02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵਾਂ ਸਾਲ ਨਵੀਂ ਪਹੁੰਚ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਦੁਨੀਆ ਭਰ ਵਿਚ ਲੋਕਾਂ ਵਲੋਂ ਨਵੇਂ ਸਾਲ 2026 ਨੂੰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਖ਼ੁਸ਼ਾਮਦੀਦ ਕਿਹਾ ਗਿਆ ਹੈ। ਵੱਖ-ਵੱਖ ਦੇਸ਼ਾਂ ਵਿਚ ਲੋਕਾਂ ਵਲੋਂ ਆਪੋ-ਆਪਣੇ ਢੰਗਾਂ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਧਾਰਮਿਕ ਆਸਥਾ ਰੱਖਣ ਵਾਲੇ ਲੋਕਾਂ ਨੇ ਆਪੋ-ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਆਪਣੀ ਅਤੇ ਪੂਰੀ ਦੁਨੀਆ ਦੀ ਸੁੱਖ-ਸ਼ਾਂਤੀ ਲਈ ਅਰਦਾਸਾਂ ਕੀਤੀਆਂ ਹਨ। ਨਵੇਂ ਸਾਲ ਦੇ ਮੌਕੇ 'ਤੇ ਸੁੱਖ-ਸ਼ਾਂਤੀ ਦੀ ਕਾਮਨਾ ਕਰਨਾ ਚੰਗੀ ਗੱਲ ਹੈ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਵਿਸ਼ਵ ਭਰ ਦੀਆਂ ਵੱਡੀਆਂ ਰਾਜਨੀਤਕ, ਆਰਥਿਕ ਤੇ ਧਾਰਮਿਕ ਧਿਰਾਂ ਵਲੋਂ ਅਮਲੀ ਰੂਪ ਵਿਚ ਵੀ ਇਸ ਸੰਸਾਰ ਨੂੰ ਪੁਰਅਮਨ ਰੱਖਣ ਲਈ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਨਵੇਂ ਸਾਲ ਵਿਚ ਨਵੀਂ ਪਹੁੰਚ ਅਖ਼ਤਿਆਰ ਕੀਤੀ ਜਾਵੇ।
ਅਸੀਂ ਜਾਣਦੇ ਹਾਂ ਕਿ ਦੁਨੀਆ ਵਿਚ ਬਹੁਤੇ ਟਕਰਾਅ ਤੇ ਤਣਾਅ ਭਾਰੂ ਰਾਜਨੀਤਕ, ਆਰਥਿਕ ਅਤੇ ਧਾਰਮਿਕ ਸ਼ਕਤੀਆਂ ਵਲੋਂ ਲੋਕਾਂ ਦੇ ਸਮੂਹਿਕ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਹਰ ਢੰਗ ਨਾਲ ਆਪਣੇ ਸਵਾਰਥਾਂ ਨੂੰ ਅੱਗੇ ਵਧਾਉਣ ਦੀਆਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨਾਲ ਪੈਦਾ ਹੁੰਦੇ ਹਨ। ਜੇਕਰ ਦੁਨੀਆ ਦੀਆਂ ਭਾਰੂ ਤਾਕਤਾਂ 'ਜੀਓ ਅਤੇ ਜਿਊਣ ਦਿਓ' ਦੇ ਸਿਧਾਂਤ ਦੀ ਦ੍ਰਿੜ੍ਹਤਾ ਨਾਲ ਪਾਲਣਾ ਕਰਨ ਤਾਂ ਇਸ ਦੁਨੀਆ ਨੂੰ ਸਿਆਸੀ, ਆਰਥਿਕ ਅਤੇ ਧਾਰਮਿਕ ਟਕਰਾਵਾਂ ਤੋਂ ਕਾਫ਼ੀ ਹੱਦ ਤੱਕ ਮੁਕਤ ਕੀਤਾ ਜਾ ਸਕਦਾ ਹੈ। ਇਸ ਸੰਦਰਭ ਵਿਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ 'ਇਹ ਧਰਤੀ ਮਨੁੱਖ ਦੀਆਂ ਲੋੜਾਂ ਪੂਰਾ ਕਰਨ ਲਈ ਤਾਂ ਕਾਫੀ ਹੈ ਪਰ ਇਸ ਦੇ ਲਾਲਚਾਂ ਦੀ ਪੂਰਤੀ ਕਰਨ ਲਈ ਨਾਕਾਫੀ ਹੈ।' ਲੋੜ ਤੋਂ ਵੱਧ ਰਾਜਨੀਤਕ ਸੱਤਾ ਹਾਸਿਲ ਕਰਨ, ਲੋੜ ਤੋਂ ਵੱਧ ਆਰਥਿਕ ਤੇ ਵਿੱਤੀ ਸਰੋਤ ਇਕੱਠੇ ਕਰਨ ਅਤੇ ਲੋੜ ਤੋਂ ਵੱਧ ਆਪਣੇ ਹੀ ਧਰਮ ਨੂੰ ਮਹਾਨ ਮੰਨ ਕੇ ਦੂਜੇ ਧਰਮਾਂ ਦੇ ਲੋਕਾਂ ਨੂੰ ਵਿਤਕਰਿਆਂ ਅਤੇ ਜ਼ਿਆਦਤੀਆਂ ਦਾ ਸ਼ਿਕਾਰ ਬਣਾਉਣ ਨਾਲ ਹੀ ਵਧੇਰੇ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ।
ਜੇ ਇਸ ਸਮੇਂ ਦੀ ਵਿਸ਼ਵ ਦੀ ਸਥਿਤੀ ਸੰਬੰਧੀ ਗੱਲ ਕਰੀਏ ਤਾਂ ਰੂਸ-ਯੂਕਰੇਨ ਦੀ ਜੰਗ ਪਿਛਲੇ ਤਿੰਨ ਸਾਲ ਤੋਂ ਚਲਦੀ ਆ ਰਹੀ ਹੈ। ਇਸ ਵਿਚ ਵੱਡੀ ਪੱਧਰ 'ਤੇ ਲੋਕਾਂ ਦਾ ਜਾਨੀ ਤੇ ਮਾਲੀ ਤੌਰ 'ਤੇ ਨੁਕਸਾਨ ਹੋਇਆ ਹੈ। ਯੂਕਰੇਨ ਦੇ ਲਗਭਗ 20 ਫ਼ੀਸਦੀ ਇਲਾਕੇ 'ਤੇ ਰੂਸ ਕਬਜ਼ਾ ਕਰ ਚੁੱਕਾ ਹੈ। ਇਸ ਸਮੇਂ ਵੀ ਰੂਸ ਦੀ ਜ਼ਿੱਦ ਇਹ ਹੈ ਕਿ ਉਸ ਨੇ ਯੂਕਰੇਨ ਦਾ ਜਿਹੜਾ 20 ਫ਼ੀਸਦੀ ਇਲਾਕਾ ਮੱਲਿਆ ਹੈ, ਯੂਕਰੇਨ ਉਸ 'ਤੇ ਰੂਸ ਦਾ ਅਧਿਕਾਰ ਮੰਨ ਲਵੇ ਤਾਂ ਹੀ ਉਹ ਜੰਗਬੰਦੀ ਲਈ ਤਿਆਰ ਹੋਵੇਗਾ। ਇਸੇ ਤਰ੍ਹਾਂ ਮੱਧ ਪੂਰਬ ਵਿਚ ਇਜ਼ਰਾਈਲ ਅਤੇ ਹਮਾਸ ਦੇ ਟਕਰਾਅ ਨੇ 70 ਹਜ਼ਾਰ ਤੋਂ ਵੱਧ ਫ਼ਲਸਤੀਨੀਆਂ ਦੀ ਜਾਨ ਲੈ ਲਈ ਹੈ। ਗਾਜ਼ਾ ਪੱਟੀ ਇਕ ਤਰ੍ਹਾਂ ਨਾਲ ਖੰਡਰ ਬਣ ਗਈ ਹੈ। ਇਸ ਲੜਾਈ ਵਿਚ ਇਜ਼ਰਾਈਲ ਦੇ ਵੀ 1200 ਦੇ ਲਗਭਗ ਨਾਗਰਿਕ ਅਤੇ 1000 ਦੇ ਲਗਭਗ ਫ਼ੌਜੀ ਮਾਰੇ ਗਏ ਹਨ। ਇਸ ਟਕਰਾਅ ਵਿਚ ਮੀਡੀਆ ਦੇ ਵੀ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਹਨ। ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਇਲਾਕਾਈ ਵਿਵਾਦਾਂ ਕਾਰਨ ਟਕਰਾਅ ਚੱਲ ਰਹੇ ਹਨ। ਦੁਨੀਆ ਦੀ ਉੱਭਰ ਰਹੀ ਨਵੀਂ ਆਰਥਿਕ ਅਤੇ ਰਾਜਨੀਤਕ ਸ਼ਕਤੀ ਚੀਨ ਤਾਇਵਾਨ 'ਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਦੇਸ਼ ਵਿਚ ਮਿਲਾਉਣ ਲਈ ਫ਼ੌਜੀ ਅਭਿਆਸ ਕਰਨ ਵਿਚ ਜੁਟਿਆ ਹੋਇਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ-ਜਿੰਨਪਿੰਗ ਨੇ ਆਪਣੇ ਤਾਜ਼ਾ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਤਾਇਵਾਨ ਚੀਨੀ ਭੂਮੀ ਦਾ ਹਿੱਸਾ ਹੈ, ਉਸ ਨੂੰ ਚੀਨ ਵਿਚ ਮਿਲਾਉਣ ਤੋਂ ਦੁਨੀਆ ਦੀ ਕੋਈ ਤਾਕਤ ਉਨ੍ਹਾਂ ਨੂੰ ਨਹੀਂ ਰੋਕ ਸਕਦੀ। ਚੀਨ ਨੇ ਬ੍ਰਹਮਪੁੱਤਰ 'ਤੇ ਵੀ ਦੁਨੀਆ ਦਾ ਵੱਡਾ ਹਾਈਡਰੋ ਬਿਜਲੀ ਪ੍ਰਾਜੈਕਟ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਡੈਮ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਪੈਂਦਾ ਹੈ। ਇਸ ਸੰਬੰਧ ਵਿਚ ਇਹ ਵੀ ਕਿਹਾ ਜਾ ਰਿਹਾ ਕਿ ਬ੍ਰਹਮਪੁੱਤਰ ਦੇ ਪਾਣੀ ਨੂੰ ਆਪਣੇ ਢੰਗ ਨਾਲ ਰੋਕ ਕੇ ਚੀਨ ਭਾਰਤ ਅਤੇ ਬੰਗਲਾਦੇਸ਼ ਦੇ ਹਿੱਤਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪਿਛਲੇ ਸਾਲ ਵਿਚ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਵੀ ਬੇਹੱਦ ਖ਼ਰਾਬ ਰਹੇ ਹਨ। ਪਹਿਲਗਾਮ ਦੇ ਘਟਨਾਕ੍ਰਮ ਤੋਂ ਬਾਅਦ 'ਆਪ੍ਰੇਸ਼ਨ ਸੰਧੂਰ' ਅਧੀਨ ਭਾਰਤ ਨੇ ਪਾਕਿਸਤਾਨ ਵਿਚ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਦੇ ਟਿਕਾਣੇ ਅਤੇ ਕੁਝ ਪਾਕਿਸਤਾਨੀ ਫ਼ੌਜੀ ਹਵਾਈ ਅੱਡਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਪਾਕਿਸਤਾਨ ਵਲੋਂ ਵੀ ਭਾਰਤ ਵਿਰੁੱਧ ਆਪਣੇ ਢੰਗ ਨਾਲ ਕਾਰਵਾਈ ਕੀਤੀ ਗਈ ਸੀ। ਦੋਵਾਂ ਦੇਸ਼ਾਂ ਦਰਮਿਆਨ ਦੁਨੀਆ ਦੇ ਕੁਝ ਦੇਸ਼ਾਂ ਵਲੋਂ ਪਰਦੇ ਦੇ ਪਿੱਛੇ ਕੀਤੇ ਗਏ ਯਤਨਾਂ ਕਾਰਨ ਤਿੰਨ-ਚਾਰ ਦਿਨਾਂ ਬਾਅਦ ਇਹ ਲੜਾਈ ਬੰਦ ਹੋ ਗਈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਾਰੇ ਵਪਾਰਕ ਸੰਬੰਧ ਬੰਦ ਕਰ ਦਿੱਤੇ ਸਨ ਅਤੇ ਸਿੰਧੂ ਜਲ ਸਮਝੌਤਾ ਵੀ ਰੱਦ ਕਰ ਦਿੱਤਾ ਸੀ। ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਜਹਾਜ਼ਾਂ ਲਈ ਆਪੋ-ਆਪਣੇ ਹਵਾਈ ਖੇਤਰ ਵੀ ਬੰਦ ਕੀਤੇ ਹੋਏ ਹਨ। ਭਾਰਤ ਜੰਮੂ-ਕਸ਼ਮੀਰ ਵਿਚ ਸਿੰਧ, ਜੇਹਲਮ ਅਤੇ ਚਨਾਬ ਦਾ ਪਾਣੀ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਲਈ ਕੁਝ ਕਦਮ ਚੁੱਕ ਰਿਹਾ ਹੈ ਅਤੇ ਚਨਾਬ ਦਰਿਆ 'ਤੇ ਇਕ ਨਵੇਂ ਡੈਮ ਦੀ ਉਸਾਰੀ ਕਰਨ ਸੰਬੰਧੀ ਵੀ ਖ਼ਬਰਾਂ ਆ ਰਹੀਆਂ ਹਨ।
ਦੁਨੀਆ ਭਰ ਵਿਚ ਵਿਕਸਿਤ ਦੇਸ਼ਾਂ ਵਲੋਂ ਅਪਣਾਏ ਤੇ ਲਾਗੂ ਕੀਤੇ ਜਾ ਰਹੇ ਵਿਕਾਸ ਦੇ ਕਾਰਪੋਰੇਟ ਮਾਡਲ ਕਾਰਨ ਲੋਕਾਂ ਵਿਚ ਆਰਥਿਕ ਅਸਮਾਨਤਾਵਾਂ ਵਧ ਰਹੀਆਂ ਹਨ। ਦੁਨੀਆ ਦੇ ਆਰਥਿਕ ਅਤੇ ਕੁਦਰਤੀ ਸਰੋਤ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੁੰਦੇ ਜਾ ਰਹੇ ਹਨ, ਜਿਸ ਨਾਲ ਵੱਖ-ਵੱਖ ਦੇਸ਼ਾਂ ਦੇ ਵਿਕਾਸ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਬਹੁਗਿਣਤੀ ਲੋਕਾਂ ਦੀ ਆਰਥਿਕ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਇਸ ਕਾਰਨ ਦੁਨੀਆ ਭਰ ਵਿਚ ਹੀ ਲੋਕਾਂ ਵਿਚ ਚਿੰਤਾ ਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਤਰ੍ਹਾਂ ਦੇ ਅਸਮਾਨਤਾਵਾਂ ਭਰੇ ਆਰਥਿਕ ਮਾਡਲ ਦੇ ਖਿਲਾਫ਼ ਵੱਖ-ਵੱਖ ਦੇਸ਼ਾਂ ਵਿਚ ਸਮੇਂ-ਸਮੇਂ ਲੋਕ ਰੋਹ ਵੀ ਫੁਟਦੇ ਰਹੇ ਹਨ। ਜੇਕਰ ਦੁਨੀਆ ਦੀਆਂ ਭਾਰੂ ਰਾਜਨੀਤਕ, ਆਰਥਿਕ ਅਤੇ ਧਾਰਮਿਕ ਧਿਰਾਂ ਦਾ ਵਤੀਰਾ ਪਹਿਲਾਂ ਵਰਗਾ ਹੀ ਰਹਿੰਦਾ ਹੈ ਤਾਂ 2026 ਦੇ ਸਾਰਿਆਂ ਲਈ ਸੁੱਖ-ਸ਼ਾਂਤੀ ਵਾਲਾ ਸਾਲ ਹੋਣ ਦੇ ਸੁਪਨੇ ਉਸੇ ਤਰ੍ਹਾਂ ਬਿਖ਼ਰ ਕੇ ਰਹਿ ਜਾਣਗੇ, ਜਿਵੇਂ ਪਿਛਲੇ ਸਾਲਾਂ ਵਿਚ ਬਿਖਰਦੇ ਰਹੇ ਹਨ। ਜੇ ਅਸੀਂ ਵਾਕਈ ਸਾਲ 2026 ਨੂੰ ਪੂਰੀ ਦੁਨੀਆ ਲਈ ਅਤੇ ਸਾਰੇ ਲੋਕਾਂ ਲਈ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਵਾਲਾ ਬਣਾਉਣਾ ਚਾਹੁੰਦੇ ਹਾਂ ਤਾਂ ਦੁਨੀਆ ਦੀਆਂ ਭਾਰੂ ਧਿਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਨਵੇਂ ਸਾਲ ਵਿਚ ਨਵੀਂ ਪਹੁੰਚ ਨਾਲ ਇਸ ਸੰਸਾਰ ਨੂੰ ਰਹਿਣ ਵਾਲੀ ਇਕ ਬਿਹਤਰ ਥਾਂ ਬਣਾਉਣ ਲਈ ਪੂਰੀ ਊਰਜਾ ਨਾਲ ਯਤਨਸ਼ੀਲ ਹੋਣਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਲਈ ਚੁਣੌਤੀਆਂ ਭਰਪੂਰ ਹੀ ਰਹੇਗਾ ਸਾਲ 20of ਅਗਲੀ ਖ਼ਬਰ ਆਪਣੇ ਮਨ ਨੂੰ ਸਦਾ ਹੀ ਨਿਮਰਤਾ ਵਿਚ ਰੱਖਣ ਵਾਲੇ ਮਨੁੱਖ ਵਿਚ ਮਿਠਾਸ ਦੇ ਗੁਣ ਅਤੇ ਚੰਗਿਆਈ ਦੇ ਤੱਤ ਆ ਜਾਂਦੇ ਹਨ। -ਗੁਰੂ...
Ad Position 24