30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ

ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ

Ad Position 21
No active advertisement
ਅਜੀਤ ਡੈਸਕ 31-08-2026

ਸਰਹੱਦ ਪਾਰ ਪਾਕਿਸਤਾਨੀ ਇਲਾਕਿਆਂ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੀਆਂ ਕਾਰਵਾਈਆਂ 'ਚ ਅਚਾਨਕ ਹੋਏ ਵਾਧੇ ਨੇ ਨਾ ਸਿਰਫ਼ ਸੀਮਾ ਸੁਰੱਖਿਆ ਬਲ ਅਤੇ ਸਰਹੱਦੀ ਪ੍ਰਸ਼ਾਸਨ ਨੂੰ  ਚਿੰਤਤ ਕੀਤਾ ਹੈ, ਸਗੋਂ ਉਨ੍ਹਾਂ ਨੂੰ  ਰਾਸ਼ਟਰੀ ਸਰਹੱਦੀ ਸੁਰੱਖਿਆ ਲਈ ਪੈਦਾ ਹੋਏ ਖ਼ਤਰੇ ਪ੍ਰਤੀ ਵੀ ਸੁਚੇਤ ਕੀਤਾ ਹੈ | ਨਵੀਂਆਂ ਤਕਨੀਕਾਂ ਨੇ ਸਥਿਤੀ ਨੂੰ  ਹੋਰ ਗੰਭੀਰ ਬਣਾ ਦਿੱਤਾ ਹੈ ਕਿਉਂਕਿ ਤਸਕਰੀ ਦੀਆਂ ਜ਼ਿਆਦਾਤਰ ਘਟਨਾਵਾਂ ਅਤਿ ਆਧੁਨਿਕ ਡਰੋਨਾਂ ਜ਼ਰੀਏ ਹੁੰਦੀਆਂ ਹਨ | ਇਸ ਕਾਰਨ ਰਾਸ਼ਟਰੀ ਸਰਹੱਦੀ ਸੁਰੱਖਿਆ ਲਈ ਵੀ ਖ਼ਤਰਾ ਵਧ ਜਾਂਦਾ ਹੈ ਕਿਉਂਕਿ ਗੁਆਂਢੀ ਦੇਸ਼ ਪਾਕਿਸਤਾਨ ਦੁਆਰਾ ਤੁਰਕੀ ਤੇ ਹੋਰ ਦੇਸ਼ਾਂ ਤੋਂ ਪ੍ਰਾਪਤ ਕੀਤੇ ਡਰੋਨਾਂ 'ਚ ਕੈਮਰੇ ਹੋਣੇ ਦੀ ਸੰਭਾਵਨਾ 'ਤੇ ਹਾਲ ਹੀ 'ਚ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਵੀ ਚਿੰਤਾ ਪ੍ਰਗਟਾਈ ਹੈ | ਇਸ ਸੰਭਾਵਨਾ ਨੂੰ  ਬਲ ਇਸ ਲਈ ਵੀ ਮਿਲਦਾ ਹੈ ਕਿ ਹਾਲ ਹੀ 'ਚ ਸਰਹੱਦ 'ਤੇ ਮੌਜੂਦ ਤਸਕਰਾਂ ਦੀ ਗੈਂਗਸਟਰਾਂ ਤੇ ਰਾਸ਼ਟਰ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਦੀਆਂ ਕਈ ਖ਼ਬਰਾਂ ਮਿਲੀਆਂ ਹਨ | ਪਿਛਲੇ ਦਿਨਾਂ 'ਚ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨਿਕ ਸੂਤਰਾਂ ਦੇ ਨਾਲ-ਨਾਲ ਸੈਨਿਕ ਬਲਾਂ ਦਾ ਸੁਚੇਤ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ |
ਸਰਹੱਦੀ ਖੇਤਰਾਂ 'ਚ ਸਥਿਤੀ ਦੀ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਵੀ ਲਗਦਾ ਹੈ ਕਿ ਹਾਲ ਹੀ 'ਚ ਪੰਜਾਬ ਪੁਲਿਸ ਦੀ ਖ਼ੁਫ਼ੀਆ ਏਜੰਸੀ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਕਾਊਾਟਰ ਇੰਟੈਲੀਜੈਂਸ ਏਜੰਸੀ ਦੀ ਇਕ ਸਾਂਝੀ ਕਾਰਵਾਈ ਦੌਰਾਨ ਛੇ ਵਿਅਕਤੀਆਂ ਦੀ ਗਿ੍ਫ਼ਤਾਰੀ ਤੋਂ ਇਕ ਅਜਿਹੀ ਸਜਿਸ਼ ਦਾ ਪਤਾ ਲਗਦਾ ਹੈ, ਜਿਸ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ-ਨਾਲ ਵੱਡੀ ਪੱਧਰ 'ਤੇ ਹਥਿਆਰਾਂ ਦੀ ਤਸਕਰੀ ਵੀ ਕੀਤੀ ਗਈ ਹੈ | ਗਿ੍ਫ਼ਤਾਰ ਕੀਤੇ ਉਕਤ ਵਿਅਕਤੀਆਂ ਤੋਂ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਅੱਠ ਆਧੁਨਿਕ ਪਿਸਤੌਲ ਤੇ ਕਾਫ਼ੀ ਕਾਰਤੂਸ ਬਰਾਮਦ ਕੀਤੇ ਹਨ | ਇਕ ਹੋਰ ਘਟਨਾ 'ਚ ਸਰਹੱਦੀ ਪੁਲਿਸ ਨੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਵੀ ਪਰਦਾਫਾਸ਼ ਕੀਤਾ ਹੈ | ਇਸ ਦੌਰਾਨ ਤਿੰਨ ਤਸਕਰਾਂ ਨੂੰ  ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ 14 ਵਿਦੇਸ਼ੀ ਪਿਸਤੌਲ ਤੇ ਕਈ ਮੈਗਜ਼ੀਨ ਬਰਾਮਦ ਕੀਤੇ ਗਏ | ਇਸ ਗਰੋਹ ਦੇ ਮੈਂਬਰਾਂ ਦਾ ਕੰਮ ਕਰਨ ਦਾ ਢੰਗ ਵੀ ਇਹੀ ਹੈ ਕਿ ਉਹ ਨਸ਼ੇ ਦੀ ਤਸਕਰੀ ਦੇ ਪੈਸੇ ਨਾਲ ਹਥਿਆਰ ਖਰੀਦ ਕੇ ਗੈਂਗਸਟਰਾਂ ਨੂੰ  ਸਪਲਾਈ ਕਰਦੇ ਹਨ | ਇਸ ਨਾਲ ਵੀ ਦੇਸ਼ ਤੇ ਪੰਜਾਬ ਰਾਜ ਦੀ ਸੁਰੱਖਿਆ ਤੇ ਸਦਭਾਵਨਾ ਲਈ ਖ਼ਤਰਾ ਪੈਦਾ ਹੁੰਦਾ ਹੈ | ਇਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੀ ਵੀ ਸੰਭਾਵਨਾ ਵਧਦੀ ਹੈ | ਪੁਲਿਸ ਤੇ ਪ੍ਰਸ਼ਾਸਨਿਕ ਤੰਤਰ ਦੁਆਰਾ ਅਜਿਹੇ ਲੋਕਾਂ ਦੇ ਸਰਹੱਦੋਂ ਪਾਰ ਦੇ ਤਸਕਰਾਂ, ਗੁੰਡਾ ਅਨਸਰਾਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਨਾਲ ਸੰਪਰਕ ਦਾ ਪਤਾ ਲਗਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਬੜੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ | ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਵਧੇਰੇ ਚੌਕਸੀ ਵਰਤਣ ਲਈ ਕਿਹਾ ਹੈ | ਉਨ੍ਹਾਂ ਨੇ ਇਹ ਵੀ ਸਵੀਕਾਰਿਆ ਹੈ ਕਿ ਸਰਹੱਦ ਦੇ ਇਸ ਪਾਰ ਤਸਕਰਾਂ ਅਤੇ ਗੈਂਗਸਟਰਾਂ ਦਾ ਸਰਹੱਦੋਂ ਪਾਰ ਵਾਲੇ ਦੇਸ਼ ਵਿਰੋਧੀ ਤੱਤਾਂ ਨਾਲ ਸਪੱਸ਼ਟ ਤੌਰ 'ਤੇ ਸੰਪਰਕ ਪਾਇਆ ਗਿਆ ਹੈ | ਬੇਸ਼ੱਕ ਇਸ ਮਾਮਲੇ ਨੂੰ  ਲੈ ਕੇ ਸਰਹੱਦੀ ਖੇਤਰਾਂ 'ਚ ਪ੍ਰਸ਼ਾਸਕੀ ਸਰਗਰਮੀ ਵਧਾਉਣ ਦੇ ਦਾਅਵੇ ਕੀਤੇ ਗਏ ਹਨ, ਪਰ ਅਸੀਂ ਸਮਝਦੇ ਹਾਂ ਕਿ ਇਹ ਸਰਗਰਮੀ ਮੌਜੂਦਾ ਸਮੇਂ ਲਈ ਜਾਂ ਅਸਥਾਈ ਨਹੀਂ ਹੋਣੀ ਚਾਹੀਦੀ | ਇਸ ਲਈ ਇਕ ਨਿਰੰਤਰ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ ਅਤੇ ਤਸਕਰਾਂ ਤੇ ਗੈਂਗਸਟਰਾਂ ਵਿਚਕਾਰ ਸਿੱਧੇ ਸੰਬੰਧ ਪੱਕੇ ਤੌਰ 'ਤੇ ਤੋੜਨੇ ਚਾਹੀਦੇ ਹਨ | ਸਥਾਨਕ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਹੱਦ ਪਾਰ ਤੋਂ ਹੈਰੋਇਨ, ਆਈਸ ਆਦਿ ਨਸ਼ੀਲੇ ਪਦਾਰਥਾਂ ਦੀ ਡਰੋਨਾਂ ਜ਼ਰੀਏ ਤਸਕਰੀ ਦੀਆਂ ਘਟਨਾਵਾਂ ਆਮ ਹੋਣ ਲੱਗੀਆਂ ਹਨ | ਇਸ ਦਾ ਇਕ ਖ਼ਤਰਨਾਕ ਪਹਿਲੂ ਇਹ ਵੀ ਹੈ ਕਿ ਤਸਕਰ ਨਸ਼ੇ ਤੇ ਹਥਿਆਰਾਂ ਦੇ ਆਦਾਨ-ਪ੍ਰਦਾਨ ਲਈ ਵੱਡੀ ਗਿਣਤੀ 'ਚ ਨਾਬਾਲਗ ਬੱਚਿਆਂ ਤੇ ਔਰਤਾਂ ਦੀ ਵਰਤੋਂ ਕਰਨ ਲੱਗੇ ਹਨ |
ਅਸੀਂ ਸਮਝਦੇ ਹਾਂ ਕਿ ਸਾਡੇ ਗੁਆਂਢੀ ਦੇਸ਼ ਦੀ ਭਾਰਤ ਪ੍ਰਤੀ ਨੀਅਤ ਤੇ ਨੀਤੀਆਂ ਸੁਹਿਰਦ ਨਾ ਹੋਣ ਕਾਰਨ ਉਹ ਭਾਰਤ ਵਿਰੋਧੀ ਕਾਰਵਾਈਆਂ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ | ਉਸ ਦਾ ਇਕੋ-ਇਕ ਉਦੇਸ਼ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿਚ ਵੱਧ ਤੋਂ ਵੱਧ ਨਸ਼ੀਲੇ ਪਦਾਰਥ ਭੇਜ ਕੇ ਇੱਥੋਂ ਦੀ ਨੌਜਵਾਨ ਸ਼ਕਤੀ ਨੂੰ  ਕਮਜ਼ੋਰ ਕਰਨਾ ਹੈ | ਇਸ ਦੇ ਨਾਲ ਹੀ ਉਸ ਦੇਸ਼ ਦੀ ਸਰਕਾਰ ਸਰਹੱਦ ਦੇ ਇਸ ਪਾਰ ਵੱਧ ਤੋਂ ਵੱਧ ਹਥਿਆਰ ਤੇ ਵਿਸਫੋਟਕ ਸਮੱਗਰੀ ਭੇਜ ਕੇ ਖ਼ਾਸ ਕਰ ਪੰਜਾਬ ਤੇ ਦਿੱਲੀ 'ਚ ਫਿਰਕੂ ਤਣਾਅ ਭੜਕਾ ਕੇ ਅਸ਼ਾਂਤੀ ਪੈਦਾ ਕਰਨਾ ਚਾਹੁੰਦੀ ਹੈ | ਅਜਿਹੀ ਸਥਿਤੀ 'ਚ ਭਾਰਤ ਦੀ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਖ਼ਾਸ ਕਰਕੇ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲਾਂ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਉਹ ਨਿਰੰਤਰ ਤੇ ਸੁਚੇਤ ਰਹਿੰਦੇ ਹੋਏ ਸਰਹੱਦ ਦੇ ਦੋਵੇਂ ਪਾਸੇ ਸਰਗਰਮ ਸਮਾਜ ਵਿਰੋਧੀ ਤੇ ਰਾਸ਼ਟਰ ਵਿਰੋਧੀ ਅਨਸਰਾਂ 'ਤੇ ਸਖ਼ਤੀ ਨਾਲ ਕਾਬੂ ਪਾ ਕੇ ਸਾਡੇ ਦੇਸ਼ ਤੇ ਸਰਹੱਦਾਂ ਦੀ ਸੁਰੱਖਿਆ ਨੂੰ  ਯਕੀਨੀ ਬਣਾਉਣ | ਆਪਣੇ ਦੇਸ਼ ਦੀ ਨੌਜਵਾਨ ਸ਼ਕਤੀ ਨੂੰ  ਭਟਕਣ ਤੋਂ ਬਚਾਉਣ ਅਤੇ ਉਸ ਨੂੰ  ਰਾਸ਼ਟਰ ਨਿਰਮਾਣ ਦੇ ਕਾਰਜਾਂ ਵੱਲ ਪ੍ਰੇਰਿਤ ਕਰਨ ਦਾ ਕੰਮ ਦੇਸ਼ ਦੀ ਸਰਕਾਰ ਤੇ ਸਮਾਜ ਨੇ ਹੀ ਕਰਨਾ ਹੈ | ਇਹ ਕਾਰਜ ਆਮ ਲੋਕਾਂ ਦੀ ਨਿਰੰਤਰ ਜਾਗਰੂਕਤਾ ਤੇ ਚੌਕਸੀ ਨਾਲ ਹੋਰ ਵੀ ਆਸਾਨ ਬਣ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਨੌਜਵਾਨਾਂ ਦੀ ਉਮੀਦ ਨੂੰ ਝਟਕਾ ਅਗਲੀ ਖ਼ਬਰ ਕੁਦਰਤ ਨਾਲ ਖਿਲਵਾੜ ਦਾ ਨਤੀਜਾ : ਹਿਮਾਲਿਆਈ ਖੇਤਰਾਂ ਦੇ ਭਿਆਨਕ ਹੜ੍ਹ
Ad Position 24