ਪਿਛਲੇ ਹਫ਼ਤੇ ਬੁੱਧਵਾਰ ਵਾਲੇ ਦਿਨ ਅਮਰੀਕਾ ਦੇ ਰਾਜਦੂਤ ਸਰਗੀਓ ਗੋਰ ਵਲੋਂ ਸ੍ਰੀਨਗਰ ਦਾ ਦੌਰਾ ਕਈ ਪੱਖਾਂ ਤੋਂ ਮਹੱਤਵਪੂਰਨ ਤੇ ਭਾਵਪੂਰਕ ਸੀ, ਜਿਸ ਦੌਰਾਨ ਗੋਰ ਵਲੋਂ ਦਿੱਤਾ ਗਿਆ ਇਕ ਬਿਆਨ ਵੱਡੇ ਅਰਥ ਰੱਖਦਾ ਹੈ | ਸ੍ਰੀਨਗਰ ਵਿਚ ਮੁੱਖ ਮੰਤਰੀ ਉਮਰ ਉਬਦੁੱਲਾ ਨੂੰ ਮਿਲਣ ਤੋਂ ਬਾਅਦ ਗੋਰ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਮਹੱਤਵਪੂਰਨ ਹਿੱਸਾ ਹੈ | ਇਹ ਵੀ ਕਿ ਉਹ ਵਾਦੀ ਦੇ ਹਾਲਾਤ ਦੇਖਦੇ ਹੋਏ ਅਮਰੀਕੀ ਯਾਤਰੂਆਂ ਲਈ ਨਵੀਂ ਐਡਵਾਈਜ਼ਰੀ (ਸਲਾਹ) ਜਾਰੀ ਕਰ ਰਹੇ ਹਨ, ਕਿਉਂਕਿ ਇਥੋਂ ਦੇ ਹਾਲਾਤ ਕਾਫੀ ਹੱਦ ਤੱਕ ਸੁਧਰ ਚੁੱਕੇ ਹਨ | ਗੋਰ ਵਲੋਂ ਦਿੱਤਾ ਗਿਆ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਉਸ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਾਫੀ ਨੇੜਤਾ ਹੈ | ਭਾਰਤੀ ਸਫ਼ੀਰ ਦੇ ਅਹੁਦੇ 'ਤੇ ਹੋਣ ਦੇ ਨਾਲ-ਨਾਲ ਉਸ ਨੂੰ ਦੱਖਣੀ ਤੇ ਕੇਂਦਰੀ ਏਸ਼ੀਆ ਦਾ ਵੀ ਵਿਸ਼ੇਸ਼ ਸਫ਼ੀਰ ਬਣਾਇਆ ਗਿਆ ਹੈ |
ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਗੁੱਸੇ 'ਚ ਆਈ ਸਰਕਾਰ ਨੇ ਅਮਰੀਕਾ ਦੇ ਇਸਲਾਮਾਬਾਦ 'ਚ ਸਥਿਤ ਅਮਰੀਕੀ ਸਫ਼ਾਰਤਖਾਨੇ ਕੋਲ ਸਖ਼ਤ ਵਿਰੋਧ ਪ੍ਰਗਟਾਇਆ ਤੇ ਗੋਰ ਦੀ ਜੰਮੂ-ਕਸ਼ਮੀਰ ਦੀ ਯਾਤਰਾ ਉੱਤੇ ਵੀ ਵੱਡਾ ਇਤਰਾਜ਼ ਪ੍ਰਗਟ ਕੀਤਾ | ਜਿਥੋਂ ਤੱਕ ਇਸ ਬਿਆਨ ਦਾ ਸੰਬੰਧ ਹੈ, ਚਾਹੇ ਇਹ ਅਮਰੀਕੀ ਰਾਸ਼ਟਰਪਤੀ ਵਲੋਂ ਤਾਂ ਨਹੀਂ ਦਿੱਤਾ ਗਿਆ ਪਰ ਅਮਰੀਕਾ ਦੇ ਪ੍ਰਸ਼ਾਸਨ ਵਲੋਂ ਅਜਿਹਾ ਕੁੱਝ ਪੂਰੀ ਤਰ੍ਹਾਂ ਸੋਚਣ ਤੇ ਸਮਝਣ ਤੋਂ ਬਾਅਦ ਹੀ ਕੀਤਾ ਗਿਆ ਜਾਪਦਾ ਹੈ | ਹੁਣ ਤੱਕ ਅਮਰੀਕੀ ਪ੍ਰਸ਼ਾਸਨ ਨੇ ਕਸ਼ਮੀਰ ਝਗੜੇ ਸੰਬੰਧੀ ਦੋਵਾਂ ਦੇਸ਼ਾਂ ਦਰਮਿਆਨ ਇਕ ਤਰ੍ਹਾਂ ਦਾ ਤਵਾਜ਼ਨ ਬਣਾਉਣ ਦਾ ਹੀ ਯਤਨ ਕੀਤਾ ਸੀ | ਸਾਲ 2000 ਵਿਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਆਏ ਸਨ | ਉਸ ਸਮੇਂ 21 ਮਾਰਚ ਨੂੰ ਨਵੀਂ ਦਿੱਲੀ 'ਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਜੰਮੂ-ਕਸ਼ਮੀਰ ਵਿਚ ਦੋਵਾਂ ਦੇਸ਼ਾਂ ਦੀ ਕੰਟਰੋਲ ਰੇਖਾ ਦੇ ਹੱਕ 'ਚ ਹਾਂ ਅਤੇ ਇਹ ਵੀ ਕਿ ਇਸ ਸੰਬੰਧੀ ਦੋਵਾਂ ਦੇਸ਼ਾਂ ਨੂੰ ਆਪਸ ਵਿਚ ਗੱਲਬਾਤ ਕਰ ਕੇ ਹੱਲ ਕੱਢਣਾ ਚਾਹੀਦਾ ਹੈ | ਟਰੰਪ ਨੇ ਵੀ ਹੁਣ ਤੱਕ ਕਸ਼ਮੀਰ ਮਸਲੇ 'ਤੇ ਅਜਿਹੀ ਹੀ ਨੀਤੀ ਧਾਰਨ ਕਰ ਰੱਖੀ ਸੀ | ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਸੀ ਤੇ ਇਸ ਖਿੱਤੇ ਨੂੰ ਕੇਂਦਰੀ ਸ਼ਾਸਿਤ ਰਾਜ ਦਾ ਦਰਜਾ ਦਿੱਤਾ ਗਿਆ ਹੈ | ਮੁੱਖ ਮੰਤਰੀ ਉਮਰ ਅਬਦੁੱਲਾ ਲਗਾਤਾਰ ਇਹ ਯਤਨ ਕਰਦਾ ਰਿਹਾ ਹੈ ਕਿ ਇਸ ਨੂੰ ਮੁੜ ਰਾਜ ਦਾ ਦਰਜਾ ਦਿੱਤਾ ਜਾਵੇ, ਤਾਂ ਇਸ ਸਮੇਂ ਗੋਰ ਦਾ ਇਹ ਬਿਆਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ | ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਵਿਚਲੇ ਮਕਬੂਜ਼ਾ ਕਸਮੀਰ 'ਚ ਪਿਛਲੇ ਸਾਲ ਭਰ ਤੋਂ ਜੋ ਹਾਲਾਤ ਬਣੇ ਹੋਏ ਹਨ, ਜਿਸ ਤਰ੍ਹਾਂ ਉਥੇ ਲੱਖਾਂ ਹੀ ਲੋਕਾਂ ਨੇ ਸੜਕਾਂ 'ਤੇ ਉੱਤਰ ਕੇ ਪਾਕਿਸਤਾਨ ਵਿਰੁੱਧ ਰੋਹ ਭਰਪੂਰ ਮੁਜ਼ਾਹਰੇ ਕੀਤੇ ਹਨ, ਜਿਸ ਤਰ੍ਹਾਂ ਪਾਕਿਸਤਾਨ ਦੀ ਫ਼ੌਜ ਨੇ ਉਨ੍ਹਾਂ ਉਤੇ ਲਗਾਤਾਰ ਤਸ਼ੱਦਦ ਢਾਹਿਆ ਹੈ ਤੇ ਹੁਣ ਤੱਕ ਸੈਂਕੜੇ ਹੀ ਕਸ਼ਮੀਰੀਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਹੈ, ਉਸ ਨਾਲ ਮਕਬੂਜ਼ਾ ਕਸ਼ਮੀਰ 'ਚ ਹਾਲਾਤ ਹੋਰ ਵੀ ਵਿਗੜ ਚੁੱਕੇ ਹਨ ਤੇ ਲਗਾਤਾਰ ਉਥੋਂ ਦੇ ਆਗੂਆਂ ਵਲੋਂ ਪਾਕਿਸਤਾਨ ਤੋਂ ਅਲੱਗ ਹੋਣ ਦੇ ਬਿਆਨ ਦਿੱਤੇ ਜਾ ਰਹੇ ਹਨ | ਉਨ੍ਹਾਂ ਤੋਂ ਲਗਦਾ ਹੈ ਕਿ ਹੁਣ ਬਲੋਚਿਸਤਾਨ ਤੇ ਖ਼ੈਬਰ ਪਖਤੂਨਖਵਾ ਪ੍ਰਾਂਤ ਵਾਂਗ ਮਕਬੂਜ਼ਾ ਕਸ਼ਮੀਰ ਵੀ ਉਸ ਦੀ ਪਕੜ 'ਚੋਂ ਨਿਕਲਦਾ ਜਾ ਰਿਹਾ ਹੈ |
ਇਸ ਹਾਲਾਤ ਨੇ ਪਾਕਿਸਤਾਨ ਦੇ ਭਾਰਤ ਵਿਚਲੇ ਜੰਮੂ-ਕਸ਼ਮੀਰ 'ਤੇ ਦਾਅਵੇ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਬੇਹੱਦ ਕਮਜ਼ੋਰ ਕਰ ਦਿੱਤਾ ਹੈ | ਜਿਸ ਤਰ੍ਹਾਂ ਦੀਆਂ ਅੰਦਰੂਨੀ ਨੀਤੀਆਂ ਪਾਕਿਸਤਾਨ ਦੀ ਫ਼ੌਜ ਆਪਣੇ ਦੇਸ਼ ਵਿਚ ਅਪਣਾ ਰਹੀ ਹੈ, ਉਸ ਤੋਂ ਪਾਕਿਸਤਾਨ ਦਾ ਭਵਿੱਖ ਹੋਰ ਵੀ ਧੁੰਦਲਾ ਦਿਖਾਈ ਦਿੰਦਾ ਹੈ | ਇਸ ਦੇ ਨਾਲ ਹੀ ਭਾਰਤ ਦਾ ਪੂਰੇ ਜੰਮੂ-ਕਸ਼ਮੀਰ ਉਤੇ ਹੱਕ ਹੋਰ ਵੀ ਮਜ਼ਬੂਤ ਹੋ ਗਿਆ ਹੈ | ਭਾਵੇਂ ਪਾਕਿਸਤਾਨ ਅਜਿਹਾ ਹੁੰਦਿਆਂ ਵੀ ਭਾਰਤ ਦੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਰਾਹੀਂ ਹਿੰਸਾ ਫੈਲਾਉਣ ਦੀ ਨੀਤੀ 'ਤੇ ਹੀ ਚਲਦਾ ਰਹੇ, ਪਰ ਇਹ ਸਪੱਸ਼ਟ ਹੈ ਕਿ ਉਹ ਇਸ ਮਸਲੇ 'ਤੇ ਆਪਣੀ ਲੜਾਈ ਹੁਣ ਹਾਰ ਚੁੱਕਾ ਹੈ, ਜਿਸ ਨਾਲ ਉਸ ਦੀ ਨਿਰਾਸ਼ਾ ਵਿਚ ਹੋਰ ਵੀ ਵਾਧਾ ਹੋਵੇਗਾ |
-ਬਰਜਿੰਦਰ ਸਿੰਘ ਹਮਦਰਦ