28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਦਾ ਤਿਉਹਾਰ ਤੇ ਔਰਤ ਦੀ ਸੁਰੱਖਿਆ

ਰੱਖੜੀ ਦਾ ਤਿਉਹਾਰ ਤੇ ਔਰਤ ਦੀ ਸੁਰੱਖਿਆ

Ad Position 21
No active advertisement
ਅਜੀਤ ਡੈਸਕ 28-08-2026

ਕਿਸੇ ਵੀ ਦੇਸ਼ ਤੇ ਸਮਾਜ ਵਿਚ ਤਿਉਹਾਰ ਜਾਂ ਰਸਮਾਂ ਦਾ ਆਰੰਭ ਹੋਣ ਦੇ ਖਾਸ ਕਾਰਨ ਜਾਂ ਉਦੇਸ਼ ਹੁੰਦੇ ਹਨ | ਇਸ ਸੰਦਰਭ ਵਿਚ ਜਦੋਂ ਰੱਖੜੀ ਦੇ ਤਿਉਹਾਰ ਨੂੰ  ਦੇਖਦੇ ਹਾਂ ਤਾਂ ਇਹ ਸਿਰਫ਼ ਭੈਣ ਦੇ ਭਰਾ ਨਾਲ ਮੋਹ-ਪਿਆਰ ਨੂੰ  ਹੀ ਪ੍ਰਗਟ ਨਹੀਂ ਕਰਦਾ, ਸਗੋਂ ਭਾਰਤੀ ਸਮਾਜ ਵਿਚ ਲੰਮੇ ਸਮੇਂ ਤੱਕ ਔਰਤਾਂ ਦੀ ਰਹੀ ਅਸੁਰੱਖਿਆ ਕਾਰਨ ਭੈਣ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਭਰਾ 'ਤੇ ਵੀ ਪਾਉਂਦਾ ਹੈ | ਰਸਮੀ ਤੌਰ 'ਤੇ ਰੱਖੜੀ ਬੰਨ੍ਹਣ ਨਾਲ ਉਸ ਨੂੰ  ਪ੍ਰਤੀਬੱਧ ਕਰਦਾ ਹੈ ਕਿ ਸੰਕਟ ਸਮੇਂ ਉਸ ਨੇ ਭੈਣ ਦੀ ਸੁਰੱਖਿਆ ਕਰਨੀ ਹੈ | ਹੁਣ ਇਸ ਤੋਂ ਅੱਗੇ ਅਸੀਂ ਇਹ ਚਰਚਾ ਕਰਕੇ ਦੇਖਦੇ ਹਾਂ ਕਿ ਕੀ ਅੱਜ ਵੀ ਔਰਤ ਭਾਰਤੀ ਸਮਾਜ ਵਿਚ ਸੁਰੱਖਿਅਤ ਹੋਈ ਹੈ ਜਾਂ ਨਹੀਂ?

ਜਿਉਂ-ਜਿਉਂ ਅਖੌਤੀ ਕਿਸਮ ਦਾ ਵਿਕਾਸ ਹੋ ਰਿਹਾ ਹੈ, ਤਿਉਂ- ਤਿਉਂ ਸਮਾਜ 'ਚ ਦਿਨੋਂ-ਦਿਨ ਔਰਤਾਂ ਲਈ ਡਰਾਉਣਾ ਤੇ ਅਸੁਰੱਖਿਅਤ ਮਾਹੌਲ ਪੈਦਾ ਹੋ ਰਿਹਾ | ਇਸ ਤੋਂ ਇਲਾਵਾ ਆਰਥਿਕ ਤੇ ਪਦਾਰਥਕ ਦਬਾਅ ਵਧਣ ਕਾਰਨ ਭੈਣਾਂ-ਭਰਾਵਾਂ ਦੇ ਰਿਸ਼ਤੇ ਵੀ ਤਣਾਅਪੂਰਨ ਹੁੰਦੇ ਜਾ ਰਹੇ ਹਨ | ਮੋਹ ਪਿਆਰ ਦੀਆਂ ਇਹ ਤੰਦਾਂ ਹੁਣ ਖ਼ਤਰੇ 'ਚ ਘਿਰਦੀਆਂ ਜਾ ਰਹੀਆਂ ਹਨ | ਜੇ ਕੋਈ ਭੈਣ ਆਪਣੇ ਸੱਚੇ-ਸੁੱਚੇ ਅਹਿਸਾਸਾਂ ਨਾਲ ਭਰਾ ਦੇ ਗੁੱਟ 'ਤੇ ਮੋਹ ਦੀਆਂ ਤੰਦਾਂ ਦੀ ਗੰਢ ਪਾਉਂਦੀ ਹੈ, ਜੇ ਉਹੀ ਭਰਾ ਜਾਂ ਬਾਪ ਭੈਣ/ਧੀ ਦੀ ਆਬਰੂ ਨੂੰ  ਤਾਰ-ਤਾਰ ਕਰ ਦੇਵੇ ਤਾਂ ਕੋਈ ਕਿਹੜੇ ਰਿਸ਼ਤੇ 'ਤੇ ਯਕੀਨ ਕਰੇ | ਇਸ ਤਿਉਹਾਰ ਦੀ ਅਸਲੀ ਭਾਵਨਾ ਤਾਂ ਕਿਤੇ ਗੁਆਚ ਗਈ ਹੈ | ਪਿੰਡ ਦੀ ਸੱਥ ਤੋਂ ਲੈ ਕੇ ਸੰਸਦ ਤੱਕ ਕਿਹੜੀ ਅਜਿਹੀ ਥਾਂ ਬਚੀ ਹੈ, ਜਿੱਥੇ ਕੋਈ ਧੀ ਸੁਰੱਖਿਅਤ ਹੋਵੇ | ਰੋਜ਼ਾਨਾ ਔਰਤਾਂ ਦੇ ਨਿਰਾਦਰ, ਜਬਰ-ਜਨਾਹ ਤੇ ਸਰੀਰਕ ਤੇ ਮਾਨਸਿਕ ਰੂਪ 'ਚ ਪੀੜਤ ਕਰਨ ਦੀਆਂ ਖ਼ਬਰਾਂ ਸਾਡੇ ਮੱਥਿਆਂ 'ਤੇ ਕਲੰਕ ਵਾਂਗ ਹਨ | ਭਾਵੇਂ ਸਮਾਜ ਆਪਣੇ ਅਗਾਂਹਵਧੂ ਹੋਣ ਦਾ ਬਹੁਤ ਦੰਮ ਭਰਦਾ ਹੈ, ਪਰ ਔਰਤ ਪ੍ਰਤੀ ਮਨੁੱਖ ਦੀ ਮਾਨਸਿਕਤਾ ਅੱਜ ਵੀ ਰੂੜ੍ਹੀਵਾਦੀ ਹੈ | 
ਕੁਝ ਸਾਲ ਪਹਿਲਾਂ, ਕੋਲਕਾਤਾ 'ਚ ਇਕ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਘਟਨਾ ਨੇ ਲੋਕਾਂ ਦੇ ਮਨਾਂ ਨੂੰ  ਵਲੂੰਧਰ ਸੁੱਟਿਆ ਸੀ | ਇਹ ਮੁੱਦਾ ਕਈ ਦਿਨ ਖ਼ਬਰਾਂ 'ਚ ਰਿਹਾ ਤੇ ਸਿਆਸਤ ਏਨੀ ਘਿਨਾਉਣੀ ਹੈ ਕਿ ਅਜਿਹੀਆਂ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ 'ਚੋਂ ਵੀ ਆਪਣੇ ਹਿੱਤ ਭਾਲਦੀ ਹੈ | ਓਡੀਸ਼ਾ 'ਚ ਇਕ ਕਾਲਜ ਵਿਦਿਆਰਥਣ ਨੇ ਆਪਣੇ ਇਕ ਸਹਾਇਕ ਪ੍ਰੋਫੈਸਰ ਵਲੋਂ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਸ਼ਿਕਾਇਤ ਪਿ੍ੰਸੀਪਲ ਕੋਲ ਕੀਤੀ, ਇਹ ਪ੍ਰੋਫੈਸਰ ਉਸ ਦਾ ਅਕਾਦਮਿਕ ਕੈਰੀਅਰ ਬਰਬਾਦ ਕਰਨ ਦੀ ਧਮਕੀ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ | ਲੜਕੀ ਨੇ ਆਪਣੇ ਆਪ ਨੂੰ  ਬਚਾਉਣ ਲਈ ਸਿੱਖਿਆ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ  ਬੇਨਤੀਆਂ ਕੀਤੀਆਂ, ਪਰ ਉਸ ਦੀ ਕਿਤੇ ਵੀ ਕੋਈ ਸੁਣਵਾਈ ਨਾ ਹੋਣ 'ਤੇ ਮਾਨਸਿਕ ਪੀੜਾ ਝੱਲਦੀ ਵਿਦਿਆਰਥਣ ਨੇ ਆਖ਼ਰ ਆਤਮ-ਦਾਹ ਕਰ ਲਿਆ | ਇਹ ਸਾਡੇ ਸਮਾਜ ਦਾ ਘਿਨਾਉਣਾ ਤੇ ਸ਼ਰਮਸਾਰ ਕਰਨ ਵਾਲਾ ਸੱਚ ਹੈ | 
 ਪਤਾ ਨਹੀਂ ਕਿੰਨੀਆਂ ਬੱਚੀਆਂ ਨੂੰ  ਜੰਮਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰਨ ਬਾਅਦ ਵੀ ਅਸੀਂ ਬਾਬੇ ਨਾਨਕ ਦੇ ਬੋਲ-'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਨੂੰ  ਯਾਦ ਕਰਦੇ ਹਾਂ | ਲੜਕੀਆਂ ਜੀਵਨ ਦੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਨੂੰ  ਸਾਬਤ ਕਰਦਿਆਂ ਅੰਬਰਾਂ ਤੱਕ ਉਡਾਰੀਆਂ ਭਰ ਰਹੀਆਂ ਹਨ | ਅਨੇਕਾਂ ਧੀਆਂ ਉੱਚੇ ਅਹੁਦਿਆਂ 'ਤੇ ਪਹੁੰਚ ਕੇ ਆਪਣੀ ਵਿਲੱਖਣ ਸੂਝ, ਲਿਆਕਤ ਤੇ ਪ੍ਰਤਿਭਾ ਦਾ ਮੁਜ਼ਾਹਰਾ ਕਰ ਰਹੀਆਂ ਹਨ | ਫਿਰ ਵੀ ਸਮਾਜ ਨਾ ਸਮਝੇ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਮਾਨਸਿਕਤਾ ਔਰਤ ਵਿਰੋਧੀ ਵਿਚਾਰਾਂ ਨਾਲ ਅਜੇ ਵੀ ਭਰੀ ਪਈ ਹੈ | ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਦੇ  ਇਕ ਸਕੂਲ ਵਿਚ ਵਾਪਰੀ ਸ਼ਰਮਨਾਕ ਘਟਨਾ ਸੱਚਮੁਚ ਦਿਲ ਦਹਿਲਾਉਣ ਵਾਲੀ ਹੈ, ਜਿੱਥੇ 5ਵੀਂ ਤੋਂ ਲੈ ਕੇ 10ਵੀਂ ਜਮਾਤ ਦੀਆਂ 10 ਬੱਚੀਆਂ ਨੂੰ  ਜਬਰੀ ਨਿਰਵਸਤਰ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਮਾਹਵਾਰੀ ਦੀ ਸ਼ਨਾਖਤ ਕੀਤੀ ਜਾ ਸਕੇ | ਜੇ ਕਿਸੇ ਵਿੱਦਿਅਕ ਸੰਸਥਾ 'ਚ ਵੀ ਬੱਚੀਆਂ ਨੂੰ  ਅਜਿਹੀ ਮਾਨਸਿਕ ਪੀੜਾ ਸਹਿਣੀ ਪਵੇ ਤਾਂ ਕੁੜੀਆਂ ਕਿੱਥੇ ਸੁਰੱਖਿਅਤ ਹਨ |   ਇਹ ਕਿਸ ਤਰ੍ਹਾਂ ਦਾ ਹੈਵਾਨੀਅਤ ਭਰਿਆ, ਮਾਨਵਤਾ ਵਿਰੋਧੀ ਰੁਝਾਨ ਹੈ ਕਿ ਨਿੱਕੀਆਂ ਬਾਲੜੀਆਂ ਤੋਂ ਲੈ ਕੇ ਬੁੱਢੀਆਂ ਮਾਵਾਂ ਤੱਕ ਜਬਰ-ਜਨਾਹ ਦਾ ਸ਼ਿਕਾਰ ਹੋ ਰਹੀਆਂ ਹਨ | ਹੁਣ ਕੋਈ ਕਿਹੜੇ ਰਿਸ਼ਤੇ 'ਤੇ ਇਤਬਾਰ ਕਰੇ, ਜਦੋਂ ਹਵਸ 'ਚ ਅੰਨ੍ਹੇ ਹੋਏ ਆਪਣੇ ਪਰਿਵਾਰਕ ਜੀਅ ਵੀ ਔਰਤਾਂ ਦੀ ਇੱਜ਼ਤ ਦੇ ਦੁਸ਼ਮਣ ਬਣ ਰਹੇ ਹਨ | ਅੱਜ ਵੀ ਜੇਕਰ ਕੋਈ ਪੜ੍ਹੀ-ਲਿਖੀ ਮੁਟਿਆਰ ਆਪਣੀ ਜ਼ਿੰਦਗੀ ਦਾ ਫ਼ੈਸਲਾ ਖੁਦ ਲੈ ਲਵੇ ਤਾਂ ਪਿਉ ਜਾਂ ਭਰਾ ਲਈ ਇਹ ਅਣਖ ਤੇ ਗੈਰਤ ਦਾ ਸੁਆਲ ਬਣ ਜਾਂਦਾ ਹੈ | ਅਖੌਤੀ ਅਣਖ ਦੀ ਆੜ 'ਚ ਧੀਆਂ ਦਾ ਕਤਲ ਕਰ ਦੇਣਾ ਹੁਣ ਆਮ ਵਰਤਾਰਾ ਹੋ ਗਿਆ ਹੈ | ਕੁਝ ਸਾਲ ਪਹਿਲਾਂ ਪੰਜਾਬ ਵਿਚ ਇਕ ਬਾਪ ਨੇ ਆਪਣੀ ਧੀ 'ਤੇ ਅੰਨ੍ਹਾ ਤਸ਼ੱਦਦ ਕਰਕੇ ਉਸ ਦੀ ਹੱਤਿਆ ਕਰਨ ਬਾਅਦ ਧੀ ਦੀ ਲਾਸ਼ ਨੂੰ  ਆਪਣੇ ਮੋਟਰ-ਸਾਈਕਲ ਦੇ ਪਿੱਛੇ ਬੰਨ੍ਹ ਕੇ ਪਿੰਡ ਵਿਚ ਘੁਮਾਉਣ ਦੀ ਹੈਵਾਨੀਅਤ ਭਰੀ ਘਟਨਾ ਨੂੰ  ਅੰਜਾਮ ਦਿੱਤਾ ਸੀ |
 ਅਸੀਂ ਆਪਣੇ ਦੇਸ਼ ਨੂੰ  ਤਾਂ 'ਭਾਰਤ ਮਾਤਾ' ਕਹਿ ਕੇ ਸਤਿਕਾਰਦੇ ਹਾਂ,ਪਰ ਮਨੀਪੁਰ ਵਿਚ ਦੇਸ਼ ਦੀਆਂ ਧੀਆਂ ਨੂੰ  ਨਿਰਵਸਤਰ ਕਰਕੇ ਸੜਕਾਂ 'ਤੇ ਘੁਮਾਇਆ ਜਾਂਦਾ ਹੈ ਤਾਂ ਸੱਤਾਧਾਰੀਆਂ ਨੂੰ  ਭੋਰਾ ਨਮੋਸ਼ੀ ਨਹੀਂ ਹੁੰਦੀ | ਇਸ ਅਣਮਨੁੱਖੀ ਕਾਰੇ ਨੂੰ  ਅੰਜਾਮ ਦੇਣ ਵਾਲੇ ਦੁਸ਼ਟਾਂ ਨੂੰ  ਵੀ ਤਾਂ ਕਿਸੇ ਮਾਂ ਨੇ ਹੀ ਜਨਮ ਦਿੱਤਾ ਹੋਵੇਗਾ, ਫਿਰ ਉਨ੍ਹਾਂ ਨੂੰ  ਇਹ ਘਿਨਾਉਣਾ ਕੰਮ ਕਰਦਿਆਂ ਆਪਣੇ ਘਰਾਂ ਦੀਆਂ ਮਾਵਾਂ, ਭੈਣਾਂ ਤੇ ਧੀਆਂ ਕਿਉਂ ਯਾਦ ਨਾ ਆਈਆਂ | ਅੱਜ ਜਦੋਂ ਪੰਜਾਬੀ ਭਰਾਵਾਂ ਦੀਆਂ ਬਾਹਾਂ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹੀਆਂ ਪਈਆਂ ਹਨ ਤਾਂ ਭੈਣਾਂ ਉਨ੍ਹਾਂ ਨੂੰ  ਕਿੱਥੇ  ਰੱਖੜੀਆਂ ਬੰਨ੍ਹਣਗੀਆਂ | ਜਿਹੜੇ ਭਰਾਵਾਂ ਨੂੰ  ਆਪਣੀ ਹੀ ਸੁੱਧ-ਬੁੱਧ ਨਹੀਂ, ਉਹ ਭਰਾ ਭਲਾ ਭੈਣਾਂ ਦੀ ਕੀ ਰਾਖੀ ਕਰਨਗੇ | ਸਮਾਜ ਵਿਚ ਕੁੜੀਆਂ/ਔਰਤਾਂ ਪ੍ਰਤੀ ਜਿਹੋ ਜਿਹਾ ਮਾਹੌਲ ਸਿਰਜ ਦਿੱਤਾ ਗਿਆ ਹੈ, ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਰੱਖੜੀ ਦੀ ਤੰਦ ਗਹਿਰੇ ਸੰਕਟ ਵਿਚ ਹੈ |
ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਅਜਿਹੀ ਮੰਦਭਾਗੀ ਘਟਨਾ ਕੱਲ੍ਹ ਨੂੰ  ਸਾਡੇ ਘਰਾਂ ਵਿਚ ਵੀ ਵਾਪਰ ਸਕਦੀ ਹੈ | ਆਓ, ਧੀਆਂ ਦੇ ਹੌਸਲੇ ਮਜ਼ਬੂਤ ਕਰਕੇ ਉਨ੍ਹਾਂ ਨੂੰ  ਕਿਸੇ ਵੀ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਕਰੀਏ, ਉਨ੍ਹਾਂ ਦੇ ਨਾਲ ਖੜ੍ਹੇ ਹੋਈਏ | ਔਰਤਾਂ ਨੂੰ  ਦਲੇਰੀ ਨਾਲ ਅਜਿਹੀਆਂ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੋਣ ਦੀ ਲੋੜ ਹੈ | ਭੈਣਾਂ ਨੂੰ   ਆਪਣੇ ਭਰਾਵਾਂ ਕੋਲੋਂ ਸਭ ਕੁੜੀਆਂ ਦਾ ਸਤਿਕਾਰ ਕਰਨ ਦੀ ਮੰਗ ਕਰਨੀ ਚਾਹੀਦੀ ਹੈ | ਕੋਈ ਵੀ  ਤਿਉਹਾਰ ਸਿਰਫ਼ ਜਸ਼ਨ ਮਨਾਉਣ ਲਈ ਹੀ ਨਹੀਂ ਹੁੰਦੇ, ਇਨ੍ਹਾਂ ਦੇ ਪਿੱਛੇ ਛੁਪੇ ਵੱਡਮੁੱਲੇ ਸੰਦੇਸ਼ ਦੀ ਭਾਵਨਾ ਤੱਕ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ | 

-ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਆਪਣੀ ਵਿਭਿੰਨਤਾ ਤੋਂ ਡਰਨ ਵਾਲਾ ਦੇਸ਼ ਕਮਜ਼ੋਰ ਹੋ ਜਾਂਦਾ ਹੈ ਅਗਲੀ ਖ਼ਬਰ ਅਮਰੀਕੀ ਏਜੰਸੀਆਂ ’ਤੇ ਚੀਨੀ ਸਾਇਬਰ ਹਮਲਿਆਂ ਦਾ ਜਾਲ ਤੋੜਿਆ - ਐੱਫ.ਬੀ.ਆਈ. ਨੇ 2 ਹੈਕਿੰਗ ਪਲੇਟਫਾਰਮ ਕੀਤੇ ਬੰਦ
Ad Position 24