ਚੀਨੀ ਨੂੰ ਸਿਹਤ ਲਈ ਬਹੁਤ ਹਾਨੀਕਾਰਕ ਸਮਝਿਆ ਜਾਂਦਾ ਹੈ, ਇਸ ਲਈ ਬਹੁਤ ਸਾਰੇ ਲੋਕ ਚੀਨੀ ਦੇ ਬਦਲਵੇਂ ਪਦਾਰਥਾਂ ਦੀ ਵਰਤੋਂ ਕਰਦੇ ਰਹਿੰਦੇ ਹਨ | ਬਹੁਤ ਸਾਰੇ ਲੋਕ ਵਜ਼ਨ ਘੱਟ ਕਰਨ ਲਈ ਵੀ ਚੀਨੀ ਦੀ ਵਰਤੋਂ ਨਾ ਕਰਕੇ ਉਨ੍ਹਾਂ ਦੀ ਥਾਂ 'ਤੇ ਕਿਸੇ ਹੋਰ ਸਵੀਟਨਰ ਵਰਗੇ ਸਕ੍ਰੀਨ, ਅਸਪਰਟਮ, ਸਕਰਾਲੋਜ ਆਦਿ ਦੀ ਵਰਤੋਂ ਕਰਦੇ ਹਨ, ਪਰ ਇਹ ਸਭ ਬਦਲ ਵਰਤਣ ਵਿਚ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਨ੍ਹਾਂ ਦੀ ਅਸੀਮਿਤ ਵਰਤੋਂ ਸਿਹਤ ਲਈ ਖ਼ਤਰਨਾਕ ਸਿੱਧ ਹੋ ਸਕਦੀ ਹੈ |
ਵਿਸ਼ੇਸ਼ ਕਰਕੇ ਬਹੁਤ ਸਾਰੇ ਲੋਕ ਕੇਕ, ਆਈਸਕ੍ਰੀਮ ਅਤੇ ਡਿ੍ੰਕਸ ਆਦਿ ਵਿਚ ਇਨ੍ਹਾਂ ਦੀ ਅਸੀਮਤ ਵਰਤੋਂ ਕਰਦੇ ਹਨ | ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤੋ | ਕਿਤੇ ਇਹ ਚੀਨੀ ਤੋਂ ਵੀ ਜ਼ਿਆਦਾ ਖ਼ਤਰਨਾਕ ਸਿੱਧ ਨਾ ਹੋਣ |
ਸਕ੍ਰੀਨ : ਸਕ੍ਰੀਨ ਇਕ ਬਨਾਉਟੀ ਮਿੱਠਾ ਹੈ, ਜਿਸ ਨੂੰ ਹਮੇਸ਼ਾ ਸਾਫ਼ਟ ਡਿ੍ੰਕਸ ਅਤੇ ਘੱਟ ਕੈਲੋਰੀ ਵਾਲੇ ਕੈਂਡੀਜ਼, ਚਿੰਗਮ ਅਤੇ ਡੈਜ਼ਰਟ ਵਿਚ ਪਾਇਆ ਜਾਂਦਾ ਹੈ | ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਸ ਨਾਲ ਸਰੀਰ ਨੂੰ ਕੋਈ ਕੈਲੋਰੀ ਨਹੀਂ ਮਿਲਦੀ, ਇਸ ਲਈ ਇਹ ਵਜ਼ਨ ਘੱਟ ਕਰਨ ਵਿਚ ਲਾਭਕਾਰੀ ਹੋ ਸਕਦੀ ਹੈ | ਕਈ ਖੋਜਾਂ ਵਿਚ ਪਾਇਆ ਗਿਆ ਹੈ ਕਿ ਇਹ ਸਾਡੇ ਹਾਜ਼ਮੇ ਸੰਬੰਧੀ ਚੰਗੇ ਬੈਕਟੀਰੀਆ ਨੂੰ ਘੱਟ ਕਰ ਦਿੰਦੀ ਹੈ, ਜਿਸ ਨਾਲ ਮੋਟਾਪਾ, ਇਨਫਲੇਮੇਟਰੀ ਬਾਵੇਲ ਰੋਗ ਅਤੇ ਕੋਆਰੈਕਟਰ ਕੈਂਸਰ ਹੋ ਸਕਦੇ ਹਨ | ਇਸ ਲਈ ਇਸ ਤੋਂ ਬਚ ਕੇ ਰਹਿਣਾ ਹੀ ਬਿਹਤਰ ਹੈ |
ਅਸਪਰਟਮ : ਅਸਪਰਟਮ ਇਕ ਹਰਮਨਪਿਆਰਾ ਮਿੱਠਾ ਹੈ ਜਿਸ ਦੀ ਅੱਜਕਲ੍ਹ 'ਸ਼ੂਗਰ ਫ੍ਰੀ' ਸੋਢਾ, ਆਈਸਕ੍ਰੀਮ, ਯੋਗਰਟਸ ਅਤੇ ਕੈਂਡੀਜ਼ ਵਿਚ ਵਰਤੋਂ ਕੀਤੀ ਜਾਂਦੀ ਹੈ | ਇਸ ਵਿਚ ਵੀ ਕੋਈ ਕਾਰਬੋਹਾਈਡ੍ਰੇਟ ਜਾਂ ਕੈਲੋਰੀ ਵੀ ਨਹੀਂ ਹੁੰਦੀ, ਇਸ ਲਈ ਕਈ ਵਜ਼ਨ ਘੱਟ ਕਰਨ ਦੇ ਇਛੁੱਕ ਵੀ ਇਸ ਦੀ ਵਰਤੋਂ ਕਰਦੇ ਹਨ, ਪਰ ਖੋਜਾਂ ਵਿਚ ਪਾਇਆ ਗਿਆ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਵੀ ਵਜ਼ਨ ਘੱਟ ਕਰਨ ਵਿਚ ਕੋਈ ਲਾਭ ਨਹੀਂ ਹੋਇਆ | ਹਾਂ, ਇਸ ਦੀ ਵਰਤੋਂ ਨਾਲ ਸਰੀਰ ਵਿਚ ਐਚ.ਡੀ.ਐਲ., ਚੰਗੇ ਕੋਲੈਸਟ੍ਰੋਲ ਦੀ ਕਮੀ ਹੋ ਜਾਂਦੀ ਹੈ ਜੋ ਸਾਡੇ ਦਿਲ ਲਈ ਠੀਕ ਨਹੀਂ | ਕਈ ਲੋਕਾਂ ਨੂੰ ਇਸ ਦੀ ਵਰਤੋਂ ਨਾਲ ਸਿਰਦਰਦ, ਚੱਕਰ ਆਉਣਾ ਜਾਂ ਤਣਾਅ ਹੋ ਸਕਦਾ ਹੈ | ਜੇਕਰ ਇਸ ਵਿਸ਼ੇ 'ਤੇ ਹਾਲੇ ਹੋਰ ਖੋਜ ਕੀਤੀ ਜਾਣੀ ਬਾਕੀ ਹੈ |
ਸਕਰਾਲੋਜ : ਸਕਰਾਲੋਜ ਬਨਾਉਟੀ ਸਵੀਟਨਰ ਸਪਲੈਂਡਾ ਵਿਚ ਪਾਇਆ ਜਾਂਦਾ ਹੈ, ਜਿਸ ਨੂੰ ਹਮੇਸ਼ਾ ਚਾਹ, ਕੌਫ਼ੀ ਵਰਗੇ ਗਰਮ ਪੀਣ ਵਾਲੇ ਪਦਾਰਥਾਂ ਨੂੰ ਮਿੱਠਾ ਕਰਨ ਲਈ ਵਰਤੋਂ 'ਚ ਲਿਆਂਦਾ ਜਾਂਦਾ ਹੈ | ਕੁਝ ਖੋਜਾਂ ਵਿਚ ਪਾਇਆ ਗਿਆ ਹੈ ਕਿ ਸਪਲੈਂਡਾ ਦੀ ਲਗਾਤਾਰ ਵਰਤੋਂ ਨਾਲ ਸਾਡੇ ਹਾਜ਼ਮਾ ਤੰਤਰ ਵਿਚ ਚੰਗੇ ਬੈਕਟੀਰੀਆ ਦੀ ਕਮੀ ਹੋ ਸਕਦੀ ਹੈ, ਸੋਜ ਵਧ ਸਕਦੀ ਹੈ ਅਤੇ ਵਜ਼ਨ ਵੀ ਵਧ ਸਕਦਾ ਹੈ |
ਚੰਗੇ ਬਦਲ
ਗੁੜ : ਗੁੜ ਨੂੰ ਇਕ ਕੁਦਰਤੀ ਮਠਿਆਈ ਮੰਨਿਆ ਜਾਂਦਾ ਹੈ | ਗੰਨੇ ਜਾਂ ਪਾਮ ਆਦਿ ਦੇ ਰਸ ਤੋਂ ਬਣੇ ਗੁੜ ਦਾ ਰੰਗ ਹਲਕਾ ਪੀਲੇ ਤੋਂ ਲੈ ਕੇ ਭੂਰੇ, ਕਦੀ-ਕਦੀ ਕਾਲੇਪਨ ਲਈ ਹੋਇਆ ਭੂਰਾ ਰੰਗ ਤੱਕ ਹੋ ਸਕਦਾ ਹੈ | ਉਂਝ ਇਹ ਸੁੱਕਾ ਹੁੰਦਾ ਹੈ, ਪਰ ਬਰਸਾਤ ਰੁੱਤ ਵਿਚ ਨਮੀ ਸੋਖਣ ਨਾਲ ਇਸ ਵਿਚ ਢਿੱਲਾਪਨ ਆ ਜਾਂਦਾ ਹੈ | ਗਰਮ ਕਰਨ 'ਤੇ ਇਹ ਪਿਘਲਣ ਲਗਦਾ ਹੈ | ਪੇਂਡੂ ਖੇਤਰਾਂ ਵਿਚ ਇਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ | ਪਿੰਡਾਂ ਵਿਚ ਗੰਨੇ ਦੇ ਰਸ ਤੋਂ ਹੀ ਗੁੜ ਬਣਾਇਆ ਜਾਂਦਾ ਹੈ | ਗੁੜ ਵਿਚ 90 ਫ਼ੀਸਦੀ ਚੀਨੀ ਹੁੰਦੀ ਹੈ | ਇਸ ਤੋਂ ਇਲਾਵਾ ਇਸ ਵਿਚ ਕਈ ਖਣਿਜ ਪਦਾਰਥ, ਵਿਟਾਮਿਨ ਅਤੇ ਗੁਲੂਕੋਜ਼ ਵੀ ਹੁੰਦੇ ਹਨ | ਚੀਨੀ ਦੀ ਥਾਂ 'ਤੇ ਗੁੜ ਖਾਣਾ ਸਰੀਰ ਲਈ ਜ਼ਿਆਦਾ ਚੰਗਾ ਹੁੰਦਾ ਹੈ | ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਖਾਣਾ ਹਜ਼ਮ ਸੌਖਾ ਹੁੰਦਾ ਹੈ ਅਤੇ ਪੇਟ ਵਿਚ ਗੈਸ ਨਹੀਂ ਬਣਦੀ | ਸਰੀਰ ਵਿਚ ਆਇਰਨ ਦੀ ਕਮੀ ਹੋਣ ਕਾਰਨ ਵੀ ਗੁੜ ਖਾਣਾ ਲਾਭਦਾਇਕ ਹੁੰਦਾ ਹੈ | ਸ਼ੂਗਰ ਦੇ ਰੋਗੀਆਂ ਨੂੰ ਗੁੜ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਖੂਨ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ |
ਮਿਸ਼ਰੀ : ਮਿਸ਼ਰੀ ਚੀਨੀ ਦਾ ਮੂਲ ਜਾਂ ਕੱਚਾ ਰੂਪ ਹੁੰਦਾ ਹੈ | ਮਿਸ਼ਰੀ ਨੂੰ ਭੋਗ ਦੇ ਰੂਪ ਵਿਚ ਧਾਰਮਿਕ ਸਥਾਨਾਂ 'ਤੇ ਚੜ੍ਹਾਇਆ ਜਾਂਦਾ ਹੈ ਅਤੇ ਪ੍ਰਸ਼ਾਦ ਦੇ ਰੂਪ ਵਿਚ ਵੰਡਿਆ ਜਾਂਦਾ ਹੈ | ਚੀਨੀ ਮਿਸ਼ਰੀ ਦਾ ਬਨਾਉਟੀ ਰੂਪ ਹੁੰਦਾ ਹੈ | ਮਿਸ਼ਰੀ ਅਤੇ ਚੀਨੀ ਦੋਵੇਂ ਹੀ ਗੰਨੇ ਦੇ ਰਸ ਤੋਂ ਬਣਦੇ ਹਨ ਪਰ ਮਿਸ਼ਰੀ ਨੂੰ ਜ਼ਿਆਦਾ ਪੌਸ਼ਟਿਕ ਮੰਨਿਆ ਜਾਂਦਾ ਹੈ | ਮਿਸ਼ਰੀ ਮੁੱਖ ਤੌਰ 'ਤੇ ਪ੍ਰਸ਼ਾਦ ਦੇ ਰੂਪ ਵਿਚ ਹੀ ਵਰਤੀ ਜਾਂਦੀ ਹੈ ਜਦ ਕਿ ਚੀਨੀ ਨੂੰ ਮਠਿਆਈਆਂ, ਚਾਹ, ਕੌਫ਼ੀ, ਸ਼ਰਬਤ ਆਦਿ ਬਣਾਉਣ ਵਿਚ ਵੀ ਵਰਤਿਆ ਜਾਂਦਾ ਹੈ |
![]()
ਸੰਭਲ ਕੇ ਰਹੋ ਚੀਨੀ ਦੇ ਇਨ੍ਹਾਂ ਬਦਲਾਂ ਤੋਂ
ਸੰਭਲ ਕੇ ਰਹੋ ਚੀਨੀ ਦੇ ਇਨ੍ਹਾਂ ਬਦਲਾਂ ਤੋਂ
ਅਜੀਤ ਡੈਸਕ
07-08-2026