ਇਕ ਖੋਜ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਕੌਫ਼ੀ ਦੀ ਵਰਤੋਂ ਕਰਨ ਨਾਲ ਬਾਂਝਪਨ ਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ | ਦਰਅਸਲ ਕੌਫ਼ੀ ਵਿਚ ਕੁਝ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜੋ ਬਹੁਤ ਤੇਜ਼ ਹੁੰਦੇ ਹਨ | ਲਿਹਾਜ਼ਾ ਜ਼ਿਆਦਾ ਕੌਫ਼ੀ ਪੀਣ ਨਾਲ ਉਹ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਸਭ ਝਿਲੀਆਂ ਤੇ ਛੋਟੇ ਅੰਗਾਂ ਨੂੰ ਖੋਰਨ ਦੀ ਤਾਕਤ ਵੀ ਰੱਖਦੇ ਹਨ |
ਦਿਨ ਵਿਚ ਕਈ ਵਾਰ ਕੌਫ਼ੀ ਪੀਣ ਨਾਲ ਸਿਹਤ ਵਿਗੜ ਸਕਦੀ ਹੈ, ਜਿਸ ਨਾਲ ਓਸਟੀਓਪੋਰੋਸਿਸ ਅਤੇ ਵਿਸ਼ੇਸ਼ ਕਰਕੇ ਔਰਤਾਂ ਵਿਚ ਬਾਂਝਪਨ ਹੋਣ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ | ਉਕਤ ਨਵੀਆਂ ਖੋਜਾਂ ਵਿਚ ਜੋ ਗਰਭਵਤੀ ਔਰਤਾਂ ਹਰ ਰੋਜ਼ ਚਾਰ ਕੱਪ ਤੋਂ ਜ਼ਿਆਦਾ ਕੌਫ਼ੀ ਪੀਂਦੀਆਂ ਸਨ, ਉਨ੍ਹਾਂ ਵਿਚ ਗਰਭਪਾਤ ਹੋਣ ਦੀ ਸੰਭਾਵਨਾ ਕੌਫ਼ੀ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਪਾਈ ਗਈ | ਏਨਾ ਹੀ ਨਹੀਂ, ਸਗੋਂ ਬਹੁਤ ਜ਼ਿਆਦਾ ਕੌਫ਼ੀ ਦੀ ਵਰਤੋਂ ਵਿਟਾਮਿਨਾਂ ਤੇ ਖਣਿਜਾਂ ਨੂੰ ਵੀ ਖ਼ਤਮ ਕਰ ਦਿੰਦੀ ਹੈ, ਨਤੀਜੇ ਵਜੋਂ ਓਸਟੀਓਪੋਰੋਸਿਸ ਦੀ ਸੰਭਾਵਨਾ ਵਧਾਉਂਦੀ ਹੈ | ਉਂਝ ਇਕ ਹੱਦ ਤੱਕ ਕੌਫ਼ੀ ਤੇ ਚਾਹ ਵਗੈਰਾ ਪੀਣਾ ਕੋਈ ਜ਼ਹਿਰ ਪੀਣ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਪਰ ਇਸ ਦਾ ਆਦੀ ਹੋ ਜਾਣਾ ਅਤੇ ਇਕ ਦਿਨ ਵਿਚ ਤਿੰਨ ਚਾਰ ਵਾਰ ਜਾਂ ਇਸ ਤੋਂ ਜ਼ਿਆਦਾ ਵਾਰ ਇਸ ਦੀ ਵਰਤੋਂ ਕਰਨੀ ਨਾ ਸਿਰਫ਼ ਸਿਹਤ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਤੇ ਜਨਮ ਦੇ ਲਿਹਾਜ਼ ਨਾਲ ਖ਼ਤਰਨਾਕ ਹੋ ਸਕਦੀ ਹੈ |