![]()
ਬਰਸਾਤ ਦਾ ਮੌਸਮ ਹੈ | ਇਹ ਮੌਸਮ ਕੁਦਰਤ ਨੂੰ ਨਵੀਂ ਹਰਿਆਲੀ ਅਤੇ ਠੰਢਕ ਦਿੰਦਾ ਹੈ ਪਰ ਇਹੀ ਮੌਸਮ ਬੈਕਟੀਰੀਆ, ਵਾਇਰਸ, ਉੱਲੀ ਅਤੇ ਪਰਜੀਵੀਆਂ ਦੇ ਤੇਜ਼ੀ ਨਾਲ ਵਧਣ ਦਾ ਵੀ ਸਮਾਂ ਹੁੰਦਾ ਹੈ | ਥੋੜ੍ਹੀ ਜਿਹੀ ਲਾਪ੍ਰਵਾਹੀ ਡਾਇਰੀਆ, ਫੂਡ ਪਾਇਜ਼ਨਿੰਗ, ਟਾਈਫਾਈਡ, ਹੈਜ਼ਾ, ਹੈਪੇਟਾਈਟਸ (ਪੀਲੀਆ), ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਚਮੜੀ ਦੀਆਂ ਫੰਗਲ ਸੰਕ੍ਰਮਣ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ | ਇਸ ਲਈ ਇਸ ਮੌਸਮ ਵਿਚ ਦਵਾਈ ਤੋਂ ਜ਼ਿਆਦਾ ਮਹੱਤਵ ਸਹੀ ਭੋਜਨ ਖਾਣ ਦਾ ਹੈ | ਜੇਕਰ ਇਸ ਮੌਸਮ ਵਿਚ ਅਸੀਂ ਸੰਭਲ ਕੇ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੀਏ ਤਾਂ ਯਕੀਨੀ ਰੂਪ ਵਿਚ ਅਸੀਂ ਸਿਹਤਮੰਦ ਰਹਿ ਸਕਦੇ ਹਾਂ | ਇਸ ਮੌਸਮ ਵਿਚ ਸਭ ਸਬਜ਼ੀਆਂ ਅਤੇ ਫਲਾਂ ਵਿਚ ਬਹੁਤ ਛੇਤੀ ਕੀੜੇ ਲਗ ਜਾਂਦੇ ਹਨ |
ਬਰਸਾਤ ਮੌਕੇ ਸਭ ਤੋਂ ਲਾਹੇਵੰਦ ਸਬਜ਼ੀਆਂ
• ਲੌਕੀ ਸਰੀਰ ਨੂੰ ਠੰਢਕ ਦਿੰਦੀ ਹੈ, ਹਾਜ਼ਮੇ ਨੂੰ ਬਿਹਤਰ ਬਣਾਉਂਦੀ ਹੈ, ਕਬਜ਼ ਦੂਰ ਕਰਦੀ ਹੈ ਅਤੇ ਹਾਈ ਬਲੱਡ ਪ੍ਰੈੱਸ਼ਰ ਅਤੇ ਮੋਟਾਪੇ ਵਿਚ ਲਾਭਕਾਰੀ ਹੈ |
• ਕਰੇਲਾ ਖੂਨ-ਸ਼ੂਗਰ ਨੂੰ ਕੰਟਰੋਲ ਰੱਖਣ, ਮਿਹਦੇ ਨੂੰ ਸਿਹਤਮੰਦ ਰੱਖਣ ਅਤੇ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ ਵਿਚ ਸਹਾਇਕ ਹੈ |
• ਭਿੰਡੀ ਘੁਲਣਸ਼ੀਲ ਰੇਸ਼ੇ, ਫੋਲੇਟ ਅਤੇ ਵਿਟਾਮਿਨ-ਕੇ ਦਾ ਚੰਗਾ ਸਰੋਤ ਹੈ | ਇਹ ਸ਼ੂਗਰ, ਕਬਜ਼ ਅਤੇ ਦਿਲ ਦੀ ਸਿਹਤ ਲਈ ਲਾਭਕਾਰੀ ਮੰਨੀ ਜਾਂਦੀ ਹੈ |
• ਸਹਿਜਣ (ਡ੍ਰਮਸਟਿੱਕ) ਕੈਲਸ਼ੀਅਮ, ਆਇਰਨ, ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੈ | ਇਹ ਹੱਡੀਆਂ, ਖੂਨ ਨਿਰਮਾਣ ਅਤੇ ਰੋਗ-ਪ੍ਰਤੀਰੋਧੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ |
ਇਨ੍ਹਾਂ ਸਬਜ਼ੀਆਂ ਵਿਚ ਛੇਤੀ ਲੱਗ ਜਾਂਦੇ ਹਨ ਕੀੜੇ: ਬਰਸਾਤ ਵਿਚ ਪਾਲਕ, ਮੇਥੀ, ਧਨੀਆ, ਪੱਤਾਗੋਭੀ, ਫੁੱਲਗੋਭੀ, ਬੈਂਗਣ, ਟਮਾਟਰ ਅਤੇ ਹਰੀਆਂ ਮਿਰਚਾਂ ਵਿਚ ਕੀੜੇ ਅਤੇ ਕੀਟਨਾਸ਼ਕਾਂ ਦੇ ਬਾਕੀ ਬਚੇ ਹਿੱਸੇ ਜ਼ਿਆਦਾ ਮਿਲ ਸਕਦੇ ਹਨ | ਇਨ੍ਹਾਂ ਨੂੰ ਨਮਕ ਜਾਂ ਹਲਦੀ ਮਿਲੇ ਪਾਣੀ ਵਿਚ 20-30 ਮਿੰਟ ਭਿਉਂ ਕੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਇਨ੍ਹਾਂ ਦੀ ਵਰਤੋਂ ਕਰੋ |
ਬਰਸਾਤ ਵਿਚ ਸਰਬੋਤਮ ਫਲ : -ਸੇਬ - ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਂਦਾ ਹੈ ਅਤੇ ਹਾਜ਼ਮਾ ਸੁਧਾਰਦਾ ਹੈ |
-ਅਨਾਰ - ਖੂਨ ਸਾਫ਼ ਕਰਦਾ, ਐਂਟੀਆਕਸੀਡੈਂਟ ਨਾਲ ਭਰਪੂਰ ਅਤੇ ਕਮਜ਼ੋਰੀ ਦੂਰ ਕਰਨ ਵਿਚ ਸਹਾਇਕ ਹੈ |
-ਜਾਮੁਨ - ਸ਼ੂਗਰ ਰੋਗੀਆਂ ਲਈ ਲਾਹੇਵੰਦ ਅਤੇ ਹਾਜ਼ਮੇ ਵਿਚ ਲਾਭਕਾਰੀ ਹੈ |
-ਨਾਸ਼ਪਾਤੀ - ਫਾਈਬਰ ਨਾਲ ਭਰਪੂਰ, ਕਬਜ਼ ਤੋਂ ਬਚਾਉਂਦੀ ਹੈ |
-ਪਪੀਤਾ - ਹਾਜ਼ਮੇ ਦਾ ਚੰਗਾ ਸਰੋਤ, ਗੈਸ ਅਤੇ ਬਦਹਜ਼ਮੀ ਵਿਚ ਲਾਭਕਾਰੀ |
-ਕੇਲਾ - ਊਰਜਾ, ਪੋਟਾਸ਼ੀਅਮ ਅਤੇ ਵਿਟਾਮਿਨ-ਬੀ6 ਦਾ ਚੰਗਾ ਸਰੋਤ ਹੈ | ਦਸਤ ਤੋਂ ਬਾਅਦ ਕਮਜ਼ੋਰੀ ਦੂਰ ਕਰਨ ਵਿਚ ਲਾਹੇਵੰਦ ਹੈ |
ਇਨ੍ਹਾਂ ਫਲਾਂ ਦੀ ਜਾਂਚ ਜ਼ਰੂਰ ਕਰੋ : ਬਰਸਾਤ ਵਿਚ ਅਮਰੂਦ, ਅੰਬ, ਲੀਚੀ, ਸੀਤਾਫਲ, ਬੇਰ ਅਤੇ ਅੰਜੀਰ ਵਿਚ ਫਲ ਮੱਖੀਆਂ ਦੇ ਕਾਰਨ ਅੰਦਰ ਤੋਂ ਕੀੜੇ ਲੱਗ ਸਕਦੇ ਹਨ | ਫਲ ਕੱਟ ਕੇ ਚੰਗੀ ਤਰ੍ਹਾਂ ਜਾਂਚ ਲਓ | ਕੱਟੇ, ਸੜੇ ਜਾਂ ਬਦਬੂ ਵਾਲੇ ਫਲ ਕਦੀ ਨਾ ਖਾਓ |
ਬਰਸਾਤ ਵਿਚ ਕਿਨ੍ਹਾਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ?
-ਡਾਇਰੀਆ ਅਤੇ ਫੂਡ ਪਾਇਜ਼ਨਿੰਗ, ਟਾਈਫਾਈਡ, ਹੈਪੇਟਾਈਟਿਸ ਏ ਅਤੇ ਈ (ਪੀਲੀਆ), ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ, ਵਾਇਰਲ ਬੁਖਾਰ, ਚਮੜੀ ਦੇ ਫੰਗਲ ਸੰਕ੍ਰਮਣ |
ਬਰਸਾਤ ਵਿਚ ਸਿਹਤਮੰਦ ਰਹਿਣ ਦੇ ਦਸ ਨਿਯਮ :
• ਸਿਰਫ਼ ਤਾਜ਼ੀਆਂ ਅਤੇ ਮੌਸਮੀ ਸਬਜ਼ੀਆਂ ਤੇ ਫਲ ਹੀ ਖਾਓ |
• ਫਲ ਅਤੇ ਸਬਜ਼ੀਆਂ ਦੀ ਚੰਗੀ ਤਰ੍ਹਾਂ ਧੋ ਕੇ ਹੀ ਵਰਤੋਂ ਕਰੋ |
• ਖੁੱਲ੍ਹੇ ਕੱਟੇ ਫਲ ਅਤੇ ਸੜਕ ਕੰਢੇ ਵਿਕਣ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਬਚੋ |
• ਉੱਬਲਿਆ ਜਾਂ ਸ਼ੁੱਧ ਪਾਣੀ ਹੀ ਪੀਓ |
• ਬੇਹੇ ਭੋਜਨ ਦੀ ਵਰਤੋਂ ਨਾ ਕਰੋ |
• ਭੋਜਨ ਨੂੰ ਹਮੇਸ਼ਾ ਢਕ ਕੇ ਰੱਖੋ |
• ਕੱਚੇ ਸਲਾਦ ਦੇ ਮੁਕਾਬਲੇ ਥੋੜ੍ਹੀਆਂ ਪੱਕੀਆਂ ਹੋਈਆਂ ਸਬਜ਼ੀਆਂ ਖਾਓ |
• ਹੱਥਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ |
• ਘਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਤਾਂ ਕਿ ਮੱਛਰ ਨਾ ਪੈਦਾ ਹੋਣ |
• ਬੁਖਾਰ, ਦਸਤ ਜਾਂ ਉਲਟੀ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲਓ |
ਬਰਸਾਤ ਵਿਚ ਸਵਾਦ ਤੋਂ ਜ਼ਿਆਦਾ ਸਫ਼ਾਈ ਨੂੰ ਮਹੱਤਵ ਦਿਉ | ਤੁਹਾਡੀ ਥਾਲੀ ਜਿੰਨੀ ਸਾਫ਼ ਅਤੇ ਸੰਤੁਲਿਤ ਹੋਵੇਗੀ, ਤੁਹਾਡਾ ਸਰੀਰ ਓਨਾ ਹੀ ਰੋਗਾਂ ਤੋਂ ਸੁਰੱਖਿਅਤ ਰਹੇਗਾ | ਸਿਹਤਮੰਦ ਭੋਜਨ ਹੀ ਇਸ ਮੌਸਮ ਦੀ ਸਭ ਤੋਂ ਪ੍ਰਭਾਵੀ ਦਵਾਈ ਹੈ |