ਜਦੋਂ ਲੋਕਾਂ ਦੇ ਬੋਲਣ ਅਤੇ ਸੁਣਨ ਦੀ ਸ਼ਕਤੀ ਸੱਤਾ ਦੇ ਰਹਿਮੋ-ਕਰਮ 'ਤੇ ਹੋਣ ਲੱਗੇ ਤਾਂ ਉਸ ਵੇਲੇ ਇਕ 'ਥਾਂ' 'ਤੇ ਇਕੱਠੀਆਂ ਹੋਈਆਂ ਕੁਝ ਆਵਾਜ਼ਾਂ ਦਾ 'ਸ਼ੋਰ' ਮੁੜ ਇਹ ਵਿਸ਼ਵਾਸ ਪੈਦਾ ਕਰਦਾ ਹੈ ਕਿ ਨਿਜ਼ਾਮ ਨੂੰ ਵੰਗਾਰ ਦੇਣ ਵਾਲਾ ਕੋਈ ਹੈ ਅਤੇ ਲੋਕਤੰਤਰ ਜਿਊਾਦਾ ਹੈ |

ਆਜ਼ਾਦ ਭਾਰਤ 'ਚ ਪਿਛਲੇ ਕੁਝ ਦਹਾਕਿਆਂ ਤੋਂ ਆਵਾਜ਼ਾਂ ਦੇ ਇਸ 'ਸ਼ੋਰ' ਲਈ ਜਿਹੜੀ ਇਕ ਥਾਂ ਮਹਿਦੂਦ ਕੀਤੀ ਗਈ ਸੀ, ਉਸ ਦਾ ਨਾਂਅ 'ਜੰਤਰ-ਮੰਤਰ' ਹੈ | ਕਈ ਪ੍ਰਦਰਸ਼ਨਾਂ ਦਾ ਗਵਾਹ ਰਹੇ ਜੰਤਰ-ਮੰਤਰ 'ਤੇ ਹਾਲ 'ਚ ਕੇਂਦਰ ਸਰਕਾਰ ਨੇ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ | ਕੇਂਦਰ ਦਾ ਇਹ ਫ਼ੈਸਲਾ ਸੋਮਵਾਰ ਨੂੰ ਉਸ ਵੇਲੇ ਆਇਆ ਜਦੋਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤਕਰੀਬਨ 19 ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਲਈ ਲੋਕਤੰਤਰ ਬਚਾਓ ਮਾਰਚ ਕਰ ਰਹੇ ਸਨ |
ਆਖਰ ਇਹ ਜੰਤਰ-ਮੰਤਰ ਕੀ ਹੈ, ਆਜ਼ਾਦ ਭਾਰਤ 'ਚ ਇਸ ਦੀ ਅਹਿਮੀਅਤ ਕੀ ਤੇ ਕਿਉਂ ਹੈ ਅਤੇ ਜੰਤਰ-ਮੰਤਰ ਨੂੰ ਪ੍ਰਦਰਸ਼ਨਾਂ ਤੋਂ ਸੱਖਣਾ ਕਰਨ ਦੇ ਕੀ ਅਰਥ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨੂੰ ਰਤਾ ਨੇੜਿਓਾ ਹੋ ਕੇ ਤੱਕਦੇ ਹਾਂ |
ਕੀ ਹੈ ਜੰਤਰ-ਮੰਤਰ?
ਜੰਤਰ-ਮੰਤਰ 200 ਸਾਲ ਪਹਿਲਾਂ ਭਾਰਤ 'ਚ ਸਾਇੰਸ ਦੀ ਤਰੱਕੀ ਦੀ ਜਿਊਾਦੀ-ਜਾਗਦੀ ਮਿਸਾਲ ਹੈ | ਇਸ ਦਾ ਨਿਰਮਾਣ 1724 'ਚ ਮਹਾਰਾਜਾ ਜੈ ਸਿੰਘ ਦੂਜੇ ਨੇ ਕਰਵਾਇਆ ਸੀ | ਜੰਤਰ-ਮੰਤਰ ਅਸਲ 'ਚ ਪੁਲਾੜ, ਤਾਰਿਆਂ ਅਤੇ ਗ੍ਰਹਿਆਂ ਦਾ ਅਧਿਐਨ ਕਰਨ ਲਈ ਇਕ ਨਿਰੀਖਣਸ਼ਾਲਾ ਹੈ, ਜਿਸ ਨੂੰ ਅੰਗਰੇਜ਼ੀ 'ਚ 1stronomical Observatory ਕਿਹਾ ਜਾਂਦਾ ਹੈ | ਵਿਗਿਆਨ ਅਤੇ ਜੋਤਿਸ਼ ਸ਼ਾਸਤਰ ਦੇ ਪ੍ਰੇਮੀ ਮਹਾਰਾਜਾ ਜੈ ਸਿੰਘ ਨੇ ਦਿੱਲੀ ਤੋਂ ਇਲਾਵਾ ਜੈਪੁਰ, ਉਜੈਨ ਅਤੇ ਵਾਰਾਣਸੀ 'ਚ ਵੀ ਅਜਿਹੀਆਂ ਨਿਰੀਖਣਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਸੀ | ਇਨ੍ਹਾਂ 'ਚ ਗ੍ਰਹਿਆਂ ਦੀ ਗਤੀ ਨਾਪਣ ਲਈ ਵੱਖ-ਵੱਖ ਤਰ੍ਹਾਂ ਦੇ ਉਪਕਰਨ ਵੀ ਲਾਏ ਗਏ | ਇਨ੍ਹਾਂ 'ਚੋਂ ਜੈਪੁਰ ਜੰਤਰ ਮੰਤਰ ਦੇ ਯਤਨ ਹੀ ਪੂਰੀ ਤਰ੍ਹਾਂ ਨਾਲ ਸਹੀ ਸਥਿਤੀ 'ਚ ਹਨ | ਮûਰਾ ਦੀ ਨਿਰੀਖਣਸ਼ਾਲਾ 1940 ਦੇ ਆਸ-ਪਾਸ ਨਸ਼ਟ ਹੋ ਚੁੱਕੀ ਹੈ | ਦਿੱਲੀ ਦੇ ਜੰਤਰ-ਮੰਤਰ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਇਮਾਰਤਾਂ ਬਣਨ ਦੇ ਕਾਰਨ ਅੱਜ ਇਨ੍ਹਾਂ ਦੇ ਅਧਿਐਨ ਸਟੀਕ ਨਤੀਜੇ ਨਹੀਂ ਦੇ ਪਾ ਰਹੇ |
ਜੰਤਰ-ਮੰਤਰ ਕਿਵੇਂ ਬਣਿਆ ਪ੍ਰਦਰਸ਼ਨ ਵਾਲੀ ਥਾਂ
ਵਿਗਿਆਨ ਅਤੇ ਜੋਤਿਸ਼ ਸ਼ਾਸਤਰ ਤੋਂ ਪਰ੍ਹਾਂ ਦਿੱਲੀ ਦੇ ਜੰਤਰ-ਮੰਤਰ ਦੀ ਇਕ ਹੋਰ ਪਛਾਣ ਰਹੀ ਹੈ | ਉਹ ਹੈ ਨਿਰੀਖਣਸ਼ਾਲਾ ਦੇ ਪਿਛਲੀ ਸੜਕ ਅਤੇ ਉਸ ਦੇ ਆਸ-ਪਾਸ ਦਾ ਇਲਾਕਾ | ਇਨ੍ਹਾਂ ਸੜਕਾਂ ਤੋਂ ਸਮੇਂ ਦੀ ਸਰਕਾਰ ਦੇ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਹੀ ਪਿਛਲੇ ਤਕਰੀਬਨ ਦਹਾਕੇ ਤੋਂ ਜੰਤਰ-ਮੰਤਰ ਦੀ ਅਸਲ ਪਛਾਣ ਬਣ ਗਈਆਂ ਹਨ | ਇਸ ਪ੍ਰਦਰਸ਼ਨ ਸਥਾਨ 'ਚ ਕਦੇ ਲੋਕ ਭੁੱਖ ਹੜਤਾਲ ਕਰ ਕੇ ਆਪਣੇ ਹੱਕ ਦੀ ਮੰਗ ਕਰਦੇ ਹਨ ਤੇ ਕਦੇ ਨਾਅਰਿਆਂ ਦੇ ਨਾਲ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਨ | ਇਸ ਥਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੰਤਰ-ਮੰਤਰ ਕਦੇ ਇਕੱਲਾ ਨਹੀਂ ਹੁੰਦਾ | ਇਥੇ ਇਕ ਇਨਸਾਨ ਦੀ ਆਵਾਜ਼ ਵੀ ਕੁਝ ਦੂਰ ਸਥਿਤ ਸੱਤਾ ਦੇ ਕੇਂਦਰ 'ਸੰਸਦ ਭਵਨ' ਤੱਕ ਓਨੀ ਹੀ ਬੁਲੰਦੀ ਨਾਲ ਪਹੁੰਚਦੀ ਹੈ, ਜਿੰਨੀ ਕਿ ਇਕ ਪੂਰੇ ਹਜ਼ੂਮ ਦੀ ਆਵਾਜ਼ | ਜੰਤਰ-ਮੰਤਰ 'ਤੇ ਸਵਾਲ ਉਦੋਂ ਆਪਣਾ ਸਿਰ ਕੱਢਦੇ ਹਨ ਜਦੋਂ ਸੱਤਾ ਜਵਾਬ ਦੇਣ ਤੋਂ ਮੁਨਕਰ ਹੋ ਜਾਂਦੀ ਹੈ |
ਪਰ ਕੀ ਸੁਤੰਤਰ ਭਾਰਤ ਦੇ ਸ਼ੁਰੂਆਤੀ ਵਰਿ੍ਹਆਂ ਤੋਂ ਹੀ ਜੰਤਰ-ਮੰਤਰ ਧਰਨਿਆਂ ਦੀ ਥਾਂ ਬਣਿਆ ਹੋਇਆ ਹੈ? ਤਾਂ ਇਸ ਦਾ ਜਵਾਬ ਨਾਂਹ ਹੈ | ਪਹਿਲਾਂ ਵਿਰੋਧ ਪ੍ਰਦਰਸ਼ਨਾਂ ਦਾ ਮੰਚ ਸੰਸਦ ਭਵਨ ਦੇ ਹੋਰ ਨਜ਼ਦੀਕ ਹੁੰਦਾ ਸੀ | ਸੰਸਦ ਭਵਨ ਦੇ ਐਨ ਸਾਹਮਣੇ ਬਣੇ ਰਾਜਪਥ (ਹੁਣ ਕਰਤਵਯ ਪੱਥ) ਜਿਥੋਂ ਗਣਤੰਤਰ ਦਿਵਸ ਦੀ ਪਰੇਡ ਨਿਕਲਦੀ ਹੈ, ਦੇ ਕੋਲ ਬੋਟ ਕਲੱਬ ਦਾ ਮੈਦਾਨ | 1960 ਤੋਂ 1980 ਤੱਕ ਬੋਟ ਕਲੱਬ ਹੀ ਭਾਰਤ ਦਾ ਪ੍ਰਦਰਸ਼ਨੀ ਸਥਾਨ ਬਣਿਆ ਰਿਹਾ | ਅਕਤੂਬਰ 1988 'ਚ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਤਕਰੀਬਨ 5 ਲੱਖ ਕਿਸਾਨਾਂ, ਜਿਨ੍ਹਾਂ 'ਚੋਂ ਜ਼ਿਆਦਾਤਰ ਪੱਛਮੀ ਉੱਤਰ ਪ੍ਰਦੇਸ਼ ਤੋਂ ਸਨ, ਨੇ ਦਿੱਲੀ ਦੇ ਬੋਟ ਕਲੱਬ 'ਚ ਡੇਰੇ ਲਾ ਲਏ | ਗੰਨੇ ਦੀਆਂ ਕੀਮਤਾਂ, ਬਿਜਲੀ ਅਤੇ ਪਾਣੀ ਦੇ ਬਕਾਏ ਰੱਦ ਕਰਨ ਸਮੇਤ 35 ਮੰਗਾਂ ਦੇ ਸਮਰਥਨ 'ਚ ਕਿਸਾਨਾਂ ਨੇ ਤਕਰੀਬਨ ਇਕ ਹਫ਼ਤੇ ਤੱਕ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਪੂਰਾ ਜਾਮ ਕਰ ਦਿੱਤਾ | ਕੇਂਦਰ ਨੂੰ ਆਖਰਕਾਰ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ, ਜਿਸ ਤੋਂ ਬਾਅਦ ਪ੍ਰਦਰਸ਼ਨ ਖ਼ਤਮ ਹੋਇਆ |
1990 ਤੋਂ ਤਿੰਨ ਸਾਲਾਂ ਬਾਅਦ ਇਕ ਹੋਰ ਵੱਡੀ ਘਟਨਾ ਵਾਪਰੀ, ਜਿਸ ਨੇ ਮੁੜ ਦਿੱਲੀ ਨੂੰ ਹਿਲਾ ਦਿੱਤਾ | 1993 'ਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਪ੍ਰਦਰਸ਼ਨਾਂ ਦਾ ਸਿਲਸਿਲਾ ਬੋਟ ਕਲੱਬ ਤੋਂ ਹਟਦਾ ਹੋਇਆ ਜੰਤਰ-ਮੰਤਰ ਤੱਕ ਪਹੁੰਚ ਗਿਆ | ਜੰਤਰ-ਮੰਤਰ ਤੋਂ ਆਵਾਜ਼ਾਂ ਦੀ ਲਲਕਾਰ ਬੋਟ ਕਲੱਬ ਜਿੰਨੀ ਤਿੱਖੀ ਤਾਂ ਨਹੀਂ ਹੁੰਦੀ ਪਰ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚਦੀ ਜ਼ਰੂਰ | ਸੰਸਦ ਭਵਨ ਤੋਂ ਤਕਰੀਬਨ 500 ਮੀਟਰ ਦੀ ਦੂਰੀ 'ਤੇ ਸਥਿਤ ਜੰਤਰ-ਮੰਤਰ ਉਸ ਵੇਲੇ ਤੋਂ ਹੀ ਪ੍ਰਦਰਸ਼ਨ-ਸਥਾਨ ਵਜੋਂ ਉਭਰਿਆ |
ਵਿਰੋਧੀ ਧਿਰਾਂ ਵਲੋਂ ਜੰਤਰ-ਮੰਤਰ ਤੋਂ ਸੰਸਦ ਭਵਨ ਤੱਕ ਦੇ ਮਾਰਚ ਦਾ ਐਲਾਨ ਹੀ ਕੇਂਦਰ ਨੂੰ 'ਖ਼ਬਰਦਾਰ' ਕਰਨ ਦੀ ਹਾਕ ਦਾ ਕੰਮ ਕਰਦਾ | ਹਾਲਾਂਕਿ ਜੰਤਰ-ਮੰਤਰ 'ਤੇ ਪ੍ਰਦਰਸ਼ਨ ਵੀ ਨੇਮ ਕਾਇਦਿਆਂ ਨਾਲ ਹੁੰਦੇ ਹਨ | ਇਸ ਲਈ ਪੁਲਿਸ ਤੋਂ ਇਜਾਜ਼ਤ ਲੈਣਾ 15 ਦਿਨ ਪਹਿਲਾਂ ਜਾਣਕਾਰੀ ਦੇਣਾ ਆਦਿ ਸ਼ਾਮਿਲ ਸਨ | ਇਨ੍ਹਾਂ ਨੇਮਾਂ ਨੂੰ ਹੋਰ ਵਿਵਸਥਤ ਢੰਗ ਨਾਲ ਸੰਸਦ ਦੇ ਹੇਠਲੇ ਸਦਨ 'ਚ 2015 ਨੂੰ ਸਰਕਾਰ ਨੇ ਦੱਸਿਆ ਕਿ ਜੰਤਰ-ਮੰਤਰ 'ਤੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਹੋਣਾ ਚਾਹੀਦਾ ਅਤੇ ਉਥੇ ਪ੍ਰਦਰਸ਼ਨਕਾਰੀਆਂ ਨੂੰ ਵਾਹਨ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਦਿੱਤੀ ਜਾਣੀ ਚਾਹੀਦੀ | ਇਸ ਤੋਂ ਇਲਾਵਾ ਜ਼ਿਆਦਾ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੂੰ ਰਾਮ ਲੀਲ੍ਹਾ ਮੈਦਾਨ ਸੁਝਾਇਆ ਗਿਆ ਅਤੇ ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਲਈ ਲੁਹਾੜੀ ਮੈਦਾਨ ਦਾ ਨਾਂਅ ਦਿੱਤਾ ਗਿਆ | ਨਾਲ ਹੀ ਇਹ ਵੀ ਕਿਹਾ ਗਿਆ ਕਿ ਸਰਕਾਰ ਨੂੰ ਮੈਮੋਰੰਡਮ ਦੇਣ ਲਈ ਸਿਰਫ਼ 3 ਤੋਂ 4 ਨੁਮਾਇੰਦੇ ਹੀ ਸ਼ਾਮਿਲ ਹੋ ਸਕਦੇ ਹਨ |
ਪ੍ਰਸਿੱਧ ਧਰਨੇ ਪ੍ਰਦਰਸ਼ਨ
ਜੰਤਰ-ਮੰਤਰ ਉਂਜ ਤਾਂ ਪ੍ਰਦਰਸ਼ਨਾਂ ਲਈ ਪਨਾਹਗਾਹ ਮੰਨਿਆ ਹੀ ਜਾਂਦਾ ਰਿਹਾ ਹੈ | ਪਰ ਕੁਝ ਧਰਨਿਆਂ ਨੇ ਸੁਤੰਤਰ ਭਾਰਤ ਦੇ ਇਤਿਹਾਸ 'ਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ | ਉਨ੍ਹਾਂ 'ਚ 1990 ਦੇ ਦਹਾਕੇ 'ਚ ਹੋਇਆ 'ਨਰਮਦਾ ਬਚਾਓ ਅੰਦੋਲਨ' ਸ਼ੁਰੂਆਤੀ ਮੀਲ ਪੱਥਰ ਸੀ | ਸਮਾਜਿਕ ਕਾਰਕੁੰਨ ਮੇਧਾ ਪਾਟਕਰ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ 'ਚ ਵੱਡੇ-ਛੋਟੇ ਡੈਮਾਂ ਦੇ ਕਾਰਨ ਡੁੱਬ ਰਹੇ ਪਿੰਡਾਂ ਅਤੇ ਉਜੜਦੇ ਲੋਕਾਂ ਦਾ ਦਰਦ ਸੀ ਜਿਨ੍ਹਾਂ ਦਾ ਮੁੜ-ਵਸੇਬਾ ਤਰੱਕੀ ਦੇ ਕਿਸੇ ਵੀ ਅੰਕੜਿਆਂ 'ਚ ਸ਼ਾਮਿਲ ਨਹੀਂ ਸੀ |
2011 'ਚ ਹੋਏ ਅੰਨਾ ਹਜ਼ਾਰੇ ਅੰਦੋਲਨ ਨੇ ਨਾ ਸਿਰਫ਼ ਸੱਤਾ ਧਿਰ ਨੂੰ ਵੰਗਾਰਿਆ ਸਗੋਂ ਅੰਦੋਲਨ ਨੇ ਸੱਤਾ ਦਾ ਤਖ਼ਤ ਹਿਲਾਉਂਦਿਆਂ ਉਸ ਨੂੰ ਗੱਦੀਓਾ ਲਾਹੁਣ 'ਚ ਵੀ ਅਹਿਮ ਭੂਮਿਕਾ ਨਿਭਾਈ | ਗਾਂਧੀ ਟੋਪੀ ਪਾਈ ਭੁੱਖ ਹੜਤਾਲ ਕਰਨ ਵਾਲੇ ਅੰਨਾ ਹਜ਼ਾਰੇ ਨੇ ਦਿੱਲੀ ਦੇ ਗਲਿਆਰਿਆਂ 'ਚ ਪੂਰੀ ਕ੍ਰਾਂਤੀ ਲਿਆ ਦਿੱਤੀ ਅਤੇ ਲੱਖਾਂ ਲੋਕ ਥਾਲੀਆਂ ਖੜਕਾਉਂਦੇ ਜੰਤਰ-ਮੰਤਰ ਦੀਆਂ ਭੀੜੀਆਂ ਗਲੀਆਂ 'ਚ ਹੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਾਉਂਦੇ ਨਜ਼ਰ ਆਏ |
ਅੰਨਾ ਅੰਦੋਲਨ ਤੋਂ ਬਾਅਦ ਅਗਲੇ ਹੀ ਸਾਲ 2012 'ਚ ਦਿੱਲੀ 'ਚ ਹੋਏ ਨਿਰਭੈਆ ਕਾਂਡ ਨੇ ਇਕ ਵਾਰ ਫਿਰ ਲੋਕਾਂ ਨੂੰ ਸੜਕਾਂ 'ਤੇ ਨਿਕਲਣ ਲਈ ਮਜਬੂਰ ਕੀਤਾ | ਇਹ ਸਿਆਸੀ ਅੰਦੋਲਨ ਨਾ ਹੋ ਕੇ ਇਕ ਜਨ ਅੰਦੋਲਨ ਬਣ ਗਿਆ, ਜਿਸ 'ਚ ਹਰ ਕੋਈ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ ਨਿਰਭੈਆ ਲਈ ਇਨਸਾਫ਼ ਦੀ ਮੰਗ ਕਰ ਰਿਹਾ ਸੀ | ਜੰਤਰ-ਮੰਤਰ ਇਕ ਵਾਰ ਫਿਰ ਇਸ ਜਨ ਅੰਦੋਲਨ ਦੀ ਗਵਾਹੀ ਭਰ ਰਿਹਾ ਸੀ | ਇਸ ਅੰਦੋਲਨ ਨੇ ਹੀ ਸਰਕਾਰ ਨੂੰ ਜਬਰ-ਜਨਾਹ ਦੇ ਖਿਲਾਫ਼ ਕਾਨੂੰਨ ਹੋਰ ਸਖ਼ਤ ਕਰਨ ਲਈ ਮਜਬੂਰ ਕੀਤਾ |
ਸਾਬਕਾ ਫ਼ੌਜੀਆਂ ਵਲੋਂ 'ਵਨ ਰੈਂਕ ਵਨ ਪੈਨਸ਼ਨ' ਦੀ ਮੰਗ ਨੂੰ ਲੈ ਕੇ, ਅਧਿਆਪਕ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਨੂੰ ਲੈ ਕੇ, ਤਾਮਿਲਨਾਡੂ ਦੇ ਸੋਕਾ ਪੀੜਤ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ, ਐਲ.ਜੀ.ਬੀ.ਟੀ. ਭਾਈਚਾਰੇ ਵਲੋਂ ਬਰਾਬਰ ਦੇ ਹੱਕਾਂ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਵਿਰੋਧ ਪ੍ਰਗਟਾਇਆ ਗਿਆ | ਤਿੰਨ ਦਹਾਕਿਆਂ 'ਚ ਵਿਰੋਧ ਪ੍ਰਦਰਸ਼ਨਾਂ ਦੀ ਸੂਚੀ ਵੀ ਲੰਬੀ ਸਮਾਂ ਹੱਦ ਵਾਂਗ ਝੇਲੀ ਹੈ |
ਹਾਲਾਂਕਿ ਅਕਤੂਬਰ 2017 'ਚ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਨਾਲ ਲਗਦੇ ਇਲਾਕਿਆਂ ਦੇ ਵਾਸੀਆਂ ਨੂੰ ਧਰਨੇ ਪ੍ਰਦਰਸ਼ਨਾਂ ਕਾਰਨ ਹੋਣ ਵਾਲੇ ਸ਼ੋਰ, ਪ੍ਰਦੂਸ਼ਨ ਅਤੇ ਹੋਰ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਧਰਨੇ ਰਾਮ ਲੀਲ੍ਹਾ ਮੈਦਾਨ 'ਚ ਤਬਦੀਲ ਕਰਨ ਦੇ ਆਦੇਸ਼ ਦਿੱਤੇ | ਜਿਸ 'ਤੇ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਸਰਬਉੱਚ ਅਦਾਲਤ ਨੇ ਧਰਨਿਆਂ ਦੇ ਹੱਕਾਂ ਅਤੇ ਉਥੇ ਰਹਿਣ ਵਾਲੇ ਲੋਕਾਂ ਦਰਮਿਆਨ ਸੰਤੁਲਨ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ, ਜਿਸ 'ਤੇ ਜੰਤਰ-ਮੰਤਰ ਅਤੇ ਧਰਨਿਆਂ ਦਾ ਆਪਸੀ ਰਾਬਤਾ ਕਾਇਮ ਰਿਹਾ |
ਜੁਲਾਈ 2026 'ਚ ਕਾਕਰੋਚ ਜਨਤਾ ਪਾਰਟੀ ਵਲੋਂ ਕੀਤੇ ਅੰਦੋਲਨ 'ਚ ਸ਼ਾਮਿਲ ਹੋਏ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ 'ਤੇ ਮਜਬੂਰ ਕੀਤਾ ਅਤੇ ਹਾਲੀਆ ਸਮੇਂ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਨੂੰ ਲੈ ਕੇ ਛਿੜੇ ਅੰਦੋਲਨ ਨੇ ਵੀ 'ਚਲੋ ਜੰਤਰ-ਮੰਤਰ' ਦਾ ਨਾਅਰਾ ਹੀ ਬੁਲੰਦ ਹੋਇਆ |
ਕੀ ਹੈ ਸਰਕਾਰ ਦਾ ਆਦੇਸ਼
ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਠਾਕੁਰ ਨੇ 11 ਅਕਤੂਬਰ ਨੂੰ ਸਟੈਂਡਿੰਗ ਆਰਡਰ ਜਾਰੀ ਕਰਦਿਆਂ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਰੋਧ ਪ੍ਰਦਰਸ਼ਨਾਂ ਲਈ ਬਦਲਵੀਆਂ ਥਾਵਾਂ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ | ਕਮੇਟੀ ਦੇ ਰਾਮ ਲੀਲ੍ਹਾ ਮੈਦਾਨ, ਬੁਹਾੜੀ ਮੈਦਾਨ ਅਤੇ ਪੂਰਬੀ ਦਿੱਲੀ ਦੇ ਸੀ.ਬੀ.ਡੀ. ਮੈਦਾਨ ਨੂੰ ਵਿਰੋਧ ਪ੍ਰਦਰਸ਼ਨਾਂ ਦੇ ਲਈ ਨਵੀਂ ਥਾਂ ਨੋਟੀਫਾਈ ਕਰਨ ਦੀ ਸਿਫਾਰਿਸ਼ ਕੀਤੀ ਹੈ |
ਇਹ ਤਿੰਨੇ ਥਾਵਾਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਤਾਂ ਦੂਰ ਨਹੀਂ ਹਨ ਪਰ ਸੱਤਾ ਦੇ ਕੇਂਦਰ ਸੰਸਦ ਭਵਨ ਤੋਂ ਕਾਫੀ ਦੂਰ ਹਨ | ਰਾਮ ਲੀਲ੍ਹਾ ਮੈਦਾਨ ਜੰਤਰ-ਮੰਤਰ ਤੋਂ ਤਕਰੀਬਨ 3 ਕਿਲੋਮੀਟਰ ਦੂਰ ਹੈ | ਬੁਹਾੜੀ ਮੈਦਾਨ ਜੰਤਰ-ਮੰਤਰ ਤੋਂ ਤਕਰੀਬਨ 21 ਕਿਲੋਮੀਟਰ ਅਤੇ ਸੀ.ਬੀ.ਡੀ. ਮੈਦਾਨ ਤਕਰੀਬਨ 13 ਕਿਲੋਮੀਟਰ ਦੂਰ ਹੈ |
ਨਵੀਂ ਵਿਵਸਥਾ ਤਹਿਤ ਹੁਣ ਜੰਤਰ-ਮੰਤਰ 'ਤੇ ਕੋਈ ਸੰਗਠਨ ਜਾਂ ਸਮੂਹ ਪ੍ਰਦਰਸ਼ਨ ਨਹੀਂ ਕਰ ਸਕਦਾ | ਜੇਕਰ ਕੋਈ ਵੀ ਉਥੇ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ 'ਤੇ ਤਾਜ਼ੀਰਾਤੇ ਹਿੰਦ ਦੀ ਪੁਰਾਣੀ ਧਾਰਾ 144 ਅਤੇ ਹੁਣ ਭਾਰਤੀ ਨਿਆਂ ਸੰਹਿਤਾ ਦੀ ਧਾਰਾ 163 ਤਹਿਤ ਕਾਰਵਾਈ ਹੋ ਸਕਦੀ ਹੈ | ਸਰਕਾਰੀ ਆਦੇਸ਼ ਦੀ ਉਲੰਘਣਾ ਤਹਿਤ ਦਰਜ ਹੋਏ ਮਾਮਲੇ 'ਚ ਇਕ ਮਹੀਨੇ ਤੋਂ 6 ਮਹੀਨੇ ਤੱਕ ਦੀ ਜੇਲ੍ਹ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਲਾਏ ਜਾ ਸਕਦੇ ਹਨ | ਜੇਕਰ ਕੋਈ ਪ੍ਰਦਰਸ਼ਨਕਾਰੀ ਹਥਿਆਰਾਂ ਨਾਲ ਫੜਿਆ ਜਾਂਦਾ ਹੈ ਤਾਂ ਸਜ਼ਾ 2 ਸਾਲ ਤੱਕ ਵੱਧ ਸਕਦੀ ਹੈ | ਪੁਲਿਸ 'ਤੇ ਹਮਲਾ ਕਰਨਾ ਗ਼ੈਰ-ਜ਼ਮਾਨਤੀ ਜੁਰਮ ਬਣਨ ਕਾਰਨ ਉਸ 'ਚ 3 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ |
ਨਵੀਆਂ ਥਾਵਾਂ 'ਚ ਦੀ ਹੈ ਪ੍ਰੇਸ਼ਾਨੀ
ਰਾਮ ਲੀਲ੍ਹਾ ਮੈਦਾਨ, ਜੋ ਕਿ ਸੰਸਦ ਭਵਨ ਤੋਂ ਸਭ ਤੋਂ ਨਜ਼ਦੀਕ ਹੈ ਅਤੇ ਜਿਥੇ ਪਹਿਲਾਂ ਵੀ ਵੱਡੇ ਇਕੱਠਾਂ ਵਲੋਂ ਪ੍ਰਦਰਸ਼ਨਾਂ ਕੀਤੇ ਜਾਂਦੇ ਰਹੇ ਹਨ, ਉਥੋਂ ਦੀ ਬੁਕਿੰਗ ਅਤੇ ਉਪਲਬੱਧਤਾ ਇਕ ਵੱਡੀ ਚੁਣੌਤੀ ਹੈ | ਹਾਸਿਲ ਜਾਣਕਾਰੀ ਮੁਤਾਬਿਕ ਰਾਮ ਲੀਲ੍ਹਾ ਮੈਦਾਨ 'ਚ ਇਕ ਦਿਨ ਦੀ ਬੁਕਿੰਗ ਦਾ ਕੁੱਲ ਖਰਚਾ 1.21 ਲੱਖ ਰੁਪਏ ਹੈ, ਜਿਨ੍ਹਾਂ 'ਚੋਂ 55 ਹਜ਼ਾਰ ਰੁਪਏ ਰਿਫੰਡਏਬਲ ਹਨ | ਇਸ ਤੋਂ ਇਲਾਵਾ 2026 'ਚ ਮੈਦਾਨ 'ਚ ਇਕੱਠ ਕਰਨ ਲਈ ਸਿਰਫ਼ ਦਸੰਬਰ ਦੀਆਂ 3 ਤਾਰੀਕਾਂ ਉਪਲੱਬਧ ਹਨ 29, 30 ਅਤੇ 31 ਤੱਕ |
ਦੂਜੀਆਂ ਥਾਂ ਬੁਹਾੜੀ ਮੈਦਾਨ ਮੈਟਰੋ ਸਟੇਸ਼ਨ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਹੈ | ਇਸ ਦਾ ਰਕਬਾ 2.10 ਲੱਖ ਵਰਗ ਮੀਟਰ ਹੈ, ਜਿਸ 'ਚ ਛੋਟੇ ਪ੍ਰਦਰਸ਼ਨ ਗੁੰਮ ਹੋ ਹੀ ਜਾਣਗੇ | ਹਾਲਾਂਕਿ ਬੁਹਾੜੀ ਮੈਦਾਨ ਦੀ ਬੁਕਿੰਗ ਲਈ ਹਾਲੇ ਸਰਕਾਰ ਵਲੋਂ ਸਟੈਂਡਰਡ ਸੰਚਾਲਕ ਅਮਲ (ਐਸ.ਓ.ਪੀ.) ਜਾਰੀ ਨਹੀਂ ਕੀਤੇ ਗਏ |
ਪੂਰਬੀ ਦਿੱਲੀ ਦੇ ਸ਼ਾਹਦਰਾ 'ਚ ਸਥਿਤ ਮੈਦਾਨ ਨੇੜੇ ਰਿਹਾਇਸ਼ੀ ਵਸੋਂ ਬਹੁਤ ਜ਼ਿਆਦਾ ਹੈ | ਫਿਲਹਾਲ ਇਹ ਥਾਂ ਲੋਕ ਵਲੋਂ ਇਕੱਠੇ ਸਮਾਂ ਬਿਤਾਉਣ, ਸਵੇਰੇ ਟਹਿਲਣ ਅਤੇ ਖੇਡਣ ਲਈ ਵਰਤੀ ਜਾਂਦੀ ਹੈ |
ਅਸੀਂ ਜੰਤਰ-ਮੰਤਰ ਲੈ ਕੇ ਰਹਾਂਗੇ
ਸਰਕਾਰ ਨੇ ਭਾਵੇਂ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ 'ਤੇ ਤਾਲਾਬੰਦੀ ਕਰ ਦਿੱਤੀ ਹੈ ਪਰ ਪਿਛਲੇ ਹਫ਼ਤੇ ਦਸ ਦਿਨਾਂ ਤੋਂ ਪ੍ਰਦਰਸ਼ਨਾਂ ਦਾ ਗੜ੍ਹ ਬਣੀ ਦਿੱਲੀ, ਸਿਆਸੀ ਵਿਰੋਧੀ, ਸਿਵਲ ਸੁਸਾਇਟੀ ਦੇ ਮੈਂਬਰ ਅਤੇ ਵਿਦਿਆਰਥੀ ਸੰਗਠਨ, ਇਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰੀ ਹਨ | ਪ੍ਰਦਰਸ਼ਨਕਾਰੀਆਂ ਦੀ ਸੂਚੀ 'ਚ ਹੁਣ ਇਕ ਤਰਜੀਹੀ ਮੁੱਦਾ ਜੰਤਰ-ਮੰਤਰ ਨੂੰ ਵਾਪਸ ਲੈਣ ਦਾ ਵੀ ਹੈ |
ਬੇਚੈਨ, ਨਿਰਾਸ਼ ਅਤੇ ਸਿਸਟਮ ਤੋਂ ਤ੍ਰਸਤ ਆਵਾਜ਼ਾਂ ਦੀ ਤਿੰਨ ਦਹਾਕਿਆਂ ਤੋਂ ਪਨਾਹਗਾਹ ਬਣਿਆ ਜੰਤਰ-ਮੰਤਰ ਮੁੜ ਆਪਣੀ ਪੁਰਾਣੀ ਹੋਂਦ ਪਾਉਣ 'ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਇਹ ਸਵਾਲ ਅਜੇ ਸਮੇਂ ਦੇ ਗਰਭ 'ਚ ਆਪਣਾ ਜਵਾਬ ਤਲਾਸ਼ ਕਰ ਰਿਹਾ ਹੈ |
-ਮੋਬਾਈਲ : 099101-88350
ਈਮੇਲ : upma.dagga@gmail.com