ਪੈਗੰਬਰ ਹਜ਼ਰਤ ਮੁਹੰਮਦ ਮੁਸਤਫ਼ਾ (ਸੱਲ.) ਸਾਹਿਬ ਦੀ ਪੈਦਾਇਸ਼ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮੱਕਾ ਸ਼ਰੀਫ਼ ਵਿਖੇ 571 ਈ. ਅਰਬੀ ਮਹੀਨਾ ਰਬੀਉਲ ਅੱਵਲ ਨੂੰ ਹੋਈ ਸੀ | ਉਨ੍ਹਾਂ ਦੇ ਪਿਤਾ ਦਾ ਨਾਂਅ ਹਜ਼ਰਤ ਅਬਦੁੱਲਾ ਬਿਨ ਅਬਦੁਲ ਮੁਤਲਿਬ ਅਤੇ ਮਾਂ ਦਾ ਨਾਂਅ ਹਜ਼ਰਤ ਬੀਬੀ ਆਮਨਾ ਸੀ | ਆਪ ਦੀ ਪੈਦਾਇਸ਼ ਤੋਂ ਕੁਝ ਦਿਨ ਪਹਿਲਾਂ ਹੀ ਆਪ ਦੇ ਪਿਤਾ ਇਸ ਫ਼ਾਨੀ ਸੰਸਾਰ ਤੋਂ ਵਫ਼ਾਤ ਪਾ ਗਏ ਅਤੇ ਆਪ ਜਦੋਂ 7 ਸਾਲ ਦੇ ਹੋਏ ਤਾਂ ਆਪ ਦੀ ਮਾਂ ਹਜ਼ਰਤ ਬੀਬੀ ਆਮਨਾ ਦਾ ਵੀ ਇੰਤਕਾਲ ਹੋ ਗਿਆ ਸੀ, ਭਾਵ ਆਪ ਛੋਟੀ ਉਮਰ ਵਿਚ ਹੀ ਯਤੀਮ ਤੇ ਅਨਾਥ ਹੋ ਗਏ ਅਤੇ ਆਪ ਦਾ ਪਾਲਣ-ਪੋਸ਼ਣ ਆਪ ਦੇ ਚਾਚਾ ਹਜ਼ਰਤ ਅਬੂ ਤਾਲਿਬ ਨੇ ਕੀਤਾ | ਆਪ ਦੇ ਚਾਚਾ ਹਜ਼ਰਤ ਅਬੂ ਤਾਲਿਬ ਆਪ ਨੂੰ ਅਥਾਹ ਪਿਆਰ ਕਰਦੇ ਸਨ | ਆਪ ਦੀ ਪੈਦਾਇਸ਼ ਤੋਂ ਪਹਿਲਾਂ ਪੂਰੇ ਅਰਬ ਅੰਦਰ ਇਹ ਬੁਰਾਈ ਪ੍ਰਚਲਿਤ ਸੀ ਕਿ ਬੇਟੀ ਪੈਦਾ ਹੋਣ 'ਤੇ ਉਸ ਨੂੰ ਜ਼ਿੰਦਾ ਦਰਗੋਰ ਯਾਨੀ ਕਿ (ਦਫ਼ਨ) ਕਰ ਦਿੱਤਾ ਜਾਂਦਾ ਸੀ ਤੇ ਅਰਬ ਅੰਦਰ ਹਿੰਸਾ ਦਾ ਖੂਬ ਬੋਲਬਾਲਾ ਸੀ |

ਕਮਜ਼ੋਰ ਅਤੇ ਗ਼ਰੀਬ ਲੋਕਾਂ 'ਤੇ ਅੱਤਿਆਚਾਰ ਆਮ ਜਿਹੀ ਗੱਲ ਸੀ | ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹਾਸਿਲ ਨਹੀਂ ਸਨ | ਮਾਸੂਮ ਜਿੰਦਾਂ ਵੀ ਮਹਿਫ਼ੂਜ਼ ਨਹੀਂ ਸਨ | ਹਰ ਤਰਫ਼ ਬਦਅਮਨੀ, ਬਦਇੰਤਜ਼ਾਮੀ ਸੀ ਅਤੇ ਤਾਕਤਵਰ ਕਮਜ਼ੋਰ ਨੂੰ ਦਬਾ ਰਿਹਾ ਸੀ | ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਸੀ, ਕਾਇਦੇ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਸੀ, ਭਾਵ ਕਿ ਜੋ ਵੀ ਬੁਰਾਈ ਸੀ, ਉਹ ਉਸ ਸਮੇਂ ਦੇ ਸਮਾਜ ਅੰਦਰ ਪਾਈ ਜਾਂਦੀ ਸੀ | ਆਪ ਜਦੋਂ 25 ਸਾਲ ਦੇ ਹੋਏ ਤਾਂ ਆਪ ਦੀ ਪਹਿਲੀ ਸ਼ਾਦੀ ਹਜ਼ਰਤ ਬੀਬੀ ਖ਼ਦੀਜ਼ਾ ਨਾਲ ਹੋਈ | ਜਦੋਂ ਆਪ 40 ਸਾਲ ਦੇ ਹੋਏ ਤਾਂ ਆਪ ਦੇ ਨਬੀ ਹੋਣ ਦਾ ਐਲਾਨ ਹੋਇਆ | ਆਪ ਨੇ ਪੂਰੀ ਇਨਸਾਨੀਅਤ ਨੂੰ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ | ਆਪ ਨੇ ਸਾਰੀ ਇਨਸਾਨੀਅਤ ਨੂੰ ਪ੍ਰੀਤ ਤੇ ਮੁਹੱਬਤ ਦਾ ਸਬਕ ਦਿੱਤਾ ਅਤੇ ਆਪ ਨੂੰ ਅਮੀਨ, ਸਾਦਿਕ, ਇਮਾਨਦਾਰ ਭਾਵ ਸੱਚਾ ਹੋਣ ਦੀ ਵਜ੍ਹਾ ਕਰਕੇ ਵਿਰੋਧੀ ਵੀ ਆਪ ਕੋਲ ਆਪਣੀਆਂ ਅਮਾਨਤਾਂ ਰੱਖਦੇ ਸਨ | ਹਜ਼ਰਤ ਮੁਹੰਮਦ (ਸੱਲ.) ਸਾਹਿਬ ਨੇ ਸੰਸਾਰ ਦੇ ਸਾਰੇ ਇਨਸਾਨਾਂ ਨੂੰ ਇਹੀ ਸੰਦੇਸ਼ ਦਿੱਤਾ ਕਿ ਸਾਡਾ ਸਭ ਦਾ ਅੱਲਾਹ (ਪਾਲਣਹਾਰ) ਸਿਰਫ਼ ਤੇ ਸਿਰਫ਼ ਇਕ ਹੈ | ਸਾਨੂੰ ਉਸ ਦੇ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ | ਆਪ ਦੀ ਜਿਸ ਦੌਰ ਵਿਚ ਪੈਦਾਇਸ਼ ਹੋਈ, ਉਸ ਸਮੇਂ ਵਿਚ ਇਨਸਾਨੀਅਤ ਦੀ ਭਾਵਨਾ ਬਹੁਤ ਕਮਜ਼ੋਰ ਹੋ ਚੁਕੀ ਸੀ, ਲੋਕ ਇਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣ ਚੁੱਕੇ ਸਨ, ਅÏਰਤ ਜਾਤ ਦੀ ਬੇਇੱਜ਼ਤੀ ਅਤੇ ਬੇਹੁਰਮਤੀ ਆਮ ਗੱਲ ਬਣ ਚੁੱਕੀ ਸੀ, ਇਸ ਲਈ ਆਪ ਨੇ ਸੰਸਾਰ ਵਿਚ ਆ ਕੇ ਇਨਸਾਨਾਂ ਨੂੰ ਸਿੱਧਾ ਰਸਤਾ ਦਿਖਾਇਆ ਅਤੇ ਆਪ ਨੇ ਹਰੇਕ ਇਨਸਾਨ ਨੂੰ ਇਕ-ਦੂਜੇ ਦਾ ਭਾਈ ਬਣ ਕੇ ਰਹਿਣਾ ਸਿਖਾਇਆ | ਹਜ਼ਰਤ ਮੁਹੰਮਦ (ਸੱਲ.) ਨੇ ਫਰਮਾਇਆ ਕਿ ਕੋਈ ਵੀ ਇਨਸਾਨ ਛੋਟਾ-ਵੱਡਾ, ਕਾਲਾ-ਗੋਰਾ, ਅਮੀਰ-ਗਰੀਬ, ਪੇਂਡੂ-ਸ਼ਹਿਰੀ ਨਹੀਂ, ਬਲਕਿ ਅੱਲਾਹ ਪਾਕ ਦੀ ਨਜ਼ਰ ਵਿਚ ਸਭ ਇਨਸਾਨ ਬਰਾਬਰ ਅਤੇ ਸਭ ਉਸ ਦੇ ਬੰਦੇ ਹਨ | 632 ਈ. ਵਿਚ 63 ਸਾਲ ਦੀ ਉਮਰ ਵਿਚ ਪੈਗੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਸ਼ਰੀਫ਼ ਵਿਖੇ ਇਸ ਫ਼ਾਨੀ ਦੁਨੀਆ ਤੋਂ ਪਰਦਾ ਫ਼ਰਮਾ ਗਏ | ਆਪ ਦੇ ਸਦੀਵੀ ਚਲਾਣੇ ਤੱਕ ਅਰਬ ਦਾ ਵੱਡਾ ਹਿੱਸਾ ਇਸਲਾਮ ਦੇ ਸੂਤਰ ਵਿਚ ਬੱਝ ਚੁੱਕਿਆ ਸੀ ਅਤੇ ਅੱਜ ਪੂਰੀ ਦੁਨੀਆ ਵਿਚ ਉਨ੍ਹਾਂ ਦੇ ਲਿਆਂਦੇ ਹੋਏ ਦੀਨ ਅਤੇ ਤਰੀਕਿਆਂ 'ਤੇ ਜ਼ਿੰਦਗੀ ਗੁਜ਼ਾਰਨ ਵਾਲੇ ਅਰਬਾਂ ਲੋਕ ਮÏਜੂਦ ਹਨ | ਪੈਗੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦਾ ਰੋਜ਼ਾ ਸ਼ਰੀਫ਼ ਅੱਜ ਵੀ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮਦੀਨਾ ਮੁਨੱਬਰਾ ਵਿਖੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਦੀ ਜ਼ਿਆਰਤ ਕਰਨਾ ਦੁਨੀਆ ਦਾ ਹਰ ਮੁਸਲਮਾਨ ਆਪਣੀ ਸ਼ਹਾਦਤ ਜਾਂ ਖੁਸ਼ਨਸੀਬੀ ਸਮਝਦਾ ਹੈ | ਪੈਗੰਬਰ ਹਜ਼ਰਤ ਮੁਹੰਮਦ (ਸੱਲ.) ਦੀ ਸ਼ਾਨ ਵਿਚ ਕਿਸੇ ਸ਼ਾਇਰ ਨੇ ਕਿਆ ਖੂਬ ਲਿਖਿਆ ਹੈ-
ਕੀ ਮੁਹੰਮਦ ਸੇ ਵਫ਼ਾ ਤੂਨੇ ਤੋ ਹਮ ਤੇਰੇ ਹੈਂ,
ਯਹ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਤੇਰੇ ਹੈਂ |
-ਪ੍ਰਤੀਨਿਧ ਅਜੀਤ, ਜ਼ਿਲ੍ਹਾ ਮਲੇਰਕੋਟਲਾ-148023
ਮੋਬਾਈਲ : 95927-54907