਸਰਵਪ੍ਰੀਤ ਸਿੰਘ ਨਿਊਜ਼ੀਲੈਂਡ ਦੀ ਟੀਮ ਦੀ ਪ੍ਰਤੀਨਿਧਤਾ ਕਰ ਰਿਹਾ ਹੈ।
ਫੁੱਟਬਾਲ ਵਿਸ਼ਵ ਕੱੱਪ 2026 ਦੇ ਤਿੰਨ ਉਦਘਾਟਨੀ ਸਮਾਰੋਹ ਹੋਣਗੇ। ਪਹਿਲੀ ਉਦਘਾਟਨੀ ਰਸਮ 11 ਜੂਨ ਨੂੰ ਮੈਕਸੀਕੋ ਸਿਟੀ ਸਟੇਡੀਅਮ ਵਿਖੇ ਮੈਕਸੀਕੋ ਅਤੇ ਦੱਖਣੀ ਅਫਰੀਕਾ ਦੇ ਮੈਚ ਤੋਂ ਪਹਿਲਾਂ ਹੋਵੇਗੀ, ਜਿਸ ਵਿਚ ਮੈਕਸੀਕੋ ਅਤੇ ਲਾਤੀਨੀ ਅਮਰੀਕੀ ਗਾਇਕ ਵਿਰਾਸਤੀ ਪ੍ਰੋਗਰਾਮ ਪੇਸ਼ ਕਰਨਗੇ। ਦੂਜੀ ਉਦਘਾਟਨੀ ਰਸਮ 12 ਜੂਨ ਨੂੰ ਬੀ.ਐਮ.ਓ. ਫੀਲਡ ਟੋਰਾਂਟੋ (ਕੈਨੇਡਾ) ਵਿਖੇ ਕੈਨੇਡਾ ਦੇ ਸੱਭਿਆਚਾਰਕ ਦੀ ਪੇਸ਼ਕਾਰੀ ਨਾਲ ਕੈਨੇਡਾ ਅਤੇ ਬੋਸਨੀਆ ਦੇ ਮੈਚ ਤੋਂ ਪਹਿਲਾਂ ਹੋਵੇਗੀ। ਤੀਜਾ ਉਦਘਾਟਨੀ ਸਮਾਰੋਹ 12 ਜੂਨ ਨੂੰ ਲਾਸਏਂਜਲਸ ਸਟੇਡੀਅਮ (ਸੋਫੀ ਸਟੇਡੀਅਮ) ਵਿਖੇ ਅਮਰੀਕਾ ਅਤੇ ਵਿਸ਼ਵ ਦੇ ਪੌਪ ਸੱਭਿਆਚਾਰ ਨਾਲ ਭਰਪੂਰ ਅਮਰੀਕਾ ਅਤੇ ਪੈਰਾਗੁਏ ਦੇ ਮੈਚ ਤੋਂ ਪਹਿਲਾਂ ਹੋਵੇਗਾ। ਇਸ ਤੋਂ ਇਲਾਵਾ ਕੁਝ ਹੋਰ ਮੈਚਾਂ ਵਿਚ ਵੀ ਵਿਸੇਸ਼ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਫਾਈਨਲ ਮੈਚ ਨਿਊ ਜਰਸੀ ਦੇ ਮੈਟ ਲਾਈਫ਼ ਸਟੇਡੀਅਮ ਵਿਖੇ 19 ਜੁਲਾਈ ਨੂੰ ਦੁਪਹਿਰ 12 ਵਜੇ ਖੇਡਿਆ ਜਾਵੇਗਾ। ਇਸ ਮੈਚ ਦੇ ਹਾਫ਼ ਟਾਈਮ ਵਿਚ 11 ਮਿੰਟ ਦਾ ਸੰਗੀਤਕ ਪ੍ਰੋਗਰਾਮ ਮੈਡੋਨਾ, ਸ਼ਕੀਰਾ ਅਤੇ ਬੀ.ਟੀ.ਐਸ. ਗਰੁੱਪ ਵਲੋਂ ਪੇਸ਼ ਕੀਤਾ ਜਾਵੇਗਾ। ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਵੇਗਾ ਅਤੇ ਜੇਤੂ ਨੂੰ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ।
ਫੀਫਾ ਵਿਸ਼ਵ ਕੱਪ 2026 ਵਿਚ ਭਾਗ ਲੈ ਰਹੀਆਂ 48 ਟੀਮਾਂ ਨੂੰ 12 ਪੂਲਾਂ ਵਿਚ ਵੰਡਿਆ ਗਿਆ ਹੈ। ਕੁੱਲ 104 ਮੈਚ ਖੇਡੇ ਜਾਣਗੇ। ਇਨ੍ਹਾਂ ਵਿਚ ਅਮਰੀਕਾ ਦੀ ਧਰਤੀ 'ਤੇ 78, ਮੈਕਸੀਕੋ ਅਤੇ ਕੈਨੇਡਾ ਦੀ ਧਰਤੀ 'ਤੇ 13-13 ਮੈਚ ਖੇਡੇ ਜਾਣਗੇ। ਸਾਰੇ ਕੁਆਰਟਰ, ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਅਮਰੀਕਾ ਦੀ ਧਰਤੀ 'ਤੇ ਖੇਡੇ ਜਾਣਗੇ। ਹਰ ਟੀਮ ਪੂਲ ਵਿਚ ਤਿੰਨ ਮੈਚ ਖੇਡੇਗੀ ਅਤੇ ਪੂਲ ਦੇ ਕੁੱਲ 172 ਮੈਚ ਖੇਡੇ ਜਾਣਗੇ। ਹਰ ਪੂਲ ਦੀਆਂ ਪਹਿਲੀਆਂ ਦੋ ਟੀਮਾਂ ਅਤੇ 12 ਪੂਲਾਂ ਵਿਚੋਂ ਨੰਬਰਾਂ ਦੇ ਆਧਾਰ 'ਤੇ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ 8 ਟੀਮਾਂ ਨਾਕਆਊਟ ਸਟੇਜ ਲਈ ਕੁਆਲੀਫਾਈ ਕਰਨਗੀਆਂ। ਪਹਿਲਾ ਨਾਕਆਊਟ ਗੇੜ 32, ਪ੍ਰੀ-ਕੁਆਰਟਰ-16, ਕੁਆਰਟਰ-8, ਸੈਮੀਫਾਈਨਲ -4 ਅਤੇ ਫਾਈਨਲ ਮੁਕਾਬਲੇ ਲਈ 2 ਦੇਸ਼ਾਂ ਦੀਆਂ ਟੀਮਾਂ ਜ਼ੋਰ-ਅਜ਼ਮਾਈ ਕਰਨਗੀਆਂ।
ਫੁੱਟਬਾਲ ਮਾਹਿਰਾਂ ਅਨੁਸਾਰ ਇਸ ਵਾਰ ਮੁੱਖ ਦਾਅਵੇਦਾਰੀ ਬ੍ਰਾਜ਼ੀਲ, ਸਪੇਨ, ਅਰਜਨਟਾਈਨਾ ਅਤੇ ਫਰਾਂਸ ਦੀਆਂ ਟੀਮਾਂ ਦੀ ਹੋਵੇਗੀ। ਪਰ ਨੀਦਰਲੈਂਡ, ਇੰਗਲੈਂਡ, ਜਰਮਨ ਅਤੇ ਪੁਰਤਗਾਲ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਖ਼ੈਰ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਵਿਸ਼ਵ ਕੱਪ ਨੂੰ ਲਾਈਵ ਦੇਖਣ ਲਈ ਕੁੱਲ ਦੁਨੀਆ ਦੇ 200 ਤੋਂ ਵੱਧ ਮੁਲਕਾਂ ਦੇ 50 ਲੱਖ (5 ਮਿਲੀਅਨ) ਲੋਕ ਮੈਕਸੀਕੋ, ਕੈਨੇਡਾ ਅਤੇ ਅਮਰੀਕਾ ਦੀ ਧਰਤੀ 'ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਦੁਨੀਆ ਦੇ ਹਰ ਕੋਨੇ ਤੋਂ 600 ਕਰੋੜ (6 ਮਿਲੀਅਨ) ਲੋਕ ਫੀਫਾ ਵਿਸ਼ਵ ਕੱਪ ਨੂੰ ਦੇਖਣ ਲਈ ਵੱਖ-ਵੱਖ ਟੈਲੀਕਾਸਟ ਪਲੇਟਫਾਰਮ 'ਤੇ ਜੁੜਨਗੇ, ਜੋ ਦੁਨੀਆ ਦੀ ਕੁੱਲ ਆਬਾਦੀ ਦਾ 73 ਫ਼ੀਸਦੀ ਹਿੱਸਾ ਬਣਦਾ ਹੈ।
ਐਡੀਡਾਸ ਵਲੋਂ ਖ਼ਾਸ ਮੁਹਾਰਤ ਨਾਲ ਸਿਆਲਕੋਟ (ਪਾਕਿਸਤਾਨ) ਤੋਂ ਤਿਆਰ ਕਰਵਾਏ ਟ੍ਰਾਈਓਂਡਾ ("r}onda) ਨਾਮੀ ਫੁੱਟਬਾਲ ਨਾਲ ਸਾਰੇ ਮੈਚ ਖੇਡੇ ਜਾਣਗੇ। ਚਿੱਟੇ ਰੰਗ ਦੇ ਬੇਸ ਉੱਪਰ ਲਾਲ, ਹਰੇ ਅਤੇ ਨੀਲੇ ਰੰਗ ਦੇ ਰਾਸ਼ਟਰੀ ਚਿੰਨ੍ਹਾਂ ਵਾਲੇ ਮਾਰਕੇ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੀ ਪ੍ਰਤੀਨਿਧਤਾ ਕਰਦੇ ਨਜ਼ਰ ਆਉਣਗੇ।
ਵਿਸ਼ਵ ਪੱਧਰ 'ਤੇ 'ਫੁੱਟਬਾਲ ਦੁਨੀਆ ਨੂੰ ਜੋੜਦਾ ਹੈ' ਦਾ ਸਲੋਗਨ ਆਮ ਵਰਤਿਆ ਜਾਂਦਾ ਹੈ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਖੇਡ ਵਿਚ ਨਸਲਵਾਦ ਦੇ ਆਧਾਰ 'ਤੇ ਭੇਦ-ਭਾਵ ਲਈ ਕੋਈ ਥਾਂ ਨਹੀਂ ਹੈ ਅਤੇ ਫੁੱਟਬਾਲ ਵਿਸ਼ਵ ਨੂੰ ਇਕਜੁੱਟ ਕਰਦੀ ਹੈ। ਪਰ ਵੇਖਣ ਵਾਲੀ ਗੱਲ ਹੋਵੇਗੀ ਕਿ ਈਰਾਨ ਅਤੇ ਅਮਰੀਕਾ-ਇਜ਼ਰਾਈਲ ਯੁੱਧ ਨੂੰ ਸ਼ਾਂਤ ਕਰਵਾਉਣ ਲਈ ਫੁੱਟਬਾਲ ਵਿਸ਼ਵ ਕੱਪ 2026 ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ।
ਤਿੰਨ ਦੇਸ਼ਾਂ ਦੇ 16 ਸ਼ਹਿਰਾਂ ਵਿਚ ਮੈਚ ਆਯੋਜਿਤ ਹੋਣਗੇ। ਅਮਰੀਕਾ 11, ਮੈਕਸੀਕੋ-3 ਅਤੇ ਕੈਨੇਡਾ ਦੀ ਧਰਤੀ ਦੇ 2 ਸ਼ਹਿਰ ਹਨ। 19 ਜੁਲਾਈ, 2026 ਨੂੰ ਨਿਊਜਰਸੀ ਦੇ ਮੈਟ ਲਾਈਫ਼ ਸਟੇਡੀਅਮ ਵਿਖੇ ਦੁਪਹਿਰੇ 12 ਵਜੇ ਦੇਖੋ ਫੀਫਾ ਵਿਸ਼ਵ ਕੱਪ ਦਾ 23ਵਾਂ ਤਾਜ ਪਹਿਨਣ ਦਾ ਹੱਕਦਾਰ ਕੌਣ ਬਣਦਾ ਹੈ?
ਇਸ ਵਿਸ਼ਵ ਕੱਪ 'ਚ ਪੁਰਾਣੇ ਸਿਤਾਰੇ ਲਿਓਨਿਲ ਮੈਸੀ, ਕ੍ਰਿਸਟੀਨੋ ਰੋਨਾਲਡੋ, ਨੀਮਾਰ ਜੂਨੀਅਰ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਨਵੀਂ ਪੀੜ੍ਹੀ ਦੇ ਉੱਭਰਦੇ ਸਿਤਾਰਿਆਂ 'ਚ ਵਿਨਸੀਅਸ ਜੂਨੀਅਰ, ਕਿਲੀਅਨ ਮਬਾਪੇ, ਲਾਮੀਨ ਯਾਮਾਲ, ਜੇ ਬੈਲਿਗਹ ਤੇ ਜਮਾਲ ਮੁਸਿਆਲਾ ਦੇ ਨਾਂਅ ਸ਼ਾਮਿਲ ਹਨ।

-ਮੋਬਾਈਲ : +1 (925) 486-1200

Ad Position 22
No active advertisement
ਪਿਛਲੀ ਖ਼ਬਰ ਲੰਬੀ ਉਮਰ ਦਾ ਰਹੱਸ ਹੈ ਜਪਾਨ ਦਾ 'ਆਈਲੈਂਡ ਆਫ਼ ਇਮੋਰਟਲ' ਨਾਂਅ ਦਾ ਪ੍ਰਸਿੱਧ ਜਜ਼ੀਰਾ ਅਗਲੀ ਖ਼ਬਰ ਕਰੋੜਾਂ ਦਿਲਾਂ ਦੀ ਧੜਕਣ ਹੋਈ ਤੇਜ਼
Ad Position 24
No active advertisement