ਚੰਗਾ ਹਮਸਫ਼ਰ ਪ੍ਰਮਾਤਮਾ ਵਲੋਂ ਬਖਸ਼ਿਆ ਸਭ ਤੋਂ ਖ਼ੂਬਸੂਰਤ ਤੋਹਫ਼ਾ ਹੁੰਦਾ ਹੈ। ਦੋ ਅਨਜਾਣ ਰੂਹਾਂ ਜਦੋਂ ਇੱਕ ਬੰਧਨ ਵਿਚ ਬੱਝ ਇੱਕ-ਦੂਸਰੇ ਦਾ ਹੱਥ ਫੜ ਜ਼ਿੰਦਗੀ ਦੇ ਅਨਜਾਣ ਰਾਹਾਂ 'ਤੇ ਚੱਲਦੀਆਂ ਹਨ ਤਾਂ ਜ਼ਿੰਦਗੀ ਖ਼ੂਬਸੂਰਤ ਹੋ ਜਾਂਦੀ ਹੈ। ਜ਼ਿੰਦਗੀ ਦਾ ਪੰਧ ਭਾਵੇਂ ਲੰਮੇਰਾ ਹੁੰਦਾ ਹੈ ਪਰ ਜਦੋਂ ਰਾਹਾਂ ਦੇ ਹਾਣੀ ਰੂਹਾਂ ਦੇ ਹਾਣੀ ਬਣ ਜਾਣ ਤਾਂ ਇਹ ਔਖਾ ਪੈਂਡਾ ਵੀ ਆਸਾਨ ਹੋ ਜਾਂਦਾ ਹੈ। ਜ਼ਿੰਦਗੀ ਵਿਚ ਅਨੇਕਾਂ ਉਤਰਾਅ-ਚੜ੍ਹਾਅ ਆਉਂਦੇ ਹਨ, ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ। ਖ਼ੁਸ਼ੀਆਂ-ਗਮੀਆਂ ਇਹ ਦੋਵੇਂ ਹੀ ਨਾਲ-ਨਾਲ ਚੱਲਦੀਆਂ ਹਨ। ਕਈ ਵਾਰ ਜ਼ਿੰਦਗੀ ਬਹੁਤ ਔਖੇ ਇਮਤਿਹਾਨ ਵੀ ਲੈਂਦੀ ਹੈ ਪਰ ਜੇਕਰ ਉਸ ਇਮਤਿਹਾਨ ਵਿਚ ਤੁਹਾਡਾ ਹਮਸਫ਼ਰ ਤੁਹਾਡੀ ਢਾਲ ਬਣ ਖੜ੍ਹ ਜਾਵੇ ਤਾਂ ਕੰਡਿਆਂ ਭਰੀ ਜ਼ਿੰਦਗੀ ਵੀ ਫੁੱਲਾਂ ਦੀ ਸੇਜ ਜਾਪਣ ਲੱਗ ਜਾਂਦੀ ਹੈ। ਜ਼ਿੰਦਗੀ ਵਿਚ ਜੇਕਰ ਹਮਸਫ਼ਰ ਸੱਚਾ, ਸਮਝਦਾਰ ਅਤੇ ਵਫ਼ਾਦਾਰ ਮਿਲ ਜਾਵੇ ਤਾਂ ਜ਼ਿੰਦਗੀ ਜਿਊਣੀ ਆਸਾਨ ਹੋ ਜਾਂਦੀ ਹੈ। ਸਿਆਣੇ ਆਖਦੇ ਹਨ ਕਿ ਅੰਮ੍ਰਿਤ ਵੇਲੇ ਦੀ ਬਾਣੀ ਤੇ ਰੂਹਾਂ ਦੇ ਹਾਣੀ ਬੜੇ ਭਾਗਾਂ ਨਾਲ ਮਿਲਦੇ ਹਨ ਤੇ ਇਹ ਗੱਲ ਸੋਲਾਂ ਆਨੇ ਸੱਚ ਵੀ ਹੈ । ਪਤੀ-ਪਤਨੀ ਦੇ ਰਿਸ਼ਤੇ ਦਾ ਆਧਾਰ ਪਿਆਰ ਤੇ ਵਿਸ਼ਵਾਸ ਹੁੰਦਾ ਹੈ। ਪਤੀ-ਪਤਨੀ ਦੇ ਰਿਸ਼ਤੇ ਵਿਚ ਸ਼ੱਕ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਜਿਸ ਰਿਸ਼ਤੇ ਵਿਚ ਸ਼ੱਕ ਆ ਜਾਵੇ ਉਹ ਰਿਸ਼ਤਾ ਕਦੇ ਵੀ ਲੰਬਾ ਨਹੀਂ ਚੱਲ ਸਕਦਾ। ਪਤੀ-ਪਤਨੀ ਦਾ ਰਿਸ਼ਤਾ ਤਾਂ ਖੜ੍ਹਾ ਹੀ ਵਿਸ਼ਵਾਸ ਦੀ ਬੁਨਿਆਦ 'ਤੇ ਹੁੰਦਾ ਹੈ। ਜਿੱਥੇ ਪਿਆਰ ਅਤੇ ਵਿਸ਼ਵਾਸ ਦੋਵੇਂ ਹੋਣ ਉਹ ਰਿਸ਼ਤਾ ਕਦੇ ਨਹੀਂ ਡੋਲਦਾ। ਹਮਸਫ਼ਰ ਦਾ ਪੈਸੇ ਪੱਖੋਂ ਅਮੀਰ ਹੋਣਾ ਜ਼ਰੂਰੀ ਨਹੀਂ ਹੁੰਦਾ, ਸਗੋਂ ਦਿਲੋਂ ਅਮੀਰ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਮਾੜੇ ਇਨਸਾਨ ਨਾਲ ਮਹਿਲਾਂ ਵਿਚ ਵੀ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ ਤੇ ਇੱਕ ਸੱਚੇ-ਸੁੱਚੇ ਇਨਸਾਨ ਨਾਲ ਕੁੱਲੀ ਵਿਚ ਵੀ ਸਕੂਨ ਮਿਲ ਸਕਦਾ ਹੈ। ਪਤੀ-ਪਤਨੀ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਹਨ, ਇਸ ਲਈ ਦੋਵਾਂ ਪਹੀਆਂ ਵਿਚਕਾਰ ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇੱਕ ਸੱਚਾ ਹਮਸਫ਼ਰ ਆਪਣੇ ਸਾਥੀ ਨੂੰ ਕਦੇ ਵੀ ਨੀਵਾਂ ਨਹੀਂ ਦਿਖਾਉਂਦਾ। ਅੱਜ ਦੇ ਦੌਰ ਅੰਦਰ ਇੱਕ ਚੰਗਾ ਹਮਸਫ਼ਰ ਬਹੁਤ ਭਾਗਾਂ ਨਾਲ ਮਿਲਦਾ ਹੈ। ਸਾਡੇ ਸਮਾਜ ਦੀ ਸੋਚ ਹੈ ਕਿ ਜਦੋਂ ਵੀ ਅਸੀਂ ਰਿਸ਼ਤਾ ਜੋੜਦੇ ਹਾਂ ਤਾਂ ਇੱਕ ਦੂਸਰੇ ਦੀ ਜਾਤ ਪਾਤ ਜਾਂ ਸਟੇਟਸ ਵੇਖ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿਚ ਜਾਤ ਪਾਤ ਨਾਲੋਂ ਵੱਧ ਜ਼ਰੂਰੀ ਹੈ ਦੋ ਜੀਆਂ ਦੀ ਮੱਤ ਦਾ ਮਿਲਣਾ, ਕਿਉਂਕਿ ਗਰੀਬੀ ਕੱਟੀ ਜਾ ਸਕਦੀ ਹੈ ਪਰ ਮਾੜੇ ਇਨਸਾਨ ਨਾਲ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਿਲ ਹੁੰਦੀ ਹੈ। ਚੰਗਾ ਹਮਸਫ਼ਰ ਹਮੇਸ਼ਾ ਆਪਣੇ ਸਾਥੀ ਨੂੰ ਅੱਗੇ ਵਧਣ ਲਈ ਪ੍ਰੇਰਦਾ ਹੈ। ਇਸੇ ਲਈ ਤਾਂ ਕਈ ਵਾਰ ਵੇਖਿਆ ਜਾਂਦਾ ਹੈ ਕਿ ਆਮ ਘਰਾਂ ਦੀਆਂ ਆਮ ਕੁੜੀਆਂ ਵੀ ਚੰਗੇ ਜੀਵਨ ਸਾਥੀ ਦੇ ਸਾਥ ਕਰਕੇ ਰਾਣੀਆਂ ਬਣ ਰਾਜ ਕਰਦੀਆਂ ਹਨ ਤੇ ਆਪਣੀਆਂ ਮੰਜ਼ਿਲਾਂ ਸਰ ਕਰ ਲੈਂਦੀਆਂ ਹਨ। ਅਸਲ ਵਿਚ ਹਮਸਫ਼ਰ ਜੇਕਰ ਇੱਕ ਚੰਗਾ ਦੋਸਤ ਬਣ ਜਾਵੇ ਤਾਂ ਜ਼ਿੰਦਗੀ ਦੀਆਂ ਗੁੰਝਲਾਂ ਆਸਾਨ ਹੋ ਜਾਂਦੀਆਂ ਹਨ। ਔਖੇ ਵੇਲੇ ਜਦੋਂ ਦੋ ਜੀਅ ਇੱਕ-ਦੂਸਰੇ ਦਾ ਸਹਾਰਾ ਬਣ ਖੜ੍ਹਦੇ ਹਨ ਤਾਂ ਮੁਸ਼ਕਿਲਾਂ ਵੰਡੀਆਂ ਜਾਂਦੀਆਂ ਹਨ ਤੇ ਜਦੋਂ ਖ਼ੁਸ਼ੀਆਂ 'ਚ ਇਕੱਠੇ ਖੜ੍ਹਦੇ ਹਨ ਤਾਂ ਖ਼ੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਹਰ ਰਿਸ਼ਤਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਸਾਥ ਛੱਡ ਜਾਂਦਾ ਹੈ ਪਰ ਹਮਸਫ਼ਰ ਦਾ ਸਾਥ ਹੀ ਅਜਿਹਾ ਹੁੰਦਾ ਹੈ, ਜੋ ਆਖਰੀ ਸਾਹ ਤੱਕ ਨਿਭਦਾ ਹੈ। ਇਸ ਲਈ ਸੰਜੋਗਾਂ ਨਾਲ ਜੁੜੇ ਇਸ ਪਾਕ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ।
-ਹੁਸ਼ਿਆਰਪੁਰ। ਮੋਬਾਈਲ : 99150-33176