29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗਿਆਨੀ ਜ਼ੈਲ ਸਿੰਘ ਤੇ ਐਮ.ਐਸ. ਰੰਧਾਵਾ ਦਾ ਮਿਲਵਰਤਨ

ਗਿਆਨੀ ਜ਼ੈਲ ਸਿੰਘ ਤੇ ਐਮ.ਐਸ. ਰੰਧਾਵਾ ਦਾ ਮਿਲਵਰਤਨ

Ad Position 21
No active advertisement
ਅਜੀਤ ਡੈਸਕ 30-08-2026

ਇਸ ਵਰ੍ਹੇ ਦੇ ਜੁਲਾਈ ਮਹੀਨੇ ਜਦੋਂ ਐਮ.ਐਸ. ਰੰਧਾਵਾ ਵਲੋਂ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਸਥਾਪਤ ਕੀਤੀ ਗਈ ਪੰਜਾਬ ਆਰਟਸ ਕੌਂਸਲ ਦੇ ਪਿਛੋਕੜ ਵਿਚ ਬਣਾਏ ਓਪਨ ਏਅਰ ਥੀਏਟਰ ਦੀ ਮੁਰੰਮਤ ਕਰਾ ਕੇ ਉਸ ਵਿਚ ਰਤਨ ਸਿੰਘ ਜੱਗੀ ਮੈਮੋਰੀਅਲ ਫਾਊਾਡੇਸ਼ਨ ਵਲੋਂ ਜੱਗੀ ਸਾਬ੍ਹ ਦਾ ਬੁੱਤ ਸਜਾਇਆ ਜਾ ਰਿਹਾ ਸੀ ਤਾਂ ਮੇਰੇ ਹੱਥ ਐਂਗਲੋ ਸਿੱਖ ਵਾਰ ਨਾਲ ਸੰਬੰਧਿਤ ਫਿਰੋਜ਼ਪੁਰ ਦੇ ਅਜਾਇਬਘਰ ਦੇ ਉਦਘਾਟਨ ਵਾਲੀ ਸਤੰਬਰ 1975 ਦੀ ਤਸਵੀਰ ਲੱਗ ਗਈ | ਇਸ ਵਿਚ ਸੰਜੇ ਗਾਂਧੀ ਦੇ ਨਾਲ ਪੰਜਾਬ ਖੇਤੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਐਮ.ਐਸ. ਰੰਧਾਵਾ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ, ਉਨ੍ਹਾਂ ਦਾ ਮੀਡੀਆ ਸਲਾਹਕਾਰ ਤਰਲੋਚਨ ਸਿੰਘ ਅਤੇ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਵੀ ਦਿਖਾਈ ਦੇ ਰਹੇ ਹਨ | ਇਹ ਤਸਵੀਰ ਮੇਰੇ ਨਵੀਂ ਦਿੱਲੀ ਦਾ ਵਸਨੀਕ ਹੋਣ ਸਮੇਂ ਆਪਣੇ ਮਿੱਤਰ ਤਰਲੋਚਨ ਸਿੰਘ ਕੋਲੋਂ ਮਿਲੀ ਸੀ, ਜਿਹੜੇ ਉਸ ਵੇਲੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ | ਇਸ ਤਸਵੀਰ ਨੇ ਮੈਨੂੰ ਐਮ.ਐਸ. ਰੰਧਾਵਾ ਦੀ ਸੰਗਤ ਵਿਚ ਹੰਢਾਏ ਪਲ ਚੇਤੇ ਕਰਾ ਦਿੱਤੇ ਤੇ ਗਿਆਨੀ ਜੀ ਦੀ ਰਾਜਨੀਤਕ ਫੁਰਤੀ ਤੇ ਮਿਲਾਪੜਾਪਣ ਵੀ | ਉਹ ਜਿਸ ਕਿਸੇ ਨੂੰ  ਵੀ ਮਿਲਦੇ, ਚਾਹੇ ਉਹ ਵੱਡੀ ਹਸਤੀ ਹੋਵੇ ਜਾਂ ਛੋਟੀ, ਉਸਨੂੰ ਜੱਫੀ ਪਾ ਕੇ ਮਿਲਦੇ | ਤੁਰੰਤ ਫ਼ੈਸਲਾ ਲੈਣ ਵਾਲਿਆਂ 'ਚ ਐਮ.ਐਸ. ਰੰਧਾਵਾ ਦਾ ਵੀ ਜਵਾਬ ਨਹੀਂ ਸੀ, ਪਰ ਗਿਆਨੀ ਜੀ ਦੇ ਕੀ ਕਹਿਣੇ |

ਮੈਂ ਆਪਣੀ ਗੱਲ ਦੀ ਪੁਸ਼ਟੀ ਲਈ ਕੇਵਲ ਗਿਆਨੀ ਜੀ ਦੀ ਮਿਸਾਲ ਦਿੰਦਾ ਹਾਂ, ਜਿਹੜੇ ਦੇਸ਼ ਦੇ ਰਾਸ਼ਟਰਪਤੀ ਵੀ ਬਣੇ | ਪਹਿਲੀ ਗੱਲ ਇਹ ਕਿ ਜਦ ਲੋਹੇ ਦੀ ਲੱਠ ਵਜੋਂ ਜਾਣੀ ਜਾਂਦੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਉਸਦੇ ਸੁਰੱਖਿਆ ਬਲਾਂ ਨੇ ਕਰ ਦਿੱਤੀ ਤਾਂ ਗਿਆਨੀ ਜੀ ਨੇ ਭਾਰਤ ਦਾ ਰਾਸ਼ਟਰਪਤੀ ਹੋਣ ਨਾਤੇ ਤੁਰੰਤ ਉਸਦੇ ਸਪੁੱਤਰ ਰਾਜੀਵ ਗਾਂਧੀ ਨੂੰ  ਪ੍ਰਧਾਨ ਮੰਤਰੀ ਦੀ ਕੁਰਸੀ ਸੌਂਪ ਦਿੱਤੀ | ਦੂਜੀ ਗੱਲ ਦਾ ਸੰਬੰਧ ਮੇਰੇ ਨਿੱਜ ਨਾਲ ਹੈ | ਰਾਸ਼ਟਰਪਤੀ ਦੀ ਪਦਵੀ ਛੱਡਣ ਸਮੇਂ ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਪੱਤਰਕਾਰਾਂ ਤੇ ਆਪਣੀ ਸੰਗਤ 'ਚ ਆਏ ਸੰਗੀਆ ਨੂੰ  ਰਾਸ਼ਟਰਪਤੀ ਭਵਨ ਵਿਖੇ ਭੋਜਨ ਲਈ ਸੱਦਾ ਦਿੱਤਾ | ਇਹ ਸੱਦਾ ਜਿੱਥੋਂ ਟਿ੍ਬਿਊਨ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਵੀ.ਐਨ. ਨਾਰਾਇਣਨ ਨੂੰ  ਸੀ ਤਾਂ ਪੰਜਾਬੀ ਟਿ੍ਬਿਊਨ ਦਾ ਸੰਪਾਦਕ ਹੋਣ ਨਾਤੇ ਮੈਨੂੰ ਵੀ ਸੀ | ਮੈਂ ਤੇ ਨਾਰਾਇਣਨ ਆਪਣੀਆਂ ਬੀਵੀਆਂ ਸਮੇਤ ਇਕੱਠੇ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਗਿਆਨੀ ਜੀ ਦਰਵਾਜ਼ੇ 'ਚ ਖੜ੍ਹੇ ਸਨ | ਉਹ ਮੈਨੂੰ ਜੱਫੀ ਵਿਚ ਲੈ ਕੇ ਬੋਲੇ, 'ਬੀਬੀ ਨਹੀਂ ਆਈ?' ਬੀਬੀ ਤੋਂ ਉਨ੍ਹਾਂ ਦੀ ਮੁਰਾਦ ਮੇਰੀ ਪਤਨੀ ਸੀ, ਜਿਹੜੀ ਨਾਰਾਇਣਨ ਦੀ ਪਤਨੀ ਦਾ ਸਾਥ ਦਿੰਦੀ ਦੋ ਕਦਮ ਪਿੱਛੇ ਸੀ | ਗਿਆਨੀ ਜੀ ਨੇ ਸਾਡਾ ਸਵਾਗਤ ਕੀਤਾ ਤੇ ਮਹਿਮਾਨਾਂ ਨੂੰ  ਮਿਲਾਉਣ ਲੱਗੇ | ਉਹ ਮੰਚ 'ਤੇ ਚੜ੍ਹਨ ਤੋਂ ਪਹਿਲਾਂ ਅਗਲੀ ਕਤਾਰ ਵਿਚ ਬੈਠੇ ਸਾਰੇ ਪਤਵੰਤਿਆਂ ਨੂੰ  ਸੱਜੇ ਹੱਥ ਨਾਲ ਮਿਲੇ, ਪਰ ਖੱਬੇ ਹੱਥ ਨਾਲ ਮੇਰਾ ਹੱਥ ਨਹੀਂ ਛੱਡਿਆ, ਜਿਵੇਂ ਮੈਂ ਉਨ੍ਹਾਂ ਦਾ ਖ਼ਾਸ ਬੰਦਾ ਹੋਵਾਂ | ਇਹ ਗੱਲ 25 ਜੁਲਾਈ 1987 ਦੀ ਹੈ | ਮੇਰਾ ਮਿੱਤਰ ਤਰਲੋਚਨ ਸਿੰਘ ਮੇਰੇ ਹਾਣੀਆਂ ਸਮਾਨ ਹੈ | ਪੰਜਾਬ ਆਰਟਸ ਕੌਂਸਲ ਦੀ ਚੜ੍ਹਤ ਅੱਜ ਵੀ ਕਾਇਮ ਹੈ |
ਵੰਦੇ ਮਾਤਰਮ ਦੇ ਛੰਦਾਂ ਦੀ ਪੁਣ-ਛਾਣ
ਇਨ੍ਹਾਂ ਦਿਨਾਂ 'ਚ ਲੰਮੇ ਸਮੇਂ ਤੋਂ ਗਾਏ ਜਾ ਰਹੇ ਰਾਸ਼ਟਰੀ ਗੀਤ ਦੀ ਪੁਣ-ਛਾਣ ਸ਼ੁਰੂ ਹੋ ਗਈ ਹੈ | ਰਾਸ਼ਟਰੀ ਸੋਇਮ ਸੇਵਕ ਸੰਘ ਨੂੰ  ਪ੍ਰਣਾਈ ਭਾਜਪਾ ਇਸਦੇ ਪੂਰੇ ਛੇ ਛੰਦ ਗਾਏ ਜਾਣ ਦੀ ਵਕਾਲਤ ਕਰ ਰਹੀ ਹੈ | ਇੱਥੋਂ ਤੱਕ ਕਿ 1950 ਤੇ ਭਾਰਤੀ ਗਣਰਾਜ ਵਲੋਂ ਪ੍ਰਵਾਨਿਤ ਦੋ ਛੰਦਾਂ ਵਾਲੇ ਰਾਸ਼ਟਰ ਗੀਤ ਨੂੰ  ਗ਼ੈਰ ਸੰਵਿਧਾਨਕ ਤੇ ਨਿੰਦਣਯੋਗ ਗਰਦਾਨਣ ਤੋਂ ਸੰਕੋਚ ਨਹੀਂ ਕਰ ਰਹੀ | ਇਸਦੇ ਉਲਟ ਇੰਡੀਅਨ ਨੈਸ਼ਨਲ ਕਾਂਗਰਸ ਤੇ ਸੀ.ਪੀ.ਆਈ. (ਮਾਰਕਸਿਸਟ) ਦਾ ਤਰਕ ਹੈ ਕਿ ਇਸ ਨੂੰ  ਸਿਆਸੀ ਰੰਗ ਦੇਣ ਦੀ ਥਾਂ ਭਾਵਨਾਤਮਿਕ ਸਾਂਝ ਦੇ ਪ੍ਰਤੀਕ ਤੱਕ ਹੀ ਸੀਮਤ ਰੱਖਿਆ ਜਾਣਾ ਠੀਕ ਹੈ | ਉਨ੍ਹਾਂ ਦਾ ਤਰਕ ਹੈ ਕਿ ਇਸਦੇ ਪਹਿਲੇ ਦੋ ਛੰਦਾਂ ਨੂੰ  ਰਾਸ਼ਟਰ ਗੀਤ ਦਾ ਮੂਲ ਮੰਤਰ ਕਹਿਣ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਸੀ, ਜਿਸਨੇ ਸੁਤੰਤਰਤਾ ਸੰਗਰਾਮ ਵਿਚ ਵੱਡੀਆਂ ਕੁਰਬਾਨੀਆਂ ਦਿੱਤੀਆਂ | ਉਂਝ ਵੀ ਇਸ ਨੂੰ  ਮਾਨਤਾ ਦੇਣ ਵਾਲੀ ਕਮੇਟੀ 'ਚ ਉਸ ਵੇਲੇ ਦੇ ਪ੍ਰਮੁੱਖ ਨੇਤਾ ਮੌਲਾਨਾ ਆਜ਼ਾਦ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਆਚਾਰਿਆ ਦੇਵਾ ਤੇ ਰਾਬਿੰਦਰਨਾਥ ਟੈਗੋਰ ਆਦਿ ਸ਼ਾਮਿਲ ਸਨ |
ਰਾਸ਼ਟਰ ਗੀਤ ਲਈ ਸਾਰੇ ਛੰਦਾਂ ਦੀ ਵਰਤੋਂ ਲਈ ਡਟਣ ਵਾਲੇ ਇਹ ਵੀ ਦਾਅਵਾ ਕਰਦੇ ਹਨ ਕਿ ਸਿਰਫ਼ ਦੋ ਛੰਦ ਮਾਨਤਾ ਦੇਣ ਵਾਲੀ ਕਮੇਟੀ ਦਾ ਮੈਂਬਰ ਰਾਬਿੰਦਰਨਾਥ ਟੈਗੋਰ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸੀ | ਅੱਜ ਦੇ ਦਿਨ ਉਹ ਪਾਰਟੀ ਟੈਗੋਰ ਦੀ ਗਵਾਹੀ ਆਪਣੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਟੈਗੋਰ ਦੇ ਸਮੁੱਚੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਅਤੇ ਉਸ ਦਾ ਪ੍ਰਧਾਨ ਮੰਤਰੀ ਕੁਝ ਦਿਨ ਪਹਿਲਾਂ ਅਜੋਕੇ ਭਾਰਤ ਦੀ ਸਮੁੱਚੀ ਉੱਨਤੀ ਬਾਰੇ ਇਹ ਦਾਅਵਾ ਕਰ ਚੁੱਕਾ ਹੈ ਕਿ ਉਸਦੀ ਸਰਕਾਰ ਨੇ ਸੱਤਾਂ ਸਾਲਾਂ 'ਚ ਉਹ ਕੁਝ ਕਰ ਵਿਖਾਇਆ, ਜੋ ਪਿਛਲੇ 70 ਸਾਲ 'ਚ ਨਹੀਂ ਹੋਇਆ | ਉਹ ਵੀ ਮਨੁੱਖ ਹੈ ਤੇ ਉਸਦਾ ਅੰਦਰਲਾ ਮਨ ਉਸ ਤੋਂ ਇਹ ਕੁਝ ਅਖਵਾ ਚੁੱਕਾ ਹੈ |
ਸਾਡਾ ਮਤ ਹੈ ਕਿ ਹਉਮੈ ਦੀਰਘ ਰੋਗ ਹੈ ਤੇ ਇਸਦਾ ਸ਼ਿਕਾਰ ਹੋਣੋ ਕੋਈ ਨਹੀਂ ਬਚਦਾ | ਜਿੱਥੋਂ ਤੱਕ ਵੱਡੇ ਧਰਮਾਂ ਨਾਲ ਸੰਬੰਧਿਤ ਪਾਰਟੀ ਪ੍ਰਬੰਧਕ ਹਨ, ਉਹ ਆਪਣੇ ਧਰਮ ਗ੍ਰੰਥਾਂ ਦਾ ਸਹਿਜ ਪਾਠ ਵੀ ਕਰਦੇ ਹਨ ਤੇ ਅਖੰਡ ਪਾਠ ਵੀ, ਪਰ ਰੋਜ਼ਾਨਾ ਦੇ ਕੰਮਕਾਜ ਲਈ ਆਪਣੇ ਮੂਲ ਮੰਤਰ ਜਾਂ ਗਾਇਤ੍ਰੀ ਮੰਤਰ ਦੀ ਟੇਕ ਲੈਂਦੇ ਹਨ | ਸਾਡਾ ਮੰਨਣਾ ਹੈ ਕਿ ਭਾਜਪਾ ਦੀ ਅਜੋਕੀ ਸੋਚ ਦੇਸ਼ ਦੀ ਏਕਤਾ ਨੂੰ  ਭੰਗ ਕਰਨ ਵਾਲੀ ਹੈ | ਉਂਝ ਵੀ ਸੰਵਿਧਾਨਕ ਤੌਰ 'ਤੇ ਸਵੀਕਾਰ ਕੀਤੀ ਗਈ ਕਿਸੇ ਵੀ ਧਾਰਨਾ ਦਾ ਸਨਮਾਨ ਕਰਨਾ ਬਣਦਾ ਹੈ | ਇਹ ਸੁਤੰਤਰ ਭਾਰਤ ਦੀ ਉਸ ਸੋਚ ਨੂੰ  ਅੱਗੇ ਵਧਾਉਂਦੀ ਹੈ, ਜਿਹੜੀ ਸਮੁੱਚੇ ਦੇਸ਼ ਵਾਸੀਆਂ ਨੂੰ  ਇਕਮੁੱਠ ਹੋ ਕੇ ਚੱਲਣ ਦਾ ਸੱਦਾ ਦਿੰਦੀ ਹੈ | ਭਾਜਪਾ ਦੀ ਵਰਤਮਾਨ ਸੋਚ ਤੋਂ ਪ੍ਰਤੱਖ ਹੈ ਕਿ ਅੱਜ ਦੇ ਦਿਨ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਤੇ ਇਕ ਸਦੀ ਤੋਂ ਵੱਧ ਵਾਲੀ ਭਾਵਨਾ 'ਤੇ ਪਹਿਰਾ ਦੇਣ ਵਾਲੀਆਂ ਧਿਰਾਂ ਤੋਂ ਖ਼ੌਫ਼ ਖਾ ਰਹੀ ਹੈ |  

ਈਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਹਨੂੰ ਆਖਾਂ ਅਗਲੀ ਖ਼ਬਰ ਵਪਾਰ ਲਈ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਜਾਏ
Ad Position 24