ਚੰਗੀ ਸਿਹਤ ਆਪਣੇ-ਆਪ ਵਿਚ ਅਮੁੱਲ ਤੋਹਫ਼ਾ ਹੈ ਪਰ ਅੱਜਕਲ੍ਹ ਵਿਅਕਤੀ ਏਨੇ ਰੋਗਾਂ ਤੋਂ ਪੀੜਤ ਹੈ ਕਿ ਸਿਹਤਮੰਦ ਵਿਅਕਤੀ ਬਹੁਤ ਘੱਟ ਹੀ ਨਜ਼ਰ ਆਉਂਦੇ ਹਨ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਜਿਸ ਜੀਵਨ ਸ਼ੈਲੀ ਦੀ ਚੋਣ ਕਰਦੇ ਹਾਂ, ਉਹ ਸਾਡੀ ਸਿਹਤ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਜ਼ਿਆਦਾਤਰ ਵਿਅਕਤੀ ਇਹ ਸੋਚਦੇ ਹਨ ਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ, ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ। ਜੋ ਜੀਵਨ ਸ਼ੈਲੀ ਅਸੀਂ ਬਚਪਨ ਜਾਂ ਅੱਲ੍ਹੜ ਉਮਰ ਵਿਚ ਚੁਣ ਲੈਂਦੇ ਹਾਂ ਉਹ ਸਾਨੂੰ ਤਾਉਮਰ ਪ੍ਰਭਾਵਿਤ ਕਰਦੀ ਹੈ, ਇਸ ਲਈ ਸਿਹਤਮੰਦ ਰਹਿਣਾ ਵਿਅਕਤੀ ਦੇ ਖ਼ੁਦ ਦੇ ਹੱਥ ਵਿਚ ਹੀ ਹੁੰਦਾ ਹੈ। ਜੇਕਰ ਤੁਸੀਂ ਵੀ ਚੰਗੀ ਸਿਹਤ ਹਾਸਿਲ ਕਰਨੀ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਨ੍ਹਾਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਅੰਗ ਬਣਾ ਲਓ। ਹਮੇਸ਼ਾ ਸੰਤੁਲਿਤ ਭੋਜਨ ਹੀ ਖਾਓ ਤੇ ਫਲਾਂ ਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ। ਮੱਖਣ, ਕ੍ਰੀਮ, ਚਰਬੀ ਵਾਲੇ ਭੋਜਨ, ਚੀਨੀ ਤੇ ਹੋਰ ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰੋ ਪਰ ਸੀਮਤ ਮਾਤਰਾ ਵਿਚ। ਜੇਕਰ ਤੁਹਾਡਾ ਵਜ਼ਨ ਜ਼ਿਆਦਾ ਵਧ ਰਿਹਾ ਹੈ ਤਾਂ ਉਸ 'ਤੇ ਕੰਟਰੋਲ ਰੱਖੋ ਕਿਉਂਕਿ ਮੋਟਾਪਾ ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਖਰਾਬ ਕਰਦਾ ਹੈ ਸਗੋਂ ਕਈ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾ ਦਿੰਦਾ ਹੈ।
ਬਚਪਨ ਤੋਂ ਹੀ ਕਸਰਤ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਓ। ਕਸਰਤ ਤੁਹਾਡੇ ਵਜ਼ਨ ਨੂੰ ਕੰਟਰੋਲ ਰੱਖੇਗੀ। ਲਗਾਤਾਰ ਕਸਰਤ ਤੁਹਾਨੂੰ ਕਈ ਰੋਗਾਂ ਤੋਂ ਦੂਰ ਰੱਖਦੀ ਹੈ। ਜੇਕਰ ਇਨ੍ਹਾਂ ਸਭ ਗੱਲਾਂ ਨੂੰ ਸ਼ੁਰੂ ਤੋਂ ਹੀ ਤੁਸੀਂ ਆਪਣਾ ਲੈਂਦੇ ਹੋ ਤਾਂ ਕਈ ਗੰਭੀਰ ਰੋਗ ਤੁਹਾਡੇ ਤੋਂ ਦੂਰ ਰਹਿਣਗੇ।
-੦-
ਚੰਗੀ ਸਿਹਤ ਲਈ ਸ਼ੁਰੂ ਤੋਂ ਹੀ ਸਹੀ ਜੀਵਨ ਸ਼ੈਲੀ ਅਪਣਾਓ
ਅਜੀਤ ਡੈਸਕ
27-02-2026