ਪਿਛਲੇ ਦਿਨੀਂ ਬਾਬਾ ਬਕਾਲਾ ਦੀ ਪਵਿੱਤਰ ਧਰਤੀ 'ਤੇ ਰੱਖੜ ਪੁੰਨਿਆ ਵਾਲੇ ਦਿਨ ਜਿਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਏ ਹਨ, ਉਥੇ ਕੁਝ ਸਿਆਸੀ ਪਾਰਟੀਆਂ ਨੇ ਆਪੋ-ਆਪਣੀਆਂ ਸਟੇਜਾਂ ਲਾ ਕੇ ਗੁਰੂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਵਧੇਰੇ ਕਰਕੇ ਆਪਣੀਆਂ ਸਿਆਸੀ ਗੱਲਾਂ ਕਰਨ ਨੂੰ ਵੀ ਤਰਜੀਹ ਦਿੱਤੀ ਹੈ | ਆਮ ਆਦਮੀ ਪਾਰਟੀ ਨੇ ਜਿੱਥੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ, ਉਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਵਿਸਥਾਰ ਦਿੰਦਿਆਂ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ 5.30 ਲੱਖ ਹੋਰ ਔਰਤਾਂ ਦੇ ਖਾਤਿਆਂ 'ਚ 3 ਮਹੀਨਿਆਂ ਦੀ ਸਨਮਾਨ ਰਾਸ਼ੀ ਵਜੋਂ 181.50 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਤਬਦੀਲ ਕੀਤੇ | ਇਸ ਨਾਲ ਲਾਭਪਾਤਰੀ ਔਰਤਾਂ ਦੀ ਗਿਣਤੀ 70.92 ਲੱਖ ਹੋ ਜਾਣ ਦਾ ਐਲਾਨ ਵੀ ਕੀਤਾ ਅਤੇ ਇਸ ਯੋਜਨਾ ਤਹਿਤ 1 ਕਰੋੜ ਔਰਤਾਂ ਨੂੰ ਛੇਤੀ ਹੀ ਲਿਆਉਣ ਦਾ ਐਲਾਨ ਵੀ ਕੀਤਾ | ਸਰਕਾਰ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਉਨ੍ਹਾਂ ਬਿਜਲੀ ਦੇ ਬਿੱਲਾਂ ਦੇ ਜ਼ੀਰੋ ਆਉਣ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ, 70840 ਮੁਲਾਜ਼ਮਾਂ ਨੂੰ ਨੌਕਰੀਆਂ ਦੇਣ ਤੇ ਮੁੱਖ ਮੰਤਰੀ ਸਿਹਤ ਯੋਜਨਾ ਨੂੰ ੇ ਲਾਗੂ ਕਰਨ ਦਾ ਦਾਅਵਾ ਵੀ ਕੀਤਾ |
ਅਕਾਲੀ ਦਲ (ਬ) ਦੀ ਸਟੇਜ ਤੋਂ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਸਮੇਂ ਹੋਏ ਵਿਕਾਸ ਦੀ ਗੱਲ ਕੀਤੀ ਅਤੇ ਆਉਣ ਵਾਲੇ ਸਮੇਂ 'ਚ ਵੀ ਸੂਬੇ ਦੇ ਹਿੱਤਾਂ ਲਈ ਉਲੀਕੀਆਂ ਜਾਣ ਵਾਲੀਆਂ ਯੋਜਨਾਵਾਂ ਦਾ ਐਲਾਨ ਕੀਤਾ | ਅਕਾਲੀ ਦਲ (ਵਾਰਿਸ ਪੰਜਾਬ ਦੇ), ਦੇ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਤੇ ਗੈਂਗਸਟਰਵਾਦ ਦੇ ਖ਼ਾਤਮੇ ਦੇ ਨਾਲ-ਨਾਲ ਪੰਥਕ ਏਜੰਡਿਆਂ ਦਾ ਜ਼ਿਕਰ ਕਰਦਿਆਂ ਜੇਲ੍ਹ 'ਚ ਨਜ਼ਰਬੰਦ ਅੰਮਿ੍ਤਪਾਲ ਸਿੰਘ ਨੂੰ ਸੰਭਾਵੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ | ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਸਾਨ ਮੁੱਦਿਆਂ ਦੀ ਗੱਲ ਕੀਤੀ ਤੇ ਕਿਹਾ ਕਿ ਕਿਸੇ ਵੀ ਮੁਲਕ ਨਾਲ ਹੋਣ ਵਾਲੇ ਸਮਝੌਤੇ ਕਿਸਾਨਾਂ ਦੇ ਹਿੱਤ 'ਚ ਹੋਣਗੇ | ਉਨ੍ਹਾਂ ਕੇਂਦਰੀ ਸਰਕਾਰ ਵਲੋਂ ਕਣਕ ਤੇ ਝੋਨੇ ਦੀ ਐਮ.ਐਸ.ਪੀ., ਯੂਰੀਆ ਖਾਦ ਦੀ ਸਬਸਿਡੀ, ਪ੍ਰਧਾਨ ਮੰਤਰੀ ਸਨਮਾਨ ਨਿਧੀ ਅਤੇ ਜੀ ਰਾਮ ਜੀ ਯੋਜਨਾ ਲਈ ਖਰਚੇ ਲੱਖਾਂ ਕਰੋੜਾਂ ਦੀ ਧਨਰਾਸ਼ੀ ਦਾ ਵੀ ਜ਼ਿਕਰ ਕੀਤਾ | ਕਾਂਗਰਸ ਵਲੋਂ ਆਯੋਜਿਤ ਕਾਨਫ਼ਰੰਸ ਵਿਚ ਸਰਕਾਰ ਦੇ ਦਾਅਵਿਆਂ ਦੇ ਉਲਟ ਉਸ 'ਤੇ ਰੇਤ ਦੀ ਨਾਜਾਇਜ਼ ਕਮਾਈ ਕਰਨ, ਨਸ਼ਿਆਂ ਦੇ ਵਰਤਾਰੇ ਅਤੇ ਭਿ੍ਸ਼ਟਾਚਾਰ ਕਰਨ ਦੇ ਦੋਸ਼ ਲਾਏ ਗਏ |
ਇਨ੍ਹਾਂ ਕਾਨਫ਼ਰੰਸਾਂ ਨੇ ਇਕ ਤਰ੍ਹਾਂ ਨਾਲ ਸਿਆਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ | ਸੂਬੇ ਵਿਚ ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਚੋਣਾਂ ਲਈ ਵੀ ਸਾਰੀਆਂ ਪਾਰਟੀਆਂ ਨੇ ਆਪਣੇ ਕਮਰਕੱਸੇ ਕਰਨੇੇ ਸ਼ੁਰੂ ਕਰ ਦਿੱਤੇ ਹਨ | ਸਰਕਾਰ ਹਰ ਹੀਲੇ ਇਸ ਗੱਲ ਲਈ ਯਤਨਸ਼ੀਲ ਦਿਖਾਈ ਦਿੰਦੀ ਹੈ ਕਿ ਉਹ ਆਪਣੇ ਸਥਾਪਤੀ ਵਿਰੋਧੀ ਪ੍ਰਭਾਵ ਨੂੰ ਜਿਥੇ ਹਰ ਢੰਗ ਤਰੀਕੇ ਨਾਲ ਘਟਾ ਸਕੇ, ਉਥੇ ਆਪਣੀਆਂ ਲਾਗੂ ਤੇ ਐਲਾਨੀਆਂ ਯੋਜਨਾਵਾਂ ਨਾਲ ਲੋਕਾਂ ਦਾ ਵਧ ਤੋਂ ਵਧ ਧਿਆਨ ਆਪਣੇ ਵੱਲ ਖਿੱਚ ਸਕੇ | 'ਆਪ' ਦੀ ਸਰਗਰਮੀ ਸਿਖ਼ਰਾਂ 'ਤੇ ਪੁੱਜ ਗਈ ਜਾਪਦੀ ਹੈ | ਚੋਣਾਂ ਨੇੜੇ ਆਉਂਦੀਆਂ ਦੇਖ ਕੇ ਪਿਛਲੇ ਸਮੇਂ 'ਚ ਭਾਜਪਾ ਤੇ ਅਕਾਲੀ ਦਲ (ਬ) ਦੇ ਮੁੜ ਗੱਠਜੋੜ ਦੀ ਗੱਲ ਵੀ ਚਲਦੀ ਰਹੀ ਹੈ ਪਰ ਹੁਣ ਲਗਾਤਾਰ ਵੱਡੇ-ਛੋਟੇ ਭਾਜਪਾ ਆਗੂਆਂ ਵਲੋਂ ਸੂਬੇ ਦੇ ਸਾਰੇ ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕਰਨਾ ਤੇ ਇਸ ਦੇ ਨਾਲ ਪਹਿਲੀ ਵਾਰ ਰੱਖੜ ਪੁੰਨਿਆ 'ਤੇ ਆਪਣੀ ਕਾਨਫ਼ਰੰਸ ਦਾ ਆਯੋਜਨ ਕਰਨੇ ਤੇ ਉਸ 'ਚ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਬੁਲਾਉਣਾ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਹੈ ਕਿ ਭਾਜਪਾ ਇਸ ਵਾਰ ਹੁਣ ਤੱਕ ਇਕੱਲਿਆਂ ਹੀ ਚੋਣਾਂ ਲੜਨ ਲਈ ਆਪਣੇ ਪਰ ਤੋਲ ਰਹੀ ਹੈ | ਉਸ ਦੇ ਨਾਲ ਹੀ ਦੂਸਰੀ ਧਿਰ ਵਜੋਂ ਅਕਾਲੀ ਦਲ (ਵਾਰਿਸ ਪੰਜਾਬ ਦੇ), ਦਾ ਉਭਾਰ ਵੀ ਦੇਖਿਆ ਜਾ ਰਿਹਾ ਹੈ, ਜਿਸ ਨੇ ਬਾਬਾ ਬਕਾਲਾ ਵਿਚ ਬੜਾ ਪ੍ਰਭਾਵਸ਼ਾਲੀ ਇਕੱਠ ਕਰਕੇ ਆਪਣੀ ਹੋਂਦ ਜਤਾਉਣ ਦਾ ਸਫ਼ਲ ਯਤਨ ਕੀਤਾ ਹੈ | ਕਾਂਗਰਸ ਵਲੋਂ ਆਯੋਜਿਤ ਕਾਨਫ਼ਰੰਸ ਵਿਚ ਸਾਹਮਣੇ ਆਈ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਹਾਲ ਦੀ ਘੜੀ ਸੂਬਾ ਵਾਸੀਆਂ ਲਈ ਇਕ ਨਾਂਹ-ਪੱਖੀ ਸੰਦੇਸ਼ ਹੀ ਕਿਹਾ ਜਾ ਸਕਦਾ ਹੈ | ਜੇਕਰ ਸਥਿਤੀ ਅਜਿਹੀ ਬਣੀ ਰਹਿੰਦੀ ਹੈ ਤਾਂ ਇਹ ਆਉਣ ਵਾਲੇ ਸਮੇਂ 'ਚ ਪਾਰਟੀ ਲਈ ਘਾਟੇਵੰਦਾ ਸੌਦਾ ਸਾਬਤ ਹੋ ਸਕਦਾ ਹੈ | ਇਨ੍ਹਾਂ ਕਾਨਫ਼ਰੰਸਾਂ ਨੇ ਇਕ ਵਾਰ ਤਾਂ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ, ਜਿਸ ਦਾ ਵੱਡਾ ਪ੍ਰਭਾਵ ਆਉਂਦੇ ਮਹੀਨਿਆਂ 'ਚ ਦੇਖਿਆ ਜਾ ਸਕੇਗਾ |
-ਬਰਜਿੰਦਰ ਸਿੰਘ ਹਮਦਰਦ