ਹਰਿਆਣਾ ਦਾ ਬਜਟ ਵਿਧਾਨ ਸਭਾ 'ਚ 2 ਮਾਰਚ ਨੂੰ ਪੇਸ਼ ਕੀਤਾ ਜਾਵੇਗਾ, ਸੂਬੇ ਦੇ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਵਿੱਤ ਵਿਭਾਗ ਵੀ ਹੋਣ ਕਰਕੇ ਉਹ ਵਿਧਾਨ ਸਭਾ 'ਚ ਬਜਟ ਪੇਸ਼ ਕਰਨਗੇ। ਮੁੱਖ ਮੰਤਰੀ ਸੈਣੀ ਨੇ ਸੂਬੇ ਦੇ ਵੱਖ-ਵੱਖ ਵਰਗਾਂ, ਸੰਗਠਨਾਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਸਮਾਜ ਦੇ ਕਈ ਵਰਗਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਤੋਂ ਬਜਟ ਦੇ ਲਈ ਸੁਝਾਅ ਮੰਗੇ ਸਨ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਲੋਂ ਪੰਜਾਬ ਚੋਣਾਂ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਸੈਣੀ ਨੂੰ ਪੰਜਾਬ ਚੋਣਾਂ ਲਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ ਹੈ।
ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੇ ਆਪਸੀ ਸੰਬੰਧ ਬਹੁਤ ਗੂੜ੍ਹੇ ਹੋਣ ਕਰਕੇ ਦੋਵੇਂ ਸੂਬਿਆਂ ਦੇ ਸਿਆਸੀ ਘਟਨਾਕ੍ਰਮਾਂ ਦਾ ਇਕ-ਦੂਜੇ 'ਤੇ ਵਿਆਪਕ ਅਸਰ ਪੈਂਦਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਹਰਿਆਣਾ ਦੇ ਬਜਟ 'ਚ ਵੱਖ-ਵੱਖ ਵਰਗਾਂ ਦੇ ਲਈ ਕੁਝ ਖਾਸ ਛੋਟਾਂ ਤੇ ਸਹੂਲਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਤਾਂ ਜੋ ਇਨ੍ਹਾਂ ਦਾ ਪ੍ਰਭਾਵ ਪੰਜਾਬ 'ਚ ਭਾਜਪਾ ਦੇ ਚੋਣ ਸਮੀਕਰਣਾਂ 'ਤੇ ਵੀ ਦਿਖਾਈ ਦੇ ਸਕੇ। ਮੁੱਖ ਮੰਤਰੀ ਸੈਣੀ ਜਦੋਂ ਵੀ ਪੰਜਾਬ ਦੌਰੇ 'ਤੇ ਜਾਂਦੇ ਹਨ ਤਾਂ ਉੱਥੇ ਜਾ ਕੇ ਹਰਿਆਣਾ ਮਾਡਲ ਦੀ ਸਰਕਾਰ ਬਣਾਉਣ ਤੇ ਹਰਿਆਣਾ 'ਚ ਭਾਜਪਾ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਆਪਣੀ ਪਾਰਟੀ ਦੇ ਪੱਖ 'ਚ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਹਰਿਆਣਾ ਦੇ ਬਜਟ 'ਚ ਲੋਕਾਂ ਨੂੰ ਕਿਹੜੀਆਂ ਨਵੀਆਂ ਸਹੂਲਤਾਂ ਮਿਲਣਗੀਆਂ, ਉਹ ਤਾਂ 2 ਮਾਰਚ ਬਾਅਦ ਹੀ ਪਤਾ ਲੱਗ ਸਕੇਗਾ ਪਰ ਸੂਬੇ ਦੇ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ।
ਸਾਬਕਾ ਵਿਧਾਇਕ ਨੂੰ ਸਨਮਾਨਿਤ ਕਰਨ ਦੀ ਮੰਗ
ਇਨੈਲੋ ਨੇ ਹਰਿਆਣਾ ਦੀ ਡੱਬਵਾਲੀ ਤਹਿਸੀਲ ਦੇ ਪਿੰਡ 'ਸਕਤਾ ਖੇੜਾ' ਦੇ ਰਹਿਣ ਵਾਲੇ ਸਾਬਕਾ ਵਿਧਾਇਕ ਸਹੀਰਾਮ ਬਿਸ਼ਨੋਈ (105) ਨੂੰ ਹਰਿਆਣਾ ਵਿਧਾਨ ਸਭਾ ਦੁਆਰਾ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਸਹੀਰਾਮ ਬਿਸ਼ਨੋਈ ਅਬੋਹਰ ਵਿਧਾਨ ਸਭਾ ਹਲਕੇ ਤੋਂ 1957 'ਚ ਸੰਯੁਕਤ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ। ਇਨੈਲੋ ਦਾ ਮੰਨਣਾ ਹੈ ਕਿ ਸਹੀਰਾਮ ਬਿਸ਼ਨੋਈ ਹਰਿਆਣਾ ਹੀ ਨਹੀਂ, ਸ਼ਾਇਦ ਪੂਰੇ ਦੇਸ਼ ਦੇ ਇਕਲੌਤੇ ਸਭ ਤੋਂ ਬਜ਼ੁਰਗ ਸਾਬਕਾ ਵਿਧਾਇਕ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ। ਇਨੈਲੋ ਦੇ ਡੱਬਵਾਲੀ ਤੋਂ ਵਿਧਾਇਕ ਤੇ ਪਾਰਟੀ ਦੇ ਨੇਤਾ ਆਦਿੱਤਿਆ ਦੇਵੀਲਾਲ ਨੇ ਸਪੀਕਰ ਹਰਵਿੰਦਰ ਕਲਿਆਣ ਨੂੰ ਇਸ ਸੰਬੰਧੀ ਇਕ ਪੱਤਰ ਸੌਂਪਿਆ ਹੈ, ਇਹ ਪੱਤਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ, ਸੂਬਾ ਪ੍ਰਧਾਨ ਰਾਮਪਾਲ ਮਾਜਰਾ ਤੇ ਉਨ੍ਹਾਂ ਸਮੇਤ ਰਾਣੀਆਂ ਤੋਂ ਵਿਧਾਇਕ ਅਰਜੁਨ ਚੌਟਾਲਾ ਵਲੋਂ ਦਿੱਤਾ ਗਿਆ ਹੈ। ਇਨ੍ਹਾਂ ਨੇਤਾਵਾਂ ਨੇ ਸਪੀਕਰ ਨੂੰ ਦੱਸਿਆ ਕਿ ਦੇਸ਼ ਦੀ ਵੰਡ ਬਾਅਦ ਜਿਹੜੇ ਕਿਸਾਨ ਕਿਸੇ ਕਾਰਨ ਜ਼ਮੀਨ ਪ੍ਰਾਪਤ ਨਹੀਂ ਕਰ ਸਕੇ ਸਨ, ਸਹੀਰਾਮ ਬਿਸ਼ਨੋਈ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ। ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ 'ਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਨੈਲੋ ਦੇ ਨੇਤਾਵਾਂ ਨੇ ਸਪੀਕਰ ਤੋਂ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਸਭ ਤੋਂ ਬਜ਼ੁਰਗ ਵਿਧਾਇਕ ਸਹੀਰਾਮ ਬਿਸ਼ਨੋਈ ਨੂੰ ਵਿਸ਼ੇਸ਼ ਸਮਾਗਮ ਕਰਵਾ ਕੇ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ।
ਰਾਜ ਸਭਾ ਚੋਣਾਂ
ਹਰਿਆਣਾ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਹੋਣ ਵਾਲੀ ਚੋਣ ਲਈ ਅਧਿਸੂਚਨਾ 26 ਫਰਵਰੀ ਨੂੰ ਜਾਰੀ ਹੋਵੇਗੀ, ਜਿਸ ਤਹਿਤ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਰੀਕ 5 ਮਾਰਚ ਹੋਵੇਗੀ ਅਤੇ 6 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 9 ਮਾਰਚ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਜੇਕਰ ਜ਼ਰੂਰਤ ਪਈ ਤਾਂ 16 ਮਾਰਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ 20 ਮਾਰਚ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਹਰਿਆਣਾ ਵਿਧਾਨ ਸਭਾ ਦੇ ਮੌਜੂਦਾ ਵਿਧਾਇਕਾਂ ਦੀ ਗਿਣਤੀ ਨੂੰ ਵੇਖਦਿਆਂ ਭਾਜਪਾ ਤੇ ਕਾਂਗਰਸ ਨੂੰ 1-1 ਸੀਟ ਮਿਲ ਸਕਦੀ ਹੈ। ਭਾਜਪਾ ਨੂੰ ਵਿਧਾਨ ਸਭਾ 'ਚ ਆਪਣੇ 48 ਤੋਂ ਇਲਾਵਾ 3 ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਜਦਕਿ ਕਾਂਗਰਸ ਦੇ 37 ਤੇ ਇਨੈਲੋ ਦੇ 2 ਵਿਧਾਇਕ ਹਨ। ਜੇਕਰ ਭਾਜਪਾ ਨੂੰ ਕਾਂਗਰਸ ਤੋਂ ਕ੍ਰਾਸ-ਵੋਟਿਗ ਹੋਣ ਦੀ ਉਮੀਦ ਬੱਝੀ ਤਾਂ ਉਹ ਯਕੀਨਨ ਦੂਜੀ ਸੀਟ ਲਈ ਕਿਸੇ ਆਜ਼ਾਦ ਉਮੀਦਵਾਰ ਨੂੰ ਸਮਰਥਨ ਦੇ ਸਕਦੀ ਹੈ। ਜਦੋਂ ਸੁਭਾਸ਼ ਚੰਦਰਾ ਹਰਿਆਣਾ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ ਤਾਂ ਇਨੈਲੋ ਤੇ ਕਾਂਗਰਸ ਕੋਲ ਇਕ ਰਾਜ ਸਭਾ ਮੈਂਬਰ ਨੂੰ ਜਿਤਾਉਣਯੋਗ ਵਿਧਾਇਕਾਂ ਦੀ ਗਿਣਤੀ ਸੀ, ਪਰ ਇਨੈਲੋ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਰ. ਕੇ. ਆਨੰਦ ਚੋਣਾਂ ਦੌਰਾਨ ਕੁਝ ਵਿਧਾਇਕਾਂ ਦੇ ਦਸਤਖ਼ਤ ਕਰਨ ਵਾਲੇ ਪੈੱਨ ਦੀ ਸਿਆਹੀ ਬਦਲ ਜਾਣ ਕਰਕੇ ਉਨ੍ਹਾਂ ਦੀਆਂ ਵੋਟਾਂ ਕੈਂਸਲ ਹੋ ਜਾਣ ਕਾਰਨ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਵੀ ਇਕ ਵਾਰ ਕਾਂਗਰਸ ਦੇ ਉਮੀਦਵਾਰ ਅਜੇ ਮਾਕਨ ਨੂੰ ਹਰਾਉਣ ਲਈ ਕੁਝ ਕਾਂਗਰਸੀ ਵਿਧਾਇਕਾਂ ਨੇ ਕ੍ਰਾਸ-ਵੋਟਿਗ ਕਰਦਿਆਂ ਭਾਜਪਾ ਦਾ ਸਮਰਥਨ ਪ੍ਰਾਪਤ ਕਾਰਤੀਕੇਅ ਸ਼ਰਮਾ ਨੂੰ ਜਿਤਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਤੋਂ ਰਾਜ ਸਭਾ ਮੈਂਬਰ ਕਿਰਨ ਚੌਧਰੀ ਤੇ ਰਾਮਚੰਦਰ ਜਾਂਗੜਾ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ।
ਸਿੱਖ ਸਮਾਜ ਨੂੰ ਵੀ ਉਮੀਦ
ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਉਮੀਦ ਕੀਤੀ ਜਾ ਰਹੀ ਹੈ ਕਿ ਭਾਜਪਾ ਇਸ ਵਾਰ ਹਰਿਆਣਾ ਤੋਂ ਸਿੱਖ ਭਾਈਚਾਰੇ ਦੇ ਕਿਸੇ ਨੇਤਾ ਨੂੰ ਆਪਣਾ ਉਮੀਦਵਾਰ ਬਣਾ ਕੇ ਰਾਜ ਸਭਾ ਭੇਜ ਸਕਦੀ ਹੈ। ਹਰਿਆਣਾ ਤੋਂ ਪਹਿਲਾਂ ਵੀ ਸ. ਲਛਮਣ ਸਿੰਘ ਤੇ ਸ. ਤਰਲੋਚਨ ਸਿੰਘ ਰਾਜ ਸਭਾ 'ਚ ਮੈਂਬਰ ਰਹਿ ਚੁੱਕੇ ਹਨ। ਤਰਲੋਚਨ ਸਿੰਘ ਤਾਂ ਰਾਸ਼ਟਰੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਤੇ ਉਨ੍ਹਾਂ ਦੀ ਗਿਣਤੀ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਨੇੜਲੇ ਲੋਕਾਂ 'ਚ ਹੁੰਦੀ ਹੈ। ਇਸ ਵਾਰ ਜੇਕਰ ਹਰਿਆਣਾ ਤੋਂ ਕਿਸੇ ਸਿੱਖ ਆਗੂ ਨੂੰ ਰਾਜ ਸਭਾ ਭੇਜਣ ਦਾ ਨਿਰਣਾ ਲਿਆ ਜਾਂਦਾ ਹੈ ਤਾਂ ਸ. ਤਰਲੋਚਨ ਸਿੰਘ, ਸ. ਹਰਪਾਲ ਸਿੰਘ ਚੀਕਾ ਅਤੇ ਸ. ਬਲਦੇਵ ਸਿੰਘ ਮਾਂਗੇਆਣਾ ਦੇ ਨਾਵਾਂ 'ਤੇ ਵਿਚਾਰ ਹੋਣ ਦੀ ਉਮੀਦ ਹੈ। ਹਰਪਾਲ ਸਿੰਘ ਚੀਕਾ ਹਰਿਆਣਾ 'ਚ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਉਹ ਹਰਿਆਣਾ ਸ਼ੂਗਰਫੈੱਡ ਦੇ ਚੇਅਰਮੈਨ ਤੇ ਪੰਜਾਬੀ ਅਕੈਡਮੀ ਦੇ ਨਿਰਦੇਸ਼ਕ ਸਮੇਤ ਕਈ ਹੋਰ ਪ੍ਰਮੱਖ ਅਹੁਦਿਆਂ 'ਤੇ ਵੀ ਰਹਿ ਚੁੱਕੇ ਹਨ। ਉਂਝ ਵੀ ਭਾਜਪਾ ਹਰ ਵਾਰ ਹੈਰਾਨ ਕਰਨ ਵਾਲੇ ਫ਼ੈਸਲੇ ਲੈਣ ਲਈ ਜਾਣੀ ਜਾਂਦੀ ਹੈ ਅਤੇ ਇਸ ਵਾਰ ਵੀ ਅਜਿਹਾ ਕਰ ਸਕਦੀ ਹੈ। ਉਧਰ ਜੇਕਰ ਕਾਂਗਰਸ ਦਾ ਰਾਜ ਸਭਾ ਲਈ ਉਮੀਦਵਾਰ ਭੁਪਿੰਦਰ ਸਿੰਘ ਹੁੱਡਾ ਦੀ ਪਸੰਦ ਦਾ ਨਾ ਹੋਇਆ ਤਾਂ ਭਾਜਪਾ ਕ੍ਰਾਸ-ਵੋਟਿੰਗ ਦੀ ਉਮੀਦ ਨਾਲ ਕਿਸੇ ਤਕੜੇ ਆਗੂ ਨੂੰ ਆਜ਼ਾਦ ਉਮੀਦਵਾਰ ਬਣਾ ਕੇ ਉਸ ਦਾ ਸਮਰਥਨ ਕਰ ਸਕਦੀ ਹੈ। ਉਂਝ ਅਗਲੇ ਹਫ਼ਤੇ ਨਾਮਜ਼ਦਗੀ ਪੱਤਰ ਭਰਨ ਨਾਲ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।
ਵਿਸ਼ੇਸ਼ ਪ੍ਰਤੀਨਿਧੀ
ਮੋ.- 9855465946
ਈ-ਮੇਲ : ramsinghbrar@gmail.com