ਪ੍ਰੌੜ੍ਹ ਅਵਸਥਾ ਦੇ ਲੱਛਣ ਦੇਖ ਕੇ ਹਰ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ | ਉਹ ਜਵਾਨੀ ਦਾ ਪੱਲਾ ਫੜ੍ਹੀ ਰੱਖਣ ਦੀ ਲੋਚਾ ਵਿਚ ਵੈਦਾਂ ਅਤੇ ਨੀਮ-ਹਕੀਮਾਂ ਦੇ ਨੁਸਖਿਆਂ ਨੂੰ ਅਜਮਾਉਣ ਲਈ ਉਨ੍ਹਾਂ ਦੇ ਚੱਕਰ ਲਗਾਉਣ ਲਗਦੇ ਹਨ ਤਾਂ ਕਿ ਬੁਢਾਪੇ ਵਿਚ ਵੀ ਉਹ ਸਿਹਤਮੰਦ ਤੇ ਸੁਡੋਲ ਬਣੇ ਰਹਿ ਸਕਣ | ਬੁਢਾਪਾ ਇਕਦਮ ਨਹੀਂ ਆਉਂਦਾ | ਇਹ ਪ੍ਰਕਿਰਿਆ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਹੈ | ਇਸ ਦੌਰਾਨ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਲੱਖਾਂ ਸੂਖਮ ਬਦਲਾਅ ਆਉਂਦੇ ਹਨ | ਉਨ੍ਹਾਂ ਵਿਚੋਂ ਕੁਝ ਤਾਂ ਸਾਨੂੰ ਸਪੱਸ਼ਟ ਦਿਖਾਈ ਦਿੰਦੇ ਹਨ ਜਿਵੇਂ ਚਮੜੀ 'ਤੇ ਝੁਰੜੀਆਂ, ਵਾਲਾਂ ਵਿਚ ਸਫੈਦੀ, ਮਾਸਪੇਸ਼ੀਆਂ ਵਿਚ ਢਿੱਲਾਪਨ ਆਉਣ ਲਗਣਾ ਆਦਿ |
ਕਈ ਖੋਜੀਆਂ ਦੀ ਰਾਇ ਹੈ ਕਿ ਦਵਾਈਆਂ ਤੇ ਆਪ੍ਰੇਸ਼ਨ ਤੋਂ ਬਿਨਾਂ ਵੀ ਆਪਣੇ ਸਰੀਰ ਨੂੰ ਸਿਹਤਮੰਦ, ਸੁੰਦਰ, ਸੁਡੋਲ ਤੇ ਨਿਰੋਗੀ ਰੱਖਿਆ ਜਾ ਸਕਦਾ ਹੈ ਭਾਵ ਬੁਢਾਪੇ ਦੇ ਆਗਮਨ ਦੀ ਗਤੀ ਨੂੰ ਹੌਲੀ ਕਰਕੇ ਲੰਮੀ ਉਮਰ ਤੱਕ ਜਵਾਨ ਰਿਹਾ ਜਾ ਸਕਦਾ ਹੈ | ਇਸ ਲਈ ਸਾਨੂੰ ਵਿਗਿਆਨੀਆਂ ਦੇ ਦੱਸੇ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ |
ਕਸਰਤ : ਹਰ ਰੋਜ਼ ਹਲਕੀ ਕਸਰਤ ਕਰੋ | ਸਵੇਰੇ ਲੰਮੀ ਸੈਰ ਸਰੀਰ ਨੂੰ ਸ਼ਕਤੀ ਤੇ ਚੁਸਤੀ, ਫੁਰਤੀ ਪ੍ਰਦਾਨ ਕਰਦੀ ਹੈ | ਕਸਰਤ ਨਾਲ ਸਾਡਾ ਸਰੀਰ ਸਿਹਤਮੰਦ, ਸੁਡੋਲ ਤੇ ਲਚੀਲਾ ਬਣਦਾ ਹੈ | ਇਹ ਹਾਜ਼ਮਾ ਕਿਰਿਆ ਨੂੰ ਠੀਕ ਕਰਦਾ ਹੈ ਤੇ ਖੂਨ ਪ੍ਰਵਾਹ ਨੂੰ ਸਾਧਾਰਨ ਬਣਾ ਕੇ ਸਰੀਰ ਨੂੰ ਨਿਰੋਗੀ ਰੱਖਦਾ ਹੈ | ਇਸ ਨਾਲ ਫੇਫੜਿਆਂ ਤੇ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ | ਖੁੱਲ੍ਹੀ ਹਵਾ ਵਿਚ ਕਸਰਤ ਕਰਨ ਨਾਲ ਗ਼ੈਰ-ਜ਼ਰੂਰੀ ਕੈਲੋਰੀ ਭਸਮ ਹੁੰਦੀ ਹੈ | ਵਾਧੂ ਚਰਬੀ ਘੁਲ ਜਾਂਦੀ ਹੈ | ਸਭ ਤੋਂ ਵੱਡਾ ਲਾਭ ਇਹ ਕਿ ਦਿਲ ਦੇ ਦੌਰੇ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਰਹਿ ਜਾਂਦੀਆਂ ਅਤੇ ਦਿਲ ਨੂੰ ਬਲ ਮਿਲਦਾ ਹੈ |
ਸੂਰਜ ਇਸ਼ਨਾਨ : ਧਰਤੀ 'ਤੇ ਸੂਰਜ ਦੀਆਂ ਕਿਰਨਾਂ ਦੇ ਵਿਗਿਆਨਿਕ ਮਹੱਤਵ ਦੀ ਜਾਣਕਾਰੀ ਹਾਸਿਲ ਕਰਨ ਵਾਲੇ ਸਭ ਤੋਂ ਪਹਿਲਾਂ ਭਾਰਤੀ ਹੀ ਸਨ | ਇਥੋਂ ਹੀ ਯੂਨਾਨ ਅਤੇ ਸਾਰੇ ਵਿਸ਼ਵ ਨੇ ਇਸ ਦੇ ਮਹੱਤਵ ਨੂੰ ਸਮਝਿਆ | ਇਸ ਨਾਲ ਅਣਗਿਣਤ ਰੋਗਾਂ ਦਾ ਇਲਾਜ ਹੁੰਦਾ ਹੈ | ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ | ਸਰੀਰ ਨੂੰ ਵਿਟਾਮਿਨ ਡੀ ਹਾਸਿਲ ਹੁੰਦਾ ਹੈ |
ਧੁੱਪ ਵਿਚ ਨੰਗੇ ਤਨ ਜ਼ਿਆਦਾ ਦੇਰ ਬੈਠਣਾ ਸਹੀ ਨਹੀਂ ਹੁੰਦਾ | ਸੂਰਜ ਦੀ ਰੌਸ਼ਨੀ ਸੁੰਦਰਤਾ ਵਿਚ ਵਾਧੇ ਲਈ ਅਤਿ ਪ੍ਰਭਾਵਸ਼ਾਲੀ 'ਟਾਨਿਕ' ਵੀ ਹੈ | ਇਸ ਨਾਲ ਖੂਨ ਵਿਚ ਫਾਸਫੋਰਸ, ਆਇਓਡੀਨ, ਕੈਲਸ਼ੀਅਮ ਅਤੇ ਲੋਹਾ ਵਰਗੇ ਜ਼ਰੂਰੀ ਤੱਤਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾਉਣ ਦੀ ਸ਼ਕਤੀ ਪੈਦਾ ਹੁੰਦੀ ਹੈ |
ਤਣਾਅਮੁਕਤ ਜੀਵਨ : ਕਈ ਰੋਗਾਂ ਦੀ ਜੜ੍ਹ ਮਾਨਸਿਕ ਤਣਾਅ ਨੂੰ ਹੀ ਸਮਝਿਆ ਜਾਂਦਾ ਹੈ | ਖ਼ੁਦ ਨੂੰ ਸ਼ਕਤੀਸ਼ਾਲੀ ਰੱਖਣ ਦਾ ਅਭਿਆਸ ਕਰੋ, ਲੰਮੀ ਸੈਰ ਕਰੋ ਤੇ ਖੁੱਲ੍ਹੀ ਹਵਾ ਵਿਚ ਡੂੰਘੇ ਸਾਹ ਲਓ | ਇਸ ਨਾਲ ਮਾਸਪੇਸ਼ੀਆਂ ਦੀ ਜਕੜਨ ਦੂਰ ਹੋ ਜਾਵੇਗੀ | ਖ਼ੁਦ ਨੂੰ ਰੁਝੇਵੇਂ 'ਚ ਰੱਖੋ | ਖਾਲੀ ਸਮੇਂ ਵਿਚ ਆਪਣੀਆਂ ਰੁਚੀਆਂ ਨੂੰ ਵਿਕਸਿਤ ਕਰੋ | ਉੱਤਮ ਸਾਹਿਤ ਪੜ੍ਹੋ, ਮਿੱਠਾ ਸੰਗੀਤ ਸੁਣੋ, ਬਾਗ਼ਬਾਨੀ ਕਰੋ, ਦੋਸਤਾਂ, ਜਾਣੂਆਂ ਨੂੰ ਮਿਲੋ | ਇਕੱਲੇ ਰਹਿਣ ਨਾਲ ਚਿੰਤਾਵਾਂ ਘੇਰ ਲੈਂਦੀਆਂ ਹਨ | ਚਿੰਤਾ ਮੁਕਤ ਰਹੋ | ਮਨ ਪ੍ਰਫੁੱਲਿਤ ਰਹੇਗਾ ਤੇ ਤਣਾਅ ਦੇ ਬੱਦਲ ਲੰਘ ਜਾਣਗੇ |
ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਦੇ ਆਦੀ ਹੋ ਤਾਂ ਉਨ੍ਹਾਂ ਨੂੰ ਤਿਆਗ ਦੇਣਾ ਹੀ ਤੁਹਾਡੇ ਹਿਤ ਵਿਚ ਹੈ | ਨਸ਼ੇ ਨਾਲ ਸਰੀਰ 'ਤੇ ਝੁਰੜੀਆਂ ਵੀ ਪੈ ਜਾਂਦੀਆਂ ਹਨ | ਵਿਅਕਤੀ ਉਨੀਂਦਰਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ | ਬੁਢਾਪੇ ਵੱਲ ਤੇਜ਼ ਰਫ਼ਤਾਰ ਨਾਲ ਵਧਦਾ ਹੈ | ਇਨ੍ਹਾਂ ਦਾ ਤਿਆਗ ਕਰਨਾ ਹੀ ਹਿਤਕਾਰੀ ਹੋਵੇਗਾ |
ਕਸਰਤ, ਯੋਗ ਆਸਣ, ਸਵੇਰ ਦੀ ਸੈਰ ਤੇ ਮਿਹਨਤ ਚੰਗੀ ਨੀਂਦ ਆਉਣ ਵਿਚ ਮਦਦ ਕਰਦੇ ਹਨ | ਦਿਨ ਵਿਚ ਝਪਕੀਆਂ ਲੈਣ ਦੀ ਆਦਤ ਤੇ ਗ਼ੈਰ-ਜ਼ਰੂਰੀ ਦਵਾਈਆਂ ਦੀ ਵਰਤੋਂ ਨਾਲ ਵੀ ਮਿੱਠੀ ਨੀਂਦ ਆਉਣ ਵਿਚ ਰੁਕਾਵਟ ਆਉਂਦੀ ਹੈ | ਨਸ਼ੇ ਤੋਂ ਦੂਰ ਰਹੋ | ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ਪੀਓ |
ਵਿਆਹੁਤਾ ਜੀਵਨ ਲਈ ਮਿੱਠੇ ਸੰਬੰਧ ਬਣਾਈ ਰੱਖੋ | ਚਿੰਤਾਮੁਕਤ ਤੇ ਖੁਸ਼ਚਿਤ ਰਹੋ | ਸੌਣ ਤੋਂ ਪਹਿਲਾਂ ਗਰਮੀਆਂ ਵਿਚ ਠੰਢੇ ਪਾਣੀ ਨਾਲ ਤੇ ਸਰਦੀਆਂ ਵਿਚ ਕੋਸੇ ਪਾਣੀ ਨਾਲ ਹੱਥ ਮੂੰਹ ਧੋ ਕੇ ਸੌਂਵੋਂ | ਚੰਗੀ ਨੀਂਦ ਆਵੇਗੀ | ਇਸ ਨਾਲ ਤੁਹਾਡਾ ਮਨ ਉਮੰਗਾਂ ਨਾਲ ਭਰਿਆ ਰਹੇਗਾ ਅਤੇ ਛੋਟੇ-ਮੋਟੇ ਰੋਗ ਭੱਜ ਜਾਣਗੇ |