ਪਹਿਲੇ ਸਮਿਆਂ ਵਿਚ ਤਾਂ ਲੋਕ ਅਕਸਰ 3 ਵਾਰ ਜਾਂ ਕੁਝ ਲੋਕ ਦਿਨ ਵਿਚ ਦੋ ਵਾਰ ਪੇਟ ਭਰ ਕੇ ਖਾਣਾ ਖਾਂਦੇ ਸਨ। ਉਨ੍ਹਾਂ ਨੂੰ ਵਿਚਾਲੇ-ਵਿਚਾਲੇ ਖਾਣ ਦੀ ਆਦਤ ਨਹੀਂ ਸੀ। ਰਾਤ ਨੂੰ ਬਸ ਇਕ ਗਿਲਾਸ ਦੁੱਧ ਪੀ ਲੈਂਦੇ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਤਿੰਨ ਵਾਰ ਖਾਧਾ ਖਾਣਾ ਆਰਾਮ ਨਾਲ ਹਜ਼ਮ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਹਜ਼ਮ ਹੋਣ ਲਈ ਭਰਪੂਰ ਸਮਾਂ ਮਿਲ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਲੋਕ 3 ਵਾਰ ਦੇ ਮੁੱਖ ਭੋਜਨ ਤਾਂ ਲੈਂਦੇ ਹੀ ਹਨ, ਪਰ ਪੇਟ ਭਰ ਕੇ ਨਹੀਂ, ਵਿਚ-ਵਿਚਾਲੇ ਦੋ ਜਾਂ ਤਿੰਨ ਵਾਰ ਥੋੜ੍ਹਾ-ਥੋੜ੍ਹਾ ਕੁਝ ਖਾ ਲੈਂਦੇ ਹਨ, ਜੋ ਸਰੀਰ ਨੂੰ ਊਰਜਾ ਦਿੰਦਾ ਹੈ। ਪੇਟ ਭਾਰਾ ਵੀ ਨਹੀਂ ਲਗਦਾ, ਖਾਣਾ ਸਹੀ ਢੰਗ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਸਰੀਰ ਸਿਹਤਮੰਦ ਵੀ ਰਹਿੰਦਾ ਹੈ।
ਡਾਕਟਰਾਂ ਅਨੁਸਾਰ ਦਿਨ ਵਿਚ ਸਮੇਂ-ਸਮੇਂ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਢੰਗ ਨਾਲ ਖਾਣ ਨਾਲ ਸਾਡੇ ਸਰੀਰ ਵਿਚ ਫੈਟ ਸੜਨ ਦੀ ਤਾਕਤ ਤੇਜ਼ ਹੋ ਜਾਂਦੀ ਹੈ, ਮੈਟਾਬਾਲਿਜ਼ਮ ਮਜ਼ਬੂਤ ਹੁੰਦਾ ਹੈ, ਬਲੱਡ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ ਅਤੇ ਵਜ਼ਨ ਘੱਟ ਕਰਨ ਵਿਚ ਵੀ ਸਹਾਇਤਾ ਮਿਲਦੀ ਹੈ। ਮਾਹਿਰਾਂ ਅਨੁਸਾਰ ਜਦੋਂ ਵੀ ਕੁਝ ਖਾਓ, ਉਨ੍ਹਾਂ ਨੂੰ ਛੋਟੇ-ਛੋਟੇ ਟੁਕੜੇ ਕਰਕੇ ਖਾਓ ਅਤੇ ਖੂੂਬ ਚਬਾਓ, ਉਦੋਂ ਤੱਕ ਚਬਾਓ ਜਦੋਂ ਤੱਕ ਉਹ ਤੁਹਾਡੇ ਮੂੰਹ ਵਿਚ ਘੁਲ ਨਾ ਜਾਵੇ।
ਸਨੈਕਿੰਗ ਕੀ ਹੈ
ਦੋ ਮੁੱਖ ਖਾਣਿਆਂ ਦਰਮਿਆਨ ਕੁਝ ਵੀ ਖਾਣ ਨੂੰ ਮੰਨਿਆ ਜਾਂਦਾ ਹੈ। ਇਸ ਵਿਚ ਕੈਲੋਰੀ 'ਤੇ ਘੱਟ ਧਿਆਨ ਦਿੱਤਾ ਜਾਂਦਾ ਹੈ ਜੋ ਅੱਜ ਦੇ ਸਿਹਤ ਪ੍ਰਤੀ ਜਾਗਰੂਕ ਰਹਿਣ ਵਾਲੇ ਲੋਕਾਂ ਲਈ ਠੀਕ ਨਹੀਂ ਕਿਉਂਕਿ ਵਿਚਾਲੇ ਖਾਣਾ ਜ਼ਿਆਦਾਤਰ ਜੰਕ ਫੂਡ ਹੁੰਦਾ ਹੈ, ਜੋ ਪਹਿਲਾਂ ਤੋਂ ਪੈਕਡ ਬਣਿਆ ਹੁੰਦਾ ਹੈ। ਬਸ ਖੋਲ੍ਹਿਆ ਅਤੇ ਖਾ ਲਿਆ। ਇਸ ਨਾਲ ਸਰੀਰ ਨੂੰ ਕੈਲੋਰੀ ਦੀ ਮਾਤਾਰ ਜ਼ਿਆਦਾ ਮਿਲੇਗੀ ਜੋ ਲਾਭ ਦੀ ਬਜਾਏ ਨੁਕਸਾਨ ਜ਼ਿਆਦਾ ਪਹੁੰਚਾਏਗੀ। ਇਸ ਗੱਲ 'ਤੇ ਧਿਆਨ ਰੱਖੋ ਕਿ ਜੋ ਸਨੈਕਸ ਤੁਸੀਂ ਖਾ ਰਹੇ ਹੋ, ਉਹ ਸਿਹਤਮੰਦ ਹੋਣ ਜਿਨ੍ਹਾਂ ਵਿਚ ਕੈਲੋਰੀ ਦੀ ਮਾਤਰਾ ਘੱਟ ਹੋਵੇ।
ਕੀ ਖਾਈਏ ਸਨੈਕਸ ਵਿਚ
* ਫੈਟ-ਫ੍ਰੀ ਪਾਪਕਾਰਨ ਖਾਓ। ਪਾਪਕਾਰਨ ਵਿਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਕੈਲੋਰੀਜ਼ ਦੀ ਮਾਤਰਾ ਘੱਟ। ਭੁੱਖ ਵੀ ਛੇਤੀ ਮਿਟਦੀ ਹੈ ਅੇਤ ਸਰੀਰ ਨੂੰ ਸਿਹਤਮੰਦ ਤੱਤ ਵੀ ਮਿਲਦੇ ਹਨ ਕਿਉਂਕਿ ਫੈਟ ਫ੍ਰੀ ਪਾਪਕਾਰਨ ਵਿਚ ਸ਼ੂਗਰ ਅਤੇ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਮੱਕੀ ਦਾ ਪੈਕੇਟ ਖ਼ਰੀਦੋ ਅਤੇ ਹਲਕੇ ਮੱਖਣ ਵਿਚ ਉਸ ਨੂੰ ਬਣਾਓ ਅਤੇ ਭੁੱਖ ਲੱਗਣ 'ਤੇ ਸੀਮਤ ਮਾਤਰਾ ਵਿਚ ਇਸ ਦੀ ਵਰਤੋਂ ਕਰੋ।
* ਟੋਨਡ ਦੁੱਧ ਦੀ ਘੱਟ ਸ਼ੂਗਰ ਵਾਲੀ ਆਈਸਕ੍ਰੀਮ ਘਰ 'ਚ ਬਣਾਓ ਭਾਵ ਜਮਾਓ। ਇਸ ਨੂੰ 15 ਦਿਨ ਵਿਚ ਇਕ ਵਾਰ ਖਾ ਸਕਦੇ ਹੋ। ਚਾਹੋ ਤਾਂ ਚੀਨੀ ਦੀ ਥਾਂ ਸ਼ੱਕਰ ਜਾਂ ਥੋੜ੍ਹਾ ਗੁੜ ਮਿਲਾ ਲਓ।
* ਰੇਸ਼ੇ ਵਾਲੇ ਕੁਕੀਜ਼ ਦੀ ਵਰਤੋਂ ਨੂੰ ਵੀ ਸਿਹਤ ਲਈ ਠੀਕ ਮੰਨਿਆ ਜਾਂਦਾ ਹੈ। ਬੇਕਰੀ ਵਿਚ ਬਣੇ ਬਿਸਕੁਟ ਤਾਂ ਫੈਟ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਲਗਾਤਾਰ ਵਰਤੋਂ ਠੀਕ ਨਹੀਂ ਹੁੰਦੀ। ਕਦੀ-ਕਦੀ ਮਲਟੀਗ੍ਰੇਨ ਆਟੇ ਦਾ ਇਕ ਬਿਸਕੁਟ ਲੈ ਸਕਦੇ ਹੋ। ਮੇਰੀ ਬਿਸਕੁਟ ਜਾਂ ਅਰਾਰੋਟ ਤੋਂ ਬਣਿਆ ਬਿਸਕੁਟ ਘੱਟ ਕੈਲੋਰੀ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਕਰੋ।
* ਟੋਨਡ ਦੁੱਧ ਵਿਚ ਆਪਣੀ ਪਸੰਦ ਦੇ ਫਲ ਮਿਲਾ ਕੇ ਚਰਨ ਕਰ ਕੇ ਸੈੱਸ ਲੈ ਸਕਦੇ ਹੋ। ਧਿਆਨ ਰਹੇ ਦੁੱਧ ਟੋਨਡ ਹੀ ਹੋਵੇ। ਉਸ ਵਿਚ ਚੀਨੀ ਨਾ ਪਾ ਕੇ ਕੁਦਰਤੀ ਮਿਠਾਸ ਵਾਲੀ ਸਮੂਦੀ ਹੀ ਹੋਵੇ।
* ਚਾਹੋ ਤਾਂ ਟੋਂਡ ਦੁੱਧ ਤੋਂ ਬਣੇ ਦਹੀਂ ਦੀ ਵੀ ਵਰਤੋਂ ਕਰ ਸਕਦੇ ਹੋ। ਕੁਝ ਡ੍ਰਾਈ ਫਰੂਟਸ ਵੀ ਮਿਲਾ ਲਓ ਤਾਂ ਸਮੂਦੀ ਜ਼ਿਆਦਾ ਸਵਾਦੀ ਅਤੇ ਸਿਹਤਮੰਦ ਬਣ ਜਾਵੇਗੀ।
* ਬਾਜ਼ਾਰ ਵਿਚੋਂ ਤਿੰਨ ਚਾਰ ਤਰ੍ਹਾਂ ਦੇ ਬੀਜ ਲਓ ਅਤੇ ਉਨ੍ਹਾਂ ਨੂੰ ਮੱਠੀ ਅੱਗ 'ਤੇ ਸੇਕ ਲਓ ਜਾਂ ਬਿਨਾਂ ਘਿਓ ਜਾਂ ਤੇਲ ਨਾਲ ਭੁੰਨੋ, ਚਾਹੇ ਤਾਂ ਡ੍ਰਾਈ ਫਰੂਟ ਵੀ ਭੁੰਨ ਸਕਦੇ ਹੋ। ਠੰਢਾ ਹੋਣ 'ਤੇ ਹਲਕਾ ਜਿਹਾ ਸੇਂਧਾ ਨਮਕ ਪਾ ਕੇ ਸਨੈਕ ਦੇ ਰੂਪ ਵਿਚ ਖਾ ਸਕਦੇ ਹੋ। ਇਸੇ ਤਰ੍ਹਾਂ ਮਖਾਣੇ ਨੂੰ ਭੁੰਨ ਕੇ ਥੋੜ੍ਹਾ ਜਿਹਾ ਮੱਖਣ ਪਾ ਕੇ ਵੀ ਖਾ ਸਕਦੇ ਹੋ।
ਵਾਰ-ਵਾਰ ਖਾਓ ਪਰ ਥੋੜ੍ਹਾ-ਥੋੜ੍ਹਾ
ਅਜੀਤ ਡੈਸਕ
29-05-2026