02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੀਂ ਸਵੇਰ ਦੀ ਗੱਲ ਕਰੀਏ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਇਸ ਸਾਲ ਬਹੁਤ ਕੁਝ ਹੋਇਆ। ਉਂਝ ਤਾਂ ਜਦੋਂ ਵੀ ਨਵੇਂ ਸਾਲ ਨੂੰ ਸ਼ੁੱਭ-ਆਗਮਨ ਕਹਿੰਦੇ ਹਾਂ, ਉਮੀਦਾਂ ਭਰੇ ਮਨ ਨਾਲ ਹੀ ਕਹਿੰਦੇ ਹਾਂ। ਵਕਤ ਤੋਂ ਨਿਰਾਸ਼ ਹੋ ਬੈਠਣਾ ਆਪਣੀ ਮਾਨਸਿਕਤਾ ਦਾ ਹਿੱਸਾ ਨਹੀਂ। ਪਰ ਕਈ ਇਮਤਿਹਾਨ ਤੁਹਾਡਾ ਸਬਰ ਹਲੂਣ ਦਿੰਦੇ ਹਨ। ਕੁਝ ਕੁ ਦਹਾਕਿਆਂ ਤੋਂ ਇਉਂ ਹੀ ਲੱਗਦਾ ਹੈ ਜਿਵੇਂ ਪੰਜਾਬ ਆਪਣੀ ਤਾਕਤ ਤੇ ਸਬਰ ਦਾ ਸਬੂਤ ਦੇਣ 'ਚ ਹੀ ਲੱਗਾ ਹੋਵੇ। ਕਰਜ਼ਾ ਪਹਾੜ ਤੋਂ ਵੀ ਉੱਚਾ ਕੱਦ ਕੱਢ ਗਿਆ। ਜ਼ਮੀਨ ਪੈਰ ਧਰਨ ਜੋਗੀ ਰਹੀ ਨਹੀਂ। ਪਾਣੀ ਵਿਚ ਹਰ ਕਿਸਮ ਦੀ ਉਮੀਦ ਵਹਿ ਗਈ। ਹਵਾ ਸਾਹ ਲੈਣ ਦੀ ਇਜਾਜ਼ਤ ਨਹੀਂ ਦਿੰਦੀ। ਕਦੇ ਅੰਦੋਲਨ, ਕਦੇ ਹੜ੍ਹ, ਕਦੇ ਨਸ਼ਾ ਤੇ ਕਦੇ ਆਤਮਘਾਤ। ਪੰਜਾਬ ਕਦੋਂ ਹਾਰਨ ਨੂੰ ਬਣਿਆ ਸੀ? ਇਸ ਨੂੰ ਇਸੇ ਦਾ ਭਰੋਸਾ ਮਾਰ ਗਿਆ। ਇਸ ਨੇ ਹਰੇਕ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਪਰ ਹਰ ਕਿਸੇ ਨੇ ਇਸੇ ਨੂੰ ਮੱਥੇ 'ਤੇ ਹੱਥ ਮਾਰਨ ਜੋਗਾ ਕਰ ਦਿੱਤਾ।
ਬੜੇ ਸਾਲ ਪਹਿਲਾਂ, ਇਕ ਮੁਲਕ ਦਾ ਰਹਿਣ-ਸਹਿਣ ਵੇਖਿਆ ਸੀ। ਉਸ ਮੁਲਕ ਵਿਚ ਆਪਣੇ ਲੋਕ ਸਮੁੰਦਰੀ ਜਹਾਜ਼ਾਂ 'ਤੇ ਤਕਰੀਬਨ 70-80 ਸਾਲ ਪਹਿਲਾਂ 'ਜਾਗੇ' ਲੱਗਣ ਜਾਂਦੇ ਸਨ, ਭਾਵ ਚੌਕੀਦਾਰ। ਹੋਰ ਕਿਸੇ ਕੰਮ ਦੀ ਵਾਕਫ਼ੀਅਤ ਜੋ ਨਹੀਂ ਸੀ ਤੇ ਪ੍ਰਦੇਸ਼ ਵਿਚ ਜੇ ਅਣਥੱਕ ਮਿਹਨਤ ਤੇ ਇਮਾਨਦਾਰੀ ਦਾ ਸਬੂਤ ਦਿੱਤਾ ਜਾ ਸਕਦਾ ਸੀ, ਉਹ ਸਿਰਫ਼ ਇਕੋ ਗੱਲ ਸੀ ਕਿ ਇਹ ਬੰਦਾ ਪੰਜਾਬ ਤੋਂ ਆਇਆ ਹੈ। ਆਪਣੀ ਅਗਲੀ ਪੁਸ਼ਤ ਉਨ੍ਹਾਂ ਨੇ ਪੜ੍ਹਨ ਲਗਾ ਦਿੱਤੀ। ਥੋੜ੍ਹੀ ਬਹੁਤ ਜ਼ਮੀਨ, ਹਰ ਸਾਲ ਖੇਤੀ ਲਈ ਖਰੀਦ ਲੈਂਦੇ। ਲੋਕ ਘਰ ਵੱਡੇ ਕਰਦੇ, ਆਪਣੇ ਬੰਦੇ ਖੇਤਾਂ 'ਚ ਵਾਧਾ ਕਰਦੇ ਤੇ ਸ਼ਾਮ ਨੂੰ ਸਾਰਾ ਟੱਬਰ ਹੀ ਖੇਤ ਵਿਚ ਕੰਮ ਕਰਦਾ, ਕਾਲਜ ਤੋਂ ਆ ਕੇ ਬੱਚੇ ਵੀ। ਫੈਕਟਰੀ ਤੋਂ ਆ ਕੇ ਸੁਆਣੀਆਂ ਵੀ ਤੇ 'ਜਾਗੇ' ਭਾਈ ਵੀ। ਖੇਤ ਉਨ੍ਹਾਂ ਦਾ ਸਾਂਝਾ ਧਰਮ ਸੀ। ਉਨ੍ਹਾਂ ਦੇ ਪਿਛੋਕੜ ਦੀ ਖਿੱਚ। ਉਹ ਜ਼ਮੀਨ, ਜਿਹੜੀ ਪਿੱਛੇ ਗੁਆਚ ਗਈ ਸੀ, ਉਸ ਨੂੰ ਮੁੜ ਲੱਭਣ ਦੀ ਕੋਸ਼ਿਸ਼।
ਜਿਸ ਘਰ ਮੈਂ ਰਹਿ ਰਹੀ ਸਾਂ, ਉਹ ਮੇਰੇ ਪਿਤਾ ਦੇ ਕਰੀਬੀ ਮਿੱਤਰ ਸਨ। ਉਨ੍ਹਾਂ ਦਿਨਾਂ ਵਿਚ ਉਹ ਉੱਥੇ ਪੰਜਾਬੀ ਦਾ ਅਖ਼ਬਾਰ ਛਾਪਦੇ ਸਨ। ਮੇਰੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਵੱਡੀ ਚੋਰੀ ਹੋਈ ਸੀ। ਜ਼ਮੀਨ ਖਰੀਦਣ ਨੂੰ ਰੱਖੀ ਰਕਮ ਵੀ ਚਲੀ ਗਈ, ਗੱਡੀ ਵੀ ਤੇ ਕੱਪੜੇ-ਲੱਤੇ ਵੀ। ਜਾਂਦਾ-ਜਾਂਦਾ ਚੋਰ ਆਪਣਾ ਓਵਰਕੋਟ ਉੱਥੇ ਭੁੱਲ ਗਿਆ। ਇਹੋ ਜਿਹੇ ਓਵਰਕੋਟ 'ਜਾਗੇ' ਹੀ ਪਾਉਂਦੇ ਸਨ, ਰਾਤ ਦੀ ਠੰਢ 'ਤੇ ਕਾਬੂ ਪਾਉਣ ਖ਼ਾਤਰ। ਮੇਰੇ ਮੇਜ਼ਬਾਨ ਅੰਕਲ ਜਦੋਂ ਮੈਨੂੰ ਏਅਰਪੋਰਟ ਤੋਂ ਲੈਣ ਆਏ ਤਾਂ ਮੈਨੂੰ ਕਹਿਣ ਲੱਗੇ, ਬੇਟਾ ਵਾਪਸੀ 'ਤੇ ਮੈਂ ਦੋ ਮਿੰਟ ਥਾਣੇ ਰੁਕਣਾ ਹੈ, ਤੂੰ ਗੱਡੀ ਵਿਚ ਬੈਠੀ ਰਹੀਂ। ਮੇਰੇ ਪੁੱਛਣ 'ਤੇ ਕਿ ਕਿਉਂ? ਉਹ ਕਹਿਣ ਲੱਗੇ, ਆਪਣੇ ਘਰੋਂ ਕੋਈ ਬੜਾ ਸਾਮਾਨ ਲੈ ਗਿਆ ਹੈ। ਰਿਪੋਰਟ ਲਿਖਵਾਈ ਸੀ। ਪਰ ਕੱਲ੍ਹ ਇਹ ਓਵਰਕੋਟ ਲੱਭਾ ਹੈ, ਮੈਂ ਸੋਚਦਾ ਹਾਂ 'ਜਾਗਾ' ਭਰਾ ਕਿਤੇ ਠੰਢ 'ਚ ਹੀ ਨਾ ਮਰ ਜਾਵੇ। ਪੁਲਿਸ ਨੂੰ ਕਹਿ ਦੇਵਾਂ ਕਿ ਸਾਮਾਨ ਦੀ ਤਾਂ ਖ਼ੈਰ ਹੈ, ਉਸ ਨੂੰ ਲੱਭ ਕੇ ਇਹ ਜ਼ਰੂਰ ਮੋੜ ਦੇਵੋ। ਪ੍ਰਦੇਸ਼ਾਂ ਵਿਚ ਰੁਜ਼ਗਾਰ ਖ਼ਾਤਰ ਆਇਆ ਹੈ। ਕਿਥੋਂ ਫਿਰ ਖਰੀਦੇਗਾ। ਮੈਂ ਹੈਰਾਨ ਹੀ ਰਹਿ ਗਈ। ਸਾਡੇ ਵਿਚੋਂ ਜਿਹੜੇ ਕੁਝ ਕੁ ਸਾਨੂੰ ਹੀ ਲੁੱਟਣ ਦਾ ਕੰਮ ਕਰਦੇ ਹਨ, ਅਸੀਂ ਆਪਣੇ ਸੁਭਾਅ ਤੋਂ ਮਜਬੂਰ ਉਨ੍ਹਾਂ ਦਾ ਵੀ ਭਲਾ ਕਰਦੇ ਹਾਂ। ਹਰੇਕ ਨੇ ਗੱਲਾਂ ਨਾਲ ਭਰਮਾ ਲਿਆ। ਹਰੇਕ ਨੇ ਪਾੜਾ ਹੋਰ ਵਧਾ ਦਿੱਤਾ। ਬਜ਼ੁਰਗੀ ਚੈਨ ਗੁਆ ਬੈਠੀ ਤੇ ਨੌਜਵਾਨੀ ਦਿਸ਼ਾ। ਬਚਪਨ ਨੂੰ ਖਿਡੌਣੇ ਲੱਭੇ ਨਹੀਂ ਤੇ ਘਰਾਂ ਵਿਚ ਬੇਰੌਣਕੀ ਪਸਰ ਗਈ। ਵਿਦੇਸ਼ਾਂ ਤੋਂ ਮੁੜਨ ਦੇ ਰਾਹ ਫਿਕਰਾਂ ਭਰੇ ਹੋ ਕੇ ਰਹਿ ਗਏ। ਕੀ ਇਹੋ ਸਭ ਵਾਸਤੇ ਪੰਜਾਬ ਬਣਿਆ ਸੀ? ਅਸੀਂ ਇੰਨੀ ਤਕੜੀ ਸੋਚ ਸ਼ਕਤੀ ਦੇ ਬਾਵਜੂਦ ਹਥਿਆਰ ਸੁੱਟ ਬੈਠੇ ਹਾਂ।
ਚਲੋ ਖ਼ੈਰ, ਨਵੇਂ ਸਾਲ ਵਿਚ ਨਵੀਂ ਸਵੇਰ ਦੀ ਗੱਲ ਕਰੀਏ। ਜੇ ਅੱਜ ਵੀ ਸ਼ੁਰੂਆਤ ਕਰ ਲਈਏ ਤਾਂ ਵੀ ਕੁਝ ਦਹਾਕਿਆਂ ਵਿਚ ਮੋੜਾ ਪੈ ਸਕਦਾ ਹੈ। ਜੇ ਪਹਿਲ ਵਿੱਦਿਆ ਨੂੰ ਹੀ ਦੇਈਏ ਤਾਂ ਉਹ ਯੰਤਰ ਤਾਂ ਹਰ ਬੱਚੇ ਦੇ ਹੱਥ ਵਿਚ ਹੋਵੇਗਾ, ਜਿਸ ਨਾਲ ਉਸ ਨੂੰ ਬੇਬਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਸੀਂ ਆਪਣੀ ਸੋਚ ਦਰੁਸਤ ਕਰੀਏ। ਜੇ ਕਿਸੇ ਚੀਜ਼ 'ਤੇ 'ਮੁਫ਼ਤ' ਦੀ ਮੋਹਰ ਲੱਗੀ ਹੈ ਤਾਂ ਉਸ ਨੇ ਦਸ ਗੁਣਾ ਕੀਮਤ ਵਸੂਲ ਲੈਣੀ ਹੈ, ਕਿਉਂਕਿ ਸੁੱਖ ਤੋਂ ਵੱਡਾ ਕੋਈ ਦੁੱਖ ਹੀ ਨਹੀਂ ਦੁਨੀਆ 'ਤੇ। ਇਹ ਉਹ ਦਿਓ ਹੈ, ਜਿਸ ਦਾ ਮੂੰਹ ਅੱਡਿਆ ਹੀ ਰਹਿਣਾ ਹੈ। ਸ਼ਾਂਤੀ ਇਕ ਹੱਦ ਤੋਂ ਅਗਾਂਹ ਲੱਭ ਜਾਂਦੀ ਹੈ। ਸੁੱਖ ਤਾਂ ਕਿਸੇ ਨੂੰ ਕਦੇ ਲੱਭਿਆ ਹੀ ਨਹੀਂ। ਆਪਣੇ ਜੋਗਾ ਕਮਾ ਕੇ ਖਾਣ ਦੀ ਆਦਤ ਪਾਓ, ਆਪਣੀਆਂ ਲੋੜਾਂ ਨੂੰ ਆਪਣੇ ਸੁੱਖ-ਚੈਨ ਦਾ ਵੈਰੀ ਨਾ ਬਣਾਓ। ਤਬੀਅਤ ਵਿਚ ਸਿਦਕ ਰੱਖਣਾ ਬਹੁਤ ਜ਼ਰੂਰੀ ਹੈ। ਉਸ ਬੰਦੇ ਦਾ ਕੱਦ ਬਹੁਤ ਉੱਚਾ ਹੈ, ਜਿਸ ਨੇ ਕਦੇ ਹੱਥ ਨਹੀਂ ਟੱਡਿਆ, ਕਿਸੇ ਦੇ ਮੂਹਰੇ ਤੇ ਮੰਗਵੀਂ ਨਾਲ ਕਾਹਦਾ ਰੱਜ। ਘਰਾਂ ਤੋਂ ਹੁੰਦਾ ਇਹ ਤਰੀਕਾ, ਸਰਕਾਰਾਂ ਤੱਕ ਪਹੁੰਚ ਜਾਵੇਗਾ। ਯੋਧੇ ਹਾਂ, ਮੰਗਤੇ ਨਹੀਂ। ਹੱਕ-ਹਲਾਲ ਵਿਚ ਹੀ ਬਰਕਤਾਂ ਹਨ। ਸਿਆਹ ਰਾਤ ਦੀ ਮਿਆਦ ਸਵੇਰ ਹੋਣ ਤੱਕ ਹੀ ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਠੇਕੇ 'ਤੇ ਜ਼ਮੀਨ ਅਤੇ ਮਹਿੰਗੀ ਮਸ਼ੀਨਰੀ ਅਗਲੀ ਖ਼ਬਰ ਪੰਜਾਬ ਲਈ ਚੁਣੌਤੀਆਂ ਭਰਪੂਰ ਹੀ ਰਹੇਗਾ ਸਾਲ 20of
Ad Position 24