ਅੱਜ ਲਈ ਵਿਸ਼ੇਸ਼

ਦਮਦਮਾ ਸਾਹਿਬ ਜੋ ਇਤਿਹਾਸਕ ਕਸਬੇ ਤਲਵੰਡੀ ਸਾਬੋ ਦਾ ਹੀ ਦੂਜਾ ਨਾਂਅ ਹੈ, ਅਧਿਆਤਮਕ, ਧਾਰਮਿਕ, ਰਾਜਨੀਤਕ ਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ | ਇਸ ਨੂੰ ਗੁਰੂ ਕੀ ਕਾਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ | ਸਿੱਖ ਪੰਥ ਦੇ ਪੰਜਵੇਂ ਤਖ਼ਤ ਵਜੋਂ ਮਾਨਤਾ ਪ੍ਰਾਪਤ ਇਸ ਪਾਵਨ ਧਰਤੀ 'ਤੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ | ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ 1515 'ਚ ਸਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇੱਥੇ ਬਿਰਾਜੇ ਸਨ | 159 ਸਾਲ ਪਿੱਛੋਂ 1674 'ਚ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਗੁਰੂਸਰ ਸਰੋਵਰ ਦਾ ਟੱਕ ਲਾਇਆ ਅਤੇ ਪੰਜ ਦੁਸ਼ਾਲੇ ਮਿੱਟੀ ਦੇ ਭਰ ਕੇ ਕੱਢੇ | 31 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1705 'ਚ ਜੰਗਾਂ-ਯੁੱਧਾਂ ਪਿੱਛੋਂ ਇਸ ਅਸਥਾਨ 'ਤੇ ਇਕ ਉੱਚੀ ਥੇੜੀ 'ਤੇ ਆ ਕੇ ਦਮ ਲਿਆ ਅਤੇ ਕਮਰਕੱਸਾ ਖੋਲਿ੍ਹਆ | ਇਸ ਅਸਥਾਨ ਤੋਂ ਸਿੱਖ ਸੰਗਤਾਂ ਦੇ ਨਾਂਅ ਹੁਕਮਨਾਮੇ ਜਾਰੀ ਕੀਤੇ ਅਤੇ 1706 ਈ. ਦੀ ਵਿਸਾਖੀ 'ਤੇ ਕਰੀਬ ਸਵਾ ਲੱਖ ਲੋਕਾਂ ਨੂੰ ਅੰਮਿ੍ਤ ਦੀ ਦਾਤ ਬਖਸ਼ਿਸ਼ ਕੀਤੀ |
ਇਸ ਇਲਾਕੇ ਦਾ ਚੌਧਰੀ ਉਨ੍ਹੀਂ ਦਿਨੀਂ ਭਾਈ ਡੱਲਾ ਹੁੰਦਾ ਸੀ, ਜੋ ਦਸਮੇਸ਼ ਪਿਤਾ ਤੋਂ ਅੰਮਿ੍ਤ ਦੀ ਦਾਤ ਪ੍ਰਾਪਤ ਕਰਨ ਪਿੱਛੋਂ ਡਲ ਸਿੰਘ ਵਜੋਂ ਜਾਣਿਆ ਗਿਆ | ਇਸ ਪਵਿੱਤਰ ਸਰਜ਼ਮੀਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਬ ਸਵਾ ਸਾਲ ਵਿਸ਼ਰਾਮ ਕੀਤਾ ਅਤੇ 1706 'ਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕ ਤੇ ਸੰਪੂਰਨ ਬੀੜ ਤਿਆਰ ਕਰਵਾਈ | ਇਸ ਬੀੜ ਨੂੰ ਗੁਰੂ ਸਾਹਿਬ ਨੇ ਆਪਣੀ ਅਧਿਆਤਮਕਤਾ ਦੁਆਰਾ ਭਾਈ ਮਨੀ ਸਿੰਘ ਦੇ ਹੱਥੋਂ ਲਿਖਵਾਇਆ, ਜਿਸ 'ਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਰਾਗ ਜੈਜਾਵੰਤੀ ਸ਼ਾਮਿਲ ਕਰਕੇ ਇਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ | ਇਸੇ ਬੀੜ ਨੂੰ ਦਮਦਮੀ ਬੀੜ ਵਜੋਂ ਜਾਣਿਆ ਜਾਂਦਾ ਹੈ | ਸਾਹਿਤਯ ਸ਼ਾਸਤਰੀ (ਮਰਹੂਮ) ਗਿਆਨੀ ਬਲਵੰਤ ਸਿੰਘ ਕੋਠਾਗੁਰੂ (1933-2019) ਮੁਤਾਬਕ ਇਹ ਬੀੜ ਵਿਸਾਖੀ ਵਾਲੇ ਦਿਨ (1763 ਬਿਕਰਮੀ ਵਿਚ) ਲਿਖਣੀ ਆਰੰਭ ਕੀਤੀ ਤੇ ਭਾਦਰੋਂ ਵਦੀ ਤੀਜ ਨੂੰ ਸੰਪੂਰਨ ਹੋਈ | ਦਮਦਮੀ ਬੀੜ ਦੀ ਲਿਖਾਈ ਬਾਰੇ ਉਨ੍ਹਾਂ ਨੇ 1736 ਈ. ਵਿਚ ਲਿਖੀ 'ਦੌਰਾ ਸਾਖੀ' 'ਚ ਵੀ ਮਹੱਤਵਪੂਰਨ ਹਵਾਲੇ ਦਿੱਤੇ ਹਨ | ਇਸ ਦੀ ਪੁਸ਼ਟੀ ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਪੰਕਤੀਆਂ 'ਚ ਕੀਤੀ:-
ਅਉਰ ਚਾਰ ਤਿਸ ਪ੍ਰਤੇ ਭਾਏ |
ਦੀਪ ਸਿੰਘ ਸ਼ਹੀਦ ਲਿਖਾਏ |
ਇਕ ਅਕਾਲ ਬੁੰਗੇ ਇਕ ਪਟਨੇ |
ਤਿਰਤੀ ਹਜ਼ੂਰ ਦਿਯੋ ਹਿੱਤ ਪਢਨੇ |
ਚਤਰਥ ਰਾਖਯੋ ਦਮਦਮੇ ਮਾਹਿ |
ਬਢ ਬਾਬੇ ਯਹਿ ਚਾਰ ਕਹਾਇ |
ਅਰਥਾਤ ਕਲਗੀਧਰ ਪਿਤਾ ਦੇ ਹੁਕਮ 'ਤੇ ਬਾਬਾ ਦੀਪ ਸਿੰਘ ਨੇ ਇਸ ਬੀੜ ਦੇ ਚਾਰ ਉਤਾਰੇ ਕੀਤੇ, ਜੋ ਕ੍ਰਮਵਾਰ ਅਕਾਲ ਤਖ਼ਤ ਅੰਮਿ੍ਤਸਰ, ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਦਮਦਮਾ ਸਾਹਿਬ 'ਚ ਰੱਖੇ ਗਏ | ਪਿੱਛੋਂ ਬਾਬਾ ਦੀਪ ਸਿੰਘ ਨੇ ਹਿੰਦੀ, ਮਰਾਠੀ, ਉਰਦੂ, ਫ਼ਾਰਸੀ ਤੇ ਅਰਬੀ 'ਚ ਵੀ ਇਸ ਦਾ ਅਨੁਵਾਦ ਕੀਤਾ |
ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਲੇਖਨ ਬਾਰੇ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਅੰਮਿ੍ਤ ਵੇਲੇ ਇਸ ਦੀ ਲਿਖਾਈ ਹੁੰਦੀ ਸੀ ਅਤੇ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਕੀਤੀ ਜਾਂਦੀ ਸੀ | ਦਸਮੇਸ਼ ਪਿਤਾ ਖ਼ੁਦ ਕਥਾ ਕਰਿਆ ਕਰਦੇ ਸਨ, ਜਿਨ੍ਹਾਂ ਗੁਰਮੁਖਾਂ ਨੇ ਆਦਿ ਤੋਂ ਅੰਤ ਤੱਕ ਕਥਾ ਸਰਵਣ ਕੀਤੀ, ਉਨ੍ਹਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ 48 ਗੁਰਮੁਖ ਸਨ- ਭਾਈ ਮਨੀ ਸਿੰਘ ਸ਼ਹੀਦ, ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਰਾਮ ਸਿੰਘ ਕੁਇਰ, ਬਾਬਾ ਕਾਹਨ ਸਿੰਘ, ਬਾਬਾ ਬਿਨੋਦ ਸਿੰਘ, ਬਾਬਾ ਗੁਰਮੁਖ ਸਿੰਘ ਸ਼ਹੀਦ, ਬਾਬਾ ਦਾਨ ਸਿੰਘ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ, ਭਾਈ ਸ਼ਮੀਰ ਸਿੰਘ, ਭਾਈ ਨੰਦ ਲਾਲ, ਭਾਈ ਧੰਨਾ ਸਿੰਘ, ਭਾਈ ਦਇਆ ਸਿੰਘ, ਭਾਈ ਜੀਵਾ ਸਿੰਘ, ਭਾਈ ਪਿਆਰਾ ਸਿੰਘ, ਭਾਈ ਬੀਰ ਸਿੰਘ, ਭਾਈ ਧੀਰ ਸਿੰਘ, ਭਾਈ ਸੁੰਦਰ ਸਿੰਘ, ਭਾਈ ਅਮਰ ਸਿੰਘ, ਭਾਈ ਤਾਰਾ ਸਿੰਘ, ਭਾਈ ਜਗਜੀਵਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗਿਆਨ ਸਿੰਘ, ਭਾਈ ਬਿਸੰਭਰ ਸਿੰਘ, ਭਾਈ ਹਰਗੋਪਾਲ ਸਿੰਘ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ, ਭਾਈ ਮੱਖਣ ਸਿੰਘ, ਭਾਈ ਮਦਨ ਸਿੰਘ, ਭਾਈ ਧਰਮ ਸਿੰਘ, ਭਾਈ ਸੁਜਾਨ ਸਿੰਘ, ਭਾਈ ਜੀਵਨ ਸਿੰਘ, ਭਾਈ ਅਕਾਲ ਸਿੰਘ, ਭਾਈ ਪਿ੍ਤਪਾਲ ਸਿੰਘ, ਭਾਈ ਦਿਆਲ ਸਿੰਘ, ਭਾਈ ਬਖਤਾਵਰ ਸਿੰਘ, ਭਾਈ ਦੇਵਾ ਸਿੰਘ, ਭਾਈ ਮੇਵਾ ਸਿੰਘ, ਭਾਈ ਗਿਆਨ ਸਿੰਘ, ਭਾਈ ਅਚਲ ਸਿੰਘ, ਰਾਜਾ ਜੈ ਸਿੰਘ, ਰਾਜਾ ਬਿਸ਼ਨ ਸਿੰਘ, ਭਾਈ ਭਾਗ ਸਿੰਘ, ਭਾਈ ਵਸਾਵਾ ਸਿੰਘ, ਭਾਈ ਘਣੀਆ ਸਿੰਘ, ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮਲਾਗਰ ਸਿੰਘ | ਇਨ੍ਹਾਂ ਗੁਰਸਿੱਖਾਂ ਬਾਰੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਨੇ 'ਗੁਰਮੁਖ ਪ੍ਰਕਾਸ਼' 'ਚ ਅੰਕਿਤ ਕੀਤਾ ਹੈ:-
ਤਖ਼ਤ ਦਮਦਮੇ ਸੋਂ ਪੜ੍ਹੇ
ਅਠਤਾਲੀ ਸਿੰਘ ਰਾਸ |
ਅਰਥ ਸੰਪਦਾ ਪਾਠ ਕੀ
ਚਲੀ ਤਬੀ ਤੇ ਖਾਸ |
ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਪਿੱਛੋਂ ਗੁਰੂ ਜੀ ਨੇ ਬਚੀਆਂ ਹੋਈਆਂ ਕਲਮਾਂ ਅਤੇ ਸਿਆਹੀ ਆਦਿ ਹੋਰ ਸਮੱਗਰੀ ਲਿਖਣਸਰ ਦੇ ਟੋਭੇ ਵਿਚ ਪ੍ਰਵਾਹਿਤ ਕਰਕੇ ਇਸ ਧਰਤੀ ਨੂੰ 'ਗੁਰੂ ਕੀ ਕਾਸ਼ੀ' ਹੋਣ ਦਾ ਵਰਦਾਨ ਦਿੱਤਾ | ਚੌਧਰੀ ਡੱਲੇ ਦਾ ਮਾਣ ਤੋੜਨ ਲਈ ਗੁਰੂ ਜੀ ਨੇ ਲਾਹੌਰ ਵਾਸੀ ਭਾਈ ਉਦੈ ਸਿੰਘ ਵਲੋਂ ਭੇਟ ਕੀਤੀ ਬੰਦੂਕ ਦੀ ਪਰਖ ਕਰਨ ਲਈ ਉਸ ਨੂੰ ਆਪਣੇ ਬਰਾੜ ਯੋਧੇ ਭੇਜਣ ਲਈ ਕਿਹਾ | ਪਰ ਡੱਲੇ ਦੇ ਸੈਨਿਕ ਅਣਿਆਈ ਮੌਤ ਮਰਨ ਤੋਂ ਕੋਰਾ ਜਵਾਬ ਦੇ ਗਏ | ਗੁਰੂ ਜੀ ਦਾ ਹੁਕਮ ਮੰਨ ਕੇ ਪਿਓ-ਪੁੱਤਰ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਨੇ ਖ਼ੁਦ ਨੂੰ ਗੁਰੂ ਜੀ ਦੇ ਸਨਮੁਖ ਪੇਸ਼ ਕੀਤਾ | ਇਨ੍ਹਾਂ ਮਰਜੀਵੜਿਆਂ ਦੀ ਯਾਦ 'ਚ ਇੱਥੇ ਇਕ ਗੁਰਦੁਆਰਾ ਮੌਜੂਦ ਹੈ | ਗੁਰੂ ਜੀ ਦੇ ਦਰਬਾਰ 'ਚ ਇੱਥੇ ਦਿੱਲੀ ਤੋਂ ਮਾਤਾਵਾਂ (ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ) ਭਾਈ ਮਨੀ ਸਿੰਘ ਸਮੇਤ ਪਹੁੰਚੀਆਂ ਤਾਂ ਉਨ੍ਹਾਂ ਨੂੰ ਆਪਣੇ ਸਾਹਿਬਜ਼ਾਦੇ ਨਜ਼ਰ ਨਾ ਆਏ | ਗੁਰੂ ਜੀ ਤੋਂ ਪੁੱਛਣ 'ਤੇ ਦਸਮੇਸ਼ ਪਿਤਾ ਨੇ ਭਰੇ ਦਰਬਾਰ ਵੱਲ ਸੰਕੇਤ ਕਰਕੇ ਫ਼ਰਮਾਇਆ:-
ਇਨ ਪੁਤਰਨ ਕੇ ਸੀਸ ਪਰ,
ਵਾਰ ਦੀਏ ਸੁਤ ਚਾਰ |
ਚਾਰ ਮੂਏ ਤੋ ਕਿਆ ਹੂਆ,
ਜੀਵਤ ਕਈ ਹਜ਼ਾਰ |
ਉਸ ਯਾਦਗਾਰ ਦਾ ਪ੍ਰਤੀਕ ਇਕ ਗੁਰਦੁਆਰਾ (ਜੋ ਮਾਤਾਵਾਂ ਦੇ ਨਾਂਅ 'ਤੇ ਹੈ) ਇੱਥੇ ਸੁਭਾਇਮਾਨ ਹੈ | ਗੁਰਦੁਆਰਾ ਜੰਡਸਰ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਜੀ ਨੇ ਜੰਡ ਨਾਲ ਘੋੜਾ ਬੰਨ੍ਹ ਕੇ ਆਪਣੇ ਸੈਨਿਕਾਂ ਨੂੰ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੰਡੀਆਂ ਸਨ | ਗੁਰਦੁਆਰਾ ਮਹੱਲਸਰ ਵਿਖੇ ਗੁਰੂ ਜੀ ਨੇ ਬੀਰ ਰਸ ਦਾ ਪ੍ਰਤੀਕ ਮਹੱਲਾ ਖੇਡਿਆ ਸੀ | ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨਾਲ ਸੰਬੰਧਿਤ ਤਿੰਨ ਸਥਾਨ ਇੱਥੇ ਮੌਜੂਦ ਹਨ, ਜਿਨ੍ਹਾਂ 'ਚ ਭੋਰਾ ਸਾਹਿਬ, ਬੁਰਜ ਤੇ ਖੂਹ ਸ਼ਾਮਿਲ ਹਨ | ਤਖ਼ਤ ਸਾਹਿਬ ਵਿਖੇ ਜੋ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ 'ਚ ਇਤਿਹਾਸਕ ਬੰਦੂਕ, ਅਬਰੇ ਰਹਿਮਤ ਬਾਰ ਸ਼ੀਸ਼ਾ, ਤੇਗਾ ਬਾਬਾ ਦੀਪ ਸਿੰਘ, ਮੋਹਰ ਤਖ਼ਤ ਸਾਹਿਬ ਅਤੇ ਕ੍ਰਿਪਾਨ ਗੁਰੂ ਸਾਹਿਬ ਸ਼ਾਮਿਲ ਹਨ | ਇਸ ਤੋਂ ਬਿਨਾਂ ਭਾਈ ਡੱਲੇ ਦੇ ਖ਼ਾਨਦਾਨ ਕੋਲ ਵੀ ਗੁਰੂ ਬਖ਼ਸ਼ਿਸ਼ ਦੁਆਰਾ ਰੱਖੀਆਂ ਕੁਝ ਦੁਰਲੱਭ ਤੇ ਪਵਿੱਤਰ ਵਸਤਾਂ ਪਈਆਂ ਹਨ, ਜਿਨ੍ਹਾਂ 'ਚ ਤੇਗਾ, ਸ੍ਰੀ ਸਾਹਿਬ, ਵੱਡੀ ਦਸਤਾਰ, ਛੋਟੀ ਦਸਤਾਰ, ਵੱਡਾ ਚੋਲਾ, ਛੋਟਾ ਚੋਲਾ, ਬਾਜ਼ ਦੀ ਡੋਰ, ਰੇਬ ਪਜਾਮਾ, ਮਾਤਾ ਸਾਹਿਬ ਕੌਰ ਦਾ ਰੇਬ ਪਜਾਮਾ ਅਤੇ ਛੋਟੇ ਆਕਾਰ ਦੀ ਬੀੜ ਸ਼ਾਮਿਲ ਹੈ | ਹਰ ਸਾਲ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ (14 ਭਾਦੋਂ) ਸਮੇਂ ਇੱਥੇ ਅਖੰਡ ਪਾਠ ਰੱਖਿਆ ਜਾਂਦਾ ਹੈ | ਸਮਾਗਮਾਂ ਦੌਰਾਨ ਪ੍ਰਸਿੱਧ ਕਥਾਵਾਚਕ ਤੇ ਰਾਗੀ ਗੁਰੂ-ਜੱਸ ਦਾ ਵਰਣਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ | ਇਸ ਦੌਰਾਨ ਸਕੂਲ/ਕਾਲਜ ਵਿਦਿਆਰਥੀਆਂ ਦੇ ਸ਼ਬਦ ਗਾਇਣ, ਕਵਿਤਾ, ਵਾਰ, ਕਵੀਸ਼ਰੀ ਆਦਿ ਕਈ ਪ੍ਰਕਾਰ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ |
#1, ਲਤਾ ਗਰੀਨ ਐਨਕਲੇਵ, ਪਟਿਆਲਾ-147002
ਮੋਬਾਈਲ : 94176-92015