ਮੈਡੀਕਲ ਖੇਤਰ ਦੇ ਮਾਹਿਰਾਂ ਵਲੋਂ ਕੀਤੀਆਂ ਗਈਆਂ ਖੋਜਾਂ ਨੇ ਰਸੋਈ ਵਿਚ ਵਰਤੀ ਜਾਣ ਵਾਲੀ ਆਮ ਖੰਡ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਸਾਡੇ ਸਮਾਜ ਨੂੰ ਸੁਚੇਤ ਕੀਤਾ ਹੈ। ਇਹ ਖੰਡ ਇਨਸਾਨ ਦੀਆਂ ਕੈਲੋਰੀਆਂ ਭਾਵ ਕਿ ਖੂਨ ਵਿਚ ਗੁਲੂਕੋਜ਼ ਦੀ ਮਾਤਰਾ ਤਾਂ ਵਧਾ ਦਿੰਦੀ ਹੈ ਪਰ ਸਰੀਰ ਲਈ ਲੋੜੀਂਦੇ ਬਾਕੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਤੇ ਪ੍ਰੋਟੀਨ ਆਦਿ ਦੀ ਪੂਰਤੀ ਨਹੀਂ ਕਰਦੀ। ਇਸ ਨਾਲ ਆਦਮੀ ਦਾ ਭਾਰ ਵਧ ਜਾਣ ਨਾਲ ਉਸ ਨੂੰ ਅਨੇਕਾਂ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਖੰਡ ਭਰਪੂਰ ਭੋਜਨ ਪਦਾਰਥ ਖਾਣ ਨਾਲ ਡਿਪਰੈਸ਼ਨ ਹੁੰਦਾ ਹੈ, ਭਾਵ ਕਿ ਉਦਾਸੀ ਜਾਂ ਨਿਰਾਸ਼ਾਜਨਕ ਵਿਚਾਰ ਪੈਦਾ ਹੁੰਦੇ ਹਨ। ਖੰਡ ਮਾਨਸਿਕ ਤਣਾਅ ਪੈਦਾ ਕਰਨ ਵਾਲੇ ਤੱਤ ਵਧਾ ਦਿੰਦੀ ਹੈ, ਜਿਸ ਨਾਲ ਇਹ ਮਨੁੱਖ ਵਿਚ ਚਿੰਤਾ, ਚਿੜਚਿੜਾਪਣ ਅਤੇ ਮਾਨਸਿਕ ਦਬਾਅ ਦੇ ਹੋਰ ਲੱਛਣ ਪੈਦਾ ਹੁੰਦੇ ਹਨ।
ਖੰਡ ਦੀ ਵਧੇਰੇ ਵਰਤੋਂ ਨਾਲ ਬਲੱਡ ਪ੍ਰੈਸ਼ਰ ਅਤੇ ਟ੍ਰਾਈਗਲਿਸ੍ਰਾਇਡ ਵਧਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਨੂੁੰ ਜਨਮ ਦਿੰਦੇ ਹਨ। ਖੋਜਾਂ ਨੇ ਸਿੱਧ ਕੀਤਾ ਹੈ ਕਿ ਜੂਸ, ਠੰਢੇ ਪੀਣ ਵਾਲੇ ਪਦਾਰਥਾਂ ਦੀਆਂ ਬੋਤਲਾਂ ਅਤੇ ਸ਼ਰਬਤਾਂ ਦੇ ਵਰਤਣ ਨਾਲ ਉਨ੍ਹਾਂ ਵਿਚਲੀ ਖੰਡ ਆਦਮੀ ਦੇ ਭਾਰ ਨੂੰ ਵਧਾਉਂਦੀ ਹੈ, ਜੋ ਦਿਲ ਦੇ ਰੋਗਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਸਰੀਰ 'ਚ ਖੰਡ ਦੀ ਮਾਤਰਾ ਵਧ ਜਾਣ ਨਾਲ ਖ਼ੂਨ ਦੀਆਂ ਨਾਲੀਆਂ ਦੇ ਉੱਤੇ ਚਰਬੀ ਜੰਮਣ ਲਗਦੀ ਹੈ, ਜੋ ਦਿਲ ਦੇ ਰੋਗਾਂ ਨੂੰ ਜਨਮ ਦਿੰਦੀ ਹੈ। ਖੰਡ ਵੱਧ ਖਾਣ ਦਾ ਚਮੜੀ ਦੇ ਨਿਖ਼ਾਰ 'ਤੇ ਵੀ ਮਾੜਾ ਅਸਰ ਪੈਂਦਾ ਹੈ। ਖੂਨ ਵਿਚ ਖੰਡ ਦੀ ਮਾਤਰਾ ਵਧਣ ਨਾਲ ਫਿਣਸੀਆਂ, ਕਿੱਲ ਤੇ ਮੁਹਾਸੇ ਵੱਧ ਨਿਕਲਦੇ ਹਨ। ਇਸ ਲਈ ਚਮੜੀ ਅਤੇ ਚਿਹਰੇ ਦੀ ਤਾਜ਼ਗੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਆਪਣੀ ਰੋਜ਼ਾਨਾ ਖ਼ੁਰਾਕ ਵਿਚ ਚਿੱਟੀ ਖੰਡ ਦੀ ਮਾਤਰਾ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਇਕ ਹੋਰ ਅਹਿਮ ਪੱਖ ਜਿਸ ਦਾ ਸਿੱਧਾ ਸਬੰਧ ਵੱਧ ਖੰਡ ਖਾਣ ਨਾਲ ਹੈ, ਉਹ ਹੈ ਸ਼ੂਗਰ ਦਾ ਰੋਗ। ਸਾਡੇ ਰੋਜ਼ਾਨਾ ਭੋਜਨ ਵਿਚ ਮਿੱਠੀਆਂ ਚੀਜ਼ਾਂ ਤੇ ਖੰਡ ਦੀ ਮਾਤਰਾ ਨੂੰ ਸੀਮਤ ਕਰਕੇ ਸਰੀਰ ਵਿਚ ਪੈਦਾ ਹੋਣ ਵਾਲੇ ਸ਼ੂਗਰ ਰੋਗ ਨੂੰ ਘਟਾਇਆ ਜਾ ਸਕਦਾ ਹੈ। ਮਿੱਠੀਆਂ ਚੀਜ਼ਾਂ ਖਾਣ ਨਾਲ ਸਾਡੇ ਦੰਦਾਂ 'ਤੇ ਮਾੜਾ ਅਸਰ ਪੈਂਦਾ ਹੈ। ਮਿੱਠੇ ਨਾਲ ਦੰਦਾਂ ਵਿਚ ਕੀੜਾ ਲੱਗ ਜਾਂਦਾ ਹੈ ਅਤੇ ਦੰਦਾਂ ਵਿਚ ਛੇਕ ਹੋ ਜਾਂਦੇ ਹਨ, ਜਿਸ ਨਾਲ ਉਮਰ ਤੋਂ ਪਹਿਲਾਂ ਹੀ ਦੰਦ ਨਿਕਲਣ ਲਗਦੇ ਹਨ।
ਮਿੱਠੀਆਂ ਚੀਜ਼ਾਂ ਤੇ ਚਿੱਟੀ ਖੰਡ ਖਾਣ ਨਾਲ ਜੋੜਾਂ ਦੇ ਦਰਦਾਂ ਦੇ ਰੋਗੀਆਂ ਦੀਆਂ ਪ੍ਰੇਸ਼ਾਨੀਆਂ ਵਧ ਜਾਂਦੀਆਂ ਹਨ। ਵੱਧ ਖੰਡ ਖਾਣ ਵਾਲੇ ਲੋਕ ਜਲਦੀ ਬੁੱਢੇ ਹੁੰਦੇ ਹਨ। ਵਧੇਰੇ ਖੰਡ ਖਾਣ ਨਾਲ ਸਰੀਰ ਵਿਚ ਅਜਿਹੇ ਰਸਾਇਣ ਬਣਦੇ ਹਨ, ਜਿਨ੍ਹਾਂ ਨਾਲ ਚਮੜੀ 'ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵਿਗਿਆਨੀ ਦੱਸਦੇ ਹਨ ਕਿ ਸਾਡੀਆਂ ਅੰਤੜੀਆਂ ਵਿਚ ਕੁਦਰਤੀ ਤੌਰ 'ਤੇ ਕਰੋੜਾਂ ਕਿਸਮ ਦੇ ਫਾਇਦੇਮੰਦ ਕੀਟਾਣੂ ਹੁੰਦੇ ਹਨ, ਜਿਨ੍ਹਾਂ ਨਾਲ ਸਾਡੀਆਂ ਅੰਤੜੀਆਂ ਸਿਹਤਮੰਦ ਰਹਿੰਦੀਆਂ ਹਨ ਤੇ ਸਾਡੀ ਰੋਗ ਰੋਕੂ ਪ੍ਰਣਾਲੀ ਨੂੰ ਵੀ ਤਕੜਾ ਰੱਖਦੀਆਂ ਹਨ। ਤੰਦਰੁਸਤ ਅੰਤੜੀਆਂ ਕਰਕੇ ਹੀ ਮਨੁੱਖ ਦੀਆਂ ਸਾਰੀਆਂ ਸਰੀਰਕ ਪ੍ਰਣਾਲੀਆਂ ਸੁਚਾਰੂ ਢੰਗ ਨਾਲ ਕੰਮ ਕਰਦੀਆਂ ਹਨ। ਵਧੇਰੇ ਖੰਡ ਖਾਣ ਨਾਲ ਅੰਤੜੀਆਂ ਦਾ ਤੰਤਰ ਖਰਾਬ ਹੋ ਜਾਂਦਾ ਹੈ।
ਮੈਡੀਕਲ ਖੇਤਰ ਦੀ ਇਕ ਹੋਰ ਖੋਜ ਨੇ ਸਿੱਧ ਕੀਤਾ ਹੈ ਕਿ ਸਾਡੇ ਸਰੀਰ ਵਿਚ ਖੰਡ ਦੀ ਮਾਤਰਾ ਵਧਣ ਨਾਲ ਸਰੀਰ ਅੰਦਰ ਅਣਚਾਹੇ ਤੇ ਗ਼ੈਰ ਜ਼ਰੂਰੀ ਸੈੱਲਾਂ ਦਾ ਉਤਪਾਦਨ ਵਧ ਜਾਂਦਾ ਹੈ। ਅਜਿਹੇ ਹਾਲਾਤ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਜਨਮ ਦੇ ਸਕਦੇ ਹਨ। ਸਰੀਰ ਅੰਦਰ ਵਧੀ ਹੋਈ ਖੰਡ ਦੀ ਮਾਤਰਾ ਸਰੀਰ ਵਿਚ ਸੋਜਿਸ਼ ਦੇ ਪ੍ਰੋਟੀਨ ਪੈਦਾ ਕਰਦੀ ਹੈ। ਇਸ ਨਾਲ ਜੋੜਾਂ ਵਿਚ ਅਕੜਣ, ਦਰਦਾਂ ਤੇ ਸੋਜਾਂ ਪੈਦਾ ਹੋ ਜਾਂਦੀਆਂ ਹਨ। ਗਠੀਏ ਦੇ ਰੋਗੀਆਂ ਨੂੰ ਖ਼ਾਸ ਕਰਕੇ ਚਿੱਟੀ ਖੰਡ ਦੀ ਵਰਤੋਂ ਘਟਾਉਣੀ ਚਾਹੀਦੀ ਹੈ।
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595