ਖ਼ੁਦਾ ਕਰੇ ਕਿ ਨਯਾ ਸਾਲ ਖ਼ੁਸ਼-ਖ਼ਿਰਾਮ ਆਏ,
ਲਇਏ ਖ਼ੁਸ਼ੀ ਕਾ ਮੁਹੱਬਤ ਕਾ ਯੇ ਪਯਾਮ ਆਏ।
(ਨੌਸ਼ਾ ਅਸਰਾਰ)
ਅੱਜ ਸਾਲ 2026 ਦੇ ਪਹਿਲੇ ਦਿਨ ਇਹ ਸਰਗੋਸ਼ੀਆਂ ਲਿਖ ਰਿਹਾ ਹਾਂ। ਇਸ ਲਈ 'ਅਜੀਤ' ਦੇ ਸਭ ਪਾਠਕਾਂ, ਸਮੂਹ ਪੰਜਾਬੀਆਂ ਤੇ ਦੁਨੀਆ ਦੇ ਹਰ ਬਸ਼ਰ ਨੂੰ ਨਵਾਂ ਸਾਲ ਮੁਬਾਰਕ। ਸਾਲ 2025 ਤਾਂ ਵਿਸ਼ਵ ਪੱਧਰ 'ਤੇ ਕਾਫ਼ੀ ਹੱਦ ਤੱਕ ਨਿਰਾਸ਼ਾਜਨਕ ਰਿਹਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਸਾਲ ਵਿਚ ਚੰਗੀਆਂ ਘਟਨਾਵਾਂ ਘੱਟ ਹੋਈਆਂ ਹਨ, ਬੁਰੀਆਂ ਜ਼ਿਆਦਾ। ਪੂਰਾ ਸਾਲ ਤੀਸਰੇ ਵਿਸ਼ਵ ਯੁੱਧ ਦੀ ਆਹਟ ਸੁਣਦਿਆਂ ਹੀ ਗੁਜ਼ਰਿਆ ਹੈ। ਰੂਸ-ਯੂਕਰੇਨ ਜੰਗ ਜਾਰੀ ਰਹੀ, ਇਜ਼ਰਾਈਲ-ਹਮਾਸ ਜੰਗ ਜਾਰੀ ਰਹੀ, ਹਜ਼ਾਰਾਂ ਬੇਗੁਨਾਹ ਤੇ ਗੁਨਾਹਗਾਰ ਮਾਰੇ ਗਏ। ਸੁਡਾਨ ਦੀ ਘਰੇਲੂ ਜੰਗ ਵਿਚ ਹਜ਼ਾਰਾਂ ਦੀ ਮੌਤ, ਹਜ਼ਾਰਾਂ ਬੇਗੁਨਾਹ ਤੇ ਗੁਨਾਹਗਾਰ ਵੀ ਮਾਰੇ ਗਏ। ਇਰਾਨ-ਇਜ਼ਰਾਈਲ ਵਿਚ ਟਕਰਾਅ ਵੀ ਜਾਰੀ ਹੈ, ਮਿਆਂਮਾਰ, ਕਾਂਗੋ, ਮੈਕਸੀਕੋ, ਬੰਗਲਾਦੇਸ਼ ਦੇ ਅੰਦਰੂਨੀ ਹਾਲਾਤ, ਗੈਂਗਵਾਰਾਂ, ਟਕਰਾਅ ਤੇ ਬਗ਼ਾਵਤਾਂ ਦਾ ਦੌਰ, ਥਾਈਲੈਂਡ-ਕੰਬੋਡੀਆ ਲੜਾਈ ਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿਚ ਆਪਸੀ ਟਕਰਾਅ, ਕੈਲੀਫੋਰਨੀਆ ਵਿਚ ਜੰਗਲ ਦੀ ਅੱਗ, ਭਾਰਤ ਦੇ ਰਾਜਾਂ, ਪੰਜਾਬ, ਹਿਮਾਚਲ ਤੇ ਉੱਤਰਾਖੰਡ ਵਿਚ ਭਿਆਨਕ ਹੜ੍ਹਾਂ ਨੇ ਤਬਾਹੀ ਮਚਾਈ ਰੱਖੀ। ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਨੂੰ ਵੀ ਹੜ੍ਹਾਂ ਨੇ ਹਿਲਾ ਕੇ ਰੱਖ ਦਿੱਤਾ। ਪਹਿਲਗਾਮ ਦਾ ਅੱਤਵਾਦੀ ਹਮਲਾ, ਭਾਰਤ-ਪਾਕਿ ਜੰਗ, ਹਵਾਈ ਹਾਦਸੇ, ਅਮਰੀਕਾ ਵਿਚੋਂ ਭਾਰਤੀਆਂ ਤੇ ਹੋਰ ਲੋਕਾਂ ਨੂੰ ਦੇਸ਼-ਨਿਕਾਲਾ, ਭਾਰਤ ਅਤੇ ਕਈ ਹੋਰ ਦੇਸ਼ਾਂ ਨਾਲ ਅਮਰੀਕਾ ਦੀ ਟੈਰਿਫ ਵਾਰ। ਕਈ ਹੋਰ ਦੇਸ਼ਾਂ ਵਿਚ ਜੰਗ ਦੇ ਆਸਾਰ ਜਿਵੇਂ ਚੀਨ-ਤਾਈਵਾਨ, ਦੋਵੇਂ ਕੋਰੀਆਈ ਮੁਲਕਾਂ ਵਿਚ ਤਣਾਅ ਆਦਿ ਅਤੇ ਵਧਦੀ ਮਹਿੰਗਾਈ ਦੇ ਨਾਲ-ਨਾਲ ਵਿਸ਼ਵਮੰਦੀ ਦੀ ਆਹਟ ਕੁਝ ਅਜਿਹੀਆਂ ਘਟਨਾਵਾਂ ਹਨ, ਜੋ ਸਾਲ 2025 ਵਿਚ ਉਦਾਸ ਕਰਦੀਆਂ ਰਹੀਆਂ। ਭਾਵੇਂ ਕੁਝ ਚੰਗੇ ਕੰਮ ਵੀ ਹੋਏ ਹਨ, ਜਿਵੇਂ ਨਵੀਆਂ ਵਿਗਿਆਨਕ ਖੋਜਾਂ, ਏ.ਆਈ. ਦੀ ਤੇਜ਼ਤਰਾਰ ਤਰੱਕੀ, ਦਵਾਈਆਂ ਦੀਆਂ ਖੋਜਾਂ, ਕੁਝ ਦੇਸ਼ਾਂ ਵਿਚ ਨਵੇਂ ਸਮਝੌਤੇ, ਪਰ ਮੁੱਖ ਤੌਰ 'ਤੇ ਇਹ ਸਾਲ ਉਦਾਸੀ ਤੇ ਨਿਰਾਸ਼ਾ ਭਰਿਆ ਹੀ ਰਿਹਾ। ਪੰਜਾਬ ਲਈ ਵੀ ਸਾਲ 2025 ਖੁਸ਼ੀਆਂ ਨਾਲੋਂ ਨਿਰਾਸ਼ਾ ਜ਼ਿਆਦਾ ਲਿਆਇਆ ਸੀ। ਜਿੱਥੇ ਹੜ੍ਹਾਂ ਨੇ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਕੀਤਾ, ਉੱਥੇ ਕੇਂਦਰ ਸਰਕਾਰ ਇਸ ਦਾ ਮੁਆਵਜ਼ਾ ਦੇਣ ਅਤੇ ਸਮੇਂ ਸਿਰ ਸਹਾਇਤਾ ਪਹੁੰਚਾਉਣ ਵਿਚ ਅਸਫਲ ਰਹੀ। ਬੇਸ਼ੱਕ ਇਹ ਚੰਗੀ ਗੱਲ ਹੈ ਕਿ ਲੋਕਾਂ ਨੇ ਖ਼ੁਦ ਆਪਣੇ ਭਰਾਵਾਂ ਦੀ ਭਰਪੂਰ ਮਦਦ ਕੀਤੀ। ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਵੀ ਉਦਾਸੀ ਤੇ ਨਿਰਾਸ਼ਾ ਦਾ ਹੀ ਸਬੱਬ ਬਣੇ ਹਨ। ਬੰਗਲਾਦੇਸ਼, ਪਾਕਿਸਤਾਨ ਤੇ ਚੀਨ ਦਾ ਉੱਭਰ ਰਿਹਾ ਗੱਠਜੋੜ ਭਾਰਤ ਲਈ ਵੱਡਾ ਖ਼ਤਰਾ ਹੈ। ਫਿਰ ਜਦੋਂ ਤੱਕ ਭਾਰਤ ਦੇ ਪਾਕਿਸਤਾਨ ਨਾਲ ਸੰਬੰਧ ਆਮ ਨਹੀਂ ਹੁੰਦੇ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ ਲਈ ਸਰਹੱਦ ਨਹੀਂ ਖੁੱਲ੍ਹ ਸਕਦੀ ਤੇ ਸਰਹੱਦ 'ਤੇ ਵਪਾਰ ਨਾ ਹੋਣਾ ਪੰਜਾਬ ਲਈ ਕਿਸੇ ਸਰਾਪ ਤੋਂ ਘੱਟ ਨਹੀਂ ਹੈ। ਬੇਸ਼ੱਕ ਗੁਰਪੁਰਬ 'ਤੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ, ਪਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਰਹਿਣਾ ਵੀ ਉਦਾਸੀ 'ਤੇ ਨਿਰਾਸ਼ਾ ਵਾਲੀ ਗੱਲ ਹੀ ਹੈ। ਕੇਂਦਰ ਨੇ 2025 ਵਿਚ ਵੀ ਪੰਜਾਬ ਦੀਆਂ ਰਵਾਇਤੀ ਮੰਗਾਂ 'ਤੇ ਕੋਈ ਹਮਦਰਦਾਨਾ ਵਤੀਰਾ ਨਹੀਂ ਅਪਣਾਇਆ, ਸਗੋਂ ਕਈ ਨਵੇਂ ਸ਼ਗੂਫੇ ਛੱਡ ਕੇ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ। ਚੰਡੀਗੜ੍ਹ ਨੂੰ ਸਦਾ ਲਈ ਯੂ.ਟੀ. ਬਣਾਉਣ ਦੇ ਯਤਨ, ਪੰਜਾਬ ਯੂਨੀਵਰਸਿਟੀ ਦਾ ਮਸਲਾ ਤੇ ਹੋਰ ਕਈ ਅਜਿਹੇ ਮਾਮਲੇ ਹਨ, ਜਿੱਥੇ ਸਰਕਾਰ ਨੂੰ ਪੰਜਾਬੀਆਂ ਦੇ ਦਬਾਅ ਕਾਰਨ ਪਿੱਛੇ ਹਟਣਾ ਪਿਆ। ਪੰਜਾਬ ਸਰਕਾਰ ਵਲੋਂ ਪਹਿਲਾਂ ਲੈਂਡ ਪੂਲਿੰਗ ਨੀਤੀ ਤੇ ਫਿਰ ਪੰਚਾਇਤੀ ਜ਼ਮੀਨਾਂ ਦੀ ਵਿਕਰੀ ਦੀਆਂ ਕੋਸ਼ਿਸ਼ਾਂ ਨੇ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ ਹੈ। ਕੇਂਦਰ ਦੇ ਬੀਜ ਬਿੱਲ, ਬਿਜਲੀ ਬਿੱਲ ਤੇ 'ਵੀ.ਬੀ.-ਜੀ ਰਾਮ ਜੀ.' ਬਿੱਲ ਵੀ ਲੋਕ ਹਿੱਤਾਂ ਤੇ ਸੰਘਾਤਮਿਕ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸਾਂ ਦਾ ਹਿੱਸਾ ਹੀ ਹਨ। ਬੇਸ਼ੱਕ ਭਾਰਤ ਤੇ ਪੰਜਾਬ ਵਿਚ ਚੰਗੀਆਂ ਗੱਲਾਂ ਵੀ ਹੋਈਆਂ ਪਰ ਜਦੋਂ ਬੁਰਾ ਪ੍ਰਭਾਵ ਜ਼ਿਆਦਾ ਹੋਵੇ ਤਾਂ ਚੰਗੀਆਂ ਗੱਲਾਂ ਦਾ ਜ਼ਿਕਰ ਕੁਦਰਤੀ ਤੌਰ 'ਤੇ ਦੱਬ ਜਾਂਦਾ ਹੈ। ਚੰਗੀਆਂ ਗੱਲਾਂ ਵਿਚੋਂ ਕੇਂਦਰ ਸਰਕਾਰ ਤੇ ਹੋਰ ਭਾਜਪਾ ਸਰਕਾਰਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵਾਂ ਸ਼ਹੀਦੀ ਵਰ੍ਹਾ ਅਤੇ ਸਾਹਿਬਜ਼ਾਦਿਆਂ ਸੰਬੰਧੀ ਦੇਸ਼ ਤੇ ਵਿਸ਼ਵ ਭਰ ਵਿਚ ਕੀਤੇ ਪ੍ਰੋਗਰਾਮਾਂ ਨੇ ਸਿੱਖ ਇਤਿਹਾਸ ਨੂੰ ਪ੍ਰਚਾਰਨ ਦਾ ਜੋ ਕੰਮ ਕੀਤਾ, ਉਹ ਕਾਬਲ-ਏ-ਤਾਰੀਫ਼ ਹੈ। ਭਾਵੇਂ 'ਵੀਰ ਬਾਲ ਦਿਵਸ' ਦੇ ਨਾਂਅ 'ਤੇ ਟਕਰਾਅ ਜਾਰੀ ਹੈ। ਭਾਵੇਂ ਇਸ ਦੀ ਆਸ ਨਹੀਂ ਪਰ ਫਿਰ ਵੀ ਦੁਆ ਹੈ ਕਿ ਸਾਲ 2026, 2025 ਵਾਂਗ ਨਿਰਾਸ਼ਾ ਤੇ ਉਦਾਸੀ ਭਰਿਆ ਨਾ ਹੋਵੇ, ਸਗੋਂ ਦੁਨੀਆ ਵਿਚੋਂ ਜੰਗਾਂ, ਆਰਥਿਕ ਲੜਾਈਆਂ, ਭੁੱਖਮਰੀ, ਜ਼ੁਲਮ ਤੇ ਹੋਰ ਮੁਸ਼ਕਿਲਾਂ ਤੋਂ ਲੋਕਾਂ ਨੂੰ ਨਿਜਾਤ ਦੇਣ ਵਾਲਾ ਸਾਲ ਹੋਵੇ। ਕਾਸ਼ ਨਵਾਂ ਸਾਲ ਕੇਂਦਰ ਨੂੰ ਪੰਜਾਬ ਦੀਆਂ ਲਟਕਦੀਆਂ ਮੰਗਾਂ ਲਈ ਇਮਾਨਦਾਰੀ ਨਾਲ ਚੱਲਣ ਵੱਲ ਲੈ ਕੇ ਆਵੇ ਤੇ ਸਰਕਾਰ ਸੰਘਵਾਦ ਦੇ ਖ਼ਾਤਮੇ ਤੇ ਏਕਾਤਮਿਕਵਾਦ ਦੀ ਸੋਚ ਤੋਂ ਪਿੱਛੇ ਹਟੇ। ਸਭ ਨੂੰ ਇਨਸਾਫ਼ ਮਿਲੇ-ਆਮੀਨ।
ਨਾ ਕੋਈ ਰੰਜ ਕਾ ਲਮਹਾ ਕਿਸੀ ਕੇ ਪਾਸ ਆਏ।
ਖ਼ੁਦਾ ਕਰੇ ਕਿ ਨਯਾ ਸਾਲ ਸਬ ਕੋ ਰਾਸ ਆਏ।
(ਫਰਿਆਦ ਆਜ਼ਰ)
ਸਾਲ 2026 ਵਿਚ ਪੰਜਾਬ ਲਈ ਚੁਣੌਤੀਆਂ
ਯਹਾਂ ਆਵਾਜ਼ ਕੋ ਅਪਨੀ ਉਠਾਨਾ ਭੀ ਚੁਨੌਤੀ ਹੈ,
ਕਿ ਹਕ ਕਹਨੇ ਕੀ ਹਿੰਮਤ ਕੋ ਜੁਟਾਨਾ ਭੀ ਚੁਨੌਤੀ ਹੈ।
(ਮੁਕੇਸ਼ ਝਾਅ)
ਸਾਲ 2026 ਪੰਜਾਬ ਲਈ ਕੋਈ ਅਸਾਨੀ ਵਾਲਾ ਸਾਲ ਨਹੀਂ ਰਹੇਗਾ। ਚਲੋ ਪੰਜਾਬ ਦੀ ਗੱਲ ਨਹੀਂ ਕਰਦੇ, ਸਗੋਂ ਪੰਜਾਬ ਸਰਕਾਰ ਤੇ ਹੁਕਮਰਾਨ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕਰਦੇ ਹਾਂ। ਇਸ ਵੇਲੇ ਗੰਭੀਰ ਆਰਥਿਕ, ਵਾਤਾਵਰਣਿਕ, ਸਮਾਜਿਕ ਤੇ ਸਿਆਸੀ ਚੁਣੌਤੀਆਂ ਹਨ। ਰਾਜ ਸਿਰ ਕਰਜ਼ਾ ਤੇਜ਼ੀ ਨਾਲ ਵਧ ਰਿਹਾ ਹੈ। ਮੁਫ਼ਤ ਬਿਜਲੀ ਤੇ ਹੋਰ ਸਬਸਿਡੀਆਂ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜ ਰਹੀਆਂ ਹਨ। ਖੇਤੀਬਾੜੀ ਖੇਤਰ ਸੰਕਟ ਵਿਚ ਹੈ ਪਰ ਪੰਜਾਬ ਵਿਚ ਕਣਕ-ਝੋਨੇ ਦੇ ਫ਼ਸਲੀ-ਚੱਕਰ ਵਿਚ ਬਦਲਾਅ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ। ਧਰਤੀ ਹੇਠਲੇ ਪਾਣੀ ਦੀ ਅੰਨ੍ਹੀ ਵਰਤੋਂ ਪੰਜਾਬ ਨੂੰ ਹੌਲੀ-ਹੌਲੀ ਰੇਗਿਸਤਾਨ ਬਣਨ ਵੱਲ ਧੱਕ ਰਹੀ ਹੈ।
ਪੰਜਾਬ ਦਾ ਵਿੱਤੀ ਘਾਟਾ ਤੇ ਕਰਜ਼ਾ ਸਭ ਤੋਂ ਡਰਾਵਣੇ ਦੌਰ ਵਿਚ ਦਾਖਲ ਹੋ ਗਿਆ ਹੈ। 1980-81 ਵਿਚ ਸਿਰਫ਼ 1009 ਕਰੋੜ ਦਾ ਕਰਜ਼ਾ 2026 ਵਿਚ 4 ਲੱਖ 17 ਹਜ਼ਾਰ ਕਰੋੜ 'ਤੇ ਪੁੱਜ ਜਾਣ ਦੇ ਆਸਾਰ ਹਨ। ਪੰਜਾਬ ਕਰਜ਼ੇ ਦੀ ਰਕਮ ਦੇ ਲਿਹਾਜ਼ ਨਾਲ ਤਾਂ ਉੱਪਰੋਂ 6ਵੇਂ-7ਵੇਂ ਸਥਾਨ 'ਤੇ ਹੈ ਪਰ ਸੂਬੇ ਦੇ ਕੁੱਲ ਘਰੇਲੂ ਉਤਪਾਦਨ (ਜੀ.ਐਸ.ਡੀ.ਪੀ.) ਦੇ ਬਰਾਬਰ ਕਰਜ਼ੇ ਦੇ ਲਿਹਾਜ਼ ਨਾਲ ਦੇਸ਼ ਵਿਚ ਪੰਜਾਬ ਦੂਜਾ ਸਭ ਤੋਂ ਵੱਡਾ ਕਰਜ਼ਾਈ ਰਾਜ ਹੈ। ਇਸ ਲਿਹਾਜ਼ ਨਾਲ ਅਰੁਣਾਚਲ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ। ਪੰਜਾਬ ਸਿਰ ਕਰਜ਼ਾ ਉਸ ਦੀ ਜੀ.ਐਸ.ਡੀ.ਪੀ. ਦਾ 45 ਤੋਂ 46 ਫ਼ੀਸਦੀ ਦੇ ਵਿਚਕਾਰ ਹੈ, ਜੋ ਖ਼ਤਰੇ ਦੀ ਘੰਟੀ ਵਾਂਗ ਹੈ।
ਕੇਂਦਰ ਵਲੋਂ ਫੰਡ ਰੋਕਣ ਕਰਕੇ ਵੀ ਪੰਜਾਬ ਦਾ ਵਿੱਤੀ ਸੰਕਟ ਵਧ ਰਿਹਾ ਹੈ। ਆਰ.ਡੀ.ਐਫ. ਤੇ ਐਚ.ਆਰ.ਐਮ. ਦੇ ਪੈਸੇ ਵੀ ਪੰਜਾਬ ਨੂੰ ਨਹੀਂ ਮਿਲ ਰਹੇ। ਬੇਸ਼ੱਕ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਚੰਗਾ ਕੰਮ ਕਰ ਰਹੀ ਹੈ ਪਰ ਅਜੇ ਵੀ ਇਹ ਕੰਮ ਬਹੁਤ ਘੱਟ ਹੈ। ਖ਼ਾਸ ਕਰਕੇ ਪੰਜਾਬ ਵਿਚ 10 ਲੱਖ ਦਾ ਸਿਹਤ ਬੀਮਾ ਕਰਨਾ ਚੰਗੀ ਗੱਲ ਹੈ ਪਰ ਇਹ ਸਭ ਨੂੰ ਪਤਾ ਹੈ ਕਿ ਇਸ ਵਿਚ ਕਿੰਨੀਆਂ ਚੋਰ ਮੋਰੀਆਂ ਰੋਕਣ ਦੀ ਲੋੜ ਹੈ ਤੇ ਦੂਸਰਾ ਇਹ ਸਿਰਫ਼ ਰਜਿਸਟਰਡ ਕੀਤੇ ਗਏ ਹਸਪਤਾਲਾਂ ਲਈ ਹੀ ਨਹੀਂ, ਸਗੋਂ ਰਾਜ ਦੇ ਹਰ ਹਸਪਤਾਲ ਲਈ ਇਸ ਸਿਹਤ ਬੀਮੇ ਨੂੰ ਮੰਨਣਾ ਲਾਜ਼ਮੀ ਕਰਾਰ ਦਿੱਤਾ ਜਾਵੇ ਤਾਂ ਹੀ ਇਸ ਦਾ ਕੋਈ ਅਸਲੀ ਤੇ ਅਮਲੀ ਫ਼ਾਇਦਾ ਹੋਵੇਗਾ। ਪੰਜਾਬ ਵਿਚ ਆਏ ਹੜ੍ਹਾਂ ਨੇ ਇਕ ਹੋਰ ਡਰ ਪੈਦਾ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਜਲਵਾਯੂ ਵਿਚ ਤਬਦੀਲੀ ਹੋ ਰਹੀ ਹੈ, ਕਿਤੇ ਇਹ ਹੜ੍ਹ ਆਉਣਾ ਹਰ ਸਾਲ ਦਾ ਵਰਤਾਰਾ ਨਾ ਬਣ ਜਾਵੇ। ਇਸ ਲਈ ਸਰਕਾਰ ਨੂੰ ਹੁਣ ਤੋਂ ਹੀ ਇਸ ਬਾਰੇ ਵਿਆਪਕ ਨੀਤੀ ਬਣਾਉਣ ਦੀ ਲੋੜ ਹੈ। ਜਦੋਂ ਕਿ ਪਹਿਲਾਂ ਆਏ ਹੜ੍ਹਾਂ ਨਾਲ ਕੋਈ ਤਬਾਹੀ ਦੀ ਰਾਹਤ ਦੇਣ ਅਤੇ ਪੁਨਰ ਨਿਰਮਾਣ ਦਾ ਕੰਮ ਵੀ ਅਜੇ ਅਧੂਰਾ ਹੀ ਹੈ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਿਚ ਆਪਸੀ ਟਕਰਾਅ ਵਧਣ ਦੀਆਂ ਖ਼ਬਰਾਂ ਵੀ ਚਿੰਤਾਜਨਕ ਹਨ। ਇਕ ਪਾਸੇ ਹਿੰਦੂ-ਸਿੱਖਾਂ ਵਿਚ ਸਦਭਾਵਨਾ ਘਟ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇਸ਼ਾਂ ਵਿਚ ਵੀ ਕਥਿਤ ਰਾਸ਼ਟਰਵਾਦ ਦੀ ਭਾਵਨਾ ਵਧ ਰਹੀ ਹੈ। ਪੰਜਾਬ ਵਿਚ ਸਿੱਖਾਂ ਲਈ ਇਕ ਹੋਰ ਚੁਣੌਤੀ ਵੀ ਸਾਹਮਣੇ ਹੈ ਕਿ ਜੇਕਰ 2026 ਵਿਚ ਮਰਦਮਸ਼ੁਮਾਰੀ ਹੋਈ ਤਾਂ ਇਸ ਗੱਲ ਦੀ ਆਸ ਬਹੁਤ ਜ਼ਿਆਦਾ ਹੈ ਕਿ ਪੰਜਾਬ ਵਿਚ ਸਿੱਖ ਭਾਈਚਾਰਾ 56 ਫ਼ੀਸਦੀ ਤੋਂ ਕਾਫ਼ੀ ਹੇਠਾਂ ਆ ਸਕਦਾ ਹੈ ਤੇ ਇਹ ਗ੍ਰਾਫ਼ ਲਗਾਤਾਰ ਡਿਗ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਸਿੱਖ ਧਰਮ ਤੇ ਇਤਿਹਾਸ ਪ੍ਰਤੀ ਉਚੇਚਾ ਪ੍ਰੇਮ ਦਿਖਾ ਰਹੀ ਹੈ ਪਰ ਦੇਸ਼ ਪੱਧਰ ਦੀਆਂ ਉੱਚੀਆਂ ਨੌਕਰੀਆਂ ਤੇ ਨਿਯੁਕਤੀਆਂ ਵਿਚ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਹੀ ਜਾ ਰਹੀ ਹੈ। ਪੰਜਾਬ ਦੀ ਹਾਲਾਤ 'ਤੇ ਨਸ਼ਤਰ ਖ਼ਾਨਕਾਹੀ ਦਾ ਇਹ ਸ਼ਿਅਰ ਐਨ ਢੁਕਵਾਂ ਬੈਠਦਾ ਹੈ।
ਚੁਨੌਤੀ ਦੇਨੇ ਲਗਤੀ ਥੀ ਨਈ ਦੁਸ਼ਵਾਰੀਆਂ ਮੁਝ ਕੋ,
ਸਫ਼ਰ ਜਬ ਜ਼ਿੰਦਗੀ ਕਾ ਮੁਝ ਪੇ ਆਸਾਂ ਹੋਨੇ ਲਗਤਾ ਥਾ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com