![]()
ਸੀਤਾ ਅਸ਼ੋਕਾ ਦਾ ਦਰੱਖਤ 10 ਮੀਟਰ ਤੱਕ ਉਚਾਈ ਦਾ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ। ਇਸ ਦੇ ਨਵੇਂ ਪੱਤੇ ਤਾਂਬੇ ਰੰਗੇ ਜਾਂ ਗੁਲਾਬੀ ਭਾਅ ਮਾਰਦੇ ਹਨ। ਨਵੇਂ ਪੱਤੇ ਹੇਠਾਂ ਵੱਲ ਲਟਕੇ ਹੁੰਦੇ ਹਨ। ਇਸ ਦੇ ਪੁਰਾਣੇ ਪੱਤੇ ਚਮਕਦਾਰ ਹਰੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦੀ ਲੰਬਾਈ 15 ਤੋਂ 20 ਸੈਂਟੀਮੀਟਰ ਹੁੰਦੀ ਹੈ ਅਤੇ ਇਹ ਪੱਤੀਆਂ ਦੀਆਂ 4-6 ਜੋੜੀਆਂ ਨਾਲ ਬਣੇ ਹੁੰਦੇ ਹਨ। ਇਨ੍ਹਾਂ ਦੇ ਕਿਨਾਰੇ ਲਹਿਰਦਾਰ ਹੁੰਦੇ ਹਨ। ਇਸ ਪੌਦੇ ਨੂੰ ਕੇਸਰੀ ਭਾਅ ਮਾਰਦੇ ਲਾਲ ਰੰਗ ਦੇ ਖੁਸ਼ਬੂਦਾਰ ਫੁੱਲਾਂ ਦੇ ਸੋਹਣੇ ਗੋਲ-ਗੋਲ ਗੁੱਛੇ ਲਗਦੇ ਹਨ। ਇਸ ਨੂੰ 10-25 ਸੈਂਟੀਮੀਟਰ ਲੰਬੀਆਂ ਗੂੜ੍ਹੇ ਭੂਰੇ ਰੰਗ ਦੀਆਂ ਚਪਟੇ ਆਕਾਰ ਦੀਆਂ ਫਲੀਆਂ ਲਗਦੀਆਂ ਹਨ। ਇਸ ਪੌਦੇ ਦਾ ਵਿਗਿਆਨਕ ਨਾਮ 'ਸਰਾਕਾ ਅਸੋਕਾ' ਹੈ। ਇਸ ਦੀ ਤਾਸੀਰ ਠੰਢੀ ਜਾਂ ਸੀਤ ਹੋਣ ਕਾਰਨ ਇਸ ਨੂੰ 'ਸੀਤਾ ਅਸ਼ੋਕਾ' ਕਿਹਾ ਜਾਂਦਾ ਹੈ। ਇਹ ਆਮ ਲਗਾਏ ਜਾਣ ਵਾਲੇ ਅਸ਼ੋਕਾ ਦਰੱਖਤ ਵਾਂਗ ਸਿੱਧਾ ਅਤੇ ਲੰਬਾ ਨਹੀਂ ਜਾਂਦਾ ਬਲਕਿ ਆਲੇ-ਦੁਆਲੇ ਨੂੰ ਫੈਲਦਾ ਹੈ। ਇਹ ਇਕ ਕੋਮਲ ਦਰੱਖਤ ਹੈ ਅਤੇ ਇਸ ਦੀ ਸੰਭਾਲ ਆਮ ਨਾਲੋਂ ਵੱਧ ਕਰਨੀ ਪੈਂਦੀ ਹੈ। ਦੂਸਰੇ ਅਸ਼ੋਕਾ ਦੇ ਦਰੱਖਤ ਤੋਂ ਸੀਤਾ ਅਸ਼ੋਕਾ ਇਸ ਗੱਲੋਂ ਵੀ ਵੱਖਰਾ ਹੈ ਕਿ ਦੂਸਰੇ ਅਸ਼ੋਕਾ ਨੂੰ ਫੁੱਲ ਨਹੀਂ ਲਗਦੇ, ਇਸ ਨੂੰ ਲਗਦੇ ਹਨ।
ਇਹ ਬੂਟਾ ਔਰਤਾਂ ਦਾ ਖਾਸ ਮਿੱਤਰ ਬੂਟਾ ਹੈ। ਇਸ ਦੀ ਵਰਤੋਂ ਇਸਤਰੀਆਂ ਦੇ ਹਾਰਮੋਨਜ਼ ਦਾ ਸੰਤੁਲਨ ਬਣਾ ਕੇ ਰੱਖਦੀ ਹੈ। ਅਨਿਯਮਿਤ ਮਾਹਵਾਰੀ ਨੂੰ ਇਹ ਨਿਯਮਿਤ ਕਰਦਾ ਹੈ। ਇਸ ਬੂਟੇ ਦੇ ਸੱਕ (ਤਣੇ ਦੇ ਛਿਲਕੇ) ਨੂੰ ਪਾਣੀ ਵਿਚ ਉਬਾਲ ਕੇ ਜਦੋਂ ਇਹ ਪਾਣੀ ਇਕ ਚੌਥਾਈ ਰਹਿ ਜਾਵੇ ਤਾਂ ਇਸ ਨੂੰ ਪੁਣ ਕੇ ਇਸ ਕਾੜ੍ਹੇ ਦੇ 8-10 ਛੋਟੇ ਚਮਚੇ ਬਰਾਬਰ ਪਾਣੀ ਵਿਚ ਮਿਲਾ ਕੇ ਖਾਣੇ ਤੋਂ ਬਾਅਦ ਦਿਨ ਵਿਚ ਦੋ ਵਾਰ ਲੈਣ ਨਾਲ ਵਾਤ ਦੋਸ਼ ਦੂਰ ਹੁੰਦਾ ਹੈ, ਕਸ਼ਟ ਆਰਤਵ ਭਾਵ ਮਾਹਵਾਰੀ ਸਮੇਂ ਦਰਦ ਅਤੇ ਰਕਤ ਪਰਾਦਰ ਭਾਵ ਜ਼ਿਆਦਾ ਖੂਨ ਬਹਿਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦਾ ਸੇਵਨ ਕਫ ਨੂੰ ਵੀ ਸੰਤੁਲਿਤ ਕਰਦਾ ਹੈ ਅਤੇ ਪੀਲੀਏ ਦੇ ਰੋਗ ਵਿਚ ਵੀ ਲਾਭਦਾਇਕ ਹੁੰਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਸਾਫ ਕਰਦਾ ਹੈ ਅਤੇ ਲੁਕੋਰੀਏ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ। ਇਸ ਨਾਲ ਗਰਭ ਮਜ਼ਬੂਤ ਹੁੰਦਾ ਹੈ ਅਤੇ ਬਾਂਝਪਣ ਦੀ ਸਮੱਸਿਆ ਵਾਲਿਆਂ ਲਈ ਲਾਭਦਾਇਕ ਹੈ। ਇਹ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾ ਕੇ ਸਰੀਰ ਨੂੰ ਪੁਨਰ ਸੁਰਜੀਤ ਕਰਦਾ ਹੈ। ਇਸ ਦਾ ਸੇਵਨ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾ ਕੇ ਰੱਖਦਾ ਹੈ।
ਸੀਤਾ ਅਸ਼ੋਕਾ ਵਿਚ ਐਂਟੀਆਕਸੀਕਰਕ ਗੁਣ ਹੁੰਦੇ ਹਨ ਅਤੇ ਇਹ ਖੂਨ ਨੂੰ ਸ਼ੁੱਧ ਕਰਦਾ ਹੈ। ਇਹ ਚਮੜੀ ਦੀ ਇਨਫੈਕਸ਼ਨ, ਐਲਰਜੀ ਤੇ ਫਿਨਸੀਆਂ ਤੋਂ ਨਿਜਾਤ ਦਿਵਾਉਂਦਾ ਹੈ ਅਤੇ ਇਸ ਦੀ ਵਰਤੋਂ ਨਾਲ ਚਮੜੀ ਵਿਚ ਨਿਖਾਰ ਅਤੇ ਚਮਕ ਆਉਂਦੀ ਹੈ। ਸੀਤਾ ਅਸ਼ੋਕਾ ਦੇ ਛਿਲਕੇ ਦੇ ਪਾਊਡਰ ਵਿਚ, ਬਰਾਬਰ ਕੁਆਰ ਦਾ ਗੁੱਦਾ, ਗੁਲਾਬ ਜਲ ਅਤੇ ਇਕ ਚੁਟਕੀ ਹਲਦੀੇ ਮਿਲਾ ਕੇ ਬਣਿਆ ਪੇਸਟ ਚਿਹਰੇ ਤੇ ਲਗਾਉਣ ਨਾਲ ਛਾਹੀਆਂ ਤੋਂ ਨਿਜਾਤ ਮਿਲਦੀ ਹੈ ਅਤੇ ਚਿਹਰੇ 'ਤੇ ਚਮਕ ਆਉਂਦੀ ਹੈ।
ਸੀਤਾ ਅਸ਼ੋਕਾ ਦੇ ਸੱਕ (ਛਿਲਕੇ) ਦੇ ਚੂਰਨ ਦਾ ਅੱਧਾ ਛੋਟਾ ਚਮਚਾ ਸ਼ਹਿਦ ਜਾਂ ਪਾਣੀ ਨਾਲ ਲੈਣ ਨਾਲ ਬਵਾਸੀਰ ਵਿਚ ਲਾਭ ਮਿਲਦਾ ਹੈ। ਇਹ ਵਾਤ ਦੋਸ਼ ਨੂੰ ਦੂਰ ਕਰ ਕੇ ਜਠਰ ਅਗਨੀ ਨੂੰ ਦਰੁੱਸਤ ਕਰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਠੀਕ ਹੁੰਦੀ ਹੈ। ਇਸ ਦੀ ਠੰਢੀ ਤਾਸੀਰ ਬਵਾਸੀਰ ਦੀ ਜਲਣ ਨੂੰ ਸ਼ਾਂਤ ਕਰਦੀ ਹੈ।
ਸੀਤਾ ਅਸ਼ੋਕਾ ਵਿਚ ਦਮਾ ਵਿਰੋਧੀ ਤੱਤ ਪਾਏ ਜਾਂਦੇ ਹਨ। ਇਸ ਦੇ ਛਿਲਕੇ ਦਾ ਕਾੜ੍ਹਾ ਖੰਘ, ਜੁਕਾਮ ਅਤੇ ਗਲੇ ਦੀ ਖਰਾਸ਼ ਨੂੰ ਆਰਾਮ ਦਿੰਦਾ ਹੈ। ਇਹ ਲਿਵਰ ਨੂੰ ਸਾਫ ਕਰਦਾ ਹੈ, ਨਾੜਾਂ ਵਿਚ ਚਰਬੀ ਨੂੰ ਜੰਮਣ ਤੋਂ ਰੋਕਦਾ ਹੈ ਅਤੇ ਹਾਰਟ ਅਟੈਕ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ਦੇ ਚੂਰਨ ਦੇ ਸੇਵਨ ਨਾਲ ਪੈਂਕਰੀਆਸ ਦੇ ਬੀਟਾ ਸੈੱਲ ਕਿਰਿਆਸ਼ੀਲ ਹੁੰਦੇ ਹਨ ਜਿਸ ਨਾਲ ਸ਼ੂਗਰ ਘਟਦੀ ਹੈ। ਇਸ ਵਿਚ ਕੈਂਸਰ ਵਿਰੋਧੀ ਤੱਤ ਵੀ ਪਾਏ ਜਾਂਦੇ ਹਨ। ਆਯੁਰਵੈਦਿਕ ਦਵਾਈ ਅਸ਼ੋਕਾਰਿਸ਼ਟ ਸੀਤਾ ਅਸ਼ੋਕਾ ਤੋਂ ਤਿਆਰ ਹੁੰਦੀ ਹੈ। ਇਸ ਬੂਟੇ ਦੇ ਛਿਲਕੇ ਨੂੰ ਦੁੱਧ ਵਿਚ ਉਬਾਲ ਕੇ ਪੀਣਾ ਵੀ ਲਾਭਦਾਇਕ ਹੈ। ਸੀਤਾ ਅਸ਼ੋਕਾ ਬੇਸ਼ੱਕ ਇਕ ਅਤਿ ਗੁਣਕਾਰੀ ਬੂਟਾ ਹੈ, ਪਰ ਗਰਭਪਤੀ ਇਸਤਰੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
-ਮੋਬਾਈਲ : 85588-31900