04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਨੇਕਾਂ ਸਰੀਰਕ ਤਕਲੀਫ਼ਾਂ ਦੂਰ ਕਰਨ 'ਚ ਮਦਦਗਾਰ 'ਹਾਸਾ'

ਅਨੇਕਾਂ ਸਰੀਰਕ ਤਕਲੀਫ਼ਾਂ ਦੂਰ ਕਰਨ 'ਚ ਮਦਦਗਾਰ 'ਹਾਸਾ'

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

 

ਸਿਆਣਿਆਂ ਨੇ ਸਹੀ ਕਿਹਾ ਹੈ ਕਿ 'ਹਾਸਾ ਜੀਵਨ ਦੇ ਦੁੱਖਾਂ ਅਤੇ ਰੋਗਾਂ ਦਾ ਰਾਮਬਾਣ ਇਲਾਜ ਹੈ' | ਅਸਲ ਵਿਚ ਆਦਮੀ ਨੂੰ  ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਮਜ਼ਬੂਤ ਬਣਾਉਣ ਦਾ ਇਹ ਇਕ ਜ਼ਬਰਦਸਤ ਜ਼ਰੀਆ ਹੈ | ਵੈਸੇ ਵੀ ਹੱਸਦਾ ਜਾਂ ਮੁਸਕਰਾਉਂਦਾ ਚਿਹਰਾ ਹਰ ਇਨਸਾਨ ਨੂੰ  ਚੰਗਾ ਲੱਗਦਾ ਹੈ | ਬੰਦੇ ਦੇ ਸੱਜਣ-ਮਿੱਤਰ, ਰਿਸ਼ਤੇਦਾਰ ਅਤੇ ਘਰ ਪਰਿਵਾਰ ਆਦਿ ਦੇ ਸਾਰੇ ਹੀ ਲੋਕ ਹੱਸਦੇ-ਖਿੜਦੇ ਚਿਹਰੇ ਵੱਲ ਖਿੱਚੇ ਜਾਂਦੇ ਹਨ ਅਤੇ ਉਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਦੇ ਹਨ | ਖੁੱਲ੍ਹ ਕੇ ਹੱਸਣ ਨਾਲ ਤਾਜ਼ੀ ਹਵਾ ਫੇਫੜਿਆਂ ਵਿਚ ਦਾਿਖ਼ਲ ਹੁੰਦੀ ਹੈ ਅਤੇ ਗੰਧਲੀ ਹਵਾ ਬਾਹਰ ਨਿਕਲਦੀ ਹੈ, ਜਿਸ ਨਾਲ ਦਿਲ, ਫੇਫੜੇ ਅਤੇ ਮਾਸਪੇਸ਼ੀਆਂ ਤੰਦਰੁਸਤ ਰਹਿੰਦੇ ਹਨ | ਅਜਿਹਾ ਕਰਨ ਨਾਲ ਸਰੀਰਕ ਦੁੱਖ-ਤਕਲੀਫਾਂ ਘੱਟ ਜਾਂਦੀਆਂ ਹਨ ਅਤੇ ਮਨ ਚਿੰਤਾਵਾਂ ਤੋਂ ਦੂਰ ਰਹਿੰਦਾ ਹੈ | ਅਜੋਕੇ ਤਣਾਅ ਭਰੇ ਜੀਵਨ ਵਿਚ ਹਰੇਕ ਆਦਮੀ ਹਾਸੇ ਅਤੇ ਖ਼ੁਸ਼ੀ ਦੀ ਭਾਲ ਵਿਚ ਇੱਧਰ–ਉੱਧਰ ਭਟਕਦਾ ਫਿਰਦਾ ਹੈ | ਅਜਿਹੇ ਵਿਚ ਹੱਸਣ ਦਾ ਕੋਈ ਵੀ ਮੌਕਾ ਮਿਲਦਾ ਹੋਵੇ ਤਾਂ ਉਸ ਦਾ ਫ਼ਾਇਦਾ ਉਠਾ ਕੇ ਹਾਸੇ ਦੀ ਖ਼ੁਰਾਕ ਨੂੰ  ਜ਼ਰੂਰ ਹਾਸਿਲ ਕਰਨਾ ਚਾਹੀਦਾ ਹੈ | ਆਓ! ਜਾਣਦੇ ਹਾਂ ਕਿ ਹਾਸੇ ਤੋਂ ਸਾਨੂੰ ਕੀ ਫ਼ਾਇਦੇ ਹੋ ਸਕਦੇ ਹਨ? ਹੱਸਣ ਨਾਲ ਗੁੱਸਾ, ਤਣਾਅ ਅਤੇ ਸਵੈ–ਦੋਸ਼ ਦੀ ਭਾਵਨਾ ਜਿਹੇ ਨਾਂਹ-ਮੁਖੀ ਵਿਚਾਰ ਮਨ ਤੋਂ ਦੂਰ ਰਹਿੰਦੇ ਹਨ | ਖੁੱਲ੍ਹ ਕੇ ਹੱਸਣ ਨਾਲ ਫੇਫੜਿਆਂ ਦੀ, ਸੀਨੇ ਦੇ ਪੱਠਿਆਂ ਦੀ ਅਤੇ ਮੋਢਿਆਂ ਦੀ ਕਸਰਤ ਹੁੰਦੀ ਹੈ ਅਤੇ ਇਨ੍ਹਾਂ ਦੀ ਥਕਾਵਟ ਲਹਿ ਜਾਂਦੀ ਹੈ ਅਤੇ ਚਿੱਤ ਵੀ ਹਲਕਾ–ਫੁਲਕਾ ਰਹਿੰਦਾ ਹੈ | ਫੇਫੜਿਆਂ ਵਿਚ ਤਾਜ਼ੀ ਹਵਾ ਪੂਰੇ ਦਬਾਅ ਨਾਲ ਜਾਣ ਕਰਕੇ ਫੇਫੜੇ ਮਜ਼ਬੂਤ ਬਣਦੇ ਹਨ, ਜਿਸ ਨਾਲ ਸਾਹ ਦੇ ਰੋਗਾਂ ਨਾਲ ਲੜਨ ਵਿਚ ਸਹਾਇਤਾ ਮਿਲਦੀ ਹੈ | ਹੱਸਣ ਨਾਲ ਤੁਹਾਡੇ ਆਲੇ-ਦੁਆਲੇ ਦੇ ਲੋਕ ਸਹਿਜੇ ਹੀ ਤੁਹਾਡੇ ਵੱਲ ਆਕਰਸ਼ਿਤ ਹੋ ਜਾਂਦੇ ਹਨ, ਜਿਸ ਨਾਲ ਸਮਾਜ ਵਿਚ ਤੁਹਾਡੇ ਰਿਸ਼ਤੇ ਗਰਮ–ਜੋਸ਼ੀ ਵਾਲੇ ਬਣੇ ਰਹਿੰਦੇ ਹਨ | ਹੱਸਣ ਨਾਲ ਸਰੀਰ ਵਿਚਲੀ ਵਾਧੂ ਊਰਜਾ (ਵਾਧੂ ਕੈਲਰੀਜ਼) ਖ਼ਰਚ ਹੋਣ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ | ਸੱਜਣਾਂ-ਮਿੱਤਰਾਂ ਨਾਲ ਮਿਲ-ਜੁਲ ਕੇ ਹੱਸਣ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ | ਇਸ ਨਾਲ ਮਨੁੱਖ ਦਾ ਆਤਮ ਵਿਸ਼ਵਾਸ ਵਧਦਾ ਹੈ | ਘਰ ਵਿਚ ਹਾਸੇ–ਠੱਠੇ ਵਾਲਾ ਵਾਤਾਵਰਨ ਬਣਾਈ ਰੱਖਣ ਨਾਲ ਪਰਿਵਾਰ ਦੇ ਜੀਆਂ ਵਿਚ ਸਨੇਹ ਭਰਪੂਰ ਘਰੇਲੂ ਰਿਸ਼ਤੇ ਬਰਕਰਾਰ ਰਹਿੰਦੇ ਹਨ | ਮਾਹਿਰਾਂ ਵਲੋਂ ਕੀਤੇ ਗਏ ਇਕ ਸਰਵੇ ਅਨੁਸਾਰ ਹਾਸਾ ਆਦਮੀ ਦੀ ਯਾਦ ਸ਼ਕਤੀ ਨੂੰ  ਵਧਾਉਂਦਾ ਹੈ | ਹੱਸਣ ਨਾਲ ਸਰੀਰਕ ਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ | ਹੱਸਣ ਨਾਲ ਤਣਾਅ ਨਾਲ ਸੰਬੰਧਿਤ ਹਾਰਮੋਨ ਘੱਟ ਪੈਦਾ ਹੁੰਦੇ ਹਨ ਅਤੇ ਟੀ (T) ਸੈੱਲ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੇ ਹਨ, ਜੋ ਸਾਡੀ ਰੋਗ ਰੋਕੂ ਸਮਰੱਥਾ ਨੂੰ  ਵਧਾਉਂਦੇ ਹਨ | ਏਡਜ਼ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਰੋਗੀਆਂ ਦੇ ਹੱਸਣ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ | ਹਾਸਾ ਇਕ ਕੁਦਰਤੀ ਪੀੜਨਾਸ਼ਕ ਵੀ ਹੈ ਇਸ ਲਈ ਸਰੀਰਕ ਦਰਦਾਂ ਨੂੰ  ਘੱਟ ਕਰਦਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਹੱਸਣ ਨਾਲ ਸਰੀਰ ਦੇ ਸਾਰੇ ਪੱਠੇ ਭਾਵ ਮਾਸ ਪੇਸ਼ੀਆਂ ਸ਼ਾਂਤ ਅਤੇ ਤਣਾਅ ਮੁਕਤ ਰਹਿੰਦੀਆਂ ਹਨ, ਜਿਸ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਸੋਜਾਂ ਤੋਂ ਉਪਜਦੀਆਂ ਪੀੜਾਂ ਨੂੰ  ਆਰਾਮ ਮਿਲਦਾ ਹੈ | ਖੁੱਲ੍ਹ ਕੇ ਹੱਸਣ ਨਾਲ ਦਿਲ ਦੀ ਮਾਸਪੇਸ਼ੀਆਂ ਨੂੰ  ਖ਼ੂਨ ਦੀ ਪੂਰਤੀ ਨਿਰਵਿਘਨ ਹੁੰਦੀ ਰਹਿੰਦੀ ਹੈ, ਜਿਸ ਨਾਲ ਉਸ ਨੂੰ  ਭੋਜਨ ਅਤੇ ਆਕਸੀਜਨ ਭਰਪੂਰ ਮਾਤਰਾ ਵਿਚ ਮਿਲਦੇ ਰਹਿੰਦੇ ਹਨ ਅਤੇ ਦਿਲ ਤੰਦਰੁਸਤ ਰਹਿੰਦਾ ਹੈ | ਖੁੱਲ੍ਹ ਕੇ ਹੱਸਣ ਨਾਲ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ | ਮਨੁੱਖ ਦੁਆਰਾ ਖੁੱਲ੍ਹ ਕੇ ਹੱਸਣ ਨਾਲ ਉਸ ਨੂੰ  ਗੂੜ੍ਹੀ ਨੀਂਦ ਆਉਂਦੀ ਹੈ ਅਤੇ ਅਗਲੇ ਦਿਨ ਉਹ ਦਿਨ ਭਰ ਖਿੜਿਆ-ਖਿੜਿਆ ਰਹਿੰਦਾ ਹੈ | ਹੱਸਮੁੱਖ ਵਿਅਕਤੀ ਜ਼ਿੰਦਗੀ ਵਿਚ ਲੰਮਾ ਸਮਾਂ ਜਵਾਨ ਰਹਿੰਦਾ ਅਤੇ ਉਸ ਉੱਤੇ ਬੁਢਾਪਾ ਜਲਦੀ ਨਹੀਂ ਆਉਂਦਾ ਹੈ | 
ਲਾਫ਼ਟਰ ਥੈਰਾਪੀ: ਲਾਫ਼ਟਰ ਥੈਰਾਪੀ ਤੋਂ ਭਾਵ ਹੈ ਲੰਮੇ–ਲੰਮੇ ਸਾਹ ਲੈਂਦਿਆਂ ਤਾੜੀਆਂ ਮਾਰ–ਮਾਰ ਕੇ ਅਤੇ ਜਾਣ–ਬੁਝ ਕੇ ਅਤੇ ਖੁੱਲ੍ਹ ਕੇ ਭਾਵ ਜ਼ੋਰ–ਜ਼ੋਰ ਨਾਲ ਹੱਸਣਾ | ਇਸ ਹਾਸੇ ਦੌਰਾਨ ਲੋਕ ਇਕੱਠੇ ਬੈਠ ਕੇ ਅਤੇ ਹਲਕੇ–ਫੁਲਕੇ ਮਾਹੌਲ ਵਿਚ ਇਕ-ਦੂਜੇ ਨੂੰ  ਮਜ਼ਾਕੀਆ ਗੱਲਾਂ–ਬਾਤਾਂ ਕਰਦੇ ਹਨ | ਹਾਸਾ ਸਾਡੇ ਦਿਮਾਗ਼ 'ਤੇ ਪਏ ਦਬਾਅ ਨੂੰ  ਘਟਾਉਂਦਾ ਹੈ | ਹਾਸੇ ਨਾਲ ਆਕਸੀਜਨ ਨਾਲ ਭਰਪੂਰ ਤਾਜ਼ੀ ਹਵਾ ਫੇਫੜਿਆਂ ਅੰਦਰ ਜਾਂਦੀ ਹੈ ਅਤੇ ਸਾਡੇ ਦਿਲ, ਫੇਫੜਿਆਂ ਅਤੇ ਸਰੀਰ ਦੇ ਸਮੂਹ ਅੰਗਾਂ ਨੂੰ  ਤਰੋਤਾਜ਼ਾ ਕਰ ਦਿੰਦੀ ਹੈ | ਮੌਜ–ਮਸਤੀ ਭਰਿਆ ਹਾਸਾ ਤਣਾਅ ਨੂੰ  ਘਟਾਅ ਕੇ ਦਿਲ ਦੀ ਧੜਕਣ ਅਤੇ ਬਲੱਡ ਪਰੈਸ਼ਰ ਨੂੰ  ਘੱਟ ਕਰਦਾ ਹੈ | ਹਾਸੇ ਨਾਲ ਦਿਮਾਗ਼ ਦੀਆਂ ਨਸਾਂ ਉੱਤੇ ਪਿਆ ਖਿਚਾਅ ਘੱਟ ਜਾਂਦਾ ਹੈ, ਜਿਸ ਨਾਲ ਸਾਡਾ ਸਰੀਰ ਸ਼ਾਂਤ ਹੋ ਜਾਂਦਾ ਹੈ | 
ਚਿਰਕਾਲੀ ਜਾਂ ਲੰਮੇ ਸਮੇਂ ਦੇ ਪ੍ਰਭਾਵ: ਹਾਸੇ ਦੇ ਸਾਡੇ ਸਰੀਰ ਉੱਤੇ ਉਪਰ ਦੱਸੇ ਨਿੱਕੇ–ਨਿੱਕੇ ਪ੍ਰਭਾਵਾਂ ਤੋਂ ਇਲਾਵਾ ਇਸ ਦੇ ਸਾਡੇ ਜੀਵਨ ਵਿਚ ਲੰਮੇ ਸਮੇਂ ਦੇ ਪ੍ਰਭਾਵ ਵੀ ਵੇਖਣ ਨੂੰ  ਮਿਲਦੇ ਹਨ | 
ਰੋਗ ਰੋਕੂ ਪ੍ਰਣਾਲੀ ਦਾ ਮਜ਼ਬੂਤ ਹੋਣਾ: ਜਿੱਥੇ ਨਾਂਹ–ਪੱਖੀ ਵਿਚਾਰ ਆਦਮੀ ਦੇ ਸਰੀਰ ਵਿਚ ਤਣਾਅ ਪੈਦਾ ਕਰਕੇ ਬਿਮਾਰੀਆਂ ਲਗਾਉਂਦੇ ਹਨ, ਉੱਥੇ ਹੀ ਹਾਂ–ਪੱਖੀ ਵਿਚਾਰ ਦਿਮਾਗ਼ 'ਚੋਂ ਅਜਿਹੇ ਰਸਾਇਣ ਪੈਦਾ ਕਰਦੇ ਹਨ, ਜੋ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ  ਮਜ਼ਬੂਤ ਕਰਕੇ ਬਿਮਾਰੀਆਂ ਨੂੰ  ਘੱਟ ਕਰਨ ਵਿਚ ਸਹਾਈ ਹੁੰਦੇ ਹਨ | ਇਸ ਤਰ੍ਹਾਂ ਹਾਸੇ ਦੌਰਾਨ ਪੈਦਾ ਹੋਈ ਉਸਾਰੂ ਊਰਜਾ ਸਰੀਰ ਦੇ ਸਮੂਹ ਅੰਗਾਂ ਨੂੰ  ਉਤਸ਼ਾਹਿਤ ਕਰਕੇ ਇਸ ਦੇ ਕਣ–ਕਣ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਭਰ ਦਿੰਦੀ ਹੈ | ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਸਣ ਨਾਲ ਸਰੀਰ ਵਿਚ ਦਰਦ ਘਟਾਉਣ ਵਾਲੇ ਰਸਾਇਣ ਕੁਦਰਤੀ ਤੌਰ 'ਤੇ ਪੈਦਾ ਹੁੰਦੇ ਹਨ | 
ਹੱਸਣ ਨਾਲ ਆਦਮੀ ਦੀ ਸੰਕਟਮਈ ਹਾਲਾਤਾਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ | ਹਾਸਾ ਦੂਜੇ ਲੋਕਾਂ ਨਾਲ ਤਾਲਮੇਲ ਬਣਾਉਣ ਵਿਚ ਵੀ ਸਹਾਈ ਹੁੰਦਾ ਹੈ | ਹਾਸਾ ਆਦਮੀ ਦੀ ਚਿੰਤਾ ਨੂੰ  ਘਟਾਅ ਕੇ ਮਨੁੱਖ ਦੇ ਆਤਮ–ਸਨਮਾਨ ਨੂੰ  ਚੜ੍ਹਦੀ ਕਲਾ ਵਿਚ ਰੱਖਦਾ ਹੈ | 
ਇਕ ਸਰਵੇ ਵਿਚ ਵੇਖਿਆ ਗਿਆ ਹੈ ਕਿ 10 ਤੋਂ 15 ਮਿੰਟਾਂ ਲਈ ਹੱਸਣ ਨਾਲ ਸਰੀਰ ਦੀ 40 ਕਲੋਰੀਆਂ ਦੇ ਬਰਾਬਰ ਚਰਬੀ ਘੱਟ ਜਾਂਦੀ ਹੈ | ਇਸ ਤਰ੍ਹਾਂ ਜੋ ਕੰਮ ਅਸੀਂ ਜਿੰਮ ਜਾ ਕੇ ਅਤੇ ਪੈਸੇ ਖਰਚ ਕੇ ਕਰਦੇ ਹਾਂ ਉਹ ਮਹਿਜ਼ ਹੱਸਣ ਨਾਲ ਵੀ ਹੋ ਸਕਦਾ ਹੈ | 
ਹਾਸਾ ਆਦਮੀ ਦੇ ਗੁੱਸੇ ਨੂੰ  ਵੀ ਘੱਟ ਕਰਦਾ ਹੈ | ਮੰਨ ਲਓ ਕਿਸੇ ਆਦਮੀ ਦੀ ਦੂਜੇ ਆਦਮੀ ਨਾਲ ਕਿਸੇ ਵਿਸ਼ੇ 'ਤੇ ਗਰਮਾ–ਗਰਮ ਬਹਿਸ ਹੁੰਦੀ ਹੋਵੇ ਤਾਂ ਉਸੇ ਵਿਸ਼ੇ ਨੂੰ  ਮਜ਼ਾਕੀਆਂ ਬਣਾਉਣ ਨਾਲ ਦੋਵੇਂ ਪਾਸਿਓਾ ਗੁੱਸਾ ਆਪਣੇ-ਆਪ ਘੱਟ ਜਾਂਦਾ ਹੈ ਅਤੇ ਲੜਾਈ-ਝਗੜੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ | 
ਨਾਰਵੇ ਵਿਚ ਕੀਤੇ ਗਏ ਇਕ ਸਰਵੇ ਵਿਚ ਵੇਖਿਆ ਗਿਆ ਹੈ ਕਿ ਹਾਸਾ–ਠੱਠਾ ਕਰਨ ਵਾਲੇ ਲੋਕ ਗੰਭੀਰ ਅਤੇ ਚਿੰਤਾ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਲੰਮਾ ਸਮਾਂ ਜਿਊਾਦੇ ਹਨ ਅਤੇ ਸਿਹਤ ਪੱਖੋਂ ਵੀ ਵਧੇਰੇ ਤੰਦਰੁਸਤ ਹੁੰਦੇ ਹਨ | 
ਹਾਸਾ–ਠੱਠਾ ਕਰਨ ਵਾਲੇ ਲੋਕਾਂ ਦੇ ਸਮਾਜਿਕ ਰਿਸ਼ਤੇ ਵੀ ਵਧੀਆ ਹੁੰਦੇ ਹਨ | ਉਹ ਆਪਣੇ ਸਹਿਯੋਗੀਆਂ ਨਾਲ ਬਿਹਤਰ ਤਾਲਮੇਲ ਬਣਾਉਣ ਦੇ ਸਮਰੱਥ ਹੁੰਦੇ ਹਨ | ਉਨ੍ਹਾਂ ਦੇ ਨੇੜੇ ਆਉਣ ਵਾਲਾ ਕੋਈ ਵੀ ਵਿਅਕਤੀ ਉਨ੍ਹਾਂ ਵੱਲ ਆਪਣੇ–ਆਪ ਖਿੱਚਿਆ ਜਾਂਦਾ ਹੈ | ਇਸ ਲਈ ਅਜਿਹੇ ਲੋਕ ਮਜ਼ਬੂਤ ਸਮਾਜਿਕ ਰਿਸ਼ਤੇ ਕਾਇਮ ਕਰਨ ਦੇ ਕਾਬਿਲ ਹੁੰਦੇ ਹਨ | ਅਜਿਹੇ ਲੋਕ ਭਾਈਚਾਰੇ ਵਿਚ ਤਣਾਅ ਭਰੇ ਮਾਹੌਲ ਨੂੰ  ਵੀ ਹਾਸੇ–ਠੱਠੇ ਨਾਲ ਹਲਕੇ–ਫੁਲਕੇ ਵਾਤਾਵਰਨ ਵਿਚ ਬਦਲ ਕੇ ਸੰਭਾਵੀ ਲੜਾਈ–ਝਗੜੇ ਨੂੰ  ਟਾਲ ਦਿੰਦੇ ਹਨ | ਹਾਸਾ–ਠੱਠਾ ਆਦਮੀ ਦੇ ਦਿ੍ਸ਼ਟੀਕੋਣ ਨੂੰ  ਵੀ ਬਦਲ ਦਿੰਦਾ ਹੈ | ਮਜ਼ਾਕੀਆ ਸੁਭਾਅ ਵਾਲਾ ਆਦਮੀ ਪ੍ਰਸਥਿਤੀਆਂ ਨੂੰ  ਵਿਹਾਰਕ ਢੰਗ ਨਾਲ ਵੇਖਦਾ ਹੈ, ਜਿਸ ਨਾਲ ਉਸ ਨੂੰ  ਕਿਸੇ ਗੰਭੀਰ ਸਮੱਸਿਆ ਦਾ ਹੱਲ ਲੱਭਣ ਵਿਚ ਆਸਾਨੀ ਰਹਿੰਦੀ ਹੈ | 
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ | 

Ad Position 22
No active advertisement
ਪਿਛਲੀ ਖ਼ਬਰ ਰੋਗਮੁਕਤ ਹੋਣ ਲਈ 'ਰੋਗ-ਪ੍ਰਤੀਕਾਰਕ ਸ਼ਕਤੀ' ਪਛਾਣੋ ਅਗਲੀ ਖ਼ਬਰ ਹਾਈ ਬਲੱਡ ਪ੍ਰੈੱਸ਼ਰ ਵਿਚ ਫ਼ਾਇਦੇਮੰਦ
Ad Position 24