28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਆਪਣੀ ਵਿਭਿੰਨਤਾ ਤੋਂ ਡਰਨ ਵਾਲਾ ਦੇਸ਼ ਕਮਜ਼ੋਰ ਹੋ ਜਾਂਦਾ ਹੈ

ਆਪਣੀ ਵਿਭਿੰਨਤਾ ਤੋਂ ਡਰਨ ਵਾਲਾ ਦੇਸ਼ ਕਮਜ਼ੋਰ ਹੋ ਜਾਂਦਾ ਹੈ

Ad Position 21
No active advertisement
ਅਜੀਤ ਡੈਸਕ 28-08-2026

(ਕੱਲ੍ਹ ਤੋਂ ਅੱਗੇ)

ਦੇਸ਼ ਦੀ ਵੰਡ ਨੇ ਭਾਰਤ ਤੇ ਪਾਕਿਸਤਾਨ ਨੂੰ  ਜਨਮ ਦਿੱਤਾ, ਇਸ ਦੌਰਾਨ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹਿਜ਼ਰਤਾਂ 'ਚੋਂ ਇਕ ਹਿਜ਼ਰਤ ਹੋਈ | ਪੰਜਾਬ ਦੀ ਤ੍ਰਾਸਦੀ ਤਾਂ ਹੋਰ ਵੀ ਡੂੰਘੀ ਸੀ, ਪੰਜਾਬ ਦੇ ਲੱਖਾਂ ਲੋਕਾਂ ਦਾ ਉਜਾੜਾ ਤੇ ਮੌਤਾਂ ਹੋਈਆਂ | ਇਸ ਤ੍ਰਾਸਦੀ ਦੌਰਾਨ ਪੰਜਾਬੀਆਂ ਨੇ ਆਪਣੇ ਘਰ, ਜ਼ਮੀਨਾਂ, ਪਿੰਡ, ਪਰਿਵਾਰ, ਯਾਦਾਂ ਤੇ ਆਪਣੀ ਪੂਰੀ ਪਛਾਣ ਦਾ ਭੂਗੋਲ ਹੀ ਗੁਆ ਲਿਆ | ਜੇਕਰ ਸੰਪਰਦਾਇਕਤਾ ਦੀ ਹੁੰਮਸ ਨਾਲ ਭਰੇ ਰਾਸ਼ਟਰ ਬਣਾਉਣ ਲਈ ਮਨੁੱਖਾਂ ਨੂੰ  ਆਪਣੇ ਘਰ ਛੱਡਣੇ ਪੈਣ ਤਾਂ ਕੀ ਅਸੀਂ ਉਸ ਰਾਸ਼ਟਰ ਦੀ ਕੀਮਤ ਨੂੰ  ਸਿਰਫ਼ ਨਕਸ਼ੇ 'ਤੇ ਬਣੀ ਨਵੀਂ ਸਰਹੱਦ ਨਾਲ ਮਾਪ ਸਕਦੇ ਹਾਂ? ਦੋ-ਕੌਮੀ ਰਾਜਨੀਤੀ 'ਚ ਫਸੀ ਸਿੱਖ ਪਛਾਣ ਸਿੱਖਾਂ ਦੀ ਆਪਣੀ ਧਾਰਮਿਕ, ਇਤਿਹਾਸਕ ਤੇ ਰਾਜਨੀਤਕ ਵਿਕਾਸ ਯਾਤਰਾ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਅਤੇ ਬਾਅਦ ਦੀ ਸਿੱਖ ਰਾਜਨੀਤੀ ਤੱਕ ਫੈਲੀ ਹੋਈ ਹੈ | ਇਸ ਲਈ ਜਦੋਂ ਕਿਸੇ ਵਿਚਾਰਧਾਰਾ ਨੇ ਭਾਰਤ ਦੀ ਸਾਰੀ ਧਾਰਮਿਕ ਵੰਨ-ਸੁਵੰਨਤਾ ਨੂੰ  ਸਿਰਫ਼ 'ਹਿੰਦੂ ਬਨਾਮ ਮੁਸਲਿਮ' ਵਿਚ ਸਮੇਟ ਦਿੱਤਾ ਤਾਂ ਸਿੱਖ ਇਤਿਹਾਸ ਦੀ ਆਪਣੀ ਵਿਲੱਖਣਤਾ ਵੀ ਪਿੱਛੇ ਧੱਕੀ ਗਈ | ਇਹ ਸਿਰਫ਼ ਸਿੱਖਾਂ ਦਾ ਸਵਾਲ ਨਹੀਂ, ਇਹ ਭਾਰਤ ਦੀ ਬਹੁ-ਪਛਾਣ ਵਾਲੀ ਹਕੀਕਤ ਦਾ ਵੀ ਸਵਾਲ ਹੈ | 
ਸੰਪਰਦਾਇਕ ਰਾਸ਼ਟਰਵਾਦ ਦੀ ਸਭ ਤੋਂ ਵੱਡੀ ਤਾਕਤ ਇਤਿਹਾਸ ਦੀ ਵਿਆਖਿਆ ਹੈ | ਇਤਿਹਾਸ, ਸਮਾਜ ਨੂੰ  ਆਪਣੇ ਅਤੀਤ ਤੋਂ ਸਿੱਖਣ ਵਿਚ ਮਦਦ ਕਰਦਾ ਹੈ | ਪਰ ਜੇ ਇਤਿਹਾਸ ਨੂੰ  ਰਾਜਨੀਤਕ ਪਛਾਣ ਬਣਾਉਣ ਲਈ ਵਰਤਿਆ ਜਾਵੇ, ਤਾਂ ਉਹ ਬਦਲਾ ਲੈਣ ਦੀ ਤੜਪ ਵੀ ਬਣ ਸਕਦਾ ਹੈ | ਭਾਰਤ ਵਿਚ ਸੰਪਰਦਾਇਕ ਇਤਿਹਾਸਕਾਰੀ ਨੇ ਮੱਧ ਕਾਲੀਨ ਇਤਿਹਾਸ ਨੂੰ  ਹਿੰਦੂ ਬਨਾਮ ਮੁਸਲਿਮ ਟਕਰਾਅ ਵਜੋਂ ਪੇਸ਼ ਕੀਤਾ | ਸਾਨੂੰ ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਇਤਿਹਾਸ ਵਿਚ ਕਿਸੇ ਧਰਮ ਦੇ ਸ਼ਾਸਕ ਵਲੋਂ ਕੀਤਾ ਜ਼ੁਲਮ ਉਸ ਧਰਮ ਦੇ ਮੌਜੂਦਾ ਵਿਅਕਤੀਆਂ ਦਾ ਜੁਰਮ ਨਹੀਂ ਬਣ ਸਕਦਾ ਅਤੇ ਨਾ ਹੀ ਕਿਸੇ ਧਰਮ ਦੇ ਚੰਗੇ  ਵਿਅਕਤੀ ਵਲੋਂ ਕੀਤਾ ਗਿਆ ਕੋਈ ਮਹਾਨ ਕੰਮ ਉਸ ਧਰਮ ਦੇ ਹਰ ਵਿਅਕਤੀ ਦੀ ਵਿਅਕਤੀਗਤ ਮਹਾਨਤਾ ਦਾ ਸਬੂਤ ਬਣ ਸਕਦਾ ਹੈ | ਅਸਲ 'ਚ ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਧਾਰਮਿਕ ਪਛਾਣ ਰਾਜ ਦੀਆਂ ਸੰਸਥਾਵਾਂ ਤੋਂ ਉੱਪਰ ਹੋ ਜਾਵੇ | ਉਸ ਵੇਲੇ ਇਹ ਲਾਜ਼ਮੀ ਤÏਰ 'ਤੇ ਆਰਥਿਕ ਤਬਾਹੀ ਤੇ ਸਮਾਜਿਕ ਬਰਬਾਦੀ ਲਿਆਉਂਦਾ ਹੈ | ਆਧੁਨਿਕ ਦੇਸ਼ ਦੀ ਤਰੱਕੀ ਲਈ ਕਾਨੂੰਨ ਦੀ ਬਰਾਬਰ ਪਾਲਣਾ, ਨਾਗਰਿਕਾਂ ਵਿਚ ਭਰੋਸਾ, ਵਿਗਿਆਨਕ ਸੋਚ, ਗੁਣਵੱਤਾ ਵਾਲੀ ਸਿੱਖਿਆ, ਸੰਸਥਾਵਾਂ ਦੀ ਨਿਰਪੱਖਤਾ, ਨਿਵੇਸ਼ ਤੇ ਆਰਥਿਕ ਸਥਿਰਤਾ, ਸਮਾਜਿਕ ਸਹਿਯੋਗ ਤੇ ਇਹ ਭਰੋਸਾ ਜ਼ਰੂਰੀ ਹੈ, ਕਿ ਅੱਜ ਵੀ ਮੇਰੇ ਅਧਿਕਾਰ ਸੁਰੱਖਿਅਤ ਹਨ ਤੇ ਕਲ੍ਹ ਵੀ ਰਹਿਣਗੇ | ਜੇ ਕਿਸੇ ਨਾਗਰਿਕ ਨੂੰ  ਇਹ ਡਰ ਹੋਵੇ ਕਿ ਉਸ ਦੀ ਨੌਕਰੀ, ਕਾਰੋਬਾਰ, ਸਿੱਖਿਆ, ਸੁਰੱਖਿਆ ਜਾਂ ਨਾਗਰਿਕ ਅਧਿਕਾਰ ਉਸ ਦੀ ਧਾਰਮਿਕ ਪਛਾਣ ਦੇ ਆਧਾਰ 'ਤੇ ਬਦਲ ਸਕਦੇ ਹਨ ਤਾਂ ਸਮਾਜ 'ਚ ਭਰੋਸਾ ਘਟਣ ਨਾਲ ਵਿਸ਼ਵਾਸ ਤੋਂ ਬਿਨਾਂ ਕੋਈ ਦੇਸ਼ ਲੰਮੇ ਸਮੇਂ ਤੱਕ ਮਜ਼ਬੂਤ ਨਹੀਂ ਰਹਿ ਸਕਦਾ | ਧਰਮ, ਮਨੁੱਖੀ ਸਮਾਜ ਦੀ ਸਮੱਸਿਆ ਨਹੀਂ ਹੈ, ਧਰਮ ਨੇ ਮਨੁੱਖੀ ਇਤਿਹਾਸ 'ਚ ਸੇਵਾ, ਦਇਆ, ਦਾਨ, ਨੈਤਿਕਤਾ, ਤਿਆਗ ਤੇ ਮਨੁੱਖੀ ਭਾਈਚਾਰੇ ਦੀਆਂ ਅਨੇਕਾਂ ਪਰੰਪਰਾਵਾਂ ਪੈਦਾ ਕੀਤੀਆਂ ਹਨ | ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ, ਜਦੋਂ ਧਰਮ ਨੂੰ  ਰਾਜਨੀਤਕ ਵਫ਼ਾਦਾਰੀ ਦਾ ਸਰਟੀਫਿਕੇਟ ਬਣਾ ਦਿੱਤਾ ਜਾਵੇ, ਫਿਰ ਧਾਰਮਿਕ ਵਿਸ਼ਵਾਸ ਇਕ ਨਿੱਜੀ ਜਾਂ ਸਮਾਜਿਕ ਆਸਥਾ ਨਹੀਂ ਰਹਿੰਦਾ, ਉਹ ਨਾਗਰਿਕ ਦੀ ਦੇਸ਼-ਭਗਤੀ ਮਾਪਣ ਦਾ ਪੈਮਾਨਾ ਬਣ ਜਾਂਦਾ ਹੈ | 
ਭਾਰਤ ਦੀ ਇਕ ਵੱਡੀ ਇਤਿਹਾਸਕ ਉਪਲਬਧੀ ਇਹ ਹੈ ਕਿ ਸੰਵਿਧਾਨ ਨੇ ਨਾਗਰਿਕਤਾ ਨੂੰ  ਕਿਸੇ ਇਕ ਧਰਮ ਨਾਲ ਨਹੀਂ ਜੋੜਿਆ | ਸੰਵਿਧਾਨ ਅਨੁਸਾਰ ਭਾਰਤ ਕਿਸੇ ਇਕ ਧਰਮ ਦੇ ਲੋਕਾਂ ਦੀ ਜਾਇਦਾਦ ਨਹੀਂ, ਇਹ ਇਸ ਦੇ ਸਾਰੇ ਨਾਗਰਿਕਾਂ ਦਾ ਸਾਂਝਾ ਰਾਜਨੀਤਿਕ ਘਰ ਹੈ | ਇਕ ਦੇਸ਼ ਦੀ ਮਹਾਨਤਾ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਹੈ ਕਿ ਉਸ ਦੇ ਕਿੰਨੇ ਲੋਕ ਇਕੋ ਧਰਮ ਨੂੰ  ਮੰਨਦੇ ਹਨ | ਇਹ ਇਸ ਗੱਲ ਨਾਲ ਮਾਪੀ ਜਾਂਦੀ ਹੈ, ਕਿ ਵੱਖਰੇ ਵਿਸ਼ਵਾਸਾਂ ਵਾਲੇ ਲੋਕ ਇਕੋ ਦੇਸ਼ ਨੂੰ  ਆਪਣਾ ਮੰਨ ਸਕਦੇ ਹਨ ਜਾਂ ਨਹੀਂ | ਪਰ ਜਦੋਂ ਮੇਰੇ ਵਰਗੇ ਘੱਟ-ਗਿਣਤੀ ਨਾਲ ਸੰਬੰਧਿਤ ਵਿਅਕਤੀ ਨੂੰ  ਸਰਕਾਰ ਅੱਗੇ ਇਹ ਗੱਲ ਸਾਬਤ ਕਰਨੀ ਪਵੇ ਕਿ, ਮੈਂ ਅਤਿਵਾਦੀ ਨਹੀ ਹਾਂ ਤਾਂ ਸਮਝੋ ਸਮੱਸਿਆ ਮੇਰੀ ਨਹੀਂ, ਸਗੋਂ ਸਰਕਾਰ ਚਲਾ ਰਹੀ ਪਾਰਟੀ ਵਲੋਂ ਕੀਤੀ ਰਾਸ਼ਟਰਵਾਦ ਦੀ ਵਿਆਖਿਆ ਦੀ ਹੈ | ਜੇ ਦੇਸ਼ ਮਨੁੱਖ ਲਈ ਹੈ ਤਾਂ ਰਾਸ਼ਟਰਵਾਦ ਦਾ ਮਕਸਦ ਮਨੁੱਖ ਦੀ ਆਜ਼ਾਦੀ, ਸੁਰੱਖਿਆ, ਇੱਜ਼ਤ ਤੇ ਸਾਂਝੀ ਖੁਸ਼ਹਾਲੀ ਹੋਣਾ ਚਾਹੀਦਾ ਹੈ | ਪਰ ਜੇ ਮਨੁੱਖ ਨੂੰ  ਦੇਸ਼ ਦੀ ਇਕ ਇਕਸਾਰ ਧਾਰਮਿਕ ਜਾਂ ਨਸਲੀ ਪਰਿਭਾਸ਼ਾ 'ਚ ਫਿੱਟ ਕਰਨਾ ਰਾਸ਼ਟਰਵਾਦ ਦਾ ਮਕਸਦ ਬਣ ਜਾਵੇ ਤਾਂ ਜੋ ਵਿਅਕਤੀ ਉਸ ਪਰਿਭਾਸ਼ਾ 'ਚ ਫਿੱਟ ਨਹੀਂ ਹੁੰਦਾ, ਉਸ ਦੀ ਨਾਗਰਿਕਤਾ ਹੀ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ ਤੇ ਲਿਆਂਦੀ ਜਾ ਰਹੀ ਹੈ | ਜਦੋਂ 'ਅਸੀਂ' ਦੀ ਪਰਿਭਾਸ਼ਾ ਇੰਨੀ ਸੌੜੀ ਹੋ ਜਾਵੇ ਕਿ 'ਉਹ' ਦੇਸ਼ ਦੇ ਬਰਾਬਰ ਦੇ ਹੱਕਦਾਰ ਨਾ ਰਹਿਣ ਤਾਂ ਰਾਸ਼ਟਰਵਾਦ ਮਨੁੱਖੀ ਏਕਤਾ ਦੀ ਥਾਂ ਮਨੁੱਖੀ ਵੰਡ ਦਾ ਸਾਧਨ ਬਣ ਸਕਦਾ ਹੈ | 
ਆਖ਼ਰ ਵਿਚ ਕਿਸੇ ਵੀ ਦੇਸ਼ ਦੀ ਅਸਲ ਪਛਾਣ ਉਸ ਦੇ ਝੰਡੇ, ਸਰਹੱਦਾਂ ਜਾਂ ਬਹੁਗਿਣਤੀ ਧਰਮ ਨਾਲ ਨਹੀਂ ਹੁੰਦੀ | ਉਸ ਦੀ ਅਸਲ ਪਛਾਣ ਇਸ ਗੱਲ ਨਾਲ ਹੁੰਦੀ ਹੈ, ਕਿ ਉਹ ਆਪਣੇ ਨਾਲ ਅਸਹਿਮਤ, ਆਪਣੇ ਤੋਂ ਵੱਖਰੇ ਤੇ ਆਪਣੇ ਤੋਂ ਘੱਟ-ਗਿਣਤੀ ਵਾਲੇ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ | ਕੀ ਅਸੀਂ ਅਜਿਹਾ ਦੇਸ਼ ਬਣਾਉਣਾ ਚਾਹੁੰਦੇ ਹਾਂ, ਜਿਸ ਵਿਚ ਲੋਕ ਇੱਕੋ ਜਿਹੇ ਹੋਣ ਜਾਂ ਫਿਰ ਅਜਿਹਾ ਜਿਸ ਵਿਚ ਵੱਖਰੇ ਹੋ ਕੇ ਵੀ ਸਾਰੇ ਬਰਾਬਰ ਹੋਣ | ਜੇ ਦੇਸ਼ ਦੀ ਨੀਂਹ ਮਨੁੱਖੀ ਬਰਾਬਰੀ 'ਤੇ ਹੈ ਤਾਂ ਵਿਭਿੰਨਤਾ ਉਸ ਦੀ ਤਾਕਤ ਹੈ | ਪਰ ਜੇ ਦੇਸ਼ ਦੀ ਨੀਂਹ ਸੰਪਰਦਾਇਕ ਉੱਚਤਾ 'ਤੇ ਹੈ ਤਾਂ ਵਿਭਿੰਨਤਾ ਉਸ ਨੂੰ  ਖ਼ਤਰਾ ਦਿਸਣ ਲੱਗਦੀ ਹੈ | ਜਿਹੜਾ ਦੇਸ਼ ਆਪਣੀ ਵਿਭਿੰਨਤਾ ਤੋਂ ਡਰਨ ਲੱਗੇ, ਉਹ ਬਾਹਰੀ ਦੁਸ਼ਮਣ ਤੋਂ ਪਹਿਲਾਂ ਆਪਣੇ ਅੰਦਰੋਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ | 

(ਸਮਾਪਤ)
-ਈਮੇਲ : harpreet251770hotmail.com

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਬਾਬਾ ਬਕਾਲਾ ਸਾਹਿਬ ਅਗਲੀ ਖ਼ਬਰ ਰੱਖੜੀ ਦਾ ਤਿਉਹਾਰ ਤੇ ਔਰਤ ਦੀ ਸੁਰੱਖਿਆ
Ad Position 24