![]()
ਔਰਤ ਜਿੱਥੇ ਮਰਦ ਦੀ ਜਣਨੀਂ ਹੈ, ਉਥੇ ਘਰ ਦੀ ਇਕ ਵੱਡੀ ਜ਼ਰੂਰਤ ਵੀ ਹੈ, ਵਿਹੜੇ ਦੀ ਰੌਣਕ ਹੈ ਤੇ ਧਰਤੀ ਦਾ ਇਕ ਸ਼ਿੰਗਾਰ ਵੀ ਹੈ | ਜ਼ਿੰਦਗੀ ਜੇਕਰ ਔਰਤ ਤੋ ਬਿਨਾਂ ਸੰਭਵ ਹੁੰਦੀ, ਤਾਂ ਧਰਤੀ ਤੇ ਸ਼ਿੰਗਾਰ ਨਾ ਹੁੰਦਾ, ਦਰਖਤਾਂ ਨੂੰ ਜੇਕਰ ਫੁੱਲ ਪੱਤੇ ਨਾ ਹੁੰਦੇ ਤਾਂ ਕੀ ਹੁੰਦਾ? ਇਕ ਪਾਸੇ ਤਾਂ ਮਰਦ ਕਹਿੰਦਾ ਹੈ ਕਿ ਔਰਤ ਨੂੰ ਬਰਾਬਾਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ, ਹੁਣ ਜੇ ਮਿਲਣ ਲੱਗੇ ਹਨ ਤਾਂ ਵਿਚੋਂ ਭੱਜਦਾ ਦਿਖਾਈ ਦਿੰਦਾ ਹੈ | ਇਸ ਵਿਚ ਕੋਈ ਸ਼ੱਕ ਨਹੀਂ, ਇਤਿਹਾਸ ਗਵਾਹ ਹੈ ਕਿ ਔਰਤ ਨੂੰ ਜਦ ਵੀ ਆਜ਼ਾਦੀ ਮਿਲਦੀ ਹੈ ਉਸ ਨੂੰ ਉਹ ਰੱਜ ਕੇ ਹੰਢਾਉਂਦੀ ਹੈ | ਕਿੱਟੀਆਂ, ਕਲੱਬਾਂ, ਧਾਰਮਿਕ, ਪਰਿਵਾਰਕ ਸਮਾਗਮਾਂ ਵਿਚ ਔਰਤਾਂ ਦੀ ਵਧ ਚੜ੍ਹ ਕੇ ਹੋ ਰਹੀ ਸ਼ਿਰਕਤ ਨਵੇਂ ਯੁੱਗ ਦੀ ਦਸਤਕ ਹੈ ਜਾਣੀ ਕਿ ਔਰਤ ਨੂੰ ਹੁਣ ਮਰਦ ਦੇ ਬਰਾਬਰ, ਬਲਕਿ ਮਰਦ ਤੋਂ ਅੱਗੇ ਹੋ ਕੇ ਤੁਰਨ ਦੀ ਜਾਂਚ ਆ ਗਈ ਹੈ | ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਨੇ ਸਾਡੀਆਂ ਘਰ ਬੈਠੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਗਰੂਕ ਕਰਵਾ ਦਿੱਤਾ ਹੈ ਤੇ ਦਿਖਾ ਦਿੱਤਾ ਹੈ ਕਿ ਔਰਤਾਂ ਦੇ ਕਿੰਨੇ ਰੂਪ ਹਨ ਤੇ ਔਰਤ ਕਿੱਥੇ ਤਕ ਪਹੁੰਚ ਚੁੱਕੀ ਹੈ, ਕੀ-ਕੀ ਸੁੱਖ ਆਰਾਮ ਔਰਤ ਲਈ ਬਣੇ ਹੋਏ ਹਨ ਤੇ ਆਪਣੇ ਮੰਨੋਰੰਜਨ ਤੇ ਮਿਲਵਰਤਣ ਵਿਚ ਵੀ ਔਰਤ ਲਈ ਕਿਹੜਾ-ਕਿਹੜਾ ਵਿਕਲਪ ਉਪਲੱਬਧ ਹੈ | ਕੋਈ ਸ਼ੱਕ ਨਹੀਂ ਕਿ ਕਿੱਟੀਆਂ, ਕਲੱਬਾਂ ਵਿਚ ਜਾ ਕੇ ਔਰਤ ਦੀ ਬਹੁ-ਪੱਖੀ ਸ਼ਖ਼ਸੀਅਤ ਵਿਚ ਜੋ ਵਾਧਾ ਹੁੰਦਾ ਹੈ, ਉਹ ਘਰੇਲੂ ਔਰਤ ਦਾ ਘਰ ਦੇ ਦਾਇਰੇ ਵਿਚ ਬੈਠੇ ਰਹਿਣ ਨਾਲ ਨਹੀਂ ਹੋ ਸਕਦਾ | ਕੱਪੜੇ ਪਹਿਨਣ ਦੀ ਸੂਝ, ਫੈਸ਼ਨ ਦੀ ਅਕਲ, ਬਣਨ ਸਜਣ ਦੀ ਅਕਲ, ਬੋਲਣ-ਚਲਣ ਦੀ ਅਕਲ, ਬਹਿਣ-ਉੱਠਣ ਦੀ ਸੂਝ, ਖਾਣ-ਪੀਣ ਦੀ ਸੂਝ, ਕਿਸੇ ਵਿਚ ਕੋਈ ਗਾਉਣ ਨੱਚਣ ਦਾ ਜਾਂ ਕੋਈ ਹੋਰ ਗੁਣ ਹੈ ਤਾਂ ਉਸ ਨੂੰ ਦਿਖਾਉਣ ਦਾ ਮੌਕਾ, ਜਿਸ ਨਾਲ ਸ਼ਖ਼ਸੀਅਤ ਵਿਚ ਨਿਖਾਰ ਆਉਦਾ ਹੈ | ਭਰਪੂਰ ਮੰਨੋਰੰਜਨ ਹੋ ਜਾਂਦਾ ਹੈ, ਸਮਾਂ ਵਧੀਆ ਗੁਜ਼ਰ ਜਾਂਦਾ ਹੈ ਤੇ ਸਮਾਜ ਵਿਚ ਉਸਦੀ ਪਹਿਚਾਣ ਦਾ ਦਾਇਰਾ ਵੱਡਾ ਹੋ ਜਾਂਦਾ ਹੈ ਪਰ ਵਿਰੋਧੀਆਂ ਦੇ ਦੁੱਖੜੇ ਵੀ ਸੁਣੇ ਨਹੀਂ ਜਾਂਦੇ | ਉਹ ਜਦ ਆਪਣੀਆਂ ਹੱਡ ਬੀਤੀਆਂ ਦੱਸਦੇ ਹਨ ਤਾਂ ਉਨ੍ਹਾਂ ਦੇ ਮੰੂਹ ਵਿਚੋਂ ਥੁੱਕ ਸੁਣਨ ਵਾਲੇ ਦੇ ਮੂੰਹ 'ਤੇ ਨਿਰੰਤਰ ਡਿਗਦਾ ਰਹਿੰਦਾ ਹੈ ਕਿਉਂਕਿ ਗੱਲ ਲੰਬੀ ਹੋ ਕੇ ਨਿਬੜਦੀ ਹੈ | ਇਸ ਲਈ ਕਿੱਟੀ ਲਾਈਫ ਤੇ ਪਰਿਵਾਰਕ ਲਾਈਫ ਵਿਚ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ | ਔਰਤ ਕੋਲ ਫਾਲਤੂ ਸਮਾਂ ਬਿਲਕੁਲ ਨਹੀਂ ਹੁੰਦਾ | ਉਸ ਦੇ ਮਿੰਟ-ਮਿੰਟ ਦੀ ਉਸ ਦੇ ਪਰਿਵਾਰ ਨੂੰ ਲੋੜ ਹੈ | ਘਰ ਵਿਚੋਂ ਉਸ ਦੀ ਦਸ ਮਿੰਟ ਦੀ ਗ਼ੈਰ-ਹਾਜ਼ਰੀ ਸਾਰਾ ਦਿਨ ਮੂੰਹੋਂ ਬੋਲਦੀ ਰਹਿੰਦੀ ਹੈ | ਬਾਬੂ ਜੀ ਨੂੰ ਵੀ ਦੁਪਹਿਰ ਦੇ ਖਾਣੇ ਵਿਚ ਬਾਹਰੋਂ ਛੋਲੇ-ਕੁਲਚੇ ਹੀ ਮੰਗਵਾਉਣੇ ਪੈਂਦੇ ਹਨ | ਕਿੱਟੀ ਵਾਲੇ ਦਿਨ ਹੀ ਨਹੀਂ, ਤਿਆਰੀ ਹਫਤਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ | ਨੌਕਰ ਨੂੰ ਬਾਰ-ਬਾਰ ਦਰਜੀ ਦੇ ਗੇੜੇ, ਕੁੜਤੀ ਦੀ ਸੀਣ ਕਦੀ ਕਮਰ ਤੋ ਤੰਗ ਕਰਵਾ ਕੇ ਲਿਆ ਤੇ ਕਦੀ ਖੁੱਲ੍ਹੀ | ਦੁਹਾਈ ਰੱਬ ਦੀ, ਘਰ ਦੇ ਮਾਹੌਲ ਵਿਚ ਜੋ ਚੂਹਾ ਦੌੜ ਬਣਦੀ ਹੈ, ਉਸ ਦਾ ਵਰਣਨ ਉਹ ਹੀ ਦੱਸ ਸਕਦੇ ਹਨ ਜਿਨ੍ਹਾਂ 'ਤੇ ਇਹ ਹਨੇਰੀ ਹਰ ਮਹੀਨੇ ਬਲਕਿ ਮਹੀਨੇ ਵਿਚ ਕਈ-ਕਈ ਵਾਰੀ ਸਿਰ ਤੋਂ ਲੰਘਦੀ ਹੈ | ਤੇ ਹਰ ਕਿੱਟੀ ਵਿਚ ਨਵੀਂ ਪੌਸ਼ਾਕ ਤੇ ਨਵਾਂ ਲਿਬਾਸ | ਕਿੱਟੀਆਂ ਜੋ ਘਰਾਂ ਵਿਚ ਮਨਾਈਆਂ ਜਾਦੀਆਂ ਹਨ, ਉਹ ਕੁਝ ਵੱਖਰੀਆਂ ਸਮੱਸਿਆਵਾਂ ਲੈ ਕੇ ਆਉਦੀਆਂ ਹਨ | ਸ਼ਰਮਾ ਜੀ ਦੇ ਘਰ ਦਾ ਸੋਫਾ, ਸੰਤੋਸ਼ ਦੇ ਘਰ ਦੀ ਕਰਾਕਰੀ, ਬਰਫ ਵਾਲਿਆਂ ਦੇ ਘਰ ਦੇ ਪਰਦੇ ਤੇ ਗੁਲਾਬੀ ਕੋਠੀ ਵਾਲਿਆਂ ਦੀ ਕਾਰ ਯਾਨੀ ਕਿ ਦੂਜਿਆਂ ਦੇ ਘਰਾਂ ਦੀ ਹਰ ਸ਼ੈਅ ਪਸੰਦ | ਨਹੀਂ ਜੀ ਐਤਕੀਂ ਔਖੀ ਹੋਵੋ ਜਾਂ ਸੌਖੀ ਆਪਾਂ ਕਾਰ ਜ਼ਰੂਰ ਬਦਲ ਲੈਣੀ ਹੈ | ਬੜਾ ਘਟਾਅ ਹੁੰਦਾ ਹੈ ਜਦ ਲੋਕ ਸਾਡੇ ਇਸ ਖਟਾਰੇ ਨੂੰ ਦੇਖਦੇ ਹਨ | ਇਮਤਿਹਾਨ ਦੀ ਇਸ ਘੜੀ ਵਿਚ ਜਗਤ ਦਿਖਾਵੇ ਵੱਲ ਨਾ ਵਧੋ, ਆਪਣੇ ਬਜਟ ਵਿਚੋਂ ਰਹੋ, ਆਪਣੇ ਘਰ ਨੂੰ ਬਾਕੀ ਲੋਕਾਂ ਦੇ ਘਰਾਂ ਨਾਲੋੋਂ ਵਧੀਆ ਜਾਣੋ ਤੇ ਆਪਣੇ ਪਤੀ ਦੇ ਮਨੋਬਲ ਨੂੰ ਬਣਾ ਕੇ ਰੱਖੋ, ਪਰਿਵਾਰਿਕ ਜ਼ਿੰਦਗੀ ਨੂੰ ਪਹਿਲ ਦਿਓ | ਕਿੰਨਾ ਸਮਾਂ ਘਰ ਵਿਚ ਦੇਣਾ ਹੈ ਤੇ ਕਿੰਨਾ ਬਾਹਰ, ਇਸ ਦੀ ਵਿਉਂਤ ਬੰਦੀ ਕਰੋ | ਬਾਹਰਲਿਆਂ ਨਾਲ ਦੋਸਤੀ ਦੀ ਸਾਡੇ ਸਮਾਜ ਵਿਚ ਇਕ ਹੱਦ ਮੁਕੱਰਰ ਹੈ |
-ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ |
ਮੋਬਾਈਲ : 98722-56005